ਭਾਰਤ ਧੋਖੇ ਨਾਲ ਸਾਡੀ ਜ਼ਮੀਨ 'ਤੇ ਕਬਜ਼ਾ ਕਰ ਰਿਹਾ ਹੈ: ਨੇਪਾਲੀ ਪ੍ਰਧਾਨ ਮੰਤਰੀ

ਭਾਰਤ ਧੋਖੇ ਨਾਲ ਸਾਡੀ ਜ਼ਮੀਨ 'ਤੇ ਕਬਜ਼ਾ ਕਰ ਰਿਹਾ ਹੈ: ਨੇਪਾਲੀ ਪ੍ਰਧਾਨ ਮੰਤਰੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਨੇਪਾਲ ਦੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਨੇ ਬੀਤੇ ਕੱਲ੍ਹ ਨੇਪਾਲ ਦੀ ਪਾਰਲੀਮੈਂਟ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਧੋਖੇਬਾਜ਼ੀ ਨਾਲ ਨੇਪਾਲ ਦੇ ਇਲਾਕੇ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਓਲੀ ਨੇ ਕਿਹਾ ਕਿ ਭਾਰਤ ਅਤੇ ਨੇਪਾਲ ਦਰਮਿਆਨ ਹੋਏ ਸਮਝੌਤੇ ਤਹਿਤ ਮੰਨਿਆ ਗਿਆ ਸੀ ਕਿ ਦੋਵਾਂ ਦੇਸ਼ਾਂ ਵਿਚਕਾਰ ਕਾਲੀ ਨਦੀ ਹੱਦ ਹੋਵੇਗੀ ਪਰ ਭਾਰਤ ਨਕਲੀ ਕਾਲੀ ਨਦੀ ਵਖਾ ਕੇ ਨੇਪਾਲ ਦੀ ਧਰਤੀ 'ਤੇ ਕਬਜ਼ਾ ਕਰ ਰਿਹਾ ਹੈ ਤੇ ਉੱਥੇ ਆਪਣੀ ਫੌਜ ਤੈਨਾਤ ਕੀਤੀ ਹੋਈ ਹੈ।

ਉਹਨਾਂ ਕਿਹਾ ਕਿ ਨੇਪਾਲ ਭਾਰਤ ਤੋਂ ਆਪਣੇ ਇਲਾਕੇ ਕਾਲਾਪਾਣੀ, ਲਿਪੂਲੇਖ ਅਤੇ ਲਿੰਪਿਆਧੁਰਾ ਨੂੰ ਹਾਸਲ ਕਰਨ ਲਈ ਦ੍ਰਿੜ ਹੈ। ਇਸ ਲਈ ਨੇਪਾਲ ਦੀ ਪਾਰਲੀਮੈਂਟ ਨੇ ਇਹਨਾਂ ਇਲਾਕਿਆਂ ਨੂੰ ਨੇਪਾਲ ਦੀ ਹੱਦ ਵਿਚ ਸ਼ਾਮਲ ਕਰਦਿਆਂ ਸਰਬਸੰਮਤੀ ਨਾਲ ਨਵਾਂ ਨਕਸ਼ਾ ਵੀ ਪਾਸ ਕਰ ਦਿੱਤਾ ਹੈ। 

ਸਬੰਧਿਤ ਖ਼ਬਰ: ਹਿੰਦੂ ਤੀਰਥ ਯਾਤਰਾ ਨੂੰ ਸੌਖਾ ਕਰਨ ਲਈ ਭਾਰਤ ਨੇ ਨੇਪਾਲ ਨਾਲ ਰਿਸ਼ਤੇ ਦਾਅ 'ਤੇ ਲਾਏ

ਇਸ ਮੌਕੇ ਬੋਲਦਿਆਂ ਨੇਪਾਲ ਨੂੰ ਧਮਕਾਉਣ 'ਤੇ ਪ੍ਰਧਾਨ ਮੰਤਰੀ ਓਲੀ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੂੰ ਵੀ ਝਾੜ ਪਾਈ। ਅਦਿੱਤਿਆਨਾਥ ਨੇ ਕਿਹਾ ਸੀ ਕਿ ਨੇਪਾਲ ਨੂੰ ਤਿੱਬਤ ਵਾਲੀ ਗਲਤੀ ਨਹੀਂ ਕਰਨੀ ਚਾਹੀਦੀ ਤੇ ਨੇਪਾਲ ਅਤੇ ਭਾਰਤ ਭਾਵੇਂ ਦੋ ਵੱਖਰੀਆਂ ਰਾਜਨੀਤਕ ਧਿਰਾਂ ਹਨ ਪਰ ਇਹਨਾਂ ਦੀ ਰੂਹ ਇਕ ਹੈ। ਉਹਨਾਂ ਦਾ ਇਸ਼ਾਰਾ ਹਿੰਦੂ ਰਾਸ਼ਟਰ ਵੱਲ ਸੀ। ਨੇਪਾਲ ਦੇ ਪ੍ਰਧਾਨ ਮੰਤਰੀ ਨੇ ਅਦਿੱਤਿਆਨਾਥ ਦੀ ਇਸ ਧਾਰਨਾ ਨੂੰ ਨਿੰਦਿਆ ਅਤੇ ਇਸਨੂੰ ਨੇਪਾਲ ਦੀ ਪ੍ਰਭੂਸੱਤਾ 'ਤੇ ਹਮਲਾ ਦੱਸਿਆ। 

ਉਹਨਾਂ ਕਿਹਾ ਕਿ ਆਪਣੀ ਜ਼ਮੀਨ ਵਾਪਸ ਲੈਣ ਲਈ ਨੇਪਾਲ ਦੇ ਸਾਰੇ ਲੋਕ ਅਤੇ ਸਿਆਸੀ ਧਿਰਾਂ ਇਕਮੱਤ ਹਨ। 

ਓਲੀ ਨੇ ਕਿਹਾ ਕਿ ਭਾਰਤ ਇਹਨਾਂ ਇਲਾਕਿਆਂ ਵਿਚ ਸਰਹੱਦ ਦੇ ਨਾਲ-ਨਾਲ ਨਵੇਂ ਡੈਮ ਬਣਾ ਰਿਹਾ ਹੈ ਜਿਸ ਕਰਕੇ ਨੇਪਾਲ ਵਾਲੇ ਪਾਸੇ ਕਾਫੀ ਧਰਤੀ ਪਾਣੀ ਥੱਲੇ ਡੁੱਬ ਸਕਦੀ ਹੈ। ਉਹਨਾਂ ਕਿਹਾ, "ਕਾਨੂੰਨ ਮੁਤਾਬਕ ਭਾਰਤ ਅਜਿਹਾ ਨਹੀਂ ਕਰ ਸਕਦਾ ਅਤੇ ਇਕ ਚੰਗੇ ਗੁਆਂਢੀ ਵਜੋਂ ਉਸਨੂੰ ਅਜਿਹਾ ਨਹੀਂ ਕਰਨਾ ਚਾਹੀਦਾ। ਅਸੀਂ ਭਾਰਤ ਨੂੰ ਇਸ ਸਬੰਧੀ ਕਈ ਵਾਰ ਕਹਿ ਚੁੱਕੇ ਹਨ ਅਤੇ ਅਸੀਂ ਅਜਿਹੀ ਕਿਸੇ ਕਾਰਵਾਈ ਨੂੰ ਸਹਿਣ ਨਹੀਂ ਕਰਾਂਗੇ।"