ਮਨੁੱਖ ਦੀ ਕੁਦਰਤ ਵਿਰੁੱਧ ਜੰਗ ਵਿਚੋਂ ਵਾਪਰ ਰਹੀਆਂ ਜੋਸ਼ੀਮੱਠ ਵਰਗੀਆਂ ਆਪਦਾਵਾਂ, ਕੀ ਪੰਜਾਬ ਦੀ ਵਾਰੀ ਵੀ ਨੇੜੇ ਹੈ?

ਮਨੁੱਖ ਦੀ ਕੁਦਰਤ ਵਿਰੁੱਧ ਜੰਗ ਵਿਚੋਂ ਵਾਪਰ ਰਹੀਆਂ ਜੋਸ਼ੀਮੱਠ ਵਰਗੀਆਂ ਆਪਦਾਵਾਂ, ਕੀ ਪੰਜਾਬ ਦੀ ਵਾਰੀ ਵੀ ਨੇੜੇ ਹੈ?

"ਕੁਦਰਤ ਬੰਦੇ ਦੀ ਸੇਵਾ ਲਈ ਹੈ"

ਪਿਛਲੇ ਦਿਨਾਂ ਵਿੱਚ ਉਤਰਾਖੰਡ ਦੇ ਸ਼ਹਿਰ ਜੋਸ਼ੀਮੱਠ ਵਿਚਲੀਆਂ ਘਟਨਾਵਾਂ ਸਾਡੇ ਸਭ ਦੇ ਸਾਹਮਣੇ ਆਈਆਂ ਹਨ ਅਤੇ ਨਾਲ ਹੀ ਪੰਜਾਬ ਦੀਆਂ ਨਹਿਰਾਂ ਦੇ ਪੱਕਿਆਂ ਕਰਨ ਦੀਆਂ ਖ਼ਬਰਾਂ ਮਿਲਦੀਆਂ ਰਹੀਆਂ ਹਨ। ਇੱਕ ਖਬਰ ਵਿੱਚ ਜਿਥੇ ਮਨੁੱਖ ਨੇ ਕੁਦਰਤ ਨਾਲ ਟੱਕਰ ਆਰੰਭੀ ਹੋਈ ਹੈ, ਦੂਸਰੀ ਖਬਰ ਅਨੁਸਾਰ ਟੱਕਰ ਲੈਣ ਦੀ ਤਿਆਰੀ ਹੈ। 

ਦੁਨੀਆਂ ਨੂੰ ਵਿਗਿਆਨ ਦੇ ਰੂਪ ਵਿੱਚ ਨਵੀਂ ਗਿਆਨ ਵਿਧੀ ਰਾਹੀਂ ਮਨੁੱਖ ਨੇ ਇਹ ਸਮਝਣਾ ਅਤੇ ਆਖਣਾ ਸ਼ੁਰੂ ਕੀਤਾ ਹੋਇਆ ਹੈ ਕਿ "ਕੁਦਰਤ ਬੰਦੇ ਦੀ ਸੇਵਾ ਲਈ ਹੈ"। ਇਸੇ ਸੇਵਾ ਲੈਣ ਦੀ ਸੋਚ ਅਧੀਨ ਹੀ ਲਗਾਤਾਰ ਦੋ ਸੌ ਸਾਲਾਂ ਤੋਂ ਆਪਣੀ ਸੁਖ ਸਹੂਲਤ ਲਈ ਬੰਦੇ ਨੇ ਕੁਦਰਤ ਨੂੰ ਉਜਾੜਨਾ ਅਤੇ ਵਰਤਣਾ ਸ਼ੁਰੂ ਕੀਤਾ ਹੈ। ਪਹਿਲਾਂ ਜਿਸ ਧਰਤੀ ਨੂੰ ਮਾਂ ਸਮਝਿਆ ਜਾਂਦਾ ਸੀ, ਪਾਣੀ ਨੂੰ ਪਿਤਾ ਅਤੇ ਕੁਦਰਤ ਨੂੰ ਮਨੁੱਖ ਦਾ ਸਹਾਈ ਸਮਝਿਆ ਜਾਂਦਾ ਸੀ। ਅਜਿਹੀ ਸੋਚ ਨੂੰ ਵਿਗਿਆਨ ਦੇ ਨਾਮ ਉਤੇ ਭੰਡਿਆ ਗਿਆ ਅਤੇ ਕੁਦਰਤ ਨੂੰ ਮਨੁੱਖ ਦੀ ਦਾਸੀ ਬਣਾਇਆ ਗਿਆ। ਵਿਕਾਸ ਅਤੇ ਪੂੰਜੀ ਦੇ ਨਾਮ ਉਤੇ ਮਨੁੱਖ ਨੂੰ ਕੁਦਰਤ ਨਾਲੋਂ ਤੋੜ ਕੇ ਵਿਨਾਸ਼ ਵੱਲ ਲਿਜਾਇਆ ਜਾ ਰਿਹਾ ਹੈ। ਵਿਕਾਸ ਰਾਹੀਂ ਹੁੰਦੀ ਕੁਦਰਤ ਅਤੇ ਫੇਰ ਮਨੁਖਤਾ ਦੀ ਤਬਾਹੀ ਦਾ ਅਟਲ ਸੱਚ ਹੁਣ ਦੁਨੀਆਂ ਜੋਸ਼ੀਮੱਠ ਦੀ ਹਾਲਤ ਰਾਹੀਂ ਦੇਖ ਰਹੀ ਹੈ। 

ਜੋਸ਼ੀਮੱਠ ਉੱਤਰਾਖੰਡ ਦਾ ਮਸ਼ਹੂਰ ਸ਼ਹਿਰ ਹੈ, ਜੋ ਕਿ ਪਹਾੜ ਦੀ ਢਲਾਣ ਉਪਰ ਵੱਸਿਆ ਹੋਇਆ ਹੈ। ਇਹ ਸ਼ਹਿਰ ਚੀਨ ਨੇੜਲੀ ਸਰਹੱਦ ਦੇ ਨਜਦੀਕ ਹੀ ਜਾ ਪੈਂਦਾ ਹੈ। ਇਸੇ ਸ਼ਹਿਰ ਤੋਂ ਹੋਰ ਉਚੇ ਪਹਾੜਾਂ ਵੱਲ ਨੂੰ ਰਸਤੇ ਖੁੱਲ੍ਹਦੇ ਹਨ, ਦੋ ਨਦੀਆਂ ਅਲਕਨੰਦਾ ਅਤੇ ਧੌਲੀਗੰਗਾ ਇਸ ਦੇ ਕੋਲ ਦੀ ਗੁਜ਼ਰਦੀਆਂ ਹਨ ਅਤੇ ਅੱਗੇ ਜਾ ਕੇ ਗੰਗਾ ਨਦੀ ਵਿੱਚ ਇਕੱਠਿਆਂ ਹੋ ਜਾਂਦੀਆਂ ਹਨ। ਹਿਮਾਲਿਆ ਦੇ ਪਹਾੜਾਂ ਵਿੱਚ ਵਸਿਆ ਹੋਇਆ ਇਹ ਸ਼ਹਿਰ ਹੁਣ ਮਨੁੱਖਾਂ ਦੁਆਰਾ ਬਣਾਏ ਬੰਨ੍ਹ ਦੀ ਵਜ੍ਹਾ ਕਰਕੇ ਤਬਾਹੀ ਦਾ ਸ਼ਿਕਾਰ ਹੋ ਰਿਹਾ ਹੈ। ਥੋੜ੍ਹੇ ਦਿਨ ਪਹਿਲਾਂ ਦੀਆਂ ਖ਼ਬਰਾਂ ਵਿੱਚ ਇਸ ਸ਼ਹਿਰ ਦੇ ਹੇਠਲੀ ਜਮੀਨ ਲਗਾਤਾਰ ਗਰਕ ਰਹੀ ਹੈ। ਜਿਸ ਦੇ ਨਤੀਜੇ ਵਜੋਂ ਲੋਕਾਂ ਦੇ ਘਰ, ਦੁਕਾਨਾਂ, ਸੜਕਾਂ ਅਤੇ ਵੱਡੀਆਂ ਇਮਾਰਤਾਂ ਹੁਣ ਰਹਿਣਯੋਗ ਨਹੀ ਰਹੀਆਂ। ਤਰੇੜਾਂ ਵਧਣ ਕਰਕੇ ਲੋਕਾਂ ਨੂੰ ਘਰ ਛੱਡਕੇ ਬਾਹਰ ਰਹਿਣਾ ਪੈ ਰਿਹਾ ਹੈ ਅਤੇ ਹਰ ਸੁਰੱਖਿਅਤ ਟਿਕਾਣੇ ਵੱਲ ਕੂਚ ਕਰਨਾ ਪੈ ਰਿਹਾ ਹੈ। 

ਇਸ ਤਰ੍ਹਾਂ ਦੀ ਤਬਾਹੀ ਦੀ ਵਜ੍ਹਾ ਅਲਕਨੰਦਾ ਅਤੇ ਧੌਲੀਗੰਗਾ ਨਦੀਆਂ ਉਪਰ ਜਗ੍ਹਾ ਜਗ੍ਹਾ ਬਣੇ ਹੋਏ ਬੰਨ੍ਹ ਹਨ। ਇਹਨਾਂ ਦੀ ਮੌਜੂਦਾ ਗਿਣਤੀ ਹੁਣ ਤਕਰੀਬਨ ਪੰਜਾਹ ਤੋਂ ਵੱਧ ਹੈ, ਜੋ ਕਿ ਸਾਰੇ ਉਤਰਾਖੰਡ ਵਿੱਚ ਫੈਲੇ ਹੋਏ ਹਨ। ਇਹਨਾਂ ਬੰਨ੍ਹਾਂ ਕਰਕੇ ਪਹਾੜਾਂ ਦੇ ਪੈਰਾਂ ਹੇਠਲੀ ਮਿੱਟੀ ਬਹੁਤ ਤੇਜ਼ੀ ਨਾਲ ਖੁਰ ਰਹੀ ਹੈ। ਅਜੇ ਉਤਰਾਖੰਡ ਸਰਕਾਰ ਵੱਲੋਂ ਹੋਰ 50 ਦੇ ਕਰੀਬ ਬੰਨ੍ਹ ਬਣ ਰਹੇ ਹਨ। ਬੰਨ੍ਹਾਂ ਦੀ ਉਸਾਰੀ ਲਈ ਸੁਰੰਗਾਂ ਦੀ ਉਸਾਰੀ ਨਾਲ ਪਹਾੜ ਵੀ ਖੋਖਲੇ ਹੋ ਰਹੇ ਹਨ। ਵਾਰ-ਵਾਰ ਪਾਣੀ ਇਕੱਠਾ ਹੋਣ ਦੇ ਕਰਕੇ ਪਹਾੜਾਂ ਦੀ ਪਾਣੀ ਰੋਕਣ ਦੀ ਸਮਰਥਾ ਵੀ ਘੱਟ ਰਹੀ ਹੈ। ਕਈ ਵਾਰ ਹੜ੍ਹ ਆਉਣ ਨਾਲ ਹੇਠਲੇ ਇਲਾਕਿਆਂ ਦੇ ਲੋਕਾਂ ਨੂੰ ਜਾਨੀ ਮਾਲੀ ਨੁਕਸਾਨ ਝਲਣਾ ਪੈ ਰਿਹਾ ਹੈ। ਜੋਸ਼ੀਮੱਠ ਵਰਗੇ ਸ਼ਹਿਰਾਂ ਸਣੇ 500 ਦੇ ਕਰੀਬ ਪਿੰਡ ਖਤਰੇ ਹੇਠ ਹਨ। ਪਹਾੜਾਂ ਵਿੱਚ ਤਕਰੀਬਨ ਹਰ ਸ਼ਹਿਰ ਪਿੰਡ ਕਿਸੇ ਨਾ ਕਿਸੇ ਨਦੀ ਦੇ ਕੰਡਿਆਂ ਉਪਰ ਹੀ ਪਹਾੜ ਦੀਆਂ ਢਲਾਣਾ 'ਤੇ ਵਸੇ ਹੁੰਦੇ ਹਨ। ਪੈਰਾਂ ਹੇਠਲੀ ਮਿੱਟੀ ਖੁਰਨ ਨਾਲ, ਦੂਸਰਾ ਹਿਮਾਲਾ ਦੀਆਂ ਪਹਾੜੀਆਂ ਬਹੁਤੀਆਂ ਸਖਤ ਪੱਥਰ ਵਾਲੀਆਂ ਨਹੀ ਹਨ। 

ਹੁਣ ਜੋਸ਼ੀਮੱਠ ਬਾਰੇ ਕੁਦਰਤੀ ਆਪਦਾ ਤੋਂ ਬਾਅਦ ਸਰਕਾਰ ਥੋੜ੍ਹਾ ਹਰਕਤ ਵਿੱਚ ਆਈ ਹੈ। ਲੋਕਾਂ ਨੂੰ ਨਵੇਂ ਥਾਂ 'ਤੇ ਵਸਾਉਣ ਅਤੇ ਚੱਲ ਰਹੇ ਉਸਾਰੀ ਦੇ ਕਾਰਜ ਰੋਕ ਦਿੱਤੇ ਗਏ ਹਨ। ਕੇਂਦਰੀ ਮੰਤਰੀ  ਸੁਸ਼ਮਾ ਸਵਰਾਜ ਨੇ ਗੰਗਾ ਨਦੀ ਦੀ ਦੁਹਾਈ ਦੇ ਕੇ ਬੰਨ੍ਹਾਂ ਦੀ ਉਸਾਰੀ ਰੁਕਵਾਉਣ ਲਈ ਕਿਹਾ ਹੈ। ਬਹੁਤ ਸਾਰੇ ਲੋਕਾਂ ਦਾ ਸਮਰਥਨ ਹਾਸਲ ਹੋਣਾ ਚੰਗੀ ਗੱਲ ਹੈ ਪਰ ਕੇਂਦਰ ਦੀ ਪੰਜਾਬ ਦੇ ਦਰਿਆਵਾਂ ਪ੍ਰਤੀ ਬੇਰੁਖੀ ਲਗਾਤਾਰ ਵੱਧ ਰਹੀ ਹੈ। ਪੰਜਾਬ ਦੇ ਪਾਣੀਆਂ ਨੂੰ ਲੁੱਟਣ ਲਈ ਨਿੱਤ ਨਵੇਂ ਪੈਂਤੜੇ ਸਰਕਾਰ ਵਲੋਂ ਅਪਣਾਏ ਜਾਂਦੇ ਹਨ। ਹਰੀਕੇ ਪੱਤਣ ਤੋਂ ਦੋ ਜੁੜਵੀਆਂ ਨਹਿਰਾਂ ਨੂੰ ਪੱਕਾ ਕਰਨ ਲਈ ਸਰਕਾਰ ਨੇ ਕਾਫ਼ੀ ਸਮੇਂ ਤੋਂ ਨੋਟਿਫ਼ਿਕੇਸ਼ਨ ਜਾਰੀ ਕੀਤਾ ਹੋਇਆ ਹੈ। ਇਹ ਫੈਸਲਾ ਵੀ ਕੁਦਰਤ ਵਿਰੋਧੀ ਤਾਂ ਹੈ ਹੀ, ਨਾਲ ਹੀ ਪੰਜਾਬ ਦੇ ਵੱਡੇ ਇਲਾਕੇ ਦੇ ਲੋਕਾਂ ਲਈ ਪਾਣੀ ਦੀ ਸਮਸਿਆ ਦਾ ਵੀ ਹੈ। 

ਇੰਦਰਾ ਗਾਂਧੀ/ਰਾਜਸਥਾਨ ਨਹਿਰ ਅਤੇ ਸਰਹੰਦ ਫੀਡਰ ਨਹਿਰ ਦੀ ਰਾਜਸਥਨ ਵਿੱਚ ਪਾਣੀ ਲਿਜਾਣ ਲਈ ਕੇਵਲ 8.5 ਹਜ਼ਾਰ ਕਿਊਸਕ ਫੁੱਟ ਸੀ, ਪਰ ਇਹ ਨਹਿਰਾਂ ਪਹਿਲਾਂ ਹੀ ਜ਼ਰੂਰਤ ਤੋਂ ਜਿਆਦਾ 13 ਹਜ਼ਾਰ ਕਿਊਸਕ ਪਾਣੀ ਪੰਜਾਬ ਤੋਂ ਬਾਹਰ ਲੈ ਕੇ ਜਾ ਰਹੀਆਂ ਹਨ। ਹਾਲਾਂਕਿ ਇਹ ਸਾਰਾ ਪਾਣੀ ਹੀ ਗੈਰ ਜਰੂਰੀ ਰਾਜਸਥਾਨ ਨੂੰ ਜਾ ਰਿਹਾ ਹੈ ਜਿਸ ਦਾ ਹੱਲ ਕੀਤਾ ਜਾਣਾ ਚਾਹੀਦਾ ਹੈ ਪਰ ਹੁਣ ਪੰਜਾਬ ਸਰਕਾਰ ਦੇ ਨਵੇਂ ਫੈਸਲੇ ਨਾਲ ਜਿਥੇ ਪੰਜਾਬ ਦੇ ਪਾਣੀਆਂ ਦੀ ਲੁੱਟ ਵਧਣੀ ਹੈ ਉਥੇ ਨਹਿਰਾਂ ਦੇ ਪੱਕਾ ਹੋਣ ਨਾਲ ਧਰਤੀ ਹੇਠ ਪਾਣੀ ਜਾਣਾ ਬਿਲਕੁਲ ਬੰਦ ਹੋ ਜਾਣਾ ਹੈ। 

ਇੰਦਰਾ ਗਾਂਧੀ ਨਹਿਰ ਅਤੇ ਸਰਹਿੰਦ ਫੀਡਰ ਨਹਿਰਾਂ ਹਰੀਕੇ ਪੱਤਣ ਤੋਂ ਪੰਜਾਬ ਦੇ ਜਿਸ ਇਲਾਕੇ ਵਿਚੋਂ ਲੰਘ ਰਹੀਆਂ ਹਨ ਉਸ ਇਲਾਕੇ ਦੇ ਲੋਕਾਂ ਨੂੰ ਪਾਣੀ ਵਰਤਣ ਦੀ ਆਗਿਆ ਨਹੀ ਹੈ ਪਰ ਨਹਿਰਾਂ ਦੀ ਸੇਮ ਨਾਲ ਹੁਣ ਪਾਣੀ ਮਿੱਠਾ ਅਤੇ ਵਰਤਨਯੋਗ ਹੋਇਆ ਹੈ ਜਿਥੇ ਪਹਿਲਾਂ ਪਾਣੀ ਖਾਰਾ ਸੀ। ਨਹਿਰਾਂ ਦੇ ਕਿਨਾਰੇ ਪਹਿਲਾਂ ਹੀ ਪੱਕੇ ਹਨ, ਹੁਣ ਫਰਸ਼ ਨੂੰ ਪੱਕਿਆ ਕਰਨ ਨਾਲ ਪਾਣੀ ਰਿਸਣਾ ਬੰਦ ਹੋ ਜਾਣਾ ਹੈ। ਪੰਜਾਬ ਦਾ ਧਰਤੀ ਹੇਠਲਾ ਪਾਣੀ ਜੋ ਕਿ ਪਹਿਲਾਂ ਹੀ ਹੇਠਾਂ ਜਾ ਰਿਹਾ ਹੈ, ਨਹਿਰ ਵਿੱਚ ਤਰਪਾਲ ਅਤੇ ਕੰਕਰੀਟ ਪਾਉਣ ਨਾਲ ਧਰਤੀ ਹੇਠਲੇ ਪਾਣੀ ਦਾ ਹੋਰ ਹੇਠਾਂ ਜਾਣ ਸੁਭਾਵਿਕ ਹੈ। ਫਰੀਦਕੋਟ ਦੇ ਇਲਾਕੇ ਵਿੱਚ ਆਉਣ ਵਾਲੀ ਇਸ ਬਰਬਾਦੀ ਅਤੇ ਕੁਦਰਤ ਨਾਲ ਲਈ ਜਾ ਰਹੀ ਇਸ ਟੱਕਰ ਨੂੰ ਰੋਕਣ ਲਈ ਸਭ ਲੋਕਾਂ ਨੂੰ ਇਕੱਠੇ ਹੋਣਾ ਚਾਹੀਦਾ ਹੈ। 

 

ਸੰਪਾਦਕ,