ਮੇਰੀ ਸਭ ਤੋਂ ਵੱਡੀ ਚੁਣੌਤੀ : ਸੰਪਾਦਕ 

ਮੇਰੀ ਸਭ ਤੋਂ ਵੱਡੀ ਚੁਣੌਤੀ : ਸੰਪਾਦਕ 
ਸੁਰਿੰਦਰ ਸਿੰਘ

ਪੰਜਾਬੀ ਪੱਤਰਕਾਰੀ 'ਚ ਇਸ ਵੇਲ਼ੇ ਨਵੇਂ ਤਜ਼ਰਬੇ ਚੱਲ ਰਹੇ ਹਨ। ਸੋਸ਼ਲ ਮੀਡੀਆ ਦੇ ਜ਼ਬਰਦਸਤ ਉਭਾਰ ਨੇ ਪ੍ਰਿੰਟ ਮੀਡੀਆ ਦੀ ਥੋੜ੍ਹੀ ਬਹੁਤੀ ਬਚਦੀ ਜਾਨ ਵੀ ਕੱਢ ਲਈ ਹੈ। ਇਲੈਕਟ੍ਰਾਨਿਕ ਵਿਜ਼ੂਅਲ ਨਿਊਜ਼ ਦੇ ਇਸ ਤੇਜ਼ ਤਰਾਰ ਜ਼ਮਾਨੇ ਨੇ ਖਬਰਾਂ ਦੀ ਦੁਨੀਆ 'ਚ ਸਥਾਪਤ ਕਦਰਾਂ ਕੀਮਤਾਂ ਨੂੰ ਤਹਿਸ ਨਹਿਸ ਕਰਕੇ ਰੱਖ ਦਿੱਤਾ ਹੈ। ਬ੍ਰੇਕਿੰਗ ਨਿਊਜ਼ ਦੇਣ ਦੀ ਦੌੜ ਨੇ ਤੱਥਾਂ ਅਤੇ ਖਬਰ ਪਿੱਛੇ ਦੀ ਅਸਲੀਅਤ ਅਤੇ ਅਹਿਮੀਅਤ ਖਤਮ ਕਰ ਦਿਤੀ ਹੈ। ਖਬਰਾਂ ਦੇ ਅਜਿਹੇ ਦੌਰ ਦੇ ਚਲਦਿਆਂ ਸਿੱਖਾਂ ਦੀ ਕੌਮੀਅਤ ਨਾਲ ਜੁੜੇ ਸਵਾਲ ਹੋਰ ਉਲਝੇ ਹਨ। ਪ੍ਰਚਾਰਕਾਂ ਅਤੇ ਪੰਥਕ ਅਖਵਾਏ ਜਾਣ ਵਾਲੀਆਂ ਜਥੇਬੰਦੀਆਂ ਅਤੇ ਪਾਰਟੀਆਂ ਦੇ ਆਗੂਆਂ ਨੇ ਸਿੱਖਾਂ ਦਾ ਮੌਜੂ ਬਣਾ ਕੇ ਰੱਖ ਦਿੱਤਾ ਹੈ। 

ਪੰਜਾਬ ਦੇ ਪਾਣੀਆਂ, ਪੰਜਾਬ ਦੀ ਮਿੱਟੀ ਅਤੇ ਭਾਸ਼ਾ ਦੇ ਵੱਡੇ ਮਸਲਿਆਂ ਨੂੰ ਜਿਸ ਤਰੀਕੇ ਨਾਲ ਪੰਜਾਬ ਦੀਆਂ ਹਿੰਦੂ ਅਤੇ ਕੌਮਨਿਸਟ ਪਾਰਟੀਆਂ ਨੇ ਦਰ ਕਿਨਾਰ ਕੀਤਾ ਸੀ ਸਿੱਖਾਂ ਦੀਆਂ ਹੀ ਪਾਰਟੀਆਂ ਅਤੇ ਜਥੇਬੰਦੀਆਂ ਵੀ ਉਸੇ ਰਾਹ ਤੁਰ ਪਈਆਂ ਹਨ। ਉੱਤਰ ਪ੍ਰਦੇਸ਼, ਬਿਹਾਰ, ਉੜੀਸਾ ਅਤੇ ਹੋਰਨਾਂ ਪੂਰਬੀ ਰਾਜਾਂ ਤੋਂ ਵੱਡੀ ਗਿਣਤੀ ਲੋਕਾਂ ਨੂੰ ਲੁਕਵੇਂ ਏਜੰਡੇ ਤਹਿਤ ਪੰਜਾਬ 'ਚ ਵਸਾਇਆ ਜਾਣਾ ਅਤੇ ਸਿੱਖਾਂ ਦੇ ਜੁਆਕਾਂ ਨੂੰ ਪੰਜਾਬ ਛਡਾ ਕੇ ਪਰਵਾਸ ਦੇ ਰਾਹ ਪਾਉਣਾ ਸਾਡੇ ਲਈ ਸਹਿਜ ਜਾਂ ਵਿਕਾਸ ਮੁਖੀ ਦਿਖਾਈ ਦਿੰਦੇ ਹੋਣਗੇ ਪਰ ਇਹ ਪੰਜਾਬ ਦੀ  ਉਲਝ ਰਹੀ ਤਾਣੀ ਦਾ ਸੰਕੇਤ ਹਨ। ਪੰਜਾਬ ਦੇ ਵਿਦਿਅਕ ਅਦਾਰਿਆਂ 'ਚ ਸਿੱਖ ਪੱਖੀ ਵਿਦਿਆਰਥੀ ਜਥੇਬੰਦੀਆਂ ਦੀ ਅਣਹੋਂਦ ਅਤੇ ਇਹਨਾਂ ਅਦਾਰਿਆਂ 'ਚ ਵਿਦਿਆਥੀ ਚੋਣਾਂ 'ਤੇ ਹਾਲੇ ਤੱਕ ਪਾਬੰਦੀ ਲੱਗੀ ਰਹਿਣਾ ਭਾਰਤੀ ਸਰਕਾਰ ਦੇ ਪੰਜਾਬ 'ਚ ਪੜ੍ਹੀ ਲਿਖੀ ਲੀਡਰਸ਼ਿਪ ਦੀ ਭਰੂਣ ਹਤਿਆ ਵਾਂਗ ਹੈ। ਇਸ ਦੇ ਨਾਲ ਹੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਨਜ਼ਰਬੰਦ ਸਿਆਸੀ ਸਿੱਖ ਕੈਦੀਆਂ ਦਾ ਮਾਮਲਾ ਉਸੇ ਤਰਾਂ ਬਰਕਰਾਰ ਹੈ।

ਭਾਰਤ ਵਿਚ ਸਿੱਖਾਂ ਨੂੰ ਹਰ ਹੀਲੇ ਜ਼ਲੀਲ ਕਰਨ ਦੀ ਪ੍ਰਣਾਲੀ ਜਿਉਂ ਦੀ ਤਿਉਂ ਅਮਲ ਵਿਚ ਚੱਲ ਰਹੀ ਹੈ। ਨਵੰਬਰ 1984 ਦੇ ਸਿੱਖ ਵਿਰੋਧੀ ਕਤਲਿਆਮ ਅਤੇ ਝੂਠੇ ਪੁਲਸ ਮੁਕਾਬਲਿਆਂ 'ਚ ਕਤਲ ਕੀਤੇ ਗਏ ਨੌਜਵਾਨਾਂ ਦੇ ਵਾਰਸਾਂ ਨੂੰ ਇਨਸਾਫ ਕੀ ਮਿਲਣਾ ਸੀ ਉੱਤੋਂ ਸਰਕਾਰ ਵੱਲੋਂ ਝੂਠੇ ਪੁਲਸ ਮੁਕਾਬਲਿਆਂ ਦੇ ਦੋਸ਼ੀ ਅਫਸਰਾਂ ਨੂੰ ਦੋਸ਼ਾਂ ਤੋਂ ਮੁਕਤ ਕਰਕੇ ਉਹਨਾਂ ਦੀ ਸਜ਼ਾ ਮੁਆਫ ਕੀਤੇ ਜਾਨ ਨਾਲ ਸਿੱਖਾਂ ਦੇ ਜ਼ਖਮਾਂ 'ਤੇ ਲੂਣ ਭੁੱਕਿਆ ਜਾ ਰਿਹਾ ਹੈ। ਅਜਿਹੇ ਸਾਰੇ ਮਸਲਿਆਂ 'ਤੇ ਗੱਲ ਕਰਨ ਲਈ ਸਿੱਖਾਂ ਨੇ ਹਾਲੇ ਤੱਕ ਆਪਣਾ ਸੁਤੰਤਰ ਮੀਡੀਆ ਸਥਾਪਤ ਨਹੀਂ ਕੀਤਾ ਜਿਹੜਾ ਆਪਣੇ ਦੁੱਖ ਦਰਦ ਅਤੇ ਕੌਮੀ ਨਿਸ਼ਾਨਿਆਂ ਦੀ ਗੱਲ ਕਰ ਸਕੇ। 'ਅਕਾਲੀ ਪੱਤ੍ਰਕਾ' ਅਖਬਾਰ ਬੰਦ ਹੋਣ ਦੇ ਬਾਅਦ ਬਾਕੀ ਦੇ ਅਖਬਾਰਾਂ ਨੇ ਸਿੱਖਾਂ ਦੇ ਦਰਦ ਨੂੰ ਪੇਸ਼ ਕਰਨ ਦੀ ਬਜਾਏ ਜਜ਼ਬਾਤਾਂ ਨੂੰ ਵੇਚਿਆ ਹੈ। ਇੱਕ ਦਰਜਨ ਦੇ ਕਰੀਬ ਆਨਲਾਈਨ ਵੈਬ ਪੋਰਟਲ ਅਤੇ ਕੁਝ ਟੀਵੀ ਚੈਨਲ ਸਾਡੀ ਗੱਲ ਕਰਨ ਦਾ ਦਾਅਵਾ ਕਰਦੇ ਹਨ ਪਰ ਇਹ ਸਾਰੇ ਸਿੱਖ ਸਿਆਸੀ ਵਿਜ਼ਨ ਦੀ ਅਣਹੋਂਦ ਕਾਰਨ ਕੌਸਮੈਟਿਕ ਪੱਧਰ ਦੀ ਪੇਸ਼ਕਾਰੀ ਤੱਕ ਠਹਿਰੇ ਹੋਏ ਹਨ। ਨਾਲ ਹੀ ਦੂਜੇ ਪਾਸੇ ਸਿੱਖ ਇਤਿਹਾਸ ਨੂੰ ਵਿਗਾੜ ਕੇ ਪੇਸ਼ ਕਰਨ ਅਤੇ ਸਿੱਖ ਸੰਘਰਸ਼ ਅਤੇ ਹੱਕਾਂ ਦੇ ਉਲਟ ਕੀਤੇ ਜਾ ਰਹੇ ਪ੍ਰਚਾਰ ਨੂੰ ਗੁਪਤ ਸਿਸਟਮ ਵੱਲੋਂ ਲਗਾਤਾਰ ਸ਼ਹਿ ਦਿੱਤੇ ਜਾਣ ਨੂੰ ਸ਼ਾਬਦਿਕ ਟੱਕਰ ਦੇਣਾ ਕਿਸੇ ਕੌਮੀ ਰੁਤਬਾ ਰੱਖਣ ਵਾਲੇ ਅਖਬਾਰ ਦੇ ਸੰਪਾਦਕ ਲਈ ਚੁਣੌਤੀ ਭਰਪੂਰ ਕਾਰਜ ਹੋ ਜਾਂਦਾ ਹੈ। ਬਿਲਕੁਲ ਅਜਿਹੇ ਮਾਹੌਲ ਦੇ ਚੱਲਦਿਆਂ ਮੈਨੂੰ ਅੰਮ੍ਰਿਤਸਰ ਟਾਈਮਜ਼ ਦਾ ਸੰਪਾਦਕ ਬਣਨ ਦਾ ਮੌਕਾ ਮਿਲਿਆ ਹੈ। 

ਜਿਹੜੀਆਂ ਉਪਰੋਕਤ ਊਣਤਾਈਆਂ ਜਾਂ ਸਿੱਖ ਸਮੱਸਿਆਵਾਂ ਦਾ ਮੈਂ ਜ਼ਿਕਰ ਕੀਤਾ ਹੈ ਅੰਮ੍ਰਿਤਸਰ ਟਾਈਮਜ਼ ਨਾਲ ਜੁੜ ਕੇ ਉਹਨਾਂ ਨੂੰ ਦੂਰ ਕਰਨ ਅਤੇ ਉਹਨਾਂ ਸਮੱਸਿਆਵਾਂ ਨਾਲ ਮੱਥਾ ਲਾ ਕੇ ਜੂਝਣ ਦੀ ਕੋਸ਼ਿਸ਼ ਮੇਰੀ ਪਹਿਲ ਹੋਵੇਗੀ। ਇਸ ਕੋਸ਼ਿਸ਼ ਨੂੰ ਨੇਪਰੇ ਚਾੜ੍ਹਨ ਲਈ ਮੈਨੂੰ ਤੁਹਾਡੇ ਪਿਆਰ ਅਤੇ ਸਹਿਯੋਗ ਦੀ ਲੋੜ ਹੈ। ਤੁਹਾਡੇ ਸਾਥ ਤੋਂ ਬਿਨਾ ਅਜਿਹਾ ਸੰਭਵ ਨਹੀਂ ਹੈ। ਮੈਂ ਧੜੇਬੰਦੀ ਅਤੇ ਪੱਖ-ਪਾਤ ਤੋਂ ਬਿਨਾ ਆਪਣੀ ਡਿਊਟੀ ਪੂਰੀ ਕਰਾਂ ਇਸ ਲਈ ਅਰਦਾਸ ਕਰੋ।

ਤੁਹਾਡਾ ਸਾਰਿਆਂ ਦਾ ਆਪਣਾ,
ਸੁਰਿੰਦਰ ਸਿੰਘ (ਟਾਕਿੰਗ ਪੰਜਾਬ)
ਸੰਪਾਦਕ, ਕੌਮਾਂਤਰੀ ਅੰਮ੍ਰਿਤਸਰ ਟਾਈਮਜ਼

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।