ਪੁਲਿਸ ਹਿਰਾਸਤ ਵਿਚ ਰੱਖੇ ਦਰਜਨਾਂ ਕਿਸਾਨਾਂ ਬਾਰੇ ਨਹੀਂ ਦੱਸ ਰਹੀ ਦਿੱਲੀ ਪੁਲਸ

ਪੁਲਿਸ ਹਿਰਾਸਤ ਵਿਚ ਰੱਖੇ ਦਰਜਨਾਂ ਕਿਸਾਨਾਂ ਬਾਰੇ ਨਹੀਂ ਦੱਸ ਰਹੀ ਦਿੱਲੀ ਪੁਲਸ

ਅੰਮ੍ਰਿਤਸਰ ਟਾਈਮਜ਼ ਬਿਊਰੋ

26 ਜਨਵਰੀ ਨੂੰ ਕਿਸਾਨ ਪਰੇਡ ਮੌਕੇ ਦਿੱਲੀ ਪੁਲਸ ਨੇ ਦਰਜਨਾਂ ਕਿਸਾਨਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਅਤੇ ਹੁਣ ਤਕ ਉਹਨਾਂ ਕਿਸਾਨਾਂ ਦੀ ਕੋਈ ਵੀ ਜਾਣਕਾਰੀ ਨਹੀਂ ਸਾਂਝੀ ਕੀਤੀ ਗਈ ਹੈ। ਪੰਜਾਬ ਦੇ ਪਿੰਡਾਂ ਵਿਚੋਂ ਹੁਣ ਲਾਪਤਾ ਹੋਏ ਕਿਸਾਨਾਂ ਦੀਆਂ ਖਬਰਾਂ ਸਾਹਮਣੇ ਆਉਣੀਆਂ ਸ਼ੁਰੂ ਹੋਈਆਂ ਹਨ। ਮੋਗਾ ਨੇੜਲੇ ਪਿੰਡ ਤਤਾਰੀਏਵਾਲਾ ਦੇ 12 ਨੌਜਵਾਨਾਂ ਬਾਰੇ ਦਿੱਲੀ ਪੁਲੀਸ ਵੱਲੋਂ ਕੁਝ ਵੀ ਦੱਸਣ ਤੋਂ ਪੱਲਾ ਝਾੜ ਦੇਣ ਨਾਲ ਪਰਿਵਾਰਕ ਮੈਂਬਰ ਚਿੰਤਾ ਵਿੱਚ ਡੁੱਬ ਗਏ ਹਨ ਅਤੇ ਪਿੰਡ ਵਿੱਚ ਸਹਿਮ ਦਾ ਮਾਹੌਲ ਹੈ। ਇੱਥੇ ਅਕਾਲੀ ਆਗੂ ਮੁਖਤਿਆਰ ਸਿੰਘ, ਮਾਸਟਰ ਅਮਰਜੀਤ ਸਿੰਘ, ਗੁਰਨਾਹਰ ਸਿੰਘ ਤੇ ਹੋਰ ਪਿੰਡ ਵਾਸੀਆਂ ਨੇ ਦੱਸਿਆ ਕਿ 23 ਜਨਵਰੀ ਪਿੰਡ ਦੇ ਨੌਜਵਾਨ ਅੰਮ੍ਰਿਤਪਾਲ ਸਿੰਘ, ਗੁਰਪ੍ਰੀਤ ਸਿੰਘ, ਦਲਜਿੰਦਰ ਸਿੰਘ, ਜਗਦੀਪ ਸਿੰਘ, ਜਗਦੀਸ਼ ਸਿੰਘ, ਨਵਦੀਪ ਸਿੰਘ, ਬਲਵੀਰ ਸਿੰਘ, ਭਾਗ ਸਿੰਘ, ਹਰਜਿੰਦਰ ਸਿੰਘ, ਰਣਜੀਤ ਸਿੰਘ, ਰਮਨਦੀਪ ਸਿੰਘ ਅਤੇ ਜਸਵੰਤ ਸਿੰਘ ਆਦਿ ਟਰੈਕਟਰ ਲੈ ਕੇ ਕਿਸਾਨ ਪਰੇਡ ਵਿੱਚ ਸ਼ਾਮਲ ਹੋਣ ਲਈ ਦਿੱਲੀ ਰਵਾਨਾ ਹੋਏ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਨੌਜਵਾਨਾਂ ਦਾ ਕਿਸੇ ਦੇਸ਼ ਵਿਰੋਧੀ ਪਾਰਟੀ ਜਾਂ ਕਿਸੇ ਹੋਰ ਜਥੇਬੰਦੀ ਨਾਲ ਕੋਈ ਸਬੰਧ ਨਹੀਂ ਹੈ। ਇਹ ਨੌਜਵਾਨ ਕਿਸਾਨ ਜਥੇਬੰਦੀਆਂ ਦੇ ਸੱਦੇ ਅਨੁਸਾਰ ਹੀ ਦਿੱਲੀ ਗਏ ਸਨ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਦਖ਼ਲ ਦੀ ਮੰਗ ਕੀਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ 26 ਜਨਵਰੀ ਨੂੰ ਹਿੰਸਾ ਦੀਆਂ ਘਟਨਾਵਾਂ ਬਾਅਦ ਨੌਜਵਾਨਾਂ ਨੇ ਫੋਨ ’ਤੇ ਆਪਣੇ ਪਰਿਵਾਰਾਂ ਨੂੰ ਦੱਸ ਦਿਤਾ ਸੀ ਕਿ ਉਨ੍ਹਾਂ ਨੂੰ ਟਰੈਕਟਰਾਂ ਸਮੇਤ ਦਿੱਲੀ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਉਨ੍ਹਾਂ ਕਿਸਾਨ ਜਥੇਬੰਦੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਨੌਜਵਾਨਾਂ ਦੀ ਭਾਲ ਕਰ ਕੇ ਪਰਿਵਾਰ ਨੂੰ ਸੂਚਿਤ ਕਰਕੇ ਉਨ੍ਹਾਂ ਦੀ ਰਿਹਾਈ ਕਰਵਾਉਣ।

ਇਸੇ ਤਰ੍ਹਾਂ ਤਲਵੰਡੀ ਸਾਬੋ ਨੇੜਲੇ ਪਿੰਡ ਬੰਗੀ ਨਿਹਾਲ ਸਿੰਘ ਦੇ ਸੱਤ ਨੌਜਵਾਨ ਵੀ ਦਿੱਲੀ ਪੁਲਸ ਦੀ ਹਿਰਾਸਤ ਵਿਚ ਦੱਸੇ ਜਾ ਰਹੇ ਹਨ ਜਿਹਨਾਂ 'ਤੇ ਕੇਸ ਦਰਜ ਕੀਤੇ ਗਏ ਹਨ। ਪਿੰਡ ਵਾਸੀਆਂ ਨੇ ਨੌਜਵਾਨ ਕਿਸਾਨਾਂ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 26 ਜਨਵਰੀ ਦੀ ਸ਼ਾਮ ਨੂੰ ਦਿੱਲੀ ਦੇ ਥਾਣਾ ਪੱਛਮੀ ਵਿਹਾਰ (ਵੈਸਟ) ਦੀ ਪੁਲੀਸ ਵੱਲੋਂ ਹਿਰਾਸਤ ਵਿੱਚ ਲਏ ਗਏ ਕਿਸਾਨਾਂ ਵਿੱਚ ਬੰਗੀ ਨਿਹਾਲ ਸਿੰਘ ਦੇ ਸੱਤ ਨੌਜਵਾਨ ਕਿਸਾਨ ਮੱਖਣ ਸਿੰਘ ਸਿੱਧੂ, ਜਗਸੀਰ ਸਿੰਘ, ਵੀਰਇੰਦਰ ਸਿੰਘ ਮਾਨ, ਲਖਵੀਰ ਸਿੰਘ ਸਿੱਧੂ, ਗੁਰਵਿੰਦਰ ਸਿੰਘ ਬੁੱਟਰ, ਸੰਦੀਪ ਸਿੰਘ ਅਤੇ ਸਿਮਰਜੀਤ ਸਿੰਘ ਦੇ ਨਾਮ ਸ਼ਾਮਲ ਹਨ। ਪਿੰਡ ਬੰਗੀ ਨਿਹਾਲ ਸਿੰਘ ਦੇ ਨੌਜਵਾਨ ਕਿਸਾਨ ਗੁਰਵਿੰਦਰ ਸਿੰਘ ਦੇ ਪਿਤਾ ਬੂਟਾ ਸਿੰਘ (ਮੌਜੂਦਾ ਪੰਚ) ਨੇ ਦੱਸਿਆ ਕਿ 26 ਜਨਵਰੀ ਵਾਲੀਆਂ ਘਟਨਾਵਾਂ ਵਿੱਚ ਉਨ੍ਹਾਂ ਦੇ ਬੱਚਿਆਂ ਦਾ ਕੋਈ ਹੱਥ ਨਹੀਂ ਅਤੇ ਪੁਲੀਸ ਨੇ ਉਨ੍ਹਾਂ ਨੂੰ ਟਿਕਰੀ ਬਾਰਡਰ ਤੋਂ ਕੁਝ ਦੂਰੀ ਤੋਂ ਹੀ ਗ੍ਰਿਫ਼ਤਾਰ ਕਰਕੇ ਝੂਠੇ ਮਾਮਲੇ ਦਰਜ ਕੀਤੇ ਹਨ। ਜਗਸੀਰ ਸਿੰਘ ਦੀ ਪਤਨੀ ਕੁਲਵਿੰਦਰ ਕੌਰ ਨੇ ਕਿਹਾ ਕਿ ਝੂਠੇ ਮਾਮਲੇ ਦਰਜ ਹੋਣ ਦਾ ਦੁੱਖ ਜ਼ਰੂਰ ਹੈ, ਪਰ ਉਸ ਨੂੰ ਮਾਣ ਹੈ ਕਿ ਉਸ ਦਾ ਪਤੀ ਕਿਸਾਨ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾ ਰਿਹਾ ਹੈ। ਪਿੰਡ ਦੇ ਸਮਾਜ ਸੇਵੀ ਗੁਰਮੀਤ ਸਿੰਘ ਬੁੱਟਰ ਅਤੇ ਹੋਰਨਾਂ ਨੇ ਮੰਗ ਕੀਤੀ ਕਿ ਤਿੰਨੋਂ ਖੇਤੀ ਕਾਨੂੰਨ ਵਾਪਸ ਲਏ ਜਾਣ। ਦੂਜੇ ਪਾਸੇ ਪਤਾ ਲੱਗਾ ਹੈ ਕਿ ਅੱਜ ਪਿੰਡ ਦੇ ਮੋਹਤਬਰਾਂ ਦਾ ਜਥਾ ਨੌਜਵਾਨਾਂ ਦੀ ਸਾਰ ਲੈਣ ਲਈ ਦਿੱਲੀ ਰਵਾਨਾ ਹੋ ਗਿਆ ਹੈ।

ਗ੍ਰਿਫਤਾਰ ਕੀਤੇ ਇਹਨਾਂ ਕਿਸਾਨਾਂ ਦੀ ਪੈਰਵਾਈ ਲਈ ਕਈ ਮਨੁੱਖੀ ਅਧਿਕਾਰ ਸੰਸਥਾਵਾਂ ਅੱਗੇ ਆਈਆਂ ਹਨ ਅਤੇ ਉਹਨਾਂ ਪੈਰਵਾਈ ਦਾ ਭਰੋਸਾ ਦਿੱਤਾ ਹੈ। ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਅਤੇ ਪੰਜਾਬ ਹਿਊਮਨ ਰਾਈਟਸ ਆਰਗੇਨਾਈਜ਼ੇਸ਼ਨ ਨੇ ਗ੍ਰਿਫਤਾਰ ਕਿਸਾਨਾਂ ਦੀ ਕਾਨੂੰਨੀ ਪੈਰਵਾਈ ਕਰਨ ਦਾ ਐਲਾਨ ਕੀਤਾ ਹੈ। ਇਹਨਾਂ ਸੰਸਥਾਵਾਂ ਅਨੁਸਾਰ 100 ਤੋਂ ਵੱਧ ਕਿਸਾਨਾਂ ਨੂੰ ਦਿੱਲੀ ਪੁਲਸ ਨੇ ਹਿਰਾਸਤ ਵਿਚ ਲਿਆ ਹੈ। 

ਪੀਐਚਆਰਓ ਦੇ ਆਗੂ ਸਰਬਜੀਤ ਸਿੰਘ ਵੇਰਕਾ ਨੇ ਕਿਹਾ ਕਿ ਲਾਲ ਕਿਲ੍ਹੇ ਵਿਚ ਤਿਰੰਗੇ ਨੂੰ ਹੱਥ ਤਕ ਨਹੀਂ ਲਾਇਆ ਗਿਆ ਅਤੇ ਨਿਸ਼ਾਨ ਸਾਹਿਬ ਝੁਲਾਉਣਾ ਕੋਈ ਗੁਨਾਹ ਨਹੀਂ ਹੈ। 

ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਕਿਹਾ ਹੈ ਕਿ ਨਿਸ਼ਾਨ ਸਾਹਿਬ ਸਿੱਖਾਂ ਦਾ ਚਿੰਨ੍ਹ ਹੈ ਅਤੇ ਨਿਸ਼ਾਨ ਸਾਹਿਬ ਝੁਲਾਉਣਾ ਕੋਈ ਕਾਨੂੰਨੀ ਜ਼ੁਰਮ ਨਹੀਂ ਹੈ। 

ਐਡਵੋਕੇਟ ਜਸਪਾਲ ਸਿੰਘ ਮੰਝਪੁਰ, ਕਨਵੀਨਰ ਪੰਜਾਬ ਲਾਇਰਜ਼ ਨੇ ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦੇ ਹੋਏ ਕਿਹਾ ਹੈ ਕਿ ਕਿਸਾਨ ਅੰਦੋਲਨ ਦੌਰਾਨ ਦਿੱਲੀ ਵਿੱਚ ਪਾਏ ਕੇਸਾਂ ਦੀ ਉਹ ਪੈਰਵਾਈ ਕਰਣਗੇ।

ਅਮਰੀਕਾ ਦੀ ਸੰਸਥਾ ਸਿੱਖ ਪੰਚਾਇਤ ਨੇ ਵੀ ਉਹਨਾਂ ਪਰਿਵਾਰਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਕੇਸਾਂ ਦੇ ਖ਼ਰਚੇ ਦਾ ਪ੍ਰਬੰਧ ਕਰਣਗੇ। ਉਹਨਾਂ ਨੇ ਕਿਹਾ ਕਿ ਉਹ ਸਿੱਖ ਪੰਚਾਇਤ ਨੂੰ sikhpanchayat@gmail.com ਤੇ ਈਮੇਲ ਭੇਜ ਕੇ ਕੇਸ ਦੀ ਜਾਣਕਾਰੀ , ਵਕੀਲ ਦਾ ਨਾਮ ਅਤੇ ਉਸਦੇ ਸੰਪਰਕ ਨੰਬਰ ਵੀ ਦੇਣ। ਸਿੱਖ ਪੰਚਾਇਤ ਵਕੀਲਾਂ ਨਾਸ ਸਿੱਧਾ ਰਾਬਤਾ ਕਰ ਲਏਗੀ।