ਭਾਈ ਪਰਮਜੀਤ ਸਿੰਘ ਪੰਜਵੜ ਉਤੇ ਹੋਏ ਹਮਲੇ ਦੀ ਜਾਂਚ ਪਾਕਿਸਤਾਨ ਹਕੂਮਤ ਸੀ.ਆਈ.ਏ ਜਾਂ ਐਮ.ਆਈ-6 ਤੋਂ ਕਰਵਾਏ : ਮਾਨ

ਭਾਈ ਪਰਮਜੀਤ ਸਿੰਘ ਪੰਜਵੜ ਉਤੇ ਹੋਏ ਹਮਲੇ ਦੀ ਜਾਂਚ ਪਾਕਿਸਤਾਨ ਹਕੂਮਤ ਸੀ.ਆਈ.ਏ ਜਾਂ ਐਮ.ਆਈ-6 ਤੋਂ ਕਰਵਾਏ : ਮਾਨ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ, 09 ਮਈ (ਮਨਪ੍ਰੀਤ ਸਿੰਘ ਖਾਲਸਾ):- “ਭਾਈ ਪਰਮਜੀਤ ਸਿੰਘ ਪੰਜਵੜ ਸਿੱਖ ਕੌਮ ਦੇ ਉਹ ਜੁਝਾਰੂ ਅਤੇ ਆਜਾਦੀ ਦੇ ਮਿਸਨ ਦੀ ਪ੍ਰਾਪਤੀ ਲਈ ਸੰਘਰਸ਼ ਕਰਨ ਵਾਲੇ ਨੌਜਵਾਨ ਸਨ । ਜਿਨ੍ਹਾਂ ਨੇ ਲੰਮਾਂ ਸਮਾਂ ਕੌਮ ਦੇ ਇਸ ਗੰਭੀਰ ਵਿਸੇ ਤੇ ਨਿਰਸਵਾਰਥ, ਅਣਥੱਕ ਸੇਵਾਵਾਂ ਕੀਤੀਆ ਅਤੇ ਕੌਮ ਦੀ ਚੜ੍ਹਦੀ ਕਲਾਂ ਕਰਨ ਲਈ ਆਖਰੀ ਸਵਾਸਾਂ ਤੱਕ ਸਰਗਰਮ ਰਹੇ । ਪਰ ਦੁੱਖ ਅਤੇ ਅਫਸੋਸ ਹੈ ਕਿ ਬੀਤੇ ਕੁਝ ਦਿਨ ਪਹਿਲੇ ਇਸਲਾਮਿਕ ਪਾਕਿਸਤਾਨ ਮੁਲਕ ਵਿਚ 2 ਮੋਟਰਸਾਈਕਲ ਸਵਾਰਾਂ ਨੇ ਉਨ੍ਹਾਂ ਉਤੇ ਹਮਲਾ ਕਰਕੇ ਉਨ੍ਹਾਂ ਦੀ ਜਾਨ ਲੈ ਲਈ । ਜਦੋਕਿ ਉਹ ਇੰਡੀਅਨ ਹੁਕਮਰਾਨਾਂ ਦੇ ਵੱਲੋ ਸਿੱਖ ਕੌਮ ਉਤੇ ਕੀਤੇ ਜਾਣ ਵਾਲੇ ਕਤਲੇਆਮ, ਬਦਲੇ ਦੀ ਭਾਵਨਾ ਨਾਲ ਜ਼ਬਰ ਅਤੇ ਸਾਡੀ ਨਸ਼ਲੀ ਸਫਾਈ ਦੇ ਹੁੰਦੇ ਆ ਰਹੇ ਜ਼ਬਰ ਦੀ ਬਦੌਲਤ ਪਾਕਿਸਤਾਨ ਮੁਲਕ ਵਿਚ ਉਹ ਬਤੌਰ ਰਫਿਊਜੀ ਦੇ ਰਹਿ ਰਹੇ ਸਨ । ਭਾਈ ਪਰਮਜੀਤ ਸਿੰਘ ਪੰਜਵੜ ਨਾਲ ਪਾਕਿਸਤਾਨ ਵਿਚ ਹੋਈ ਇਸ ਦੁਰਘਟਨਾ ਦੀ ਜੇਕਰ ਪਾਕਿਸਤਾਨ ਦੀ ਜਨਾਬ ਸ਼ਾਹਬਾਜ ਸਰੀਫ਼ ਹਕੂਮਤ ਆਪਣੀ ਜਿੰਮੇਵਾਰੀ ਸਮਝਦੀ ਹੋਈ ਨਿਰਪੱਖਤਾ ਨਾਲ ਇਸਦੀ ਜਾਂਚ ਅਮਰੀਕਾ ਦੀ ਖੂਫੀਆ ਏਜੰਸੀ ਸੀ.ਆਈ.ਏ. ਜਾਂ ਬਰਤਾਨੀਆ ਦੀ ਖੂਫੀਆ ਏਜੰਸੀ ਐਮ.ਆਈ-6 ਤੋਂ ਕਰਵਾਉਣ ਲਈ ਲਿਖਤੀ ਰੂਪ ਵਿਚ ਸਿਫਾਰਿਸ ਕਰ ਦੇਵੇ ਤਾਂ ਇਸ ਹੋਏ ਦੁਖਾਂਤ ਦਾ ਸੱਚ ਖੁਦ-ਬ-ਖੁਦ ਸਾਹਮਣੇ ਆ ਜਾਵੇਗਾ ਕਿ ਇਹ ਕਾਰਵਾਈ ਇੰਡੀਅਨ ਏਜੰਸੀਆ ਦੀ ਹੈ ਜਾਂ ਪਾਕਿਸਤਾਨ ਵਿਚ ਕਿਸੇ ਧਿਰ ਦੀ ਹੈ ।”

 ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਭਾਈ ਪਰਮਜੀਤ ਸਿੰਘ ਪੰਜਵੜ ਵਰਗੇ ਕੌਮੀ ਯੋਧੇ ਦੇ ਹੋਏ ਅਕਾਲ ਚਲਾਣੇ ਅਤੇ ਇਸਲਾਮਿਕ ਪਾਕਿਸਤਾਨ ਮੁਲਕ ਵਿਚ ਉਨ੍ਹਾਂ ਉਤੇ ਹੋਏ ਹਮਲੇ ਦੇ ਸੱਚ ਨੂੰ ਸਾਹਮਣੇ ਲਿਆਉਣ ਹਿੱਤ ਜਨਾਬ ਸ਼ਾਹਬਾਜ ਸਰੀਫ ਹਕੂਮਤ ਨੂੰ ਇਸਦੀ ਜਾਂਚ ਕੌਮਾਂਤਰੀ ਪੱਧਰ ਦੀਆਂ ਦੇਜੰਸੀਆ ਸੀ.ਆਈ.ਏ ਜਾਂ ਐਮ.ਆਈ-6 ਤੋਂ ਕਰਵਾਉਣ ਦੀ ਮੰਗ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਸ ਵਾਪਰੀ ਘਟਨਾ ਉਤੇ ਸਮੁੱਚੀ ਸਿੱਖ ਕੌਮ ਦੇ ਮਨਾਂ ਤੇ ਆਤਮਾਵਾ ਨੂੰ ਡੂੰਘੀ ਪੀੜ੍ਹਾ ਪਹੁੰਚੀ ਹੈ ਕਿ ਮੋਢੀ ਸਿੱਖਾਂ ਜਾਂ ਸਿੱਖ ਕੌਮ ਦੇ ਆਜਾਦੀ ਲਈ ਸੁਹਿਰਦਤਾ ਨਾਲ ਉਦਮ ਕਰਨ ਵਾਲੀਆ ਸਖਸ਼ੀਅਤਾਂ ਦੇ ਕਤਲ ਇਸ ਤਰ੍ਹਾਂ ਸਾਜਸੀ ਢੰਗਾਂ ਨਾਲ ਕਰ ਦਿੱਤੇ ਜਾਂਦੇ ਹਨ ਜੋ ਮਨੁੱਖੀ ਤੇ ਇਨਸਾਨੀ ਕਦਰਾਂ ਕੀਮਤਾਂ ਦਾ ਘਾਣ ਕਰਨ ਵਾਲੀਆ ਕਾਰਵਾਈਆ ਹਨ । ਜਿਸਦਾ ਸੱਚ ਹਰ ਕੀਮਤ ਤੇ ਸਾਹਮਣੇ ਆਉਣਾ ਚਾਹੀਦਾ ਹੈ । ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਪਾਕਿਸਤਾਨ ਦੀ ਸ੍ਰੀ ਸ਼ਾਹਬਾਜ ਸਰੀਫ ਹਕੂਮਤ ਸਿੱਖ ਕੌਮ ਦੇ ਬਿਨ੍ਹਾਂ ਤੇ ਸਾਡੇ ਵੱਲੋ ਇਸ ਦੁਖਾਂਤ ਦੀ ਨਿਰਪੱਖਤਾ ਨਾਲ ਜਾਂਚ ਕਰਵਾਉਣ ਦੀ ਕੀਤੀ ਗਈ ਮੰਗ ਨੂੰ ਪ੍ਰਵਾਨ ਕਰਕੇ ਦੁਨੀਆ ਸਾਹਮਣੇ ਸੱਚ ਲਿਆਉਣ ਵਿਚ ਮੁੱਖ ਭੂਮਿਕਾ ਨਿਭਾਉਣਗੇ ।