ਮਾਝੇ ਵਿਚ ਜ਼ਹਿਰੀਲੀ ਸ਼ਰਾਬ ਦਾ ਕਹਿਰ: ਤੜਫ-ਤੜਫ ਕੇ ਮਰ ਰਹੇ ਨੇ ਲੋਕ

ਮਾਝੇ ਵਿਚ ਜ਼ਹਿਰੀਲੀ ਸ਼ਰਾਬ ਦਾ ਕਹਿਰ: ਤੜਫ-ਤੜਫ ਕੇ ਮਰ ਰਹੇ ਨੇ ਲੋਕ

ਅੰਮ੍ਰਿਤਸਰ ਟਾਈਮਜ਼ ਬਿਊਰੋ
ਪੰਜਾਬ ਦੇ ਮਾਝਾ ਇਲਾਕੇ ਵਿਚ ਜ਼ਹਿਰੀਲੀ ਸ਼ਰਾਬ ਨੇ ਕਹਿਰ ਢਾਅ ਦਿੱਤਾ ਹੈ। ਹੁਣ ਤਕ 12 ਲੋਕਾਂ ਦੀ ਜ਼ਹਿਰੀਲੀ ਸ਼ਰਾਬ ਪੀਣ ਨਾਲ ਮੌਤ ਹੋਣ ਦੀਆਂ ਖਬਰਾਂ ਸਾਹਮਣੇ ਆ ਚੁੱਕੀਆਂ ਹਨ। 

ਜ਼ਿਲ੍ਹਾ ਅੰਮ੍ਰਿਤਸਰ ਸਥਿਤ ਪੁਲਿਸ ਥਾਣਾ ਤਰਸਿੱਕਾ ਅਧੀਨ ਪੈਂਦੇ ਪਿੰਡ ਮੁੱਛਲ ਵਿਖੇ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰਨ ਵਾਲੇ ਵਿਅਕਤੀਆਂ ਦੀ ਗਿਣਤੀ 9 ਦੱਸੀ ਜਾ ਰਹੀ ਹੈ। 

ਬਟਾਲਾ ਦੀ ਸੰਘਣੀ ਆਬਾਦੀ ਵਾਲੇ ਖੇਤਰ ਹਾਥੀ ਗੇਟ ਨੇੜਲੇ ਮੁਹੱਲਿਆਂ ਵਿੱਚ ਬੀਤੀ ਰਾਤ ਤਿੰਨ ਵਿਅਕਤੀਆਂ ਦੀ ਜ਼ਹਿਰੀਲੀ ਸ਼ਰਾਬ ਪੀਣ ਨਾਲ ਮੌਤ ਹੋ ਗਈ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਸ਼ਰਾਬ ਇੰਨੀ ਜ਼ਹਿਰੀਲੀ ਸੀ ਕਿ ਮੌਤ ਤੜਫ਼ ਤੜਫ਼ ਕੇ ਆਈ। ਇੱਕ ਵਿਅਕਤੀ ਨੇ ਮਰਦੇ ਸਮੇਂ ਦੱਸਿਆ ਕਿ ਉਸ ਨੇ ਫ਼ੌਜਣ ਨਾਂ ਦੀ ਜਨਾਨੀ ਤੋਂ ਸ਼ਰਾਬ ਖਰੀਦੀ ਕੇ ਪੀਤੀ ਸੀ।

ਇਹ ਵੀ ਦੱਸਣ ਯੋਗ ਹੈ ਕਿ ਕੁਝ ਵਿਅਕਤੀ ਜ਼ੇਰੇ ਇਲਾਜ ਹਨ ਅਤੇ ਉਨ੍ਹਾਂ ਦੀ ਹਾਲਤ ਅਤਿ ਗੰਭੀਰ ਹੈ। ਮਰਨ ਵਾਲਿਆਂ ਚ ਬੂਟਾ ਰਾਮ ਮੁਹੱਲਾ ਕਾਜ਼ੀ ਮੋਰੀ , ਕਾਲੂ ਅਤੇ ਬਿੱਲਾ ਹਨ। ਕੁਝ ਪਰਿਵਾਰਾਂ ਨੇ ਤੜਕਸਾਰ ਮ੍ਰਿਤਕਾਂ ਦਾ ਸਸਕਾਰ ਕਰ ਦਿੱਤਾ। ਪ੍ਰਸ਼ਾਸਨ ਅਜੇ ਤੱਕ ਕਿਸੇ ਵੀ ਹਾਲਤ ਨੂੰ ਸਪੱਸ਼ਟ ਨਹੀਂ ਕਰ ਰਿਹਾ।