ਸਾਬਕਾ ਡੀਜੀਪੀ ਰਿਬੈਰੋ ਨੇ ਪਾਲਿਆ ਮਨੁੱਖੀ ਅਧਿਕਾਰਾਂ ਦੇ ਆਗੂ ਬਣਨ ਦਾ ਸ਼ੌਂਕ

ਸਾਬਕਾ ਡੀਜੀਪੀ ਰਿਬੈਰੋ ਨੇ ਪਾਲਿਆ ਮਨੁੱਖੀ ਅਧਿਕਾਰਾਂ ਦੇ ਆਗੂ ਬਣਨ ਦਾ ਸ਼ੌਂਕ

ਪ੍ਰੋ. ਬਲਵਿੰਦਰਪਾਲ ਸਿੰਘ
ਮੋਬ. 9815700916

ਪੰਜਾਬ ਸੰਤਾਪ ਦੇ ਦੌਰ ਵਿਚ ਗੋਲੀ ਬਦਲੇ ਗੋਲੀ ਦੀ ਨੀਤੀ ਘੜਨ ਵਾਲੇ ਤੇ ਝੂਠੇ ਪੁਲੀਸ ਮੁਕਾਬਲਿਆਂ ਦੀ ਪਿਰਤ ਪਾਉਣ ਵਾਲੇ ਪੰਜਾਬ ਪੁਲਸ ਦੇ ਸਾਬਕਾ ਡੀਜੀਪੀ ਜੂਲੀਅਸ ਰਿਬੈਰੋ 91 ਸਾਲ ਤੋਂ ਵੱਧ ਦੀ ਉਮਰ ਦੇ ਹੋ ਚੁੱਕੇ ਹਨ। ਅੱਜ ਕੱਲ੍ਹ ਉਹ ਮਨੁੱਖੀ ਅਧਿਕਾਰਾਂ ਦੇ ‘ਚੈਂਪੀਅਨ’ ਬਣਨ ਦਾ ਸ਼ੌਂਕ ਪਾਲ ਰਹੇ ਹਨ। ਜਿਸ ਪੁਲਸ ਢਾਂਚੇ ਨੂੰ ਉਨ੍ਹਾਂ ਨੇ ਵਿਗਾੜਨ ਵਿਚ ਪੰਜਾਬ ਵਿਚ ਭੂਮਿਕਾ ਨਿਭਾਈ ਸੀ, ਉਸ ਪੁਲਸ ਢਾਂਚੇ ਨੂੰ ਸੇਧ ਦੇਣ ਵਿਚ ਅੱਜਕੱਲ੍ਹ ਆਰਟੀਕਲ ਲਿਖ ਰਹੇ ਹਨ। ਤੁਹਾਨੂੰ ਯਾਦ ਕਰਵਾ ਦੇਈਏ ਕਿ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਰਿਬੇਰੋ ਨੂੰ ਆਪਣੀ ਸਲਾਹਕਾਰ ਕਮੇਟੀ ਵਿੱਚ ਲੈ ਲਿਆ ਸੀ। ਇਹ ਪ੍ਰਸੰਗ ਉਦੋਂ ਦਾ ਹੈ ਜਦੋਂ ਰਾਜੀਵ ਗਾਂਧੀ ਨੇ ਪੰਜਾਬ ਸਮੱਸਿਆ ਨਾਲ ਨਜਿੱਠਣ ਲਈ ਬੁਲਾਈਆਂ ਮੀਟਿੰਗਾਂ ਵਿੱਚ ਸੁਝਾਅ ਮੰਗੇ ਸਨ। 

ਰਿਬੈਰੋ ਦਾ ਅਸਲ ਚਿੱਠਾ
ਰਿਬੈਰੋ ਅਸਲ ਵਿਚ ਕਦੇ ਵੀ ਮਨੁੱਖੀ ਅਧਿਕਾਰਾਂ ਦੇ ਹੱਕ ਵਿਚ ਨਹੀਂ ਰਿਹਾ। ਜੂਲੀਓ ਰਿਬੇਰੋ ਉਸ ਵੇਲੇ ਪੰਜਾਬ ਪੁਲਿਸ ਦੇ ਮੁਖੀ ਬਣ ਕੇ ਆਏ ਸਨ ਜਿਸ ਵੇਲੇ ਪੰਜਾਬ ਨੂੰ ਪੁਲਸ ਸਟੇਟ ਬਣਾਉਣ ਦੇ ਸੰਜੀਦਾ ਯਤਨ ਕੀਤੇ ਜਾ ਰਹੇ ਸਨ। ਰਿਬੇਰੋ ਨੇ ਪੰਜਾਬ ਦੀ ਵਾਗਡੋਰ ਸੰਭਾਲਦਿਆਂ ਹੀ ਪੰਜਾਬ ’ਤੇ ਹਮਲਾ ਵਿੱਢ ਦਿੱਤਾ ਸੀ। ਪੰਜਾਬ ਵਿੱਚ ਅਕਾਲੀ ਦਲ ਦੀ ਸਰਕਾਰ ਹੋਣ ਦੇ ਬਾਵਜੂਦ ਵੀ ਮਿਸਟਰ ਰਿਬੇਰੋ ਦਿੱਲੀ ਦੇ ਹੁਕਮਾਂ ਤੇ ਕਾਰਵਾਈਆਂ ਕਰਦੇ ਸਨ। ਉਨ੍ਹਾਂ ਦੀ ਅਗਵਾਈ ਹੇਠ ਬਹੁਤ ਸਾਰੇ ਸਿੱਖ ਨੌਜਵਾਨ ਕਤਲ ਕੀਤੇ ਗਏ, ਬਜ਼ੁਰਗਾਂ ਦੀ ਇੱਜ਼ਤ ਅਤੇ ਸਿੱਖ ਬੀਬੀਆਂ ਦੀ ਪੱਤ ਥਾਣਿਆਂ ਵਿੱਚ ਰੋਲੀ ਗਈ। ਉਸ ਵੇਲੇ ਦੇ ਪ੍ਰਧਾਨ ਮੰਤਰੀ ਨੇ ਇੱਕ ਘੱਟ-ਗਿਣਤੀ ਨੂੰ ਕੁਚਲਣ ਲਈ ਇੱਕ ਹੋਰ ਘੱਟ-ਗਿਣਤੀ ਦੇ ਮੈਂਬਰ ਨੂੰ ਪੰਜਾਬ ਦੀ ਵਾਗਡੋਰ ਸੰਭਾਲੀ ਸੀ। ਮਿਸਟਰ ਰਿਬੇਰੋ ਦੇ ਆਪਣੇ ਕਥਨ ਅਨੁਸਾਰ ਦੇਸ਼ ਨੂੰ ਉਨ੍ਹਾਂ ਵਰਗਾ ਕੋਈ ਹੋਰ ਅਫਸਰ ਨਹੀ ਸੀ ਲੱਭਾ ਜੋ ਪੰਜਾਬ ਦੀ ਬਗਾਵਤ ਨੂੰ ਨੱਥ ਪਾ ਸਕੇ ਅਤੇ ਹਿੰਦੂਆਂ ਵਿੱਚ ਭਰੋਸਾ ਪੈਦਾ ਕਰ ਸਕੇ।

ਮਿਸਟਰ ਰਿਬੇਰੋ ਦੇ ਕਾਰਜਕਾਲ ਦੌਰਾਨ ਰੋਜਾਨਾਂ ਦੀਆਂ ਅਖਬਾਰਾਂ ਵਿੱਚ ਸਿੱਖ ਨੌਜਵਾਨਾਂ ਦੇ ਕਤਲਾਂ ਦਾ ਹਿਸਾਬ ਲਗਾਇਆ ਜਾ ਸਕਦਾ ਹੈ। ਦੇਸ਼ ਦੇ ਕਨੂੰਨ ਤੋਂ ਬਾਹਰੇ ਜਾ ਕੇ ਇਹ ਕਤਲ ਕਿਉਂ ਕੀਤੇ ਗਏ? 

ਰਿਬੈਰੋ ਦੀ  ਵਾਈਕਿੰਗ ਵਲੋਂ 1998 ਵਿਚ ‘ਬੁਲੇਟ ਫਾਰ ਬੁਲੇਟ’ ਪੁਸਤਕ ਛਾਪੀ ਗਈ, ਇਸ ਦੇ ਪੰਨਾ 303 ਤੋਂ 305 ਵਿਚ ਲਿਖਿਆ ਹੈ ਕਿ ਇਨ੍ਹਾਂ ਮੀਟਿੰਗਾਂ ਵਿੱਚ ਆਈ.ਬੀ. ਦਾ ਡਾਇਰੈਕਟਰ ਐਮ.ਕੇ. ਨਾਰਾਇਣਨ ਬੋਲਣ ਵਕਤ ਲੀਡ ਲਿਆ ਕਰਦਾ ਸੀ। ਮੇਰੇ ਨਾਲੋਂ ਦੋ ਸਾਲ ਜੂਨੀਅਰ ਤਾਮਿਲਨਾਡੂ ਕੇਡਰ ਦਾ ਉਹ ਤਿੱਖੀ ਬੁੱਧੀ ਵਾਲਾ ਪੁਲੀਸ ਅਫ਼ਸਰ ਸੀ। ਉਸ ਦੀਆਂ ਅੱਖਾਂ ਅਤੇ ਕੰਨ ਜ਼ਮੀਨ ਨਾਲ ਜੁੜੇ ਹੋਏ ਸਨ ਤੇ ਉਸ ਨੂੰ ਸਿਆਸੀ ਰਮਜ਼ਾਂ ਦੀ ਸਮਝ ਸੀ। ਉਸ ਦਾ ਆਖਣਾ ਸੀ ਕਿ ਪੰਜਾਬ ਨੂੰ ਰਿਆਇਤਾਂ ਮਿਲਣੀਆਂ ਚਾਹੀਦੀਆਂ ਹਨ ਤੇ ਰਿਆਇਤਾਂ ਦਾ ਅਸਰ ਦੇਖਦੇ ਰਹਿਣਾ ਚਾਹੀਦਾ ਹੈ। ਉਸ ਦਾ ਖਿਆਲ ਸੀ ਕਿ ਜੋਧਪੁਰ ਦੇ ਬੰਦੀ ਸਿੱਖਾਂ ਨੂੰ ਕਿਸ਼ਤਾਂ ਵਿੱਚ ਰਿਹਾਅ ਕਰ ਦੇਣਾ ਚਾਹੀਦਾ ਹੈ। ਇਸ ਮੁੱਦੇ ’ਤੇ ਚਿਦੰਬਰਮ ਵੀ ਉਸ ਨਾਲ ਸਹਿਮਤ ਸੀ। ਮੈਂ ਇਸ ਵਿਉਂਤ ਨਾਲ ਸਹਿਮਤ ਨਹੀਂ ਸਾਂ। ਮੈਂ ਕਿਹਾ ਕਿ 20-30 ਖ਼ਤਰਨਾਕ ਖਾੜਕੂਆਂ ਨੂੰ ਛੱਡ ਕੇ ਸਾਰੇ ਬੰਦੀ ਇਕਦਮ ਰਿਹਾਅ ਕਰ ਦੇਣੇ ਚਾਹੀਦੇ ਹਨ। ਮੇਰੀ ਦਲੀਲ ਸੀ ਕਿ ਇਉਂ ਕਰਨ ਨਾਲ ਸਿੱਖ ਦੇ ਜਜ਼ਬਾਤ ਸ਼ਾਂਤ ਹੋ ਜਾਣਗੇ ਤੇ ਸਾਨੂੰ ਖ਼ੁਦ ਨੂੰ ਵੀ ਧਰਵਾਸ ਮਿਲੇਗਾ ਕਿਉਂਕਿ ਬਹੁਤੇ ਬੰਦੀ ਖਾਲਿਸਤਾਨੀ ਸਨ ਵੀ ਨਹੀਂ। ਖਾੜਕੂਆਂ ਵਿਰੁੱਧ ਲੜੀ ਜਾ ਰਹੀ ਜੰਗ ਵਿੱਚ ਇਸ ਨਾਲ ਸਾਨੂੰ ਫ਼ਾਇਦਾ ਹੋਵੇਗਾ।

ਪ੍ਰਧਾਨ ਮੰਤਰੀ ਦੀ ਪ੍ਰਿੰਸੀਪਲ ਸਕੱਤਰ ਸਰਲਾ ਗਰੇਵਾਲ ਮੇਰੇ ਨਾਲ ਸਹਿਮਤ ਸੀ। ਕਿਸੇ ਕਾਰਨ ਖ਼ੁਦ ਉਹ ਕੁਝ ਕਹਿਣ ਤੋਂ ਝਿਜਕਦੀ ਸੀ। ਪ੍ਰਧਾਨ ਮੰਤਰੀ ਦੇ ਰਤਾ ਕੁ ਪਿੱਛੇ ਬੈਠਿਆਂ ਉਸ ਨੇ ਇਸ਼ਾਰੇ ਨਾਲ ਮੈਨੂੰ ਆਪਣੀ ਗੱਲ ਜਾਰੀ ਰੱਖਣ ਲਈ ਕਿਹਾ। ਰਾਜੀਵ ਗਾਂਧੀ, ਨਾਰਾਇਣਨ ਅਤੇ ਚਿਦੰਬਰਮ ਨਾਲ ਸਹਿਮਤ ਸੀ। ਜੋਧਪੁਰ ਦੇ ਕੈਦੀਆਂ ਨੂੰ ਕਿਸ਼ਤਾਂ ਵਿੱਚ ਰਿਹਾਅ ਕਰਨ ਦਾ ਸਿਲਸਿਲਾ ਸ਼ੁਰੂ ਹੋ ਗਿਆ। ਜਦੋਂ ਆਖਰੀ ਜਥਾ ਵੀ ਰਿਹਾਅ ਕਰ ਦਿੱਤਾ ਗਿਆ, ਸਿੱਖਾਂ ’ਤੇ ਕੋਈ ਚੰਗਾ ਅਸਰ ਨਹੀਂ ਹੋਇਆ।

ਰਿਬੈਰੋ ਪੁਲਸ ਦੁਆਰਾ ਮਾਰੇ ਗਏ ਤੇ ਗਾਇਬ ਕੀਤੇ ਸਿੱਖ ਨੌਜਵਾਨਾਂ ਬਾਰੇ ਘਟਨਾਵਾਂ ਨੂੰ ਝੂਠ ਦੱਸਦਾ ਹੈ। ਆਪਣੀ ਇਸੇ ਪੁਸਤਕ ਪੰਨਾ 307 ਉਪਰ ਆਖਦਾ ਹੈ ਕਿ ਮਹਾਰਾਜਾ ਪਟਿਆਲਾ ਅਮਰਿੰਦਰ ਸਿੰਘ ਨੇ ਬਰਨਾਲਾ ਸਰਕਾਰ ਦੇ ਮੰਤਰੀ ਵਜੋਂ ਅਸਤੀਫ਼ਾ ਦੇ ਦਿੱਤਾ। ਉਹ ਮੁੱਖ ਮੰਤਰੀ ਪੰਜਾਬ ਬਣਨ ਦਾ ਇਛੁੱਕ ਸੀ। ਉਸ ਨੇ ਅਖ਼ਬਾਰਾਂ ਨੂੰ ਬਿਆਨ ਦੇ ਦਿੱਤਾ ਕਿ ਸਰਹੱਦੀ ਜ਼ਿਲਿਆਂ ਦੇ ਦੋ ਹਜ਼ਾਰ ਸਿੱਖ ਜਵਾਨ ਗਾਇਬ ਹਨ। ਲੁਕਵਾਂ ਇਸ਼ਾਰਾ ਪੁਲੀਸ ਦਾ ਦੋਸ਼ੀ ਹੋਣਾ ਸੀ। ਬਿਆਨ ਕਿਸੇ ਆਮ ਆਦਮੀ ਦਾ ਨਹੀਂ, ਮਹਾਰਾਜਾ ਪਟਿਆਲਾ ਦਾ ਸੀ ਜਿਸ ਸਦਕਾ ਇਸ ਬਿਆਨ ਨਾਲ ਕਿਸਾਨ ਪ੍ਰਭਾਵਿਤ ਹੋ ਸਕਦੇ ਸਨ। ਮੈਨੂੰ ਪਤਾ ਸੀ, ਬਿਆਨ ਝੂਠਾ ਹੈ ਪਰ ਸਿੱਖਾਂ ਉਪਰ ਇਹ ਬੁਰਾ ਅਸਰ ਕਰੇਗਾ, ਸੋ ਮੈਂ ਪੜਤਾਲ ਕੀਤੀ। ਮੈਂ ਸਰਹੱਦੀ ਖੇਤਰਾਂ ਦਾ ਦੌਰਾ ਕਰਕੇ ਪੁੱਛਦਾ ਫਿਰਿਆ ਕਿ ਤੁਹਾਡੇ ਬੱਚੇ ਗੁੰਮ ਹਨ? ਇੱਕ ਵੀ ਗੁੰਮਸ਼ੁਦਾ ਕੇਸ ਨਹੀਂ ਮਿਲਿਆ। ਮੈਂ ਪ੍ਰੈਸ ਵਿੱਚ ਮਹਾਰਾਜੇ ਦੇ ਬਿਆਨ ਨੂੰ ਚਣੌਤੀ ਦਿੰਦਿਆਂ ਮੰਗ ਕੀਤੀ ਕਿ ਮਹਾਰਾਜਾ ਆਪਣੇ ਬਿਆਨ ਵਿਚਲੀ ਸੱਚਾਈ ਸਾਬਤ ਕਰੇ। ਮੇਰੇ ਬਿਆਨ ਨੇ ਮਹਾਰਾਜੇ ਨੂੰ ਨਰਾਜ਼ ਕਰ ਦਿੱਤਾ। ਉਸ ਨੇ ਗਵਰਨਰ ਨੂੰ ਲੰਮਾ ਚੌੜਾ ਖ਼ਤ ਲਿਖਦਿਆਂ ਕਿਹਾ ਕਿ ਰਿਬੇਰੋ ਨੇ ਮੇਰੀ ਸ਼ਿਕਾਇਤ ਦੀ ਇਤਰਾਜ਼ਯੋਗ ਢੰਗ ਨਾਲ ਆਲੋਚਨਾ ਕੀਤੀ ਹੈ। ਉਹ ਅੜਿਆ ਰਿਹਾ ਕਿ ਮੁੰਡੇ ਪੁਲੀਸ ਦੇ ਡਰ ਕਰਕੇ ਭੱਜ ਗਏ ਹਨ। ਇਹ ਵੀ ਲਿਖਿਆ ਕਿ ਰਿਬੇਰੋ ਗ਼ੈਰ-ਪੰਜਾਬੀ ਹੈ, ਮੈਂ ਪੰਜਾਬ ਦਾ ਜੰਮਪਲ ਹੋਣ ਕਾਰਨ ਸਿੱਖਾਂ ਨੂੰ ਵਧੀਕ ਸਮਝ ਸਕਦਾ ਹਾਂ। ਮੈਂ ਮਹਾਰਾਜੇ ਦਾ ਆਦਰ ਕਰਦਾ ਸਾਂ ਪਰ ਉਸ ਦਾ ਇੱਕ ਨੁਕਾਤੀ ਪ੍ਰੋਗਰਾਮ ਪੰਜਾਬ ਦਾ ਮੁੱਖ ਮੰਤਰੀ ਬਣਨਾ ਸੀ। 

ਰਿਬੈਰੋ ਵਲੋਂ ਪੁਲੀਸ ਮੁਕਾਬਲਿਆਂ ਦੀ ਆਲੋਚਨਾ
ਹੁਣੇ ਜਿਹੇ ਹੀ ਤਾਮਿਲਨਾਡੂ ਵਿਚ ਪਿਤਾ-ਪੁੱਤਰ ਦੇ ਪੁਲਸ ਹਿਰਾਸਤ ਵਿਚ ਵਹਿਸ਼ੀਆਨਾ ਕਤਲ ਤੇ ਯੂ ਪੀ ਦੇ ਗੈਂਗਸਟਰ ਵਿਕਾਸ ਦੂਬੇ ਦੇ ਪੁਲਸ ਮੁਕਾਬਲੇ ਵਿਚ ਮਾਰੇ ਜਾਣ ਦੀ ਘਟਨਾ ਤੋਂ ਬਾਅਦ ਰਿਬੈਰੋ ਨੇ ਅਖਬਾਰ ਵਿਚ ਲਿਖਣ ਦੇ ਨਾਲ-ਨਾਲ ਪੁਲਸ ਅਫਸਰਾਂ ਦੇ ਨਾਂ ਇਕ ਖੁੱਲ੍ਹਾ ਪੱਤਰ ਵੀ ਲਿਖਿਆ ਹੈ। 

ਰਿਬੈਰੋ ਦੀ ਸਾਫ ਹਦਾਇਤ ਹੈ ਕਿ ਜੇਕਰ ਪੁਲਸ ਅਫ਼ਸਰ ਉਨ੍ਹਾਂ ਦੀਆਂ ਹਦਾਇਤਾਂ ’ਤੇ  ਅਮਲ ਕਰ ਲੈਣ ਤਾਂ ਪੁਲਸ ਢਾਂਚੇ ਵਿਚ ਕਾਫੀ ਸੁਧਾਰ ਹੋ ਸਕਦਾ ਹੈ। ਰਿਬੈਰੋ ਨੇ ਪੁਲਸ ਅਫਸਰਾਂ ਨੂੰ ਕਿਹਾ ਹੈ ਕਿ ਜ਼ਮਾਨਾ ਬਦਲ ਗਿਆ ਹੈ, ਅੱਜਕੱਲ੍ਹ ਦੇ ਸਿਆਸਤਦਾਨ ਅਜ਼ਾਦੀ ਘੁਲਾਟੀਆਂ ਨਾਲੋਂ ਵੱਖਰੀ ਨਸਲ ਦੇ ਹਨ, ਜਿਹੜੇ ਲੋਕਾਂ ਦੇ ਭਲੇ ਵਿਚ ਸੋਚਦੇ ਸਨ, ਪਰ ਜਦੋਂ ਤੁਸੀਂ ਸੋਚਦੇ, ਫੈਸਲਾ ਕਰਦੇ ਤੇ ਅੰਤ ਨੂੰ ਐਕਸ਼ਨ ਕਰਦੇ ਹੋ, ਉਸ ਵੇਲੇ ਇਮਾਨਦਾਰੀ, ਸੱਚਾਈ ਅਤੇ ਕਨੂੰਨ ਤੇ ਸੰਵਿਧਾਨ ਪ੍ਰਤੀ ਵਚਨਬੱਧਤਾ ਤੁਹਾਡੇ ਦਿਮਾਗ ਵਿਚ ਪਹਿਲੀ ਥਾਂ ’ਤੇ ਹੋਣੀ ਚਾਹੀਦੀ ਹੈ। ਆਮ ਵੇਲਿਆਂ ਵਿਚ ਅਪਰਾਧ ਤੇ ਅਪਰਾਧੀਆਂ ਨਾਲ ਦਹਿਸ਼ਤਗਰਦੀ ਨਾਲ ਨਜਿੱਠਣ ਵਰਗੇ ਢੰਗਾਂ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ। ਗੈਂਗਸਟਰ ਤੇ ਵੱਡੇ ਅਪਰਾਧੀ ਗਰੋਹ ਪੁਲਸ ਅਫਸਰਾਂ ਤੇ ਆਪਣੇ ਸਿਆਸੀ ਅਕਾਵਾਂ ਨੂੰ ਧਨ ਦੇ ਕੇ ਵਿਚਰਦੇ ਹਨ। ਇਹ ਅਪਰਾਧੀਆਂ, ਪੁਲਸ ਤੇ ਸਿਆਸਤਦਾਨ ਦਾ ਗਠਜੋੜ ਹੈ, ਜਿਹੜਾ ਰਾਖਸ਼ ਪੈਦਾ ਕਰਦਾ ਹੈ। ਇਸ ਦਾ ਤੁਹਾਨੂੰ ਵੀ ਪਤਾ ਹੈ ਤੇ ਆਮ ਸਿਪਾਹੀ ਨੂੰ ਵੀ। ਤੁਸੀਂ ਸਿਆਸਤਦਾਨ ਨੂੰ ਪ੍ਰਭਾਵਤ ਨਹੀਂ ਕਰ ਸਕਦੇ, ਪਰ ਆਪਣੇ ਬੰਦਿਆਂ ਨੂੰ ਮਜਬੂਰ ਕਰ ਸਕਦੇ ਹੋ ਕਿ ਉਹ ਅਪਰਾਧੀਆਂ ਦੀ ਹਮਾਇਤ ਨਾ ਕਰਨ। ਇਸ ਤਰ੍ਹਾਂ ਤੁਸੀਂ ਸਿਆਸਤਦਾਨ-ਪੁਲਸ-ਅਪਰਾਧੀ ਗਠਜੋੜ ਦੇ ਇਕ ਪਾਵੇ ਨੂੰ ਹਿਲਾ ਸਕਦੇ ਹੋ। ਸਿਆਸਤਦਾਨ ਤੁਹਾਨੂੰ ਅਪਰਾਧੀਆਂ ਨੂੰ ਖੁੱਲ੍ਹ ਖੇਡਣ ਦੀ ਛੋਟ ਦੇਣ ਲਈ ਨਹੀਂ ਕਹਿਣਗੇ। 

ਉਹ ਤੁਹਾਨੂੰ ਤੁਹਾਡੀ ਪੁਜ਼ੀਸ਼ਨ ਤੋਂ ਲਾਂਭੇ ਕਰਨ ਨੂੰ ਤਰਜੀਹ ਦੇਣਗੇ, ਪਰ ਇਹ ਤੁਹਾਡੇ ਲਈ ਸਭ ਤੋਂ ਚੰਗਾ ਬਦਲ ਹੋਵੇਗਾ, ਵਿਕਾਸ ਦੂਬੇ ਵਰਗੇ ਪੈਦਾ ਕਰਨ ਵਿਚ ਸਹਾਇਕ ਬਣਨ ਦੀ ਥਾਂ। ਵਿਕਾਸ ਦੂਬੇ ਨੂੰ ਖਤਮ ਕਰਕੇ ਜੁਡੀਸ਼ਰੀ ਦੇ ਰੋਲ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਪੜਤਾਲਕਾਰਾਂ ਨੂੰ ਮੁਕੱਦਮਾ ਚਲਾਉਣ ਵਾਲਿਆਂ ਤੇ ਫੈਸਲਾ ਦੇਣ ਵਾਲਿਆਂ ਦੀਆਂ ਸ਼ਕਤੀਆਂ ਨਾਲ ਲੈਸ ਨਹੀਂ ਕੀਤਾ ਜਾਣਾ ਚਾਹੀਦਾ, ਜਿਵੇਂ ਕਿ ਦੇਸ਼ ਵਿਚ ਹੁਣ ਹੋ ਰਿਹਾ ਹੈ।

ਕੀ ਤੁਸੀਂ ਇਸ ਨੂੰ ਵਾਜਬ ਤੇ ਸਭਿਅਕ ਸਮਝਦੇ ਹੋ? ਕੀ ਤੁਸੀਂ ਭਾਰਤ ਵਿਚ ਪੁਲਸ ਰਾਜ ਦੀ ਲੋੜ ਮਹਿਸੂਸ ਕਰਦੇ ਹੋ? ਇਸ ਲਈ ਤੁਹਾਨੂੰ ਝੂਠੇ ਮੁਕਾਬਲੇ ਤੇ ਪੜਤਾਲ ਦੇ ਵਹਿਸ਼ੀ ਤਰੀਕੇ ਛੱਡਣੇ ਚਾਹੀਦੇ ਹਨ। ਅਹੁਦਿਆਂ ਲਈ ਸਿਆਸਤਦਾਨਾਂ ਮਗਰ ਭੱਜਣਾ ਛੱਡੋ। ਇਸ ਨਾਲ ਤੁਸੀਂ ਆਪਣੀ ਅਜ਼ਾਦੀ ਸਿਆਸੀ ਬੌਸਾਂ ਨੂੰ ਵੇਚ ਦਿੰਦੇ ਹੋ, ਜਿਹੜੇ ਤੁਹਾਥੋਂ ਅਜਿਹੇ ਕੰਮ ਲੈਂਦੇ ਹਨ, ਜਿਸ ਨਾਲ ਤੁਸੀਂ ਆਪਣੇ ਮਾਤਹਿਤਾਂ ’ਤੇ ਕਮਾਂਡ ਕਰਨ ਵਾਲੀ ਅਥਾਰਿਟੀ ਨੂੰ ਕਮਜ਼ੋਰ ਕਰ ਬੈਠਦੇ ਹੋ।

ਮਿਸਟਰ ਰਿਬੇਰੋ ਨੂੰ ਜਿਹੜੀ ਗੱਲ ਏਨੀ ਦੇਰ ਬਾਅਦ ਸਮਝ ਆਈ ਹੈ ਸਿੱਖ ਉਸਨੂੰ 1947 ਤੋਂ ਹੁਣ ਤੱਕ ਹੰਢਾ ਰਹੇ ਹਨ। ਮਿਸਟਰ ਰਿਬੇਰੋ ਵਰਗਾ ਵਿਅਕਤੀ ਜੋ ਹੁਣ ਪੁਲਸ ਪ੍ਰਬੰਧਾਂ ਦੇ ਵਿਗਾੜ ਬਾਰੇ ਉਂਗਲ ਚੁੱਕ ਰਿਹਾ ਹੈ, ਉਸ ਨੂੰ ਸਿੱਖ ਬਹੁਤ ਦੇਰ ਤੋਂ ਚੁੱਕ ਰਹੇ ਹਨ। ਸੁਆਲ ਤਾਂ ਏਨਾ ਹੈ ਕਿ ਰਿਬੈਰੋ ਨੇ ਜੋ ਪੰਜਾਬ ਵਿਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ, ਉਸ ਬਾਰੇ ਕੀ ਉਹ ਪਸ਼ਚਾਤਾਪ ਕਰਨਗੇ ਤੇ ਪੰਜਾਬੀਆਂ ਕੋਲੋਂ ਮਾਫੀ ਮੰਗਣਗੇ?