ਮਾਮਲਾ ਜਹਿਰੀਲੀ ਸ਼ਰਾਬ ਨਾਲ ਹੋ ਰਹੀਆਂ ਮੌਤਾਂ ਦਾ: ਕਰੋਨਾ ਤੋ ਵੀ ਭਿਆਨਕ ਹੈ ਪੰਜਾਬ ਚ ਨਸ਼ਿਆਂ ਦੇ ਦੈਂਤ ਦਾ ਕਹਿਰ

ਮਾਮਲਾ ਜਹਿਰੀਲੀ ਸ਼ਰਾਬ ਨਾਲ ਹੋ ਰਹੀਆਂ ਮੌਤਾਂ ਦਾ: ਕਰੋਨਾ ਤੋ ਵੀ ਭਿਆਨਕ ਹੈ ਪੰਜਾਬ ਚ ਨਸ਼ਿਆਂ ਦੇ ਦੈਂਤ ਦਾ ਕਹਿਰ

ਬਘੇਲ ਸਿੰਘ ਧਾਲੀਵਾਲ
99142-58142

ਪੰਜਾਬ ਅੰਦਰ ਨਸ਼ਿਆਂ ਨਾਲ ਹੋ ਰਹੀਆਂ ਮੌਤਾਂ ਦੀ ਗਿਣਤੀ ਭਾਵੇਂ ਕਿਸੇ ਵੀ ਮਹਾਮਾਰੀ ਦੇ ਸਾਰੇ ਰਿਕਾਰਡਾਂ ਨੂੰ ਮਾਤ ਪਾਉਂਦੀ ਹੈ,ਪਰ ਮਾਝੇ ਵਿੱਚ ਜਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ਨੇ ਕਰੋਨਾ ਮਹਾਮਾਰੀ ਦਾ ਮੂੰਹ ਚਿੜਾਇਆ ਹੈ। ਨਸ਼ਿਆਂ ਨਾਲ ਹੋਣ ਵਾਲੀਆਂ ਮੌਤਾਂ ਦਾ ਇਹ ਵਰਤਾਰਾ ਪੰਜਾਬ ਅੰਦਰ ਕੋਈ ਨਵਾਂ ਵੀ ਨਹੀ ਹੈ,ਬਲਕਿ ਦਹਾਕਿਆਂ ਤੋ ਲਗਾਤਾਰ ਏਸੇਤਰਾਂ ਹ੮ ਚੱਲਦਾ ਆ ਰਿਹਾ ਹੈ।ਕਿਸੇ ਸਮੇ ਸੋਹਣੇ ਸਡੌਲ ਤੇ ਤਕੜੇ ਜੁੱਸੇ ਵਾਲੇ ਅਣਖੀਲੇ ਪੰਜਾਬੀਆਂ ਕਰਕੇ ਪੰਜਾਬ ਦਾ ਨਾਮ ਲਿਆ ਜਾਂਦਾ ਸੀ,ਪ੍ਰੰਤੂ ਅੱਜ ਨਸ਼ਿਆਂ ਕਰਕੇ ਪੰਜਾਬ ਦਾ ਨਾਮ ਪੂਰੀ ਦੁਨੀਆਂ ਵਿੱਚ ਬਦਨਾਮ ਹੋ ਚੁੱਕਾ ਹੈ।ਹੈਰਾਨੀ ਇਸ ਗੱਲ ਤੋਂ ਹੁੰਦੀ ਹੈ ਕਿ ਪੰਜਾਬ ਦੇ ਲੋਕ ਇਸ ਬਿਮਾਰੀ ਦੀ ਸ਼ੁਰੂਆਤ  ਦੇ ਸਮੇ ਤੋ ਹੀ ਕੂਕ ਕੂਕ ਕੇ ਇਸ ਦੇ ਇਲਾਜ ਦੀ ਦੁਹਾਈ ਪਾਉਂਦੇ ਰਹੇ ਹਨ,ਪਰ ਕਿਸੇ ਵੀ ਸਰਕਾਰ ਨੇ,ਭਾਂਵੇਂ ਕੇਂਦਰ ਸਰਕਾਰ ਹੋਵੇ ਤੇ ਭਾਵੇਂ ਸੂਬਾ ਸਰਕਾਰ, ਇਸ ਪਾਸੇ ਧਿਆਨ ਨਹੀ ਦਿੱਤਾ। ਪੰਜਾਬ ਨੇ ਉਹ ਸਮੇ ਵੀ ਹੰਢਾਏ ਹਨ,ਜਦੋ ਪੰਜਾਬ ਦੇ ਸਿਵਿਆਂ ਦੀ ਅੱਗ ਕਦੇ ਵੀ ਠੰਡੀ ਨਹੀ ਸੀ ਪੈਂਦੀ।

ਪੰਜਾਬ ਦੇ ਹਜਾਰਾਂ ਨੌਜਵਾਨ ਨਸ਼ਿਆਂ ਦੀ ਮਹਾਂਮਾਰੀ ਦੀ ਭੇਂਟ ਚੱੜ ਚੁੱਕੇ ਹਨ।ਸੂਬੇ ਵਿੱਚ ਅਜਿਹੇ ਹਜਾਰਾਂ ਅਭਾਗੇ ਮਾਪੇ  ਵਖਤ ਨੂੰ ਧੱਕੇ ਦੇਣ ਲਈ ਮਜਬੂਰ ਹਨ,ਜਿੰਨਾਂ ਦੇ ਬੁਢਾਪੇ ਦੀ ਡੰਗੋਰੀ  ਨਹੀ ਰਹੀ।ਹਜਾਰਾਂ ਮਾਵਾਂ ਪੁੱਤਾਂ ਦੇ ਵਿਯੋਗ ਚ ਦਿਮਾਗੀ ਸੁੰਤੁਲਨ ਗੁਆ ਬੈਠੀਆਂ ਹਨ। ਸੈਂਕੜੇ ਮਹਿਲਾਵਾਂ ਅਜਿਹੀਆਂ ਵੀ ਮਿਲ ਜਾਣਗੀਆਂ,ਜਿੰਨਾਂ ਦੇ ਸਿਰ ਦੇ ਸਾਈਂ ਜਾਂ ਤਾਂ ਖੁਦਕੁਸ਼ੀਆਂ ਕਰ ਗਏ,ਜਾਂ ਫਿਰ ਨਸ਼ਿਆਂ ਦੀ ਲੱਤ ਚ ਲੱਗੀ ਔਲਾਦ ਦੇ ਕਹਿਰ ਦਾ ਸ਼ਿਕਾਰ ਹੋ ਕੇ ਜਿੰਦਗੀ ਤੋ ਹੱਥ ਧੋ ਬੈਠੇ ਹਨ ਤੇ ਪਿੱਛੋ ਉਹ ਅਭਾਗਣਾਂ ਜਿੰਨਾਂ ਨੇ ਪਹਿਲਾਂ ਅਪਣੇ ਸਿਰਾਂ ਦੇ ਸਾਈਂ ਖੋ ਲਏ ਬਾਅਦ ਵਿੱਚ ਬੁਢਾਪੇ ਦਾ ਸਹਾਰਾ ਵੀ ਨਾ ਰਿਹਾ ਤੇ ਦਰ ਦਰ ਠੋਕਰਾਂ ਖਾਂਦੀਆਂ ਮੌਤ ਵੱਲ ਵੱਧਣ ਦੀ ਕੋਸ਼ਿਸ਼ ਕਰ ਰਹੀਆਂ ਹਨ,ਪਰ ਉਹਨਾਂ ਨੂੰ ਮੌਤ ਵੀ ਬਾਂਹ ਫੜਾਉਂਦੀ ਨਹੀ ਜਾਪਦੀ।ਸੈਂਕੜੇ ਅਭਾਗਣ ਮੁਟਿਆਰਾਂ ਵੀ ਪੰਜਾਬ ਵਿੱਚ ਮਿਲ ਜਾਣਗੀਆਂ,ਜਿੰਨਾਂ ਦੇ ਹੱਥਾਂ ਦੀ ਮਹਿੰਦੀ ਦਾ ਰੰਗ ਲੱਥਣ ਤੋ ਪਹਿਲਾਂ ਹੀ ਉਹਨਾਂ ਦੇ ਸੁਹਾਗ ਉੱਜੜ ਗਏ ਤੇ ਚਾਅਵਾਂ ਤੇ ਡਾਕੇ ਪੈ ਗਏ।ਪੰਜਾਬ ਦੇ ਹਾਲਾਤ ਲਿਖਣ ਲੱਗਿਆਂ ਬੇਹੱਦ ਝਿਜਕ ਮਹਿਸੂਸ ਹੁੰਦੀ ਹੈ,ਕਿਉਕਿ ਜਿਸ ਪੰਜਾਬ ਦੇ ਗੱਭਰੂ ਨੇ ਕਦੇ ਅਵਦਾਲੀਆਂ ਦੁਰਾਨੀਆਂ ਦੇ ਰਸਤੇ ਰੋਕੇ ਸਨ,ਜਿੰਨਾਂ ਵਰਗੇ ਸੂਰਵੀਰ ਪੁੱਤਾਂ ਦੀ ਕਾਮਨਾ ਦੁਸ਼ਮਣਾਂ ਦੀਆਂ ਔਰਤਾਂ ਵੀ ਕਰਦੀਆਂ ਸਨ,ਅੱਜ ਉਹ ਪੰਜਾਬ ਦੇ  ਵਾਰਸਾਂ ਦੀ ਇਹ ਹਾਲਤ ਹੈ ਕਿ ਨਸ਼ਿਆਂ ਦੀ ਬਦੌਲਤ ਅੱਜ ਔਲਾਦ ਪੈਦਾ ਕਰਨ ਤੋ ਅਯੋਗ ਪਾਏ ਜਾ ਰਹੇ ਹਨ।ਬਹੁਤ ਸਾਰੀਆਂ ਅਜਿਹੀਆਂ ਕਰਮਾਂ ਮਾਰੀਆਂ ਵੀ ਨਰਕ ਵਰਗੀ ਜਿੰਦਗੀ ਭੋਗਣ ਲਈ ਮਜਬੂਰ ਹਨ,ਜਿਹੜੀਆਂ ਨਾ ਹੀ ਵਿਆਹੀਆਂ ਰਹੀਆਂ ਅਤੇ ਨਾਂ ਹੀ ਕੁਆਰੀਆਂ ਹੀ ਰਹੀਆਂ ਹਨ। ਇਸਤਰਾਂ ਦੇ ਹਾਲਾਤਾਂ ਨੇ ਅਨੇਕਾਂ ਘਰ ਤੋੜੇ ਹਨ।ਇਹ ਨਸ਼ਿਆਂ ਦੀ ਮਹਾਂਮਾਰੀ ਹੀ ਹੈ,ਜਿਸ ਨੇ ਪੰਜਾਬਣ ਮੁਟਿਆਰਾਂ ਦੇ ਚਾਅਵਾਂ ਤੇ ਡਾਕੇ ਮਾਰੇ ਹਨ,ਪਰ ਕੋਈ ਸਾਰ ਲੈਣ ਵਾਲਾ ਨਹੀ।ਇਹ ਬੇਹੱਦ ਅਫਸੋਸ ਨਾਲ ਲਿਖਣਾ ਪੈਂਦਾ ਹੈ ਕਿ ਇਸ ਮਹਾਂਮਾਰੀ ਨੂੰ ਕਿਸੇ ਨੇ ਨਾ ਹੀ ਗੰਭੀਰਤਾ ਨਾਲ ਸਮਝਿਆ ਅਤੇ ਨਾ ਹੀ ਇਸ ਮਹਾਂਮਾਰੀ ਦੀ ਰੋਕਥਾਮ ਲਈ ਗੰਭੀਰਤਾ ਨਾਲ ਸੋਚਿਆ ਗਿਆ।

ਪੰਜਾਬ ਦੀ ਇਹ ਬਦਕਿਸਮਤੀ ਹੀ ਕਹੀ ਜਾ ਸਕਦੀ ਹੈ ਕਿ ਹਰ ਰੋਜ ਬਲ਼ਦੇ ਸਿਵਿਆਂ ਦਾ ਸ਼ੇਕ ਵੀ ਰਾਜ ਸੱਤਾ ਦੇ ਗਲਿਆਰਿਆਂ ਤੱਕ ਪਹੁੰਚ ਨਾ ਸਕਿਆ,ਜਿਸ ਦਾ ਨਤੀਜਾ ਇਹ ਨਿਕਲਿਆ ਕਿ ਪੰਜਾਬ ਦੇ ਨੌਜਵਾਨ ਮਰਦੇ ਰਹ,ਸ਼ਿਵੇ ਬਲ਼ਦੇ ਰਹੇ ਤੇ ਰਾਜਨੀਤਕ ਲੋਕ ਪੰਜਾਬ ਦੀ ਜੁਆਨੀ ਦੇ ਹੋ ਰਹੇ ਦਰਦਨਾਕ ਖਾਤਮੇ ਤੋ ਬੇਫਿਕਰ ਨਸ਼ਿਆਂ ਦੇ ਕਾਰੋਬਾਰ ਦਾ ਪਸਾਰ ਕਰਕੇ ਰਾਜ ਸੱਤਾ ਦੀ ਕੁਰਸੀ ਨੂੰ ਪੱਕਿਆਂ ਕਰਨ ਦੇ ਮਨਸੂਬੇ ਬਣਾਉਂਦੇ ਰਹੇ।ਪੰਜਾਬ ਦੇ ਘਰ ਘਰ ਚੋ ਪੈਂਦੇ ਸੁਹਾਗਣਾਂ ਦੇ ਕੀਰਨੇ,ਮਾਵਾਂ ਦਾ ਵਿਰਲਾਪ,ਬਾਪੂ ਦੀ  ਹੂਕ ਅਤੇ ਭੈਣਾਂ ਦੀਆਂ ਦਿਲ ਦਹਿਲਾ ਦੇਣ ਵਾਲੀਆਂ ਕੂਕਾਂ ਵੀ ਚੰਡੀਗੜ ਅਤੇ ਦਿੱਲੀ ਚ ਬੈਠੇ ਹਾਕਮਾਂ ਦੇ ਦਿਲਾਂ  ਨੂੰ ਪਸੀਜ ਨਾ ਸਕੀਆਂ।ਹਾਲਾਤ ਇਹ ਹੋ ਗਏ ਕਿ ਪੰਜਾਬ ਪੂਰੀ ਦੁਨੀਆਂ ਵਿੱਚ ਨਸ਼ਿਆਂ ਦੀ ਮੰਡੀ ਵਜੋਂ ਜਾਣਿਆਂ ਜਾਣ ਲੱਗਾ ਹੈ।ਇਹ ਸਾਰਾ ਕੁੱਝ ਰੋਕਿਆ ਕਿਉਂ ਨਹੀ ਜਾ ਸਕਿਆ ? ਪੰਜਾਬ ਦੇ ਗੁਆਂਢੀ ਸੂਬਿਆਂ ਚ ਇਹ ਬਿਮਾਰੀ ਕਿਉਂ ਨਾ ਫੈਲੀ ? ਹਰਿਆਣਾ ਪਾਰ ਕਰਕੇ ਦਿੱਲੀ ਤੋ ਪੰਜਾਬ ਚ ਨਸ਼ਿਆਂ ਦੀ ਸਪਲਾਈ ਕਿਵੇਂ ਹੁੰਦੀ ਰਹੀ ਅਤੇ ਗੁਆਂਢੀ ਮੁਲਕ ਤੋ ਸਰਹੱਦ ਪਾਰ ਕਰਕੇ ਗੁਜਰਾਤ ਜਾਂ ਰਾਜਸਥਾਨ ਚ ਇਹ ਸਪਲਾਈ ਕਿਉਂ ਨਹੀ ਹੁੰਦੀ ? ਕਿਉਂ ਇਹ ਸਾਰਾ ਕੁੱਝ ਪੰਜਾਬ ਨੂੰ ਬਰਬਾਦ ਕਰਨ ਵਾਸਤੇ ਵਰਤਿਆ ਜਾ ਰਿਹਾ ਹੈ,ਇਸ ਸੁਆਲ ਵੀ ਪੰਜਾਬ ਦੇ ਦਰਦਮੰਦਾਂ ਦੇ ਸਾਹਮਣੇ ਖੜੈ ਹਨ। ਲਗਾਤਾਰ ਦਹਾਕਿਆਂ ਤੋ ਚੱਲਦੇ ਆ ਰਹੇ ਨਸ਼ਿਆਂ ਦੇ ਧੰਦੇ ਤੇ ਵੀ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਦੀ ਤਰਜ ਤੇ ਰੱਜ ਕੇ ਸਿਆਸਤ ਹੋਈ ਹੈ।

ਇਹ ਨਸ਼ਿਆਂ ਤੇ ਹੋਈ ਸਿਆਸਤ ਦਾ ਹੀ ਨਤੀਜਾ ਹੈ ਕਿ ਪੰਜਾਬ ਚ ਹੋਈਆਂ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਕਰਕੇ ਹੀ ਭਾਰੀ ਬਹੁਮੱਤ ਮਿਲਿਆ ਸੀ ਕਿ ਪੰਜਾਬ ਦੇ ਲੋਕਾਂ ਨੇ ਕੈਪਟਨ ਵੱਲੋਂ ਕੀਤੇ ਵਾਅਦਿਆਂ ਤੇ ਭਰੋਸ਼ਾ ਕਰਕੇ ਉਹਨਾਂ ਨੂੰ ਵੋਟਾਂ ਪਾਈਆਂ ਸਨ,ਤਾਂ ਕਿ ਨਸ਼ਿਆਂ ਦੇ ਰਾਹ ਪੈ ਕੇ ਮਰ ਰਹੀ ਪੰਜਾਬ ਦੀ ਜੁਆਨੀ ਨੂੰ ਬਚਾਇਆ ਜਾ ਸਕੇ,ਪਰ ਅਫਸੋਸ ! ਕਿ ਕੈਪਟਨ ਅਮਰਿੰਦਰ ਸਿੰਘ ਦੇ ਵਾਅਦੇ ਵੀ ਵਫਾ ਨਾ ਹੋਏ, ਪੰਜਾਬ ਸਰਕਾਰ ਵੀ ਨਸ਼ਿਆਂ ਨੂੰ ਰੋਕਣ ਵਿੱਚ ਸਫਲ ਨਾ ਹੋ ਸਕੀ।ਹੁਣ ਜੇਕਰ ਗੱਲ ਤਾਜਾ ਹਾਲਾਤਾਂ ਦੀ ਕੀਤੀ ਜਾਵੇ ਤਾਂ ਇੱਕ ਪਾਸੇ ਕਰੋਨਾ ਮਹਾਂਮਾਰੀ ਨੇ ਸਮੁੱਚੇ ਜੀਵਨ ਨੂੰ ਹਾਲੋਂ ਬੇਹਾਲ ਕੀਤਾ ਹੋਇਆ ਹੈ,ਆਰਥਿਕ ਹਲਾਤ ਬਿਗੜੇ ਹੋਏ ਹਨ,ਜਦੋ ਕਿ ਦੂਜੇ ਪਾਸੇ ਪੰਜਾਬ ਅੰਦਰ ਨਸ਼ਿਆਂ ਦਾ ਦੈਂਤ ਅੱਜ ਵੀ ਮੌਤ ਦਾ ਤਾਂਡਵ ਨਾਚ ਨੱਚ ਰਿਹਾ ਹੈ।ਮਾਝੇ ਚ ਜਹਿਰੀਲੀ ਸਰਾਬ ਪੀਣ ਨਾਲ ਹੋਈਆਂ ਸੈਕੜੇ ਮੌਤਾਂ ਨੇ ਕਰੋਨਾ ਨਾਲ ਹੋ ਰਹੀਆਂ ਮੌਤਾਂ ਦੀ ਗਿਣਤੀ ਨੂੰ ਬੇਹੱਦ ਨਿਗੂਣਾ ਸਾਬਤ ਕਰ ਦਿੱਤਾ ਹੈ ਅਤੇ ਇੱਕ ਵਾਰ ਫਿਰ ਇਹ ਦਰਸਾ ਦਿੱਤਾ ਹੈ ਕਿ ਪੰਜਾਬ ਚ ਅੱਜ ਵੀ ਨਸ਼ਿਆਂ ਦੀ ਮਹਾਂਮਾਰੀ ਕਰੋਨਾ ਤੇ ਭਾਰੂ ਪਈ ਹੋਈ ਹੈ,ਪਰ ਦੇਖਣਾ ਇਹ ਹੋਵੇਗਾ ਕਿ ਸੂਬਾ ਸਰਕਾਰ ਪੰਜਾਬ ਚ ਬੇਰੋਕ ਚੱਲ ਰਹੇ ਨਸ਼ਿਆਂ ਦੇ ਕਾਲੇ ਕਾਰੋਬਾਰ ਨੂੰ ਨੱਥ ਪਾਉਣ ਲਈ ਕਿੰਨੀ ਕੁ ਸੁਹਿਰਦਤਾ ਅਤੇ ਸਖਤ ਰੁੱਖ ਅਖਤਿਆਰ ਕਰਦੀ ਹੈ,ਇਹ ਦੇਖਣ ਲਈ ਸਮੇ ਦਾ ਇੰਤਜਾਰ ਕਰਨਾ ਹੋਵੇਗਾ।