ਕੋਰੋਨਾਵਾਇਰਸ ਪੰਜਾਬ ਸਿਹਤ ਢਾਂਚੇ ਦੇ ਹੱਥ ਖੜ੍ਹੇ ਕਰਾਉਣ ਲੱਗਿਆ; 24 ਘੰਟਿਆਂ 'ਚ 39 ਮੌਤਾਂ

ਕੋਰੋਨਾਵਾਇਰਸ ਪੰਜਾਬ ਸਿਹਤ ਢਾਂਚੇ ਦੇ ਹੱਥ ਖੜ੍ਹੇ ਕਰਾਉਣ ਲੱਗਿਆ; 24 ਘੰਟਿਆਂ 'ਚ 39 ਮੌਤਾਂ

ਅੰਮ੍ਰਿਤਸਰ ਟਾਈਮਜ਼ ਬਿਊਰੋ
ਪੰਜਾਬ ਦਾ ਸਿਹਤ ਢਾਂਚਾ ਕੋਰੋਨਾ ਦੇ ਵੱਧਦੇ ਪਸਾਰ ਵਿਚ ਹੱਥ ਖੜ੍ਹੇ ਕਰਦਾ ਨਜ਼ਰ ਆ ਰਿਹਾ ਹੈ। ਪੰਜਾਬ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾਵਾਇਰਸ ਨਾਲ 39 ਮੌਤਾਂ ਦੀ ਪੁਸ਼ਟੀ ਹੋਈ ਹੈ। ਲੁਧਿਆਣਾ ਕੋਰੋਨਾਵਾਇਰਸ ਕਹਿਰ ਦਾ ਕੇਂਦਰ ਬਣਦਾ ਜਾ ਰਿਹਾ ਹੈ। ਲੁਧਿਆਣਾ ਜ਼ਿਲ੍ਹੇ ਵਿਚ ਬੀਤੇ ਦਿਨ ਸਭ ਤੋਂ ਵੱਧ 13 ਮੌਤਾਂ ਦਰਜ ਕੀਤੀਆਂ ਗਈਆਂ।

ਹੁਸ਼ਿਆਰਪੁਰ ਜ਼ਿਲ੍ਹੇ ਵਿੱਚ 6, ਪਟਿਆਲਾ ’ਚ 4, ਅੰਮ੍ਰਿਤਸਰ ਅਤੇ ਜਲੰਧਰ ’ਚ 3-3, ਮੁਹਾਲੀ ਤੇ ਪਠਾਨਕੋਟ ’ਚ 2-2, ਸੰਗਰੂਰ, ਬਰਨਾਲਾ ਅਤੇ ਬਠਿੰਡਾ ਵਿੱਚ ਇੱਕ-ਇੱਕ ਵਿਅਕਤੀ ਦੀ ਕੋਰੋਨਾ ਕਾਰਨ ਮੌਤ ਦੀ ਪੁਸ਼ਟੀ ਹੋਈ ਹੈ।
 
ਲੁਧਿਆਣਾ ਵਿੱਚ ਹੁਣ ਤੱਕ 202, ਅੰਮ੍ਰਿਤਸਰ ’ਚ 102, ਜਲੰਧਰ ’ਚ 86 ਅਤੇ ਪਟਿਆਲਾ ’ਚ 61 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਸੂਬੇ ਵਿੱਚ ਮੌਤਾਂ ਦਾ ਕੁੱਲ ਅੰਕੜਾ ਵੀ 675 ’ਤੇ ਪਹੁੰਚ ਗਿਆ ਹੈ। ਸੂਬੇ ਵਿੱਚ ਬੀਤੇ 24 ਘੰਟਿਆਂ ਦੌਰਾਨ 1020 ਸੱਜਰੇ ਮਾਮਲੇ ਸਾਹਮਣੇ ਆਏ ਹਨ। ਲੁਧਿਆਣਾ ਵਿੱਚ 229, ਜਲੰਧਰ ’ਚ 130, ਮੁਹਾਲੀ ’ਚ 104, ਅੰਮ੍ਰਿਤਸਰ ’ਚ 85, ਪਟਿਆਲਾ ’ਚ 70, ਬਰਨਾਲਾ ’ਚ 62, ਗੁਰਦਾਸਪੁਰ ’ਚ 39, ਫਰੀਦਕੋਟ ’ਚ 36, ਫਿਰੋਜ਼ਪੁਰ ’ਚ 29, ਕਪੂਰਥਲਾ ’ਚ 34, ਪਠਾਨਕੋਟ ਤੇ ਰੋਪੜ ’ਚ 27-27, ਹੁਸ਼ਿਆਰਪੁਰ ’ਚ 23, ਬਠਿੰਡਾ ’ਚ 22, ਮੋਗਾ ’ਚ 19, ਫਤਿਹਗੜ੍ਹ ਸਾਹਿਬ ’ਚ 18, ਨਵਾਂਸ਼ਹਿਰ ਤੇ ਫਾਜ਼ਿਲਕਾ ’ਚ 13-13, ਤਰਨ ਤਾਰਨ ਤੇ ਮੁਕਤਸਰ ’ਚ 9-9 ਅਤੇ ਮਾਨਸਾ ’ਚ 3 ਸੱਜਰੇ ਮਾਮਲੇ ਸਾਹਮਣੇ ਆਏ ਹਨ। 

ਬਠਿੰਡਾ ਇਕਾਂਤਵਾਸ ਵਿਚ ਮਾੜੇ ਹਾਲਾਤਾਂ ਦੇ ਚਲਦਿਆਂ ਮਰੀਜ਼ ਭੱਜੇ
ਬਠਿੰਡਾ ਇਕਾਂਤਵਾਸ ਕੇਂਦਰ ਵਿਚ ਮਾੜੇ ਪ੍ਰਬੰਧਾਂ ਦਾ ਹਵਾਲਾ ਦਿੰਦਿਆਂ ਇੱਥੇ ਇਕਾਂਤਵਾਸ ਕੀਤੇ 8 ਲੋਕ ਭੱਜ ਗਏ। ਪੁਲਸ ਨੇ ਇਹਨਾਂ ਬੰਦਿਆਂ 'ਤੇ ਮਾਮਲਾ ਦਰਜ ਕੀਤਾ ਹੈ। 

ਤਿੰਨ ਦਿਨ ਪਹਿਲਾਂ ਵੀ ਇਸ ਕੇਂਦਰ ਵਿਚਲੇ ਕਰੋਨਾ ਮਰੀਜ਼ਾਂ ਨੇ ਕੇਂਦਰ ਦੇ ਪ੍ਰਬੰਧਾਂ ’ਤੇ ਸਵਾਲ ਚੁੱਕਦਿਆਂ ਪ੍ਰਦਰਸ਼ਨ ਕੀਤਾ ਸੀ ਅਤੇ ਸੈਂਟਰ ਦੀ ਛੱਤ ਤੋਂ ਛਾਲ ਮਾਰਨ ਦੀ ਚਿਤਾਵਨੀ ਦਿੱਤੀ ਸੀ। 

ਇਸ ਮਾਮਲੇ ’ਚ ਦਿਨੇਸ਼ ਯਾਦਵ, ਰਾਜੇਸ਼ ਪਟੇਲ, ਉਦੈ ਰਾਜ, ਰਾਜੂ ਸਿੰਘ, ਰੋਹਿਤ ਕੁਮਾਰ, ਮਿਥੁਨ ਲਾਲ, ਅਕਸ਼ੈ ਲਾਲ, ਕ੍ਰਿਸ਼ਨ ਸਿੰਘ ਖ਼ਿਲਾਫ਼ ਧਾਰਾ 188, 269, 270 ਅਤੇ 51 ਡਿਜ਼ਾਸਟਰ ਮੈਨੇਜਮੈਂਟ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਬਦਲੀਆਂ 'ਤੇ ਰੋਕ ਲਾਈ
ਉਧਰ ਪੰਜਾਬ ਵਿਚ ਕਰੋਨਾਵਾਇਰਸ ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦਿਆਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ 30 ਸਤੰਬਰ ਤੱਕ ਵਿਭਾਗੀ ਬਦਲੀਆਂ ਅਤੇ ਛੁੱਟੀਆਂ ’ਤੇ ਮੁਕੰਮਲ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਕਰੋਨਾ ਵਿਰੁੱਧ ਵਿੱਢੀ ਗਈ ਮੁਹਿੰਮ ਨੂੰ ਹੋਰ ਵਧਿਆ ਢੰਗ ਨਾਲ ਨਜਿੱਠਣ ਲਈ ਸਾਰੇ ਅਫਸਰਾਂ/ਮੈਡੀਕਲ ਸਟਾਫ/ਪੈਰਾ ਮੈਡੀਕਲ ਸਟਾਫ ਦਾ ਆਪਣੇ ਸਟੇਸ਼ਨਾਂ ’ਤੇ ਤੈਨਾਤ ਰਹਿਣਾ ਜ਼ਰੂਰੀ ਹੋ ਗਿਆ ਹੈ। ਇਸ ਦੌਰਾਨ ਕਿਸੇ ਅਫਸਰ/ਮੁਲਾਜ਼ਮ ਨੂੰ ਕੋਈ ਛੁੱਟੀ ਨਹੀਂ ਦਿੱਤੀ ਜਾਵੇਗੀ ਅਤੇ ਸਿਰਫ਼ ਮੈਟਰਨਿਟੀ ਲੀਵ ਅਤੇ ਅਤਿ ਜ਼ਰੂਰੀ ਕਾਰਨ ਕਰ ਕੇ ਚਾਈਲਡ ਕੇਅਰ ਲੀਵ ਕੇਸਾਂ ਵਿਚ ਹੀ ਛੁੱਟੀ ਸਬੰਧੀ ਛੋਟ ਹੋਵੇਗੀ। ਸਿਹਤ ਮੰਤਰੀ ਨੇ ਦੱਸਿਆ ਕਿ ਇਹ ਹੁਕਮ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਰੈਗੂਲਰ ਅਫ਼ਸਰਾਂ/ਮੁਲਾਜ਼ਮਾਂ ਤੋਂ ਇਲਾਵਾ ਵੱਖ-ਵੱਖ ਵਿੰਗਾਂ/ਸੰਸਥਾਵਾਂ ਵਿਚ ਠੇਕੇ/ਆਊਟਸੋਰਸਿੰਗ ਦੇ ਅਾਧਾਰ ’ਤੇ ਕੰਮ ਕਰ ਰਹੇ ਸਾਰੇ ਮੁਲਾਜ਼ਮਾਂ ’ਤੇ ਲਾਗੂ ਹੋਣਗੇ।