ਨਸ਼ੇ 'ਚ ਗਰਕ ਰਿਹਾ ਪੰਜਾਬ; ਨਸ਼ੇ ਦੀ ਤੋੜ 'ਚ ਨੌਜਵਾਨ ਨੇ ਪਰਿਵਾਰ 'ਤੇ ਕੀਤਾ ਹਮਲਾ, ਪਤਨੀ ਦੀ ਮੌਤ

ਨਸ਼ੇ 'ਚ ਗਰਕ ਰਿਹਾ ਪੰਜਾਬ; ਨਸ਼ੇ ਦੀ ਤੋੜ 'ਚ ਨੌਜਵਾਨ ਨੇ ਪਰਿਵਾਰ 'ਤੇ ਕੀਤਾ ਹਮਲਾ, ਪਤਨੀ ਦੀ ਮੌਤ

ਬਠਿੰਡਾ: ਬਠਿੰਡਾ ਦੇ ਪਿੰਡ ਰਾਏ ਖੁਰਦ ਵਿੱਚ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਦੇਰ ਰਾਤ ਕਲਯੁਗੀ ਮੁੰਡੇ ਨੇ ਨਸ਼ੇ ਦੀ ਪੂਰਤੀ ਲਈ ਆਪਣੇ ਮਾਂ-ਪਿਉ, ਭਰਾ ਤੇ ਆਪਣੀ ਘਰਵਾਲੀ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਨਾਲ ਉਸ ਦੀ ਘਰਵਾਲੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਬਾਕੀ ਮੈਂਬਰਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਵਾਰਦਾਤ ਵਾਲੀ ਜਗ੍ਹਾ ਦਾ ਮੁਆਇਨਾ ਕਰਨ ਪੁੱਜੀ ਪੁਲਿਸ ਨੇ ਕਿਹਾ ਕਿ ਮੁਲਜ਼ਮ ਮੁੰਡੇ ਖ਼ਿਲਾਫ਼ ਬਿਆਨਾਂ ਦੇ ਆਧਾਰ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਮੁਲਜ਼ਮ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ।

ਦੱਸਿਆ ਜਾਂਦਾ ਹੈ ਕਿ ਮੁਲਜ਼ਮ ਨੌਜਵਾਨ ਨਸ਼ੇ ਦੀ ਪੂਰਤੀ ਲਈ ਹਰ ਰੋਜ਼ ਘਰਦਿਆਂ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ ਤੇ ਪੈਸੇ ਵਸੂਲਦਾ ਸੀ। ਬੀਤੇ ਦਿਨ ਜਦੋਂ ਉਸ ਨੇ ਪੈਸੇ ਮੰਗੇ ਤਾਂ ਪਰਿਵਾਰ ਵਾਲਿਆਂ ਉਸ ਨੂੰ ਮਨ੍ਹਾ ਕੀਤਾ। ਇਸ ਤੋਂ ਬਾਅਦ ਉਸ ਨੂੰ ਇੰਨਾ ਗੁੱਸਾ ਆਇਆ ਕਿ ਉਸ ਨੇ ਦੇਰ ਰਾਤ ਆਪਣੇ ਹੋਰ ਦੋਸਤਾਂ ਨਾਲ ਮਿਲ ਕੇ ਤੇਜ਼ਧਾਰ ਹਥਿਆਰਾਂ ਨਾਲ ਆਪਣੇ ਸੁੱਤੇ ਹੋਏ ਪਰਿਵਾਰ ਉੱਤੇ ਧਾਵਾ ਬੋਲ ਦਿੱਤਾ।

ਹਮਲੇ ਦੌਰਾਨ ਉਸ ਦੀ ਘਰਵਾਲੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪਿਤਾ ਤੇ ਮਾਂ ਸਮੇਤ ਭਰਾ ਗੰਭੀਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਪਿੰਡ ਵਾਲਿਆਂ ਨੇ ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਪੁਲਿਸ ਨੇ ਅੱਜ ਸਵੇਰੇ ਵਾਰਦਾਤ ਵਾਲੀ ਥਾਂ ਦਾ ਦੌਰਾ ਕੀਤਾ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।