ਖੁਸ਼ਆਮਦੀਦ-2020

ਖੁਸ਼ਆਮਦੀਦ-2020

ਨਵੇਂ ਸਾਲ ਵਿਚ ਭਾਵੇਂ ਕੈਲੰਡਰ ਅਤੇ ਤਰੀਕਾਂ ਬਦਲਣ ਤੋਂ ਸਿਵਾਏ ਹੋਰ ਕੁਝ ਵੀ ਨਹੀਂ ਬਦਲਦਾ ਪਰ ਪ੍ਰਾਚੀਨ ਕਾਲ ਤੋਂ ਸਮੇਂ ਦੀ ਇਕ ਯੂਨਿਟ ਵਿਚ ਪੁਰਾਣੀਆਂ ਗਿਣਤੀਆਂ ਮਿਣਤੀਆਂ ਦਾ ਲੇਖਾ ਜੋਖਾ ਖਤਮ ਕਰਕੇ ਨਵੀਆਂ ਤਰੀਕਾਂ ਦੀ ਸ਼ੁਰੂਆਤ ਚੱਲੀ ਆ ਰਹੀ ਹੈ। ਇਹ ਗੱਲ ਹੁਣ ਸਰਬ ਪ੍ਰਮਾਣਿਤ ਹੋ ਚੁੱਕੀ ਹੈ ਕਿ ਈਸਵੀ ਸੰਮਤ ਦੇ ਲਿਹਾਜ ਨਾਲ ਪ੍ਰਚੱਲਤ ਗਰੀਗੋਰੀਅਨ ਕੈਲੰਡਰ ਹੀ ਪੂਰੀ ਦੁਨੀਆ ਵਿਚ ਵਿਚਾਰਕ ਕੈਲੰਡਰ ਹੈ ਜਿਸ ਮੁਤਾਬਕ ਸਾਰੇ ਸਰਕਾਰੀ ਅਤੇ ਗੈਰ ਸਰਕਾਰੀ ਕੰਮ ਕਾਜ ਤੈਅ ਹੁੰਦੇ ਹਨ। ਉਂਜ ਤਾਂ ਦੁਨੀਆਂ ਵਿਚ ਬਹੁਤ ਸਾਰੇ ਕੈਲੰਡਰ ਵੱਖ ਵੱਖ ਧਰਮਾਂ, ਮਜ•ਹਬਾਂ ਅਤੇ ਕਬੀਲਿਆਂ ਮੁਤਾਬਕ ਪ੍ਰਚੱਲਤ ਹਨ। ਭਾਰਤ ਵਿਚ ਹੀ ਤਿੱਥਾਂ ਤੇ ਆਧਾਰਿਤ ਚੰਦਰ ਕੈਲੰਡਰ ਦੇ ਨਾਲ ਬਿਕਰਮੀ ਸੰਮਤ ਚਲਦਾ ਹੈ। ਇਸ ਤੋਂ ਇਲਾਵਾ ਹਿਜਰੀ ਕੈਲੰਡਰ ਹੈ ਅਤੇ ਸਿੱਖਾਂ ਦੇ ਇਤਿਹਾਸ ਅਤੇ ਗੁਰੂ ਸਾਹਿਬਾਨ ਨਾਲ ਸਬੰਧਤ ਦਿਹਾੜਿਆਂ ਨੂੰ ਲੈ ਕੇ ਨਾਨਕਸ਼ਾਹੀ ਕੈਲੰਡਰ ਵੀ ਲਾਗੂ ਹੈ। ਭਾਰਤ ਦਾ ਰਾਸ਼ਟਰੀ ਕੈਲੰਡਰ ਸ਼ੱਕ ਹੈ ਜੋ ਬਿਕਰਮੀ ਸੰਮਤ ਦੀ ਤਰਜ਼ 'ਤੇ ਹੀ ਚਲਦਾ ਹੈ ਪਰ ਸਾਰਾ ਸਰਕਾਰੀ ਕੰਮ ਕਾਜ ਈਸਵੀ ਸੰਮਤ ਵਾਲੇ ਕੈਲੰਡਰ ਦੇ ਹਿਸਾਬ ਨਾਲ ਹੀ ਚੱਲਦਾ ਹੈ। ਇਹੋ ਕਾਰਲ ਹੈ ਕਿ ਸਾਰੀਆਂ ਸਰਕਾਰਾਂ, ਸਰਕਾਰੀ ਅਦਾਰੇ, ਸਮਾਜਿਕ ਅਤੇ ਵਿਦਿਅਕ ਸੰਸਥਾਵਾਂ ਇਸ ਕੈਲੰਡਰ ਨੂੰ ਮਾਨਤਾ ਦਿੰਦੇ ਹਨ ਅਤੇ ਇਸ ਮੁਤਾਬਕ ਹੀ ਛੁੱਟੀਆਂ ਅਤੇ ਦਿਨ ਦਿਹਾੜੇ ਨਿਸ਼ਚਿਤ ਕੀਤੇ ਜਾਂਦੇ ਹਨ। ਇਹ ਕਾਰਨ ਹੈ ਕਿ ਪਹਿਲੀ ਜਨਵਰੀ ਹੀ ਸਾਰਿਆਂ ਨੂੰ ਨਵੇਂ ਸਾਲ ਦਾ ਪਹਿਲਾ ਦਿਨ ਪ੍ਰਵਾਨ ਹੈ ਜਿਸ ਦਿਨ ਦੋਸਤ-ਮਿੱਤਰ, ਰਿਸ਼ਤੇਦਾਰ, ਸਰਕਾਰੀ ਤੰਤਰ ਨਾਲ ਜੁੜੇ ਮੰਤਰੀ ਸੰਤਰੀ ਸਾਰਿਆਂ ਨੂੰ ਮੁਬਾਰਕਬਾਦ ਅਤੇ ਲੰਮੀ ਉਮਰ, ਖੁਸ਼ੀਆਂ ਖੇੜਿਆਂ ਦੀ ਕਾਮਨਾ ਕਰਦੇ ਹਨ। 90% ਲੋਕਾਂ ਨੂੰ ਤਾਂ ਇਹ ਵੀ ਪਤਾ ਨਹੀਂ ਹੁੰਦਾ ਕਿ ਬਿਕਰਮੀ, ਨਾਨਕਸ਼ਾਹੀ, ਹਿਜਰੀ ਜਾਂ ਸ਼ੱਕ ਜੰਤਰੀ ਦੀ ਸ਼ੁਰੂਆਤ ਕਦੋਂ ਹੁੰਦੀ ਹੈ ਅਤੇ ਚੇਤ, ਚੇਤਰ ਜਾਂ ਮੁਹੱਰਮ ਮਹੀਨੇ ਦਾ ਪਹਿਲਾ ਦਿਨ ਕਦੋਂ ਆਉਂਦਾ ਹੈ। ਖ਼ੈਰ ! ਹੁਣ ਇਹ ਸਪੱਸ਼ਟ ਹੋ ਚੁੱਕਾ ਹੈ ਕਿ ਪਹਿਲੀ ਜਲਵਰੀ ਵਾਲਾ ਗਰੀਗੋਰੀਅਨ ਕੈਲੰਡਰੀ ਹੀ ਦੁਨੀਆ ਭਰ ਵਿਚ ਵਿਹਾਰਕ ਕੈਲੰਡਰ ਹੈ। ਇਹੋ ਕਾਰਨ ਹੈ ਕਿ ਜਿੱਥੇ ਈਸਾਈ 31 ਦਸੰਬਰ ਤੇ ਪਹਿਲੀ ਜਨਵਰੀ ਦੀ ਰਾਤ ਨੂੰ ਜਸ਼ਨਾਂ ਦੀ ਰਾਤ ਵਜੋਂ ਨੱਚ ਟੱਪ ਕੇ ਖੁਸ਼ੀਆਂ ਨਾਲ ਮਨਾਉਂਦੇ ਹਨ। ਉਸੇ ਤਰ੍ਹਾਂ ਹੁਣ ਹੋਰਨਾਂ ਧਰਮਾਂ ਖਾਸ ਕਰਕੇ ਹਿੰਦੂ ਸਿੱਖ ਵੀ ਆਪਣੇ ਇਸ਼ਟ ਮੁਤਾਬਕ ਇਸ ਦਿਹਾੜੇ ਨੂੰ ਜੀ ਆਇਆਂ ਆਖਦੇ ਹਨ। ਗੁਰਦੁਆਰਾ ਸਾਹਿਬਾਨ ਵਿਚ ਰਾਤ ਭਰ ਰਸਭਿੰਨਾ ਕੀਰਤਨ ਹੁੰਦਾ ਹੈ ਅਤੇ ਨਵੇਂ ਸਾਲ ਦੀ ਸ਼ੁਰੂਆਤ ਸਮੇਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਜਾਂਦੀ ਹੈ।

ਜਿੱਥੇ ਨਵੇਂ ਵਰ੍ਹੇ ਨੂੰ ਖੁਸ਼ਆਮਦੀਦ ਕਹਿਣਾ ਬਣਦਾ ਹੈ, ਉਥੇ ਪਿਛਲੇ ਸਾਲ ਦੀਆਂ ਵੱਡੀਆਂ ਘਟਨਾਵਾਂ ਅਤੇ ਪ੍ਰਾਪਤੀਆਂ ਜਾਂ ਖਾਮੀਆਂ ਉਪਰ ਨਿਗਾਹ ਮਾਰਨੀ ਵੀ ਜਰੂਰੀ ਹੈ। ਸਾਲ ਦੌਰਾਨ ਬਹੁਤ ਸਾਰੀਆਂ ਸਮਾਜਿਕ, ਰਾਜਨੀਤਕ, ਧਾਰਮਿਕ ਅਤੇ ਸੱਭਿਆਚਾਰਕ ਸਰੋਕਾਰਾਂ ਵਾਲੀਆਂ ਘਟਨਾਵਾਂ ਵਾਪਰਦੀਆਂ ਹਨ ਜੋ ਹਾਂ ਪੱਖੀ ਅਤੇ ਨਾਂਹਪੱਖੀ ਦੋਹਾਂ ਪਹਿਲੂਆਂ ਨੂੰ ਲੈ ਕੇ ਚਲਦੀਆਂ ਹਨ। ਸਾਲ 2019 ਵਿਚ ਪੰਜਾਬੀਆਂ ਖਾਸ ਕਰਕੇ ਸਿੱਖਾਂ ਲਈ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦਾ 550ਸਾਲਾ ਪ੍ਰਕਾਸ਼ ਪੁਰਬ ਬਹੁਤ ਹੀ ਮਹੱਤਵਪੂਰਨ ਦਿਹਾੜਾ ਸੀ ਜਿਸ ਨੂੰ ਸਰਕਾਰਾਂ, ਧਾਰਮਿਕ ਜਥੇਬੰਦੀਆਂ ਅਤੇ ਹੋਰ ਸੰਸਥਾਵਾਂ ਨੇ ਬਹੁਤ ਹੀ ਸ਼ਰਧਾ ਨਾਲ ਮਨਾਇਆ ਅਤੇ ਇਸੇ ਸਬੰਧ ਵਿਚ ਪੰਜਾਬ ਦੇ ਡੇਰਾ ਬਾਬਾ ਨਾਨਕ ਤੋਂ ਪਾਕਿਸਤਾਨ 'ਚ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਤੱਕ ਲਾਂਘੇ ਦੀ ਸ਼ੁਰੂਆਤ ਹੋਣੀ ਬਹੁਤ ਵੱਡੀ ਖੁਸ਼ਕਿਸਮਤੀ ਕਹੀ ਜਾ ਸਕਦੀ ਹੈ। ਸੁਲਤਾਨਪੁਰ ਲੋਧੀ, ਡੇਰਾ ਬਾਬਾ ਨਾਨਕ ਅਤੇ ਹੋਰਨਾਂ ਥਾਵਾਂ ਤੇ ਮਨਾਏ ਗਏ 550 ਸਾਲਾ ਗੁਰਪੁਰਬਾਂ ਨੇ ਕੌਮ ਵਿਚ ਨਵੀਂ ਰੂਹ ਹੀ ਨਹੀਂ ਫੂਕੀ ਸਗੋਂ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਅਤੇ ਸਿੱਖ ਸਿਧਾਂਤ ਦੀ ਗੱਲ ਛਿੜੀ ਹੈ। ਇਸੇ ਤਰ੍ਹਾਂ ਦੂਜੀ ਵੱਡੀ ਇਤਿਹਾਸਕ ਘਟਨਾ ਜ਼ਲਿ•ਆਂ ਵਾਲਾ ਬਾਗ਼ ਦੇ ਸਾਕੇ ਦਾ 100 ਸਾਲਾ ਮਨਾਇਆ ਜਾਣਾ ਸੀ ਜਿਸ ਨੂੰ ਭਾਵੇਂ ਸਰਕਾਰਾਂ ਤੇ ਹੋਰ ਸੰਸਕਾਵਾਂ ਉਸ ਤਰੀਕੇ ਨਾਲ ਨਹੀਂ ਮਨਾ ਸਕਦੀਆਂ, ਜਿਸ ਤਰ੍ਹਾਂ ਇਕ ਸ਼ਤਾਬਦੀ ਮਨਾਈ ਜਾਣੀ ਚਾਹੀਦੀ ਸੀ ਪਰ ਇਸ ਬਹਾਨੇ ਸ਼ਹੀਦ ਊਧਮ ਸਿੰਘ ਦੀ ਕੁਰਬਾਨੀ ਨੂੰ ਯਾਦ ਕੀਤਾ ਜਾਣਾ ਵੀ ਇਕ ਪ੍ਰਾਪਤੀ ਰਹੀ।

ਭਾਰਤ ਵਿਚ ਸਿਆਸੀ ਤੌਰ 'ਤੇ ਇਹ ਵਰ੍ਹਾ ਕਾਫ਼ੀ ਮਹੱਤਵਪੂਰਨ ਰਿਹਾ, ਜਦ ਭਾਰਤੀ ਜਨਤਾ ਪਾਰਟੀ ਨੇ ਬਹੁਮੱਤ ਦੀ ਤਾਨਾਸ਼ਾਹੀ ਨਾਲ ਸੰਵਿਧਾਨ ਦੀਆਂ ਕਈ ਧਾਰਾਵਾਂ ਵਿਚ ਤਰਮੀਮ ਕਰਕੇ ਦੇਸ਼ ਨੂੰ ਇਕ ਮਜ਼•ਬ ਵਾਲਾ ਮੁਲਕ ਬਣਾਉਣ ਦੀ ਕੋਸ਼ਿਸ਼ ਕੀਤੀ ਜੋ ਕਿ ਇਕ ਨੇਸ਼ਨ ਸਟੇਟ ਹੋਣ ਦੇ ਨਾਤੇ ਇੱਥੇ ਕਾਫ਼ੀ ਸੰਭਾਵਨਾਵਾਂ ਮੌਜੂਦ ਹਨ। ਜੰਮੂ ਕਸ਼ਮੀਰ ਨਾਲ ਸਬੰਧਤ ਧਾਰਾ 370 ਅਤੇ 34 ਏ ਖਤਮ ਕਰਕੇ ਇਸ ਨੂੰ ਦੋ ਹਿੱਸਿਆਂ ਵਿਚ ਵੰਡਣਾ ਅਤੇ ਜਮਹੀਰ ਪ੍ਰਬੰਧ ਖਤਮ ਕਰਕੇ ਸਿੱਧਾ ਕੇਂਦਰ ਦੇ ਅਧੀਨ ਕਰਨਾ, ਕੌਮੀ ਨਾਗਰਿਕਤਾ ਕਾਨੂੰਨ 'ਚ ਤਰਮੀਮ ਕਰਕੇ ਨਵਾਂ ਨਾਗਰਿਕਤਾ ਕਾਨੂੰਨ ਬਣਾਉਣਾ ਅਤੇ ਕੌਮੀ ਨਾਗਰਿਕਤਾ ਰਜਿਸਟਰ ਕਾਇਮ ਕਰਨਾ ਅਜਿਹੇ ਹੀ ਮਹੱਤਵਪੂਰਨ ਕਦਮ ਹਨ ਜਿਸ ਨੇ ਘੱਟ ਗਿਣਤੀਆਂ ਦੇ ਮਨਾਂ ਵਿਚ ਬੇਗਾਨਗੀ ਦੀ ਭਾਵਨਾ ਪੈਦਾ ਕੀਤਾ ਹੈ। ਰਾਜਨੀਤਕ ਪੱਖੋਂ ਬੀਜੇਪੀ ਨੂੰ ਵੱਖ ਵੱਖ ਸੂਬਿਆਂ ਵਿਚ ਖੋਰਾ ਲੱਗਣ ਨਾਲ ਕਾਂਗਰਸ ਭਾਵੇਂ ਮਜ਼ਬੂਤ ਨਹੀਂ ਹੋਈ ਪਰ ਦੇਸ਼ ਅੰਦਰ ਨਵੀਆਂ ਸਿਆਸੀ ਸਮੀਕਰਨਾਂ ਬਣਨ ਲਈ ਰਾਹ ਤਿਆਰ ਹੋ ਗਿਆ ਹੈ।

ਜੇ ਸਾਲ 2019 ਜਾਂ ਇਸ ਦੇ ਪਿਛੋਕੜ ਵਿਚ ਝਾਤ ਮਾਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਸਾਂਝ ਭਿਆਲੀ ਕਾਰਨ ਸਿੱਖਾਂ ਦੇ ਹੱਕੀ ਅਤੇ ਹਕੀਕੀ ਮੁੱਦੇ ਸਮਾਜਿਕ, ਰਾਜਨੀਤਕ ਦ੍ਰਿਸ਼ ਤੋਂ ਲਾਂਭੇ ਹੋ ਗਏ। ਪ੍ਰਕਾਸ਼ ਸਿੰਘ ਬਾਦਲ ਨਿਜ਼ਾਮ ਦੌਰਾਨ ਵਾਪਰੇ ਬੇਅਦਬੀ ਕਾਂਡਾਂ ਦੀ ਜਾਂਚ ਪੜਤਾਲ ਕਿਸੇ ਪਾਸੇ ਨਹੀਂ ਲੱਗ ਸਕੀ। ਪੰਜਾਬ ਦੀ ਕੈਪਟਨ ਸਰਕਾਰ ਵੀ ਇਨ੍ਹਾਂ ਮੁੱਦਿਆਂ ਨੂੰ ਆਪਣੇ ਸਿਆਸੀ ਨਜ਼ਰੀਏ ਤੋਂ ਵੇਖਦੀ ਰਹੀ। ਕੌਮੀ ਨਾਗਰਿਕਤਾ ਕਾਨੂੰਨ ਬਾਰੇ ਸ਼੍ਰੋਮਣੀ ਅਕਾਲੀ ਦਲ ਦਾ ਸਟੈਂਡ ਅਤੇ ਨਜ਼ਰੀਆ ਬਹੁਤ ਹੀ ਪੇਤਲਾ ਅਤੇ ਡੰਗ ਟਪਾਊ ਰਿਹਾ। ਸ਼੍ਰੋਮਣੀ ਅਕਾਲੀ ਦਲ ਨੇ ਘੱਟਗਿਣਤੀਆਂ ਦੇ ਮਸਲਿਆਂ ਨੂੰ ਜਾਣ ਬੁੱਝ ਕੇ ਅੱਖੋਂ ਪਰੋਖੇ ਹੀ ਨਹੀਂ ਕੀਤਾ ਸਗੋਂ ਕਈ ਥਾਵਾਂ 'ਤੇ ਬੀਜੇਪੀ ਵਾਲਾ ਸਟੈਂਡ ਹੀ ਰੱਖਿਆ।

ਦਿੱਲੀ ਅਤੇ ਹੋਰਨਾਂ ਸੂਬਿਆਂ ਵਿਚ 1984 ਵਿਚ ਹੋਏ ਸਿੱਖ ਕਤਲੇਆਮ ਨੂੰ ਵੀ ਅਕਾਲੀ ਦਲ ਬੀਜੇਪੀ ਨੇ ਵੋਟਾਂ ਲਈ ਇਕ ਰਾਜਨੀਤਕ ਹਰਬੇ ਵਜੋਂ ਵਰਤਿਆ ਅਤੇ ਅਦਾਲਤਾਂ ਵਿਚ ਕਿਸੇ ਵੀ ਕੇਸ ਦਾ ਨਿਬੇੜਾ ਨਹੀਂ ਹੋਇਆ। ਇਸ ਦੇ ਉਲਟ ਸੁਪਰੀਮ ਕੋਰਟ ਨੇ ਉਤਰ ਪ੍ਰਦੇਸ਼ ਵਿਚ ਅਯੁਧਿਆ ਦੀ ਬਾਬਰੀ ਮਸਜਿਦ ਦੀ ਥਾਂ ਰਾਮ ਮੰਦਰ ਦੀ ਉਸਾਰੀ ਉਪਰ ਮੋਹਰ ਲਾ ਦਿੱਤੀ ਅਤੇ ਸਿੱਖਾਂ ਨੂੰ ਇਕ ਗੁੱਟ (ਕਲਟ) ਕਹਿ ਕੇ ਰਾਮ ਮੰਦਰ ਦੇ ਪੱਖ ਵਿਚ ਇਨ੍ਹਾਂ ਦੀ ਗਵਾਹੀ ਵੀ ਪਾ ਲਈ।

ਸਿੱਖ ਅੱਜ ਪੂਰੀ ਦੁਨੀਆ ਵਿਚ ਆਪਣਾ ਸ਼ਖਸੀ ਮੁਕਾਮ ਹੀ ਨਹੀਂ ਰੱਖਦੇ ਸਗੋਂ ਸਿਆਸਤ ਵਿਚ ਵੀ ਛਾਏ ਹੋਏ ਹਨ। ਕੈਨੇਡਾ, ਅਮਰੀਕਾ ਅਤੇ ਆਸਟ੍ਰੇਲੀਆ ਤੋਂ ਇਲਾਵਾ ਹਰ ਛੋਟੇ ਵੱਡੇ ਮੁਲਕ ਵਿਚ ਸਿੱਖ ਆਪਣੀ ਸਮਾਜਿਕ ਅਤੇ ਰਾਜਨੀਤਕ ਹੈਸੀਅਤ ਰੱਖਦੇ ਹਨ।
ਕੈਨੇਡਾ ਵਿਚ ਸਿੱਖਾਂ ਦੀ ਮਦਦ ਨਾਲ ਜਸਟਿਨ ਟਰੂਡੋ ਦਾ ਮੁੜ ਪ੍ਰਧਾਨ ਮੰਤਰੀ ਬਣਨ ਅਤੇ ਭਾਈ ਜਗਮੀਤ ਸਿੰਘ ਦੇ ਇਕ ਸਿਆਸੀ ਨੇਤਾ ਵਜੋਂ ਉਭਰਨਾ ਵੱਡੀਆਂ ਰਾਜਨੀਤਕ ਘਟਨਾਵਾਂ ਹਨ। ਇਸੇ ਤਰ੍ਹਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਯੂ.ਐਸ. ਦੇ ਇਤਿਹਾਸ ਵਿਚ ਤੀਜੇ ਅਜਿਹੇ ਰਾਸ਼ਟਰਪਤੀ ਬਣੇ ਜਿਨ੍ਹਾਂ ਖਿਲਾਫ਼ ਅਮਰੀਕੀ ਕਾਂਗਰਸ ਦੀ ਪ੍ਰਤੀਨਿਧੀ ਸਭਾ ਵਿਚ ਮਹਾਂਦੋਸ਼ ਦਾ ਮਤਾ ਪਾਸ ਹੋਇਆ ਅਤੇ ਹੁਣ ਸੈਨੇਟ ਨੇ ਇਸ ਦਾ ਫੈਸਲਾ ਕਰਨਾ ਹੈ।

ਇਸ ਤੋਂ ਇਲਾਵਾ 2019 ਦਾ ਵਰ੍ਹਾ  ਹੋਰ ਬਹੁਤ ਸਾਰੀਆਂ ਮਿੱਠੀਆਂ ਕੋੜੀਆਂ ਯਾਦਾਂ ਛੱਡ ਗਿਆ ਜੋ ਨਵੇਂ ਸਾਲ ਤੇ ਅਸਰ ਅੰਦਾਜ਼ ਹੋਣਗੀਆਂ।