ਸਿੱਖ ਤਰਾਸਦੀ: ਮਹੱਲੇ ਦੀਆਂ ਤਰੀਕਾਂ 'ਤੇ ਨਾ ਬਣੀ ਸਹਿਮਤੀ; ਸ਼੍ਰੋਮਣੀ ਕਮੇਟੀ ਤੇ ਨਿਹੰਗ ਫੌਜਾਂ ਵੱਖੋ-ਵੱਖਰੇ ਦਿਨ ਕੱਢਣਗੀਆਂ ਮਹੱਲਾ

ਸਿੱਖ ਤਰਾਸਦੀ: ਮਹੱਲੇ ਦੀਆਂ ਤਰੀਕਾਂ 'ਤੇ ਨਾ ਬਣੀ ਸਹਿਮਤੀ; ਸ਼੍ਰੋਮਣੀ ਕਮੇਟੀ ਤੇ ਨਿਹੰਗ ਫੌਜਾਂ ਵੱਖੋ-ਵੱਖਰੇ ਦਿਨ ਕੱਢਣਗੀਆਂ ਮਹੱਲਾ

ਅਨੰਦਪੁਰ ਸਾਹਿਬ: ਸਿੱਖ ਕੌਮ ਦੇ ਕੌਮੀ ਤਿਉਹਾਰ ਹੌਲਾ ਮਹੱਲਾ ਸਬੰਧੀ ਤਰੀਕਾਂ ਦਾ ਰੌਲਾ ਪੈ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਕੈਲੰਡਰ ਮੁਤਾਬਿਕ 21 ਮਾਰਚ ਨੂੰ ਮਹੱਲਾ ਕੱਢੇਗੀ ਜਦਕਿ ਨਿਹੰਗ ਸਿੰਘ ਫੌਜਾਂ ਆਪਣੀ ਰਵਾਇਤ ਮੁਤਾਬਿਕ 22 ਮਾਰਚ ਨੂੰ ਮਹੱਲਾ ਕੱਢਣਗੀਆਂ। ਇਸ ਤੋਂ ਪਹਿਲਾਂ ਵੀ ਸਾਲ 2009 ਵਿੱਚ ਸ਼੍ਰੋਮਣੀ ਕਮੇਟੀ ਨੇ ਮਹੱਲਾ 11 ਮਾਰਚ ਨੂੰ ਕੱਢਿਆ ਸੀ ਜਦਕਿ ਨਿਹੰਗ ਸਿੰਘਾਂ ਵੱਲੋਂ ਵੱਖਰੇ ਤੌਰ ’ਤੇ ਆਪਣਾ ਮਹੱਲਾ 12 ਮਾਰਚ ਨੂੰ ਕੱਢਿਆ ਗਿਆ ਸੀ।

ਸਿੱਖ ਕੌਮ ਦੀ ਤਰਾਸਦੀ ਹੈ ਕਿ ਸੁਚੱਜੀ ਅਗਵਾਈ ਵਿਹੂਣੀ ਕੌਮ ਜਿੱਥੇ ਅਨੇਕਾਂ ਮੁਸੀਬਤਾਂ ਅਤੇ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ ਉੱਥੇ ਕੌਮੀ ਦਿਹਾੜੇ 'ਤੇ ਵੀ ਕੌਮ ਇਕਜੁੱਟ ਨਹੀਂ ਹੋ ਰਹੀ। 

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਨੁਸਾਰ 15 ਮਾਰਚ ਦੀ ਅੱਧੀ ਰਾਤ ਨੂੰ ਹੋਲਾ ਮਹੱਲਾ ਗੁਰਦੁਆਰਾ ਕਿਲਾ ਆਨੰਦਗੜ੍ਹ ਸਾਹਿਬ ਤੋਂ ਨਗਾਰੇ ਵਜਾ ਕੇ ਸ਼ੁਰੂ ਕੀਤਾ ਜਾਵੇਗਾ ਜੋ 16, 17 ਅਤੇ 18 ਮਾਰਚ ਨੂੰ ਕੀਰਤਪੁਰ ਸਾਹਿਬ ਵਿਖੇ ਅਤੇ 19, 20 ਅਤੇ 21 ਮਾਰਚ ਨੂੰ ਸ੍ਰੀ ਆਨੰਦਪੁਰ ਸਾਹਿਬ ਵਿਖੇ ਮਨਾਇਆ ਜਾਣਾ ਹੈ।

ਬਾਬਾ ਬੁੱਢਾ ਦਲ ਦੇ ਮੁਖੀ ਬਾਬਾ ਬਲਵੀਰ ਸਿੰਘ 96ਵੇਂ ਕਰੋੜੀ ਨੇ ਦੱਸਿਆ ਕਿ ਗੁਰੂ ਸਾਹਿਬ ਦੇ ਸਮੇਂ ਤੋਂ ਚਲਦੀ ਆ ਰਹੀ ਰਵਾਇਤ ਅਨੁਸਾਰ ਪੂਰਨਮਾਸ਼ੀ ਤੋਂ ਅਗਲੇ ਦਿਨ ਹੀ ਮਹੱਲਾ ਕੱਢਿਆ ਜਾਂਦਾ ਹੈ ਅਤੇ ਉਸ ਅਨੁਸਾਰ ਮਹੱਲੇ ਦੀ ਤਰੀਕ 22 ਮਾਰਚ ਬਣਦੀ ਹੈ। ਇਸ ਸਬੰਧੀ ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲੇ, ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆਂ ਨਾਲ ਚਰਚਾ ਕਰਨ ਉਪਰੰਤ ਜਥੇਦਾਰ ਕੇਸਗੜ੍ਹ ਸਾਹਿਬ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ। ਬਾਬਾ ਨਾਗਰ ਸਿੰਘ ਹਰੀਆਂ ਵੇਲਾਂ ਵਾਲੇ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਇਸ ਬਾਰੇ ਨਿਹੰਗ ਮੁਖੀ ਨਾਲ ਸਲਾਹ ਕਰਨੀ ਚਾਹੀਦੀ ਸੀ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ