ਇਸ ਵਾਰ ਚੋਣ ਮਸ਼ੀਨਾਂ 'ਤੇ ਲੱਗੀਆਂ ਹੋਣਗੀਆਂ ਉਮੀਦਵਾਰਾਂ ਦੀਆਂ ਫੋਟੋਆਂ

ਇਸ ਵਾਰ ਚੋਣ ਮਸ਼ੀਨਾਂ 'ਤੇ ਲੱਗੀਆਂ ਹੋਣਗੀਆਂ ਉਮੀਦਵਾਰਾਂ ਦੀਆਂ ਫੋਟੋਆਂ

ਚੰਡੀਗੜ੍ਹ: ਭਾਰਤੀ ਚੋਣ ਕਮਿਸ਼ਨ ਨੇ ਬੀਤੇ ਕਲ੍ਹ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰਦਿਆਂ ਜਾਣਕਾਰੀ ਦਿੱਤੀ ਕਿ 2019 ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ 'ਚ ਈਵੀਐਮ ਅਤੇ ਪੋਸਟਲ ਬੈਲਟ ਪੇਪਰਾਂ ਉਤੇ ਸਾਰੇ ਉਮੀਦਵਾਰਾਂ ਦੀਆਂ ਫੋਟੋ ਹੋਣਗੀਆਂ ਤਾਂ ਕਿ ਵੋਟਰ ਚੋਣਾਵੀਂ ਮੈਦਾਨ ਵਿਚ ਆਪਣੀ ਕਿਸਮਤ ਅਜਮਾ ਰਹੇ ਆਗੂਆਂ ਦੀ ਪਹਿਚਾਣ ਕਰ ਸਕਣ।

ਕਮਿਸ਼ਨ ਨੇ ਕਿਹਾ ਕਿ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐਮ) ਦੀਆਂ ਬੈਲਟ ਇਕਾਈਆਂ ਅਤੇ ਪੋਸਟਲ ਬੈਲਟਾਂ ਉਪਰ ਫੋਟੋ ਛਪੀ ਹੋਵੇਗੀ। ਇਸ ਲਈ ਉਮੀਦਵਾਰਾਂ ਨੂੰ ਕਮਿਸ਼ਨ ਵੱਲੋਂ ਨਿਰਧਾਰਤ ਸ਼ਰਤਾਂ ਉਤੇ ਅਮਲ ਕਰਦੇ ਹੋਏ ਚੋਣ ਅਧਿਕਾਰੀ ਕੋਲ ਆਪਣੀ ਹਾਲੀਆ ਸਟੈਂਨ ਸਾਈਜ ਫੋਟੋ ਦੇਣੀ ਹੋਵੇਗੀ।

ਚੋਣ ਕਮਿਸ਼ਨ ਨੇ ਇਹ ਵੀ ਕਿਹਾ ਕਿ ਪਹਿਲੀ ਵਾਰ 2009 ਦੀਆਂ ਚੋਣਾਂ ਸਮੇਂ ਫੋਟੋ ਵਾਲੀ ਵੋਟਰਸੂਚੀ ਦੀ ਵਰਤੋਂ ਕੀਤੀ ਗਈ ਸੀ। ਉਸ ਸਮੇਂ ਅਸਾਮ, ਜੰਮੂ ਕਸ਼ਮੀਰ ਅਤੇ ਨਾਗਾਲੈਂਡ ਵਿਚ ਫੋਟੋ ਵਾਲੀ ਵੋਟਰ ਸੂਚੀ ਨਹੀਂ ਸੀ, ਜਦੋਂ ਕਿ ਅਸਾਮ ਤੇ ਨਾਗਾਲੈਂਡ ਵਿਚ ਵੋਟਰ ਫੋਟੋ ਪਹਿਚਾਣ ਪੱਤਰ (ਏਪਿਕ) ਨਹੀਂ ਵੰਡੇ ਗਏ ਸਨ।

ਹੁਣ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਫੋਟੋ ਵਾਲੀ ਵੋਟਰ ਸੂਚੀ ਹੈ ਅਤੇ 99.72 ਫੀਸਦੀ ਵੋਟਰਾਂ ਦੀਆਂ ਫੋਟੋ ਵੋਟਰ ਸੂਚੀ ਵਿਚ ਪਹਿਲਾਂ ਛਪਿਆ ਹੈ। ਇਸ ਤੋਂ ਇਲਾਵਾ 99.36 ਫੀਸਦੀ ਵੋਟਰਾਂ ਨੂੰ ਏਪਿਕ ਦਿੱਤੇ ਗਏ ਹਨ।

ਚੋਣ ਕਮਿਸ਼ਨ ਨੇ ਕਿਹਾ ਕਿ ਏਪਿਕ ਨਾਲ ਲੈਸ ਵੋਟਰਾਂ ਅਤੇ ਵੋਟਰਸੂਚੀਆਂ ਵਿਚ ਵੋਟਾਂ ਦਾ ਫੀਸਦੀ ਵਧ ਸਕਦਾ ਹੈ। ਕਮਿਸ਼ਨ ਨੇ ਇਹ ਵੀ ਕਿਹਾ ਕਿ ਵੋਟਾਂ ਦੀ ਤਾਰੀਕ ਤੋਂ ਘੱਟ ਤੋਂ ਘੱਟ ਪੰਜ ਦਿਨ ਪਹਿਲਾਂ ਅਧਿਕਾਰਤ ਵੋਟਰ ਪਰਚੀ, ਜਿਸ ਉਤੇ ਵੋਟਰਾਂ ਦੀ ਫੋਟੋ ਹੋਵੇਗੀ, ਵੰਡੀ ਜਾਵੇਗੀ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ