ਪੰਜਾਬ ਦੇ ਜੰਮਿਆ ਨੂੰ ਨਿੱਤ ਮੁਹਿੰਮਾਂ...
ਪੰਜਾਬ ਅੱਜ ਵੀ ਲੜ ਰਿਹੈ। ਅੱਜ ਵੀ ਭੀੜਾਂ ਆਪ ਮੁਹਾਰੇ ਇਕੱਠੀਆਂ ਹੋ ਰਹੀਆਂ ਨੇ।
ਇਹ ਭੀੜਾਂ ਅੱਜ ਦੇ ਸਮੇਂ ਦੇ ਵਿੱਚ ਕਿਸਾਨੀ ਧਰਨਿਆਂ ਵਿੱਚ ਹੋ ਰਹੀਆਂ ਨੇ ਕਿਉਂਕਿ ਕਿਸਾਨ ਆਪਣੇ ਹੱਕਾਂ ਲਈ ਲੜ ਰਿਹਾ। ਬਾਕੀ ਤਾਂ ਕੁਰਸੀਆਂ ਪਿੱਛੇ ਦੀ ਲੜਾਈ ਹੈ। ਅੱਜ ਵੀ ਅੰਦੋਲਨ ਵਿੱਚ ਹਨ ਕਿਸਾਨ ਤੇ ਕਿਸਾਨ ਜਥੇਬੰਦੀਆਂ। ਸਰਕਾਰਾਂ ਬਸ ਭੋਗਾਂ ਤੇ ਵਿਆਹਾਂ ਜੋਗੀਆਂ ਰਹਿ ਗਈਆਂ ਨੇ। ਸਰਕਾਰ ਚੁਣੀ ਜਾਂਦੀ ਹੈ ਉਹ ਲੋਕਾਂ ਦੀਆਂ ਸਮੱਸਿਆਵਾਂ ਹੱਲ ਨਹੀਂ ਕਰਦੀ, ਸਗੋਂ ਅਗਲੀ ਚੋਣ ਕਿਸ ਤਰ੍ਹਾਂ ਜਿੱਤਣੀ ਹੈ ਉਸ ਦੇ ਢਕਵੰਜ ਵਿੱਚ ਜੁਟ ਜਾਂਦੀ ਹੈ। ਲੰਘੇ ਦਿਨਾਂ ’ਚ ਕਿਸਾਨ ਸੈਕਟਰ 34 ਵਿੱਚ ਪੰਜ ਦਿਨਾਂ ਦੇ ਲਈ ਬੜੇ ਜੋਸ਼ ਦੇ ਨਾਲ ਪੰਜਾਬ ਦੀ ਰਾਜਧਾਨੀ ਤੇ ਸਿਆਸੀ ਰੰਗ ਵਿੱਚ ਜਗਮਗਾ ਰਹੀ ਚੰਡੀਗੜ੍ਹ ਵਿੱਚ ਪਹੁੰਚੇ। ਮਟਕਾ ਚੌਂਕ ਦੇ ਲਾਗੇ ਪਹੁੰਚ ਕੇ ਉਹਨਾਂ ਸਵਾਲ ਕੀਤਾ ਸਿਆਸਤ ਨੂੰ ਕਿ ਸੁਣਿਆ ਪੰਜਾਬ ਖੇਤੀ ਪ੍ਰਧਾਨ ਦੇਸ਼ ਹੈ, ਖੇਤੀਬਾੜੀ ’ਤੇ ਨਿਰਭਰ ਹੈ ਤੇ ਸਰਕਾਰਾਂ ਫਿਕਰ ਵੀ ਬਹੁਤ ਕਰਦੀਆਂ ਨੇ ਖੇਤੀ ਦਾ ਤੇ ਫਿਰ ਸਾਡੇ ਸੜਕਾਂ ਦੇ ਉੱਤੇ ਡੇਰੇ ਕਿਉਂ ਲਗਵਾਏ ਹੋਏ ਨੇ? ਤੇ ਨਾਲ ਹੀ ਪਿੰਡਾਂ ਤੋਂ ਚਲਦੀ ਸਰਕਾਰ ਕਹਾਉਣ ਵਾਲਿਆਂ ਨੂੰ ਕਿਹਾ ਕਿ ਦਿਖਾਓ ਤੁਹਾਡੀ ਖੇਤੀ ਨੀਤੀ ਕਿਹੜੀ ਹੈ? ਪਰ ਪੰਜਾਬ ਸਰਕਾਰ ਨੇ ਕਿਹਾ ਕਿ ਤੁਸੀਂ ਖੇਤੀ ਨੀਤੀ ਮੰਗਦੇ ਹੋ ਅਸੀਂ ਤਾਂ ਤੁਹਾਨੂੰ ਇਨਕਲਾਬ ਹੀ ਦੇਣਾ ਹੈ। ਖ਼ੈਰ ਇਹ ਤਾਂ ਹਾਸੇ ਦੀਆਂ ਗੱਲਾਂ ਨੇ। ਭਗਵੰਤ ਮਾਨ ਨੇ ਥੋੜਾ ਜਿਹਾ ਸੰਜੀਦਾ ਹੋ ਕੇ ਕਿਹਾ ਕਿ ਤੁਸੀਂ 30 ਸਤੰਬਰ ਤੱਕ ਉਡੀਕ ਕਰੋ ਖੇਤੀ ਨੀਤੀ ਤਿਆਰ ਹੈ ਥੋੜੀ ਪਾਲਿਸ਼ ਕਰਨ ਵਾਲੀ ਹੈ ਤੇ ਤੁਹਾਡੀ ਸਲਾਹ ਵੀ ਲੈਣੀ ਹੈ, ਉਹ ਵੀ ਰਹਿ ਗਈ ਹੈ। ਧਰਨਾ ਸਮਾਪਤ ਕਰੋ ਤੇ 30 ਸਤੰਬਰ ਨੂੰ ਖੇਤੀ ਨੀਤੀ ਦਾ ਡਰਾਫ਼ਟ ਦੇਵਾਂਗੇ। ਕਿਸਾਨ ਵਿਚਾਰਾ ਹੋਂਦ ਦੀ ਲੜਾਈ ਲੜਦਾ ਕਦੇ ਸ਼ੰਭੂ ਬਾਰਡਰ, ਕਦੇ ਟਿੱਕਰੀ, ਕਦੇ ਸਿੰਘੂ ਬਾਰਡਰ ’ਤੇ ਬਹਿੰਦਾ ਹੈ ਤੇ ਕਦੇ ਕਿਧਰੇ ਹੋਰ ਬੈਠਣ ਦੀਆਂ ਘਾੜਤਾਂ ਘੜਦੈ ਪਰ ਚੰਡੀਗੜ੍ਹ ਵੀ ਜ਼ਰੂਰੀ ਸੀ। ਪਰ ਚੰਡੀਗੜ੍ਹ ਦੇ ਲੋਕਾਂ ਨੂੰ ਤਾਂ ਬੜੀ ਤਕਲੀਫ਼ ਹੋਈ ਕਿਸਾਨਾਂ ਦੇ ਧਰਨੇ ਤੋਂ ਅਖੇ ਇਹਨਾਂ ਨੇ ਭੀੜ ਕਰ ਦਿੱਤੀ ਹੈ। ਭਲੇਮਾਣਸੋ, ਪੈਕਿਟਾਂ ਵਿੱਚ ਮਿਲਦੀਆਂ ਚੀਜ਼ਾਂ ਇਹਨਾਂ ਕਿਸਾਨਾਂ ਦੇ ਹੱਥਾਂ ਵਿਚੋਂ ਹੀ ਹੋ ਕੇ ਨਿਕਲਦੀਆਂ ਨੇ। ਸਾਡਾ ਖ਼ਿਆਲ ਹੈ ਕਿ ਇਸ ਖੇਤੀ ਨੀਤੀ ਦੇ ਵਿੱਚ ਇਹ ਵੀ ਖ਼ਾਸ ਲਾਈਨ ਲਿਖਣੀ ਚਾਹੀਦੀ ਹੈ ਕਿ ‘‘ਕਿਸਾਨ ਵੀ ਇਨਸਾਨ ਹੁੰਦੇ ਨੇ।’’ ਕਹਿੰਦੇ ਨੇ ਖੇਤੀ ਨੀਤੀ 1600 ਪੰਨਿਆਂ ਦੀ ਤਿਆਰ ਕੀਤੀ ਗਈ ਹੈ। ਪੰਨਿਆਂ ਦੇ ਹਿਸਾਬ ਨਾਲ ਲੱਗਦੈ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਖੁਸ਼ ਕਰ ਦੇਣਾ ਹੈ। ਸਵਾਲ ਇਹ ਵੀ ਉਠਦਾ ਹੈ ਕੀ ਪੰਜਾਬ ਆਜ਼ਾਦ ਖੇਤੀ ਨੀਤੀ ਬਣਾ ਸਕਦਾ ਹੈ? ਕੀ ਖੇਤੀ ਨੀਤੀ ਵਿੱਚ ਸਰਕਾਰ ਮਜ਼ਦੂਰਾਂ ਦਾ ਖ਼ਿਆਲ ਰੱਖੇਗੀ? ਖੇਤੀ ਨੀਤੀਆਂ ਨੇ ਤਾਂ ਸਾਡੇ ਕਿਸਾਨਾਂ ਦੀਆਂ ਲਾਸ਼ਾਂ ਵੀ ਸਹੀ ਢੰਗ ਨਾਲ ਨਹੀਂ ਗਿਣੀਆਂ। ਸਾਢੇ ਪੈਂਤੀ ਲੱਖ ਲੋਕ ਪੰਜਾਬ ਵਿੱਚ ਖੇਤੀ ਕਰਦੇ ਨੇ। 15 ਤੋਂ 16 ਲੱਖ ਮਜ਼ਦੂਰ ਖੇਤੀ ਦੇ ਵਿੱਚ ਨੇ। ਉਹਨਾਂ ਦੇ ਪਰਿਵਾਰ ਖੇਤੀ ਤੇ ਨਿਰਭਰ ਨੇ। ਕਰਜ਼ਾ, ਖ਼ੁਦਕਸ਼ੀਆਂ ਆਦਿ ਦਾ ਹੱਲ ਹੋਵੇਗਾ ਇਸ ਖੇਤੀ ਨੀਤੀ ਵਿੱਚ? ਇੱਕ ਉਦਾਹਰਣ ਦਿੰਦੇ ਹਾਂ ਕਿ ਇਸ ਵਾਰ ਸਰਕਾਰ ਨੇ ਝੋਨੇ ਦੇ ਸੀਜਨ ਵਿੱਚ ਢਾਈ ਲੱਖ ਏਕੜ ’ਤੇ ਸਿੱਧੀ ਬਿਜਾਈ ਕਰਵਾਈ। ਬਦਲੇ ਵਿੱਚ ਕਿਸਾਨਾਂ ਨੂੰ ਪੰਦਰਾਂ ਸੌ ਰੁਪਏ ਪ੍ਰਤੀ ਕਿੱਲਾ ਭੱਤਾ ਵੀ ਦਿੱਤਾ। ਪਰ ਮਜ਼ਦੂਰਾਂ ਦੀਆਂ ਦਿਹਾੜੀਆਂ ਦਾ ਕਰੋੜਾਂ ਵਿੱਚ ਨੁਕਸਾਨ ਕਰ ਦਿੱਤਾ। ਜਿੰਨ੍ਹਾਂ ਮਜ਼ਦੂਰਾਂ ਨੇ ਝੋਨਾ ਲਗਾ ਕੇ ਪੈਸਾ ਕਮਾਉਣਾ ਸੀ ਉਹਨਾਂ ਦਾ ਕਰੋੜਾਂ ਵਿੱਚ ਨੁਕਸਾਨ ਹੋਇਆ। ਸਵਾਲ ਉਠਦੈ ਕਿਧਰੇ ਖੇਤੀ ਨੀਤੀ ਇੰਝ ਦੀ ਤਾਂ ਨਹੀਂ ਹੋਵੇਗੀ?
1600 ਪੰਨਿਆਂ ਵਾਲੀ ਖੇਤੀ ਨੀਤੀ ਸਮਝੋ ਪਾਰ ਹੈ। ਅਸੀਂ ਖੇਤੀ ਨੀਤੀ ਮੰਗਦੇ ਹਾਂ ਉਹ ਆਰਥਿਕ ਇਨਕਲਾਬ ਦੀ ਗੱਲ ਕਰਦੇ ਨੇ।
ਕਮਲਾ ਹੈਰਿਸ ਅਤੇ ਟਰੰਪ ਵਿਚਾਲੇ ਬਹਿਸ
ਪੂਰੇ ਵਿਸ਼ਵ ਵਿੱਚ ਚਰਚਾ ਦਾ ਵਿਸ਼ਾ ਬਣੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਦੌਰਾਨ ਡੈਮੋਕ੍ਰੇਟਿਕ ਅਤੇ ਰਿਪਬਲਿਕਨ ਉਮੀਦਵਾਰ ਕਮਲਾ ਹੈਰਿਸ ਅਤੇ ਡੋਨਾਲਡ ਟਰੰਪ ਦਰਮਿਆਨ 90 ਮਿੰਟ ਦੀ ਬਹਿਸ ’ਚ ਦੋਵਾਂ ਉਮੀਦਵਾਰਾਂ ਨੇ ਅਰਥਵਿਵਸਥਾ, ਟੈਕਸ ’ਚ ਕਟੌਤੀ, ਇਮੀਗ੍ਰੇਸ਼ਨ ਮੁੱਦਾ, ਗਰਭਪਾਤ ਕਾਨੂੰਨ, ਚੀਨ, ਰੂਸ-ਯੂਕ੍ਰੇਨ ਯੁੱਧ, ਰਿਹਾਇਸ਼, ਨੌਕਰੀਆਂ, ਵਿਦੇਸ਼ ਨੀਤੀ ਸਮੇਤ 10 ਵੱਡੇ ਮੁੱਦਿਆਂ ’ਤੇ ਆਪੋ ਆਪਣੇ ਵਿਚਾਰ ਪੇਸ਼ ਕੀਤੇ। ਵਿਸ਼ਲੇਸ਼ਕਾਂ ਅਨੁਸਾਰ ਭਾਵੇਂ ਇਸ ਬਹਿਸ ਵਿੱਚ ਟਰੰਪ ਨੇ ਕਮਲਾ ’ਤੇ ਭਾਰੂ ਪੈਣ ਦੇ ਯਤਨ ਕੀਤੇ ਪਰ ਕਮਲਾ ਹੈਰਿਸ ਨੇ ਪੂਰਾ ਸਖ਼ਤ ਮੁਕਾਬਲਾ ਕੀਤਾ। ਕਈ ਮੁੱਦਿਆਂ ’ਤੇ ਤਾਂ ਕਮਲਾ ਹੈਰਿਸ ਟਰੰਪ ’ਤੇ ਭਾਰੂ ਪੈਂਦੀ ਨਜ਼ਰ ਆਈ। ਇਹੋ ਜਿਹੀਆਂ ਬਹਿਸਾਂ ਦਾ ਟਰੰਪ ਨੂੰ ਕਾਫ਼ੀ ਤਜ਼ਰਬਾ ਹੈ ਕਿਉਂਕਿ ਉਹ ਪਹਿਲਾਂ ਵੀ ਅਮਰੀਕਾ ਦੇ ਰਾਸ਼ਟਰਪਤੀ ਰਹਿ ਚੁਕੇ ਹਨ ਅਤੇ ਇਸ ਵਾਰ ਵੀ ਉਹ ਰਾਸ਼ਟਰਪਤੀ ਅਹੁਦੇ ਦੀ ਦੌੜ ਦੌਰਾਨ ਇਸ ਬਹਿਸ ਸਮੇਤ ਕੁੱਲ 7 ਬਹਿਸਾਂ ਵਿੱਚ ਹਿੱਸਾ ਲੈ ਚੁੱਕੇ ਹਨ, ਜਦੋਂਕਿ ਕਮਲਾ ਹੈਰਿਸ ਦੀ ਉਮੀਦਵਾਰ ਬਣਨ ਤੋਂ ਬਾਅਦ ਇਹ ਪਹਿਲੀ ਬਹਿਸ ਸੀ ਪਰ ਇਸ ਬਹਿਸ ਦੌਰਾਨ ਹੀ ਕਮਲਾ ਹੈਰਿਸ ਨੇ ਆਪਣੀ ਯੋਗਤਾ ਦਾ ਪ੍ਰਗਟਾਵਾ ਕਰ ਦਿੱਤਾ। ਇਸ ਬਹਿਸ ਦੀ ਮੇਜ਼ਬਾਨੀ ਅਮਰੀਕੀ ਮੀਡੀਆ ਹਾਊਸ ਏ.ਬੀ.ਸੀ. ਨੇ ਕੀਤੀ। ਕਮਲਾ ਹੈਰਿਸ ਲਈ ਇਹ ਬਹਿਸ ਵਕਾਰ ਦਾ ਸਵਾਲ ਬਣੀ ਹੋਈ ਸੀ ਕਿਉਂਕਿ ਪਹਿਲੀ ਬਹਿਸ ਵਿੱਚ ਜਿੱਤ ਅਤੇ ਜਾਨਲੇਵਾ ਹਮਲੇ ਤੋਂ ਬਾਅਦ ਟਰੰਪ ਨੇ ਪ੍ਰੀ-ਪੋਲ ਸਰਵੇ ਵਿੱਚ ਬੜ੍ਹਤ ਹਾਸਲ ਕਰ ਲਈ ਸੀ। ਉਹ 11 ਵਿੱਚੋਂ 9 ਸਰਵੇਖਣਾਂ ਵਿੱਚ ਬਾਈਡੇਨ ਤੋਂ ਅੱਗੇ ਸਨ।
ਹਾਲਾਂਕਿ ਕਮਲਾ ਦੇ ਉਮੀਦਵਾਰ ਬਣਨ ਤੋਂ ਬਾਅਦ ਅਮਰੀਕਨ ਲੋਕਾਂ ਦਾ ਝੁਕਾਅ ਕਮਲਾ ਵੱਲ ਵੱਧ ਗਿਆ ਹੈ। ਉਹ ਕਈ ਰਾਜਾਂ ਵਿੱਚ ਟਰੰਪ ਨੂੰ ਸਖ਼ਤ ਚੁਣੌਤੀ ਦੇ ਰਹੀ ਹੈ। ਰਾਸ਼ਟਰਪਤੀ ਚੋਣਾਂ ਵਿੱਚ ਇਸ ਸਮੇਂ ਦੋਵਾਂ ਉਮੀਦਵਾਰਾਂ ਬਾਰੇ ਸਖ਼ਤ ਮੁਕਾਬਲਾ ਚੱਲ ਰਿਹਾ ਹੈ ਅਤੇ ਦੋਵੇਂ ਹੀ ਆਪੋ ਆਪਣੀ ਜਿੱਤ ਲਈ ਪੂਰਾ ਤਾਨ ਲੱਗਾ ਰਹੇ ਹਨ। ਮੀਡੀਆ ਸਰਵੇਖਣਾਂ ਅਨੁਸਾਰ ਪਹਿਲਾਂ ਟਰੰਪ ਦਾ ਪੱਲੜਾ ਭਾਰੀ ਲੱਗ ਰਿਹਾ ਸੀ ਪਰ ਹੁਣ ਕਮਲਾ ਹੈਰਿਸ ਨੂੰ ਵੱਖ- ਵੱਖ ਧਿਰਾਂ ਅਤੇ ਸੰਸਥਾਵਾਂ ਵੱਲੋਂ ਸਮਰਥਣ ਦੇਣ ਤੋਂ ਬਾਅਦ ਉਹ ਟਰੰਪ ਨੂੰ ਪਿੱਛੇ ਛੱਡਦੀ ਜਾ ਰਹੀ ਹੈ। ਇਸ ਬਹਿਸ ਤੋਂ ਬਾਅਦ ਪਤਾ ਚੱਲ ਜਾਂਦਾ ਹੈ ਕਿ ਕਿਸੇ ਵੀ ਉਮੀਦਵਾਰ ਲਈ ਰਾਸ਼ਟਰਪਤੀ ਦੀ ਚੋਣ ਜਿੱਤਣਾਂ ਆਸਾਨ ਨਹੀਂ ਹੈ ਅਤੇ ਸਖ਼ਤ ਮੁਕਾਬਲੇ ਕਾਰਨ ਇਹ ਚੋਣ ਦਿਲਚਸਪ ਹੋ ਗਈ ਹੈ।
ਸੰਪਾਦਕੀ
Comments (0)