ਗੁਰਮੁੱਖੀ

ਗੁਰਮੁੱਖੀ

ਭਗਤਾਂ,ਪੀਰਾਂ ਨੇ ਨਿਵਾਜੀ, ਦਿੱਤੀ ਨਿੱਘੀ ਅਸੀਸ

 

ਅਜ਼ਲੋਂ ਪਹਿਲਾਂ ਸੋਚ ਦੀ ਕੁੱਖੋਂ ਜੰਮੀ ਇੱਕ ਸ਼ਹਿਜ਼ਾਦੀ

ਹਰਫ਼ਾਂ ਚੁੰਮਿਆ ਮੁੱਖ ਓਸਦਾ,ਦਿੱਤੀ ਬਖਸ਼ ਆਜ਼ਾਦੀ

ਹਾਲਾਤਾਂ ਦੇ ਘੁੱਟ ਭਰ ਭਰ ਕੇ,ਹੋਈ ਸੁਘੜ ਜਵਾਨ

ਮਘਦੇ ਸੂਰਜ ਨੈਣੀਂ ਭਰ ਲਏ,ਦੇਖੇ ਕੁੱਲ ਜਹਾਨ

ਸਤਿਯੁਗ ਤੋਂ ਲੈ ਕਲਯੁਗ ਤੱਕ ਦਾ,ਸਫ਼ਰ ਏਸਨੇ ਕੀਤਾ

ਅੰਮ੍ਰਿਤ ਨਾਲੋਂ ਵੱਧ ਹੈ ਇਸਨੇ ਘੋਲ ਹਲਾਹਲ ਪੀਤਾ

ਰਿਸ਼ੀਆਂ ਦੇ ਘਰ ਆਈ ਜਦ ਸੀ,ਵੇਦ ਸੀ ਇਹਨੇ ਜਾਏ

ਸ਼ੂਦਰ ਘਰ ਜਾ ਬੈਠੀ ਤਾਂ ਫੇਰ ਰੱਜ ਰੱਜ ਦੋਸ਼ ਹੰਢਾਏ

ਬਨਵਾਸ ਗਈ ਤਾਂ ਦਰਦ ਹੰਢਾਵੇ,ਦੇਵੇ ਅਗਨ ਪ੍ਰੀਖਿਆ

ਪੰਚਾਲੀ ਬਣ ਤੁਹਮਤ ਸਹਿੰਦੀ,ਲੇਖੀ ਹੰਝ ਹੈ ਲਿਖਿਆ।

ਬੁੱਲ ਸੀਤੇ ਪਰ ਅੰਦਰੋਂ ਅੰਦਰੀ,ਕੋਈ ਖਾਵੇ ਇਹਨੂੰ ਚੀਸ

ਭਗਤਾਂ,ਪੀਰਾਂ ਨੇ ਨਿਵਾਜੀ, ਦਿੱਤੀ ਨਿੱਘੀ ਅਸੀਸ।

ਯੁੱਗ ਪਲਟਦੇ ਦੇਖੇ ਇਸਨੇ,ਇਹ ਕਰੁਣਾ ਦੀ ਗਹਿਰਾਈ

ਅੰਦਰੋਂ ਮਿਲੀ ਤ੍ਰਿਪਤੀ ਜਦ ਸੀ,"ਨਾਨਕ" ਦੇ ਘਰ ਆਈ

ਫਿਰ ਉੱਚੀ ਸੁੱਚੀ ਹੋਈ ਜਦ ਇਸ ਬੋਲੀ ਮੁੱਖ ਤੋਂ ਗੁਰਬਾਣੀ

ਨਿੱਤ ਹੀ ਏਸਦੀ ਸੁੱਚੀ ਕਿਰਤ ਨੂੰ,ਮੱਥਾ ਟੇਕਣ ਪ੍ਰਾਣੀ।

ਜਾਮੇ ਪਲਟ ਕੇ ਤੱਕਿਆ ਸੀ,ਇਹਨੇ ਸਮਾਂ ਸ਼ਹਾਦਤ ਵਾਲਾ

ਇੱਕ ਹੱਥ ਪਾਇਆ ਖੰਡੇ ਨੂੰ ਸੀ, ਦੂਜੇ ਦੇ ਵਿੱਚ ਮਾਲਾ

ਗੋਬਿੰਦ ਸੀਸ ਪਲੋਸੇ,ਇਸਨੇ ਐਸਾ ਫਿਰ ਰੂਪ ਦਿਖਾਇਆ

'ਜ਼ਫਰਨਾਮਾ' ਹੋ ਜ਼ੁਲਮ ਨੂੰ ਜੜ ਤੋਂ,ਪੁੱਟ ਕੇ ਪਰੇ ਵਗਾਹਿਆ

ਜਰੇ ਗੁਲਾਮੀ,ਰੱਤ ਪਈ ਡੋਲੇ,ਜਦ ਫਿਰ ਆਏ ਫਿਰੰਗੀ

ਗਦਰੀ ਬਣਦੀ,ਰਤਾ ਨਾ ਡਰਦੀ,ਜਦ ਸੂਲੀ ਉੱਤੇ ਟੰਗੀ

ਕੱਢ ਕਲੇਜਿਓ ਲਹੂ ਇਹਨੇ ਆਪਣਾ, ਲਿਖ ਮਾਰੇ ਇਤਿਹਾਸ

ਵੰਡੀਆਂ ਪਾਵਣ ਇਸਦੇ ਜਾਏ, ਨਾ ਆਈ ਸੰਤਾਲੀ ਰਾਸ।

ਵੀਰ ਸਿੰਘ,ਮੋਹਨ ਤੇ ਪ੍ਰੀਤਮ ਇਸਦੇ ਵਾਰਿਸ ਬੜੇ ਪਿਆਰੇ

ਸ਼ਿਵ,ਪਾਤਰ,ਗੰਗਾ ਸਿੰਘ,ਇਸਨੇ ਹੱਥੀ ਆਪ ਸ਼ਿੰਗਾਰੇ।

ਦਫਤਰ ਦੇ ਚਪੜਾਸੀ ਤੋਂ ਹਾਕਮ ਦੇ ਦਰ ਘੁੰਮ ਆਉਂਦੀ

ਇਹ ਇਨਸਾਫ ਦੀ ਭਰੇ ਗਵਾਹੀ,ਫੈਸਲੇ ਪਈ ਸੁਣਾਉਂਦੀ

ਨਿੱਤ ਹੀ ਕੋਮਲ ਫੁੱਟਣ ਕਰੂੰਬਲਾਂ,ਸਦਾ ਰਹੇ ਹਰਿਆਈ

ਇਹਦੀ ਕੁੱਖ ਸੁਲੱਖਣੀ ਸਦ ਹੀ,ਗਿਆਨ ਨਾਲ ਪ੍ਰਣਾਈ

ਜਿਹੜੀ ਕੌਮ ਦੀ ਕਲਮ ਵਿਕੇ,ਇੱਕ ਦਿਨ ਹੋਏ ਗੁਲਾਮ

ਹੱਕ ਸੱਚ ਲਈ ਕਲਮ ਲੜੇ ਤਾਂ,ਚਮਕੇ ਇਹਦਾ ਨਾਮ

ਖੋਜਾਂ, ਕਾਢਾਂ ਤੇ ਸਾਹਿਤ ਨੂੰ ਕਲਮ ਹੀ ਪਾਣੀ ਪਾਉਂਦੀ

ਕੋਨੇ ਕੋਨੇ ਚਾਨਣ ਵੰਡਦੀ,ਤੂੰ ਸਭਨਾਂ ਨੂੰ ਗਲ ਲਾਉਂਦੀ

ਕਦੀ ਕਦੀ ਦਿਲ ਕਰਦਾ ਮੈਂ ਵੀ, ਕਲਮ ਦੀ ਜੂਨੇ ਆਵਾਂ

ਬਿਰਹਾ ਬਖਸ਼ੇ ਜੇਕਰ ਅੱਖਰ,ਜੱਗ ਤੇ ਅਮਰ ਹੋ ਜਾਵਾਂ

ਨੀ ਕਲਮੇ ਤੈਨੂੰ ਕਰੇ "ਮੁਸਾਫ਼ਿਰ",  ਡੰਡਉਤ ਨਮਸਕਾਰ

ਹਰ ਥਾਂ ਰਹੇ ਤੂੰ ਰਿਸ਼ਮਾਂ ਵੰਡਦੀ,ਸਦਾ ਦੂਰ ਕਰੇਂ ਅੰਧਕਾਰ

 

ਨਰਪਿੰਦਰ ਸਿੰਘ ਮੁਸਾਫ਼ਿਰ