ਪੰਜਾਬ ਦੇ ਕਿਸਾਨ ਆਵਾਰਾ ਪਸ਼ੂਆਂ ਦੇ ਬੁੱਚੜਖਾਨੇ ਖੋਲ੍ਹਣ ਦੇ ਹੱਕ ’ਚ

ਪੰਜਾਬ ਦੇ ਕਿਸਾਨ ਆਵਾਰਾ ਪਸ਼ੂਆਂ ਦੇ ਬੁੱਚੜਖਾਨੇ ਖੋਲ੍ਹਣ ਦੇ ਹੱਕ ’ਚ

ਸੁਰਿੰਦਰਪਾਲ ਸਿੰਘ ਗੋਲਡੀ

ਪੰਜਾਬ ਦੇ ਕਿਸਾਨ ਅਵਾਰਾ ਪਸ਼ੂਆਂ ਦੇ ਬੁੱਚੜਖਾਨੇ ਖੋਲ੍ਹਣ ਦੇ ਹੱਕ ਵਿਚ ਹਨ, ਕਿਉਂਕਿ ਇਹਨਾਂ ਕਾਰਨ ਖੇਤੀ ਬਾੜੀ ਦਾ ਨੁਕਸਾਨ ਹੋ ਚੁੱਕਿਆ ਹੈ, ਉੱਥੇ ਕਈ ਲੋਕ ਹਾਦਸਿਆਂ ਕਾਰਨ ਮਾਰੇ ਵੀ ਜਾ ਚੁੱਕੇ ਹਨ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਅਜਮੇਰ ਸਿੰਘ ਲੱਖੋਵਾਲ ਦੀ ਦਲੀਲ ਹੈ ਕਿ ਜੇ ਦੂਜੇ ਸੂਬਿਆਂ ਵਿੱਚ ਬੁੱਚੜਖ਼ਾਨੇ ਹੋ ਸਕਦੇ ਹਨ ਤਾਂ ਪੰਜਾਬ ਨਾਲ ਇਹ ਵਿਤਕਰਾ ਕਿਉਂ ਹੈ।

ਇੱਥੇ ਜ਼ਿਕਰਯੋਗ ਹੈ ਕਿ ਪਿਛਲੇ ਦਿਨਾਂ ਵਿੱਚ ਉਨ੍ਹਾਂ ਦੀ ਯੂਨੀਅਨ ਨੇ ਆਵਾਰਾ ਪਸ਼ੂਆਂ ਦੀਆਂ ਕਈ ਟਰਾਲੀਆਂ ਭਰ ਕੇ ਲੁਧਿਆਣਾ ਵਿੱਚ ਮੁਜ਼ਾਹਰਾ ਕੀਤਾ ਸੀ। ਪੰਜਾਬ ਵਿੱਚ ਆਵਾਰਾ ਪਸ਼ੂਆਂ ਦੀ ਗਿਣਤੀ ਪੱਚੀ ਲੱਖ ਹੈ ਜਿਨ੍ਹਾਂ ਵਿੱਚੋਂ 140,000 ਸੜਕਾਂ ਉੱਤੇ ਆਵਾਰਾ ਘੁੰਮਦੇ ਹਨ।

ਇਸ ਵੇਲੇ ਸਰਕਾਰ ਕੋਲ ਤਕਰੀਬਨ 425 ਗਊਸ਼ਾਲਾਵਾਂ ਦਾ ਪੰਜੀਕਰਨ ਹੋਇਆ ਹੋਇਆ ਹੈ ਜਿਨ੍ਹਾਂ ਵਿੱਚ ਤਕਰੀਬਨ 172,000 ਗਾਂਵਾਂ ਹਨ। ਇਸ ਤੋਂ ਬਿਨਾਂ ਸੂਬਾ ਸਰਕਾਰ ਨੇ ਜ਼ਿਲ੍ਹਿਆਂ ਵਿੱਚ ‘ਕੈਟਲ ਪੌਂਡ’ ਬਣਾਏ ਹਨ ਜਿਨ੍ਹਾਂ ਵਿੱਚ ਤਕਰੀਬਨ 12,000 ਗਾਂਵਾਂ ਹਨ। ਕਿਸਾਨ ਕਹਿੰਦੇ ਹਨ ਕਿ ਖੇਤਾਂ ਦੀ ਰਾਖੀ ਜਾਂ ਵਾੜਾਂ ਨਾਲ ਗਾਂਵਾਂ ਨੂੰ ਖੇਤਾਂ ਤੋਂ ਬਾਹਰ ਰੱਖਣਾ ਮੁਸ਼ਕਲ ਹੈ ਕਿਉਂਕਿ ਹਰ ਵੇਲੇ ਰਾਖੀ ਨਹੀਂ ਹੋ ਸਕਦੀ ਅਤੇ ਗਾਂਵਾਂ ਵਾੜਾਂ ਤੋੜ ਦਿੰਦੀਆਂ ਹਨ। ਲੁਧਿਆਣਾ ਜ਼ਿਲ੍ਹੇ ਦੇ ਪਿੰਡ ਦਾਉਦਪੁਰ ਦੇ ਕਿਸਾਨ ਦੀਦਾਰ ਸਿੰਘ ਦਾ ਦੱਸਣਾ ਸੀ ਕਿ ਆਵਾਰਾ ਗਾਂਵਾਂ ਖੇਤਾਂ ਵਿੱਚ ਬਹੁਤ ਨੁਕਸਾਨ ਕਰਦੀਆਂ ਹਨ। ਉਹ ਕਹਿੰਦੇ ਹਨ, ‘‘ਮੇਰਾ ਡੇਢ ਕਿਲ੍ਹਾ ਚਾਰ-ਪੰਜ ਕਿਲੋਮੀਟਰ ਦੂਰ ਹੈ। ਪੱਕੀ ਫ਼ਸਲ ਦਾ ਟੁੱਸਾ ਗਾਂਵਾਂ ਨੇ ਛੱਕ ਲਿਆ ਤਾਂ ਸਾਰੀ ਫ਼ਸਲ ਬਰਬਾਦ ਹੋ ਗਈ।’’

ਮੋਹਾਲੀ ਜ਼ਿਲ੍ਹੇ ਦੇ ਪਿੰਡ ਸੰਘਾਲਾ ਦੇ ਹਰਜਿੰਦਰ ਸਿੰਘ ਕਹਿੰਦੇ ਹਨ, ‘‘ਇਹ ਆਲੂ ਨਹੀਂ ਛੱਡਦੀਆਂ, ਨਾ ਮੱਕੀ ਛੱਡਦੀਆਂ ਹਨ। ਮੱਕੀ ਤਾਂ ਹੋਣ ਨਹੀਂ ਦਿੰਦੀਆਂ, ਨਾ ਮਸਰੀ ਹੋਣ ਦਿੰਦੀਆਂ ਹਨ ਅਤੇ ਨਾ ਮਾਂਹ ਹੋਣ ਦਿੰਦੀਆਂ ਹਨ। ਬਹੁਤ ਨੁਕਸਾਨ ਕਰਦੀਆਂ ਹਨ।"

ਹਰਜਿੰਦਰ ਸਿੰਘ ਦੇ ਖੇਤਾਂ ਦੇ ਨਾਲ ਦੋ ਪਿੰਡਾਂ ਦੀ ਸ਼ਾਮਲਾਟ ਵਿੱਚ ਜੰਗਲ ਹੈ ਜਿਸ ਵਿੱਚ ਨੀਲ ਗਾਂਵਾਂ ਦਾ ਡੇਰਾ ਹੈ। ਇਹ ਗਾਂਵਾਂ ਆਥਣ-ਸਵੇਰ ਖੇਤਾਂ ਵਿੱਚ ਜਾਂਦੀਆਂ ਹਨ ਅਤੇ ਫ਼ਸਲਾਂ ਦਾ ਨੁਕਸਾਨ ਕਰਦੀਆਂ ਹਨ। ਇਸ ਇਲਾਕੇ ਵਿੱਚ ਪਹਿਲਾਂ ਸ਼ਿਕਾਰੀ ਆਉਂਦੇ ਸਨ ਪਰ ਹੁਣ ਗਾਂ ਦੇ ਨਾਮ ਉੱਤੇ ਹੁੰਦੀ ਹਜੂਮੀ ਹਿੰਸਾ ਕਾਰਨ ਸ਼ਿਕਾਰੀਆਂ ਨੇ ਆਉਣਾ ਬੰਦ ਕਰ ਦਿੱਤਾ ਹੈ।

ਅਜਮੇਰ ਸਿੰਘ ਲੱਖੋਵਾਲ ਇਸ ਮਾਮਲੇ ਦੀ ਤਫ਼ਸੀਲ ਦਿੰਦੇ ਹਨ ਕਿ ਫੰਡਰ ਗਾਂਵਾਂ ਅਤੇ ਵੱਛੇ ਕਿਸਾਨਾਂ ਦੇ ਕਿਸੇ ਕੰਮ ਦੇ ਨਹੀਂ ਹਨ। ਇਨ੍ਹਾਂ ਨੂੰ ਛੱਡ ਦਿੱਤਾ ਜਾਂਦਾ ਹੈ। ਪਹਿਲਾਂ ਤਾਂ ਇਨ੍ਹਾਂ ਨੂੰ ਬੁੱਚੜ ਖ਼ਰੀਦ ਕੇ ਲੈ ਜਾਂਦੇ ਸਨ ਪਰ ਹੁਣ ਬੁੱਚੜਾਂ ਨੇ ਆਉਣਾ ਬੰਦ ਕਰ ਦਿੱਤਾ ਹੈ।

ਉਹ ਕਹਿੰਦੇ ਹਨ, ‘‘ਕਿਸਾਨ ਇੱਕ ਖੇਤ ਵਿੱਚੋਂ ਕੱਢਦੇ ਹਨ ਤਾਂ ਇਹ ਦੂਜੇ ਖੇਤਾਂ ਵਿੱਚ ਵੜ ਜਾਂਦੀਆਂ ਹਨ। ਨਤੀਜੇ ਵਜੋਂ ਲੋਕਾਂ ਦੀਆਂ ਆਪਸ ਵਿੱਚ ਲੜਾਈਆਂ ਵੀ ਹੁੰਦੀਆਂ ਹਨ।’’

ਅਜਮੇਰ ਸਿੰਘ ਦੀ ਦਲੀਲ ਹੈ ਕਿ ਜੇ ਦੂਜੇ ਸੂਬਿਆਂ ਵਿੱਚ ਬੁੱਚੜਖ਼ਾਨੇ ਹੋ ਸਕਦੇ ਹਨ ਤਾਂ ਪੰਜਾਬ ਨਾਲ ਇਹ ਵਿਤਕਰਾ ਕਿਉਂ ਹੈ। ਉਹ ਦੱਸਦੇ ਹਨ ਕਿ ਦੇਸੀ ਗਾਂਵਾਂ ਨਾਲ ਮਜ਼ਹਬੀ ਭਾਵਨਾਵਾਂ ਜੁੜੀਆਂ ਹੋਈਆਂ ਹਨ ਪਰ ਦੋਗ਼ਲੀ ਨਸਲ ਦੀਆਂ ਗਾਂਵਾਂ ਅਤੇ ਵੱਛਿਆਂ ਨੂੰ ਤਾਂ ਬੁੱਚੜਖ਼ਾਨੇ ਵਿੱਚ ਭੇਜਿਆ ਜਾਣਾ ਚਾਹੀਦਾ ਹੈ।

ਪਿਛਲੇ ਦਿਨਾਂ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਇਹ ਮਸਲਾ ਵਿਧਾਨ ਸਭਾ ਵਿੱਚ ਉਭਾਰਿਆ ਸੀ ਕਿ ਵਿਦੇਸ਼ੀ ਨਸਲ ਦੀਆਂ ਗਾਂਵਾਂ ਨੂੰ ਬੁੱਚੜਖ਼ਾਨੇ ਵਿੱਚ ਭੇਜਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ। ਉਨ੍ਹਾਂ ਦੀ ਇਸ ਦਲੀਲ ਦਾ ਪੰਜਾਬੀ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਇੱਕ ਸੁਰ ਹੋ ਕੇ ਵਿਰੋਧ ਕੀਤਾ ਸੀ।

ਪੰਜਾਬ ਵਿੱਚ ਆਵਾਰਾ ਗਾਂਵਾਂ ਦੇ ਹਵਾਲੇ ਨਾਲ ਇਹ ਸੁਆਲ ਲਗਾਤਾਰ ਸਾਹਮਣੇ ਆਉਂਦਾ ਹੈ ਕਿ ਜੇ ਸਰਕਾਰ ‘ਗਾਂ ਸੈੱਸ’ ਇਕੱਠਾ ਕਰਦੀ ਹੈ ਤਾਂ ਆਵਾਰਾ ਗਾਂਵਾਂ ਦਾ ਬੰਦੋਬਸਤ ਵੀ ਕਰੇ।

ਪੰਜਾਬ ਗਊ ਸੇਵਾ ਕਮਿਸ਼ਨ ਦੇ ਸੀ.ਈ.ਓ. ਡਾਕਟਰ ਹਰਮਿੰਦਰ ਸਿੰਘ ਸੇਖੋਂ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ ਕਿ ਪੰਜਾਬ ਸਰਕਾਰ ਨੇ ਕੋਈ ‘ਗਾਂ ਸੈੱਸ’ ਨਹੀਂ ਲਗਾਇਆ ਹੋਇਆ। ਪੰਜਾਬ ਵਿੱਚ ਦਰਅਸਲ ਸਪੈਸ਼ਲ ਲਾਇਸੈਂਸ ਫੀਸ ਲਗਾਈ ਹੋਈ ਹੈ ਜਿਸ ਤਹਿਤ ਸ਼ਰਾਬ ਉੱਤੇ ਪ੍ਰਤੀ ਲੀਟਰ ਪੰਜ ਰੁਪਏ ਸੈੱਸ ਲਗਾਇਆ ਗਿਆ ਹੈ।

ਸ਼ਹਿਰੀ ਇਲਾਕਿਆਂ ਵਿੱਚ ਇਹ ਪੈਸਾ ਗਊਸ਼ਾਲਾਵਾਂ ਦੇ ਰੱਖ-ਰਖਾਅ ਉ¤ਤੇ ਖ਼ਰਚਿਆ ਜਾਂਦਾ ਹੈ ਜਦੋਂ ਕਿ ਪੇਂਡੂ ਇਲਾਕਿਆਂ ਵਿੱਚੋਂ ਇਕੱਠਾ ਹੋਇਆ ਪੈਸਾ ਸਿਹਤ, ਖੇਤੀਬਾੜੀ, ਪਸ਼ੂ ਪਾਲਣ ਅਤੇ ਸਫਾਈ ਮੁਹਿੰਮ ਉੱਤੇ ਖ਼ਰਚਿਆ ਜਾਂਦਾ ਹੈ। ਇਸ ਸਾਲ ਦੇ ਬਜਟ ਵਿੱਚ ਪੰਜਾਬ ਸਰਕਾਰ ਨੇ ਆਵਾਰਾ ਗਾਂਵਾਂ ਲਈ ਪੱਚੀ ਕਰੋੜ ਰੁਪਏ ਦੀ ਤਜਵੀਜ਼ ਕੀਤੀ ਹੈ। ਇਸ ਪੈਸਾ ਗਊਸ਼ਾਲਾਵਾਂ ਅਤੇ ‘ਕੈਟਲ ਪੌਂਡਜ਼’ ਲਈ ਵੀ ਨਾਕਾਫ਼ੀ ਹੈ। ਇਸ ਤਰ੍ਹਾਂ ਪੰਜਾਬ ਸਰਕਾਰ ਦਾ ਆਵਾਰਾ ਗਾਂਵਾਂ ਲਈ ਕੀਤਾ ਗਿਆ ਬੰਦੋਬਸਤ ਨਾਮ-ਮਾਤਰ ਹੋ ਕੇ ਰਹਿ ਗਿਆ ਹੈ।