ਬੇਅਦਬੀਆਂ: ਸਾਡਾ ਅਮਲ ਅਤੇ ਸਾਡੀ ਜਿੰਮੇਵਾਰੀ 

ਬੇਅਦਬੀਆਂ: ਸਾਡਾ ਅਮਲ ਅਤੇ ਸਾਡੀ ਜਿੰਮੇਵਾਰੀ 

ਬੇਅਦਬੀ ਹੋਣ ਉੱਤੇ ਸਾਨੂੰ ਦੋਵੇਂ ਪੱਖਾਂ ਨੂੰ ਬਰਾਬਰ ਘੋਖਣਾ ਚਾਹੀਦਾ ਹੈ, ਪਹਿਲਾ ਕਿ ਬੇਅਦਬੀ ਹੋਈ ਕਿਉਂ ਹੈ? ਢਿੱਲ ਕਿਸ ਵੱਲੋਂ ਰਹੀ?

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਹੁਣ ਘਟਨਾਵਾਂ ਨਾ ਰਹਿ ਕੇ ਆਮ ਵਰਤਾਰਾ ਹੀ ਬਣ ਗਿਆ ਹੈ ਜਿਸ ਪ੍ਰਤੀ ਸਾਨੂੰ ਇਮਾਨਦਾਰੀ ਨਾਲ ਸਵੈ-ਪੜਚੋਲ ਕਰਕੇ ਇੰਨ੍ਹਾਂ ਬੇਅਦਬੀਆਂ ਦੇ ਕਾਰਨ ਤਲਾਸ਼ਣੇ ਚਾਹੀਦੇ ਹਨ ਅਤੇ ਆਪਣੇ ਅਮਲਾਂ ਲਈ ਪੰਥਕ ਰਵਾਇਤ ਤੋਂ ਸੇਧ ਲੈਣੀ ਚਾਹੀਦੀ ਹੈ। ਲੰਘੀ 25 ਜੂਨ 2021 ਨੂੰ ਜਿਲ੍ਹਾ ਸੰਗਰੂਰ ਵਿੱਚ ਭਵਾਨੀਗੜ੍ਹ ਦੇ ਨੇੜਲੇ ਪਿੰਡ ਜੌਲੀਆਂ ਵਿਖੇ ਪਿੰਡ ਦੀ ਵਸਨੀਕ ਗੁਰਮੇਲ ਕੌਰ ਨੇ ਗੁਰਦੁਆਰਾ ਸਾਹਿਬ ਅੰਦਰ ਪਟਰੌਲ ਛਿੜਕ ਕੇ ਅੱਗ ਲਾ ਦਿੱਤੀ, ਜਿਸ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਕ ਸਰੂਪ ਅਗਨ ਭੇਟ ਹੋ ਗਿਆ। ਇਹ ਦੁਰਘਟਨਾ ਵਾਪਰਨ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਤਖ਼ਤ ਉਤੇ ਪ੍ਰਕਾਸ਼ ਕੀਤਾ ਹੋਇਆ ਸੀ ਅਤੇ ਕੋਈ ਵੀ ਸਿੰਘ ਮਹਾਰਾਜ ਦੀ ਹਜ਼ੂਰੀ ਵਿੱਚ ਹਾਜ਼ਰ ਨਹੀਂ ਸੀ। 

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ-ਸਤਿਕਾਰ ਨੂੰ ਮੁੱਖ ਰੱਖਦੇ ਹੋਏ ਪੰਥਕ ਰਵਾਇਤ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਲਈ ਪੰਜ ਸਿੰਘ (ਗ੍ਰੰਥੀ ਸਿੰਘ, ਚੌਰ-ਬਰਦਾਰ, ਧੂਫੀਆ ਸਿੰਘ, ਪਹਿਰੇਦਾਰ (ਬਰਛਾ-ਬਰਦਾਰ) ਅਤੇ ਲਾਂਗਰੀ ਸਿੰਘ) ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਲੋੜੀਂਦੇ ਹਨ। ਪੰਥਕ ਰਵਾਇਤ ਦੀ ਅਣਦੇਖੀ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਵਿੱਚ ਅਵੱਗਿਆ ਹੀ ਹੁੰਦੀ ਹੈ। ਇਸ ਅਵੇਸਲੇਪਣ ਕਾਰਨ ਇਹ ਅਵੱਗਿਆ ਇਕ ਦਿਨ ਘੋਰ ਬੇਅਦਬੀ ਦੇ ਰੂਪ ਵਿੱਚ ਵਾਪਰ ਜਾਂਦੀ ਹੈ। ਫਿਰ ਅਸੀਂ ਆਪਣੇ ਢਿੱਲੇ ਪਹਿਰੇ ਨੂੰ ਲੁਕਾਉਣ ਲਈ ਦੋਸ਼ੀ ਨੂੰ ਲੱਭਣ ਅਤੇ ਦੁਨਿਆਵੀ ਅਦਾਲਤਾਂ ਤੋਂ ਸਜਾ ਦਵਾਉਣ ਲਈ ਸੜਕਾਂ ਬੰਦ ਕਰਦੇ ਹਾਂ, ਮੋਰਚੇ ਲਗਾਉਂਦੇ ਹਾਂ। ਜੇਕਰ ਦੋਸ਼ੀ ਲੱਭ ਵੀ ਜਾਏ ਅਤੇ ਦੋਸ਼ ਸਿੱਧ ਵੀ ਹੋ ਜਾਣ ਤਾਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਘੋਰ ਬੇਅਦਬੀ ਦੀ ਵੱਧ ਤੋਂ ਵੱਧ ਸਜ਼ਾ ਤਿੰਨ ਸਾਲ ਹੀ ਹੁੰਦੀ ਹੈ। ਦੋਸ਼ੀ ਨੇ ਬੇਅਦਬੀ ਕਿਉਂ ਕੀਤੀ ਅਤੇ ਕਿਸ ਨੇ ਕਰਵਾਈ ਉਸ ਦੀ ਤਫ਼ਤੀਸ਼ ਪੁਲਸ ਕਦੇ ਨਹੀਂ ਕਰਦੀ। ਸੋ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਅਤੇ ਸੁਰੱਖਿਆ ਦੇ ਮਾਮਲੇ ਨੂੰ ਪੰਥਕ ਨਜ਼ਰੀਏ ਤੋਂ ਵੇਖਣ ਦੀ ਲੋੜ ਹੈ।ਸਭ ਤੋਂ ਪਹਿਲਾਂ ਸੰਗਤ ਹੈ। ਜਿੱਥੇ ਇਹ ਸੰਗਤ ਗੁਰਸੰਗਤ ਬਣ ਕੇ ਗੁਰੂ ਸਾਹਿਬ ਦੀ ਮਰਿਯਾਦਾ ਅਤੇ ਰਵਾਇਤ ਅਨੁਸਾਰ ਟਹਿਲ ਸੇਵਾ ਤੇ ਅਦਬ ਦੇ ਕਾਬਲ ਹੋ ਜਾਵੇ ਉੱਥੇ ਗੁਰਦੁਆਰਾ ਤਾਮੀਰ ਕਰ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰ ਓਟ ਆਸਰਾ ਲਵੇ ਅਤੇ ਮੁੜ ਉਹ ਮਰਿਯਾਦਾ ਤੇ ਰਵਾਇਤਾਂ ਬਰਕਰਾਰ ਰੱਖੇ। ਇਸ ਤਰੀਕੇ ਇਹ ਜ਼ਿੰਮੇਵਾਰੀ ਮੁੱਢਲੇ ਤੌਰ 'ਤੇ ਇਲਾਕੇ ਦੀ ਸੰਗਤ ਦੀ ਹੀ ਬਣਦੀ ਹੈ। ਇਸ ਕੰਮ ਲਈ ਉਹ ਬੇਸ਼ੱਕ ਕੋਈ ਪ੍ਰਬੰਧਕ ਕਮੇਟੀ ਬਣਾ ਲਵੇ ਅਤੇ ਕਾਬਲ ਸਿੰਘਾਂ ਨੂੰ ਗੁਰੂ ਕੇ ਵਜ਼ੀਰ ਸਿੰਘ ਅਤੇ ਹੋਰ ਹਜ਼ੂਰੀ ਸਿੰਘਾਂ ਦੀ ਜ਼ਿੰਮੇਵਾਰੀ ਲਾਵੇ ਅਤੇ ਸੇਵਾ ਬਖ਼ਸ਼ੇ।  

ਗੁਰਦੁਆਰਾ ਕਮੇਟੀਆਂ ਨੂੰ ਚਾਹੀਦਾ ਹੈ ਕਿ ਹਰ ਹਾਲ ਪੰਥਕ ਰਵਾਇਤ ਅਨੁਸਾਰ ਗੁਰਦੁਆਰਾ ਸਾਹਿਬ ਅੰਦਰ ਪੰਜ ਸਿੰਘਾਂ ਦੀ ਹਾਜ਼ਰੀ ਹੋਵੇ। ਜਿੱਥੇ ਵਿੱਤ ਦਾ ਮਸਲਾ ਹੈ ਉੱਥੇ ਪਿੰਡ ਵਾਸੀਆਂ ਦੀ ਸਮੂਹਿਕ ਰੂਪ ਵਿੱਚ ਜਿੰਮੇਵਾਰੀ ਬਣਦੀ ਹੈ ਕਿ ਉਹ ਗੁਰਦੁਆਰਾ ਕਮੇਟੀ ਨੂੰ ਵਿੱਤੀ ਸਹਿਯੋਗ ਦੇਣ। ਜੇਕਰ ਪਿੰਡ ਵਾਸੀ ਸਮੂਹਿਕ ਰੂਪ ਵਿੱਚ ਕੋਈ ਵਿੱਤੀ ਸਹਿਯੋਗ ਨਹੀਂ ਕਰਦੇ ਜਾਂ ਕਰ ਨਹੀਂ ਸਕਦੇ ਤਾਂ ਪਿੰਡ ਨੂੰ ਇਸ ਕਾਰਜ ਲਈ ਆਪਣੀਆਂ ਜਿੰਮੇਵਾਰੀਆਂ ਵੰਡਣੀਆਂ ਚਾਹੀਦੀਆਂ ਹਨ। ਜੇਕਰ ਪਿੰਡ ਸਮੂਹਿਕ ਰੂਪ ਵਿੱਚ ਇਹ ਜਿੰਮੇਵਾਰੀ ਵੀ ਨਿਭਾਉਣ ਤੋਂ ਅਸਮਰੱਥ ਹੈ ਤਾਂ ਸਾਰੇ ਪਿੰਡ ਨੂੰ ਇਮਾਨਦਾਰੀ ਨਾਲ ਇਹ ਗੱਲ ਸਵੀਕਾਰ ਕਰ ਲੈਣੀ ਚਾਹੀਦੀ ਹੈ ਕਿ ਅਸੀਂ ਗੁਰੂ ਸਾਹਿਬ ਦੇ ਅਦਬ ਸਤਿਕਾਰ ਲਈ ਆਪਣਾ ਬਣਦਾ ਫਰਜ਼ ਨਹੀਂ ਨਿਭਾਅ ਸਕਦੇ ਜਿਸ ਲਈ ਸਾਡੇ ਪਿੰਡ ਗੁਰਦੁਆਰਾ ਸਾਹਿਬ ਨਹੀਂ ਹੋਣਾ ਚਾਹੀਦਾ। ਸ਼੍ਰੋਮਣੀ ਕਮੇਟੀ ਨੂੰ ਵੀ ਚਾਹੀਦਾ ਹੈ ਕਿ ਜਿਸ ਗੁਰਦੁਆਰਾ ਸਾਹਿਬ ਵਿੱਚ ਪੰਥਕ ਰਵਾਇਤ ਅਨੁਸਾਰ ਗੁਰੂ ਪਾਤਿਸਾਹ ਦੀ ਹਜ਼ੂਰੀ ਵਿੱਚ ਪੰਜ ਸਿੰਘ ਹਾਜ਼ਰ ਰਹਿੰਦੇ ਹੋਣ, ਉਸ ਗੁਰਦੁਆਰਾ ਸਾਹਿਬ ਨੂੰ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦਿੱਤੇ ਜਾਣ। ਜਿੱਥੇ ਪਹਿਰਾ ਢਿੱਲਾ ਹੈ ਉੱਥੇ ਮਰਿਯਾਦਾ ਲਾਗੂ ਕਰਵਾਈ ਜਾਵੇ ਅਤੇ ਨਾ ਲਾਗੂ ਹੋਣ ਦੀ ਸੂਰਤ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਉੱਥੋਂ ਵਾਪਿਸ ਲੈ ਲੈਣੇ ਚਾਹੀਦੇ ਹਨ। ਜਿੱਥੇ ਗੁਰੂ ਸਾਹਿਬ ਦੀ ਬੇਅਦਬੀ ਦੀ ਕੋਈ ਘਟਨਾ ਵਾਪਰਦੀ ਹੈ ਉੱਥੇ ਮਾਮਲੇ ਨੂੰ ਰਫ਼ਾ-ਦਫ਼ਾ ਕਰਨ ਦੀ ਕਾਹਲ ਛੱਡ ਕੇ ਸਿੱਖ-ਸੰਗਤ ਅਤੇ ਸਿੱਖ-ਜਥੇਬੰਦੀਆਂ ਦੀ ਸਾਂਝੀ ਰਾਇ ਨਾਲ ਹੀ ਕੋਈ ਕਾਰਵਾਈ ਕਰਨੀ ਚਾਹੀਦੀ ਹੈ। ਬੇਅਦਬੀ ਸਬੰਧੀ ਹਰ ਗੱਲ ਦੀ ਪੂਰੀ ਡੂੰਘਾਈ ਨਾਲ ਜਾਂਚ ਕਰਨੀ ਚਾਹੀਦੀ ਹੈ। ਜੇਕਰ ਬੇਅਦਬੀ ਹੋਈ ਹੈ ਤਾਂ ਉਸ ਦੇ ਕਾਰਨ ਲੱਭ ਕੇ ਦੋਸ਼ੀਆਂ ਨੂੰ ਪੰਥਕ ਰਵਾਇਤ ਅਨੁਸਾਰ ਸਜਾ ਦੇਣੀ/ਲਾਉਣੀ ਚਾਹੀਦੀ ਹੈ।

ਬੇਅਦਬੀ ਹੋਣ ਉੱਤੇ ਸਾਨੂੰ ਦੋਵੇਂ ਪੱਖਾਂ ਨੂੰ ਬਰਾਬਰ ਘੋਖਣਾ ਚਾਹੀਦਾ ਹੈ, ਪਹਿਲਾ ਕਿ ਬੇਅਦਬੀ ਹੋਈ ਕਿਉਂ ਹੈ? ਢਿੱਲ ਕਿਸ ਵੱਲੋਂ ਰਹੀ? ਅਤੇ ਦੂਸਰਾ ਬੇਅਦਬੀ ਕਰਨ ਵਾਲੇ ਨੂੰ ਜੋ ਸਜਾ ਦੇਣੀ ਹੈ ਉਸ ਲਈ ਪ੍ਰਸ਼ਾਸ਼ਨ ਉੱਤੇ ਕਿੰਨਾ ਕੁ ਨਿਰਭਰ ਰਹਿਣਾ ਹੈ ਅਤੇ ਇਨਸਾਫ ਦੀ ਪੰਥਕ ਰਵਾਇਤ ਤੋਂ ਕਿਸ ਤਰ੍ਹਾਂ ਸੇਧ ਲੈਣੀ ਹੈ। ਫੈਸਲੇ ਲੈਣ ਦੀ ਪੰਥਕ ਰਵਾਇਤ ਨੂੰ ਮੁੜ ਸੁਰਜੀਤ ਕਰਨ ਦੇ ਰਾਹ ਪੈਣਾ ਚਾਹੀਦਾ ਹੈ। ਜਦੋਂ ਦੁਨਿਆਵੀ ਢਾਂਚੇ ਇਨਸਾਫ ਕਰਨ ਦੇ ਸਮਰੱਥ ਨਾ ਰਹਿਣ ਤਾਂ ਸਿੱਖ ਦਾ ਫਰਜ ਆਪਣੇ ਸੱਚੇ ਪਾਤਿਸਾਹ ਦੇ ਦੱਸੇ ਢੰਗ ਤਰੀਕਿਆਂ ਅਨੁਸਾਰ ਚੱਲ ਕੇ ਖੁਦ ਇਨਸਾਫ ਕਰਨ ਦਾ ਹੈ। ਇਹੀ ਸਾਡੀ ਰਵਾਇਤ ਹੈ। ਸਾਨੂੰ ਦੁਨਿਆਵੀ ਅਦਾਲਤ ਤੋਂ ਇਨਸਾਫ਼ ਲੈਣ ਦੇ ਪ੍ਰਚਲਤ ਚਲਣ ਦੇ ਨਾਲ-ਨਾਲ ਜਿੱਥੇ ਇਨਸਾਫ਼ ਦੀ ਪੰਥਕ ਰਵਾਇਤ ਤੋਂ ਸੇਧ ਲੈਣ ਦੀ ਲੋੜ ਹੈ ਉੱਥੇ ਇਸ ਵਰਤਾਰੇ ਨੂੰ ਰੋਕਣ ਲਈ ਪੰਥਕ ਤੌਰ ਉੱਤੇ ਅੰਦਰੂਨੀ ਚਿੰਤਨ ਕਰਨ ਦੀ ਵੀ ਲੋੜ ਹੈ।


ਧੰਨਵਾਦ ,

ਮਲਕੀਤ ਸਿੰਘ 

ਸੰਪਾਦਕ, ਅੰਮ੍ਰਿਤਸਰ ਟਾਈਮਜ਼