ਪੰਜਾਬ ਸਿਆਸਤ - ਆਪਸੀ ਖਿਲਾਰਾ ਅਤੇ ਨਵੇਂ ਚਿਹਰੇ ਦੀ ਭਾਲ 

 

ਮਲਕੀਤ ਸਿੰਘ ਭਵਾਨੀਗੜ੍ਹ 

ਕੁਝ ਮਹੀਨੇ ਪਹਿਲਾਂ ਇਕੋ ਵੇਲੇ ਪੰਜਾਬ ਦੇ ਤਕਰੀਬਨ ਸਾਰੇ ਅਹਿਮ ਧਾਰਮਿਕ ਜੱਥਿਆਂ, ਪੰਥਕ ਸਖਸ਼ੀਅਤਾਂ ਅਤੇ ਲੇਖਕਾਂ ਦੇ ਅੰਦਰ ਆਪਸ ਵਿੱਚ ਹੀ ਵੱਖ ਵੱਖ ਤਰੀਕੇ ਦੀ ਸ਼ਬਦੀ ਜੰਗ ਚੱਲੀ ਅਤੇ ਕੁਝ ਜੱਥਿਆਂ ਅੰਦਰ ਸ਼ਬਦੀ ਜੰਗ ਤੋਂ ਵੀ ਗੱਲ ਥੋੜੀ ਅੱਗੇ ਵਧੀ। ਪਹਿਲਾਂ ਇਹ ਆਪਸ ਵਿੱਚ ਨਹੀਂ ਸੀ ਵਾਪਰਦਾ ਸਗੋਂ ਸਿਰਫ ਵੱਖ ਵੱਖ ਜੱਥਿਆਂ ਵਿਚਕਾਰ ਵਾਪਰਦਾ ਸੀ ਪਰ ਇਸ ਵਾਰ ਇਹ ਜੱਥਿਆਂ ਦੇ ਅੰਦਰ ਵਾਪਰਿਆ, ਉਹ ਵੀ ਇਕੋ ਵੇਲੇ। ਇਹ ਵਰਤਾਰਾ ਹਜੇ ਵੀ ਪੂਰੀ ਤਰ੍ਹਾਂ ਨਹੀਂ ਰੁਕਿਆ। ਕੁਝ ਸੁਹਿਰਦ ਸਖਸ਼ੀਅਤਾਂ ਨੇ ਵਕਤ ਸਿਰ ਇਸ ਗੱਲ ਨੂੰ ਭਾਂਪ ਲਿਆ ਸੀ ਕਿ ਇਹ ਸਭ ਸਹਿਜ ਸੁਭਾਅ ਵਾਪਰ ਰਿਹਾ ਵਰਤਾਰਾ ਨਹੀਂ ਹੈ। ਇਕੋ ਵੇਲੇ ਸਾਰੇ ਜੱਥੇ ਆਪੋ ਵਿੱਚ ਉਲਝ ਰਹੇ ਨੇ ਅਤੇ ਜਿਹਨਾਂ ਦਿਨਾਂ ਵਿੱਚ ਅਤੇ ਜਿਸ ਤਰੀਕੇ ਇਹ ਸਭ ਵਾਪਰ ਰਿਹਾ ਹੈ, ਇਹ ਮਿੱਥ ਕੇ ਕਰਵਾਇਆ ਜਾ ਰਿਹਾ ਹੈ। ਜਿੱਥੇ ਕੁਝ ਹਿੱਸੇ ਨੂੰ ਇਹ ਗੱਲ ਚਿੰਤਤ ਕਰ ਰਹੀ ਸੀ ਕਿ ਇਸ ਨਾਲ ਸਿੱਖਾਂ ਅੰਦਰ ਵਖਰੇਵੇਂ ਹੋਰ ਵਧਣਗੇ ਅਤੇ ਧਾਰਮਿਕ ‘ਤੇ ਰਾਜਨੀਤਕ ਪੱਖ ਤੋਂ ਅਸੀਂ ਹੋਰ ਖਿੱਲਰ ਜਾਵਾਂਗੇ ਉੱਥੇ ਹੀ ਇਕ ਹਿੱਸਾ ਇਸ ਨੁਕਤੇ ਦਾ ਖਿਆਲ ਕਰੇ ਬਿਨਾ ਪੂਰੀ ਤਰ੍ਹਾਂ ਇਸ ਵਰਤਾਰੇ ਦਾ ਹਿੱਸਾ ਵੀ ਬਣਿਆ, ਜਿਆਦਾਤਰ ਬਿਜਲ ਸੱਥ (ਸੋਸ਼ਲ ਮੀਡੀਆ) ਉੱਤੇ ਉਹ ਹਿੱਸਾ ਸਰਗਰਮ ਰਿਹਾ। ਆਪਸੀ ਖਿਲਾਰੇ ਦਾ ਇਹ ਵਰਤਾਰਾ ਹੁਣ ਰਾਜਨੀਤਕ ਪਾਰਟੀਆਂ ਵਿੱਚ ਵੀ ਵੱਖ ਵੱਖ ਤਰੀਕੇ ਵਾਪਰ ਰਿਹਾ ਹੈ। ਜੇਕਰ ਜਿਆਦਾ ਨਹੀਂ ਤਾਂ ਪਿਛਲੇ ਕੁਝ ਦਿਨਾਂ ਦੀਆਂ ਸਰਗਰਮੀਆਂ ਵੇਖ ਕੇ ਹੀ ਇਹ ਗੱਲ ਸੌਖਿਆਂ ਸਮਝ ਆ ਸਕਦੀ ਹੈ। ਪੰਜਾਬ ਵਿੱਚ ਸ਼੍ਰੋਮਣੀ ਕਮੇਟੀ ਅਤੇ ਵਿਧਾਨ ਸਭਾ ਦੀਆਂ ਚੋਣਾਂ ਨੂੰ ਵੇਖਦਿਆਂ ਜਿੱਥੇ ਸਾਰੀਆਂ ਧਿਰਾਂ ਹੁਣ ਪੂਰੀ ਤੇਜੀ ਨਾਲ ਸਰਗਰਮੀ ਕਰ ਰਹੀਆਂ ਹਨ ਉੱਥੇ ਹੀ ਇਹਨਾਂ ਧਿਰਾਂ ਵਿੱਚ ਆਪਸੀ ਕਲੇਸ਼ ਵੀ ਜੱਗ ਜਾਹਰ ਹੋ ਰਿਹਾ ਹੈ। ਆਪਸੀ ਬਿਆਨਬਾਜ਼ੀ ਅਤੇ ਇਲਜ਼ਾਮ ਵੀ ਇਹਨਾਂ ਦਿਨਾਂ ਵਿੱਚ ਸਿਖਰਾਂ ਤੇ ਹਨ ਅਤੇ ਦਲ ਬਦਲੀਆਂ ਵੀ ਲਗਾਤਾਰ ਜਾਰੀ ਹਨ। ਇਹ ਸਹਿਜ ਸੁਭਾਅ ਵਾਪਰ ਰਿਹਾ ਹੈ ਜਾ ਕੋਈ ਮਿੱਥ ਕੇ ਇਸ ਤਰ੍ਹਾਂ ਦਾ ਮਹੌਲ ਬਣਾ ਰਿਹਾ ਹੈ ਜਾ ਫਿਰ ਇਹ ਮਹੌਲ ਕਿਸੇ ਨੂੰ ਬਹੁਤ ਜਿਆਦਾ ਰਾਸ ਆ ਰਿਹਾ ਹੈ ਜਿਸ ਵਿਚੋਂ ਉਹ ਕੋਈ ਸਿਆਸੀ ਲਾਹਾ ਲੈਣ ਦੀ ਇੱਛਾ ਵਿੱਚ ਹੈ, ਇਹ ਸਵਾਲ ਯਕੀਨਨ ਹੀ ਵਿਚਾਰ ਦੀ ਮੰਗ ਕਰਦੇ ਹਨ।

ਤਕਰੀਬਨ ਸਾਰੀਆਂ ਪਾਰਟੀਆਂ ਹੀ ਹੁਣ ਆਪਣਾ ਚਿਹਰਾ ਬਚਾਉਣ ਅਤੇ ਚਮਕਾਉਣ ਚ ਲੱਗੀਆਂ ਹੋਈਆਂ ਹਨ। ਬਾਦਲ ਦਲ ਜਿਹੜਾ ਕਿਸੇ ਵੇਲੇ ਗੁਰੂ ਗ੍ਰੰਥ ਸਾਹਿਬ ਦੇ ਅਦਬ ਲਈ ਧਰਨੇ ਲਾਉਣ ਵਾਲਿਆਂ ਨੂੰ ਵਿਹਲੇ ਕਹਿੰਦਾ ਸੀ, ਸਾਕਾ ਨਕੋਦਰ ਸੰਬੰਧੀ ਵੀ ਜੋ ਕਹਿੰਦਾ ਸੀ ਕਿ ਇਹੋ ਜਿਹੇ ਸਾਕੇ ਤਾਂ ਵਾਪਰਦੇ ਹੀ ਰਹਿੰਦੇ ਨੇ, ਉਹ ਹੁਣ ਮੂਹਰੇ ਹੋ ਹੋ ਲਗਾਤਾਰ ਧਰਨੇ ਲਾ ਰਿਹਾ ਹੈ। ਪੁਰਾਣੇ ਆਗੂ ਲਗਾਤਰ ਬਾਦਲ ਦਲ ਦਾ ਪੱਲਾ ਛੱਡ ਰਹੇ ਹਨ। ਕਿੰਨੇ ਵਰ੍ਹੇ ਸਿਧਾਂਤ ਨੂੰ ਤਿਆਗ ਕੇ ਚੱਲ ਰਹੀ ਪਾਰਟੀ ਚ ਰਹਿ ਕੇ ਆਏ ਢੀਂਡਸੇ ਹੁਣ ਲਗਾਤਾਰ ਸਿਧਾਂਤ ਦੀ ਲੜਾਈ ਦੀ ਗੁਹਾਰ ਲਾ ਰਹੇ ਹਨ। ਆਮ ਆਦਮੀ ਪਾਰਟੀ ਨੇ ਵੀ ਨਵੀਆਂ ਅਹੁਦੇਦਾਰੀਆਂ ਦੇਣ ਲਈ ਆਪਣਾ ਜਥੇਬੰਦਕ ਢਾਂਚਾ ਭੰਗ ਕਰ ਦਿੱਤਾ ਹੈ। ਸ਼ਰਾਬ ਦੇ ਮਾਮਲੇ ਚ ਧਰਨਿਆਂ ਦੇ ਜੋਸ਼ ਚ ਆਪਣੀ ਥਾਂ ਬਣਾਈ ਰੱਖਣ ਲਈ ਆਮ ਆਦਮੀ ਪਾਰਟੀ ਵੱਲੋਂ ਸ਼ਰਾਬ ਪੀ ਕੇ ਮਰੇ ਵਿਅਕਤੀਆਂ ਨੂੰ ਸ਼ਹੀਦ ਤੱਕ ਕਿਹਾ ਗਿਆ। ਕਾਂਗਰਸ ਵਿੱਚ ਆਪਸੀ ਕਲੇਸ਼ ਸਿਖਰ ਤੇ ਚੱਲ ਰਿਹਾ ਹੈ। ਭਾਜਪਾ ਨੂੰ ਖੁਸ਼ ਕਰਨ ਲਈ ਬਕਾਇਦਾ ਅਮਰਿੰਦਰ ਸਿੰਘ ਵੱਲੋਂ “ਰਾਮ ਮੰਦਰ” ਦੀਆਂ ਵਧਾਈਆਂ ਵੀ ਦਿੱਤੀਆਂ ਗਈਆਂ। ‘ਪੰਥਕ ਅਕਾਲੀ ਲਹਿਰ’ ਵੱਲੋਂ ਵੀ ਜਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ ਗਿਆ ਹੈ। 

ਸਾਰੀਆਂ ਧਿਰਾਂ ਹੀ ਜਿੱਥੇ ਸ਼੍ਰੋਮਣੀ ਕਮੇਟੀ ਤੋਂ ਬਾਦਲ ਨੂੰ ਲਾਂਭੇ ਕਰਨ ਦੀ ਵਿਓਂਤ ਚ ਹਨ ਉੱਥੇ ਹੀ ਬਹੁਤੀਆਂ ਧਿਰਾਂ ਭਾਜਪਾ ਨੂੰ ਭਾਅ ਜਾਣ ਦੀ ਦੌੜ ਵਿੱਚ ਵੀ ਹਨ ਜਿਸ ਤਹਿਤ ਉਹਨਾਂ ਨੂੰ ਲੱਗ ਰਿਹਾ ਹੈ ਕਿ ਜੇਕਰ ਅਸੀਂ ਆਪਣੇ ਆਪ ਨੂੰ ਬਾਦਲ ਤੋਂ ਬਿਹਤਰ ਸਾਬਿਤ ਕਰ ਦਈਏ ਤਾਂ ਭਾਜਪਾ ਸਾਨੂੰ ਲੈ ਲਵੇਗੀ। ਬਾਦਲ ਦਲ ਪਹਿਲਾਂ ਹੀ ਪੰਥਕ ਸਫਾ ਵਿੱਚ ਆਪਣਾ ਅਧਾਰ ਗਵਾ ਚੁੱਕਾ ਹੈ ਅਤੇ ਹੁਣ ਉਹ ਇਸ ਡਰ ਵਿੱਚ ਵੀ ਹੈ ਕਿਤੇ ਭਾਜਪਾ ਸਾਡੇ ਗੱਠਜੋੜ ਦੀ ਗੱਠ ਨਾ ਖੋਲ ਲਵੇ। ਪਿਛਲੇ ਦਿਨੀਂ ‘ਸਿਕੰਦਰ ਸਿੰਘ ਮਲੂਕਾ’ ਵੱਲੋਂ ਭਾਜਪਾ ਨੂੰ ਡਰ ਭਰੀ ਧਮਕੀ ਵੀ ਦਿੱਤੀ ਗਈ ਕਿ “ਭਾਜਪਾ ਨੇ ਦਿੱਲੀ ਵਿੱਚ ਇਕੱਲੇ ਚੋਣਾਂ ਲੜ੍ਹ ਕੇ ਵੇਖ ਲਿਆ ਹੈ, ਹੁਣ ਉਹ ਇਕੱਲੀ ਚੋਣਾਂ ਨਹੀਂ ਲੜੇਗੀ। ਸਾਡੇ ਵੱਲੋਂ ਗੱਠਜੋੜ ਕਾਇਮ ਹੈ ਪਰ ਜੇ ਭਾਜਪਾ ਤੋੜਨਾ ਚਾਹੇ ਤਾਂ ਓਹਦੀ ਮਰਜੀ।”

ਭਾਜਪਾ ਸ਼ਾਇਦ ਕੁਝ ਹੋਰ ਵਿਓਂਤ ਵਿੱਚ ਹੈ, ਉਹ ਯਤਨ ਚ ਹੈ ਕਿ ਇਸ ਵਾਰ ਸਾਰੀਆਂ ਸੀਟਾਂ ਤੋਂ ਉਹ ਇਕੱਲੀ ਹੀ ਚੋਣਾਂ ਲੜੇ ਪਰ ਜੇਕਰ ਕਿਸੇ ਕਾਰਨ ਇਹ ਨਹੀਂ ਹੁੰਦਾ ਤਾਂ ਵੀ ਉਹ ਬਹੁਤੀਆਂ ਸੀਟਾਂ ਤੇ ਇਕੱਲੀ ਹੀ ਚੋਣਾਂ ਲੜ੍ਹਨ ਦਾ ਮਨ ਬਣਾ ਚੁੱਕੀ ਹੈ ਜਿਸ ਲਈ ਓਹਨੇ ਆਪਣੇ ਹਲਕੇ ਵੀ ਛਾਂਟ ਲਏ ਹਨ। ਹਾਲ ਦੀ ਘੜੀ ਭਾਜਪਾ ਕਿਸੇ ਵੱਡੇ ਚਿਹਰੇ ਨੂੰ ਸ਼ਮੂਲੀਅਤ ਕਰਵਾਉਣ ਦੇ ਇਰਾਦੇ ਵਿੱਚ ਨਹੀਂ ਲੱਗ ਰਹੀ, ਜੋ ਖਿਲਾਰਾ ਪੈ ਰਿਹਾ ਹੈ ਉਹ ਹਾਲੀ ਇਹ ਸਭ ਦੇ ਹੱਕ ਵਿੱਚ ਹੈ ਤੇ ਇਸ ਖਿਲਾਰੇ ਤੋਂ ਬਾਅਦ ਸਾਰੀਆਂ ਪਾਰਟੀਆਂ ਵਿਚੋਂ ਕੁਝ ਸਕਾਰਾਤਮਕ ਚਿਹਰੇ ਲੈਣ ਦੇ ਇਰਾਦੇ ਵਿੱਚ ਲੱਗ ਰਹੀ ਹੈ। 

ਇਹ ਸਪਸ਼ਟ ਹੈ ਕਿ ਪੰਜਾਬ ਵਿੱਚ ਆਉਂਦੇ ਦਿਨੀਂ ਸਿਆਸਤ ਨੇ ਆਪਣੀ ਰਫਤਾਰ ਹੋਰ ਤੇਜ਼ ਕਰਨੀ ਹੈ ਪਰ ਇਸ ਤੇਜ਼ ਰਫਤਾਰ ਵਿੱਚ ਪੰਜਾਬ ਵਾਸੀਆਂ ਖਾਸਕਰ ਸਿੱਖਾਂ ਨੂੰ ਇਹ ਸਭ ਤੇ ਬਹੁਤ ਬਰੀਕ ਨਜ਼ਰ ਰੱਖਣੀ ਪਵੇਗੀ ਤਾਂ ਹੀ ਇਹ ਗੁੰਝਲਦਾਰ ਕਹਾਣੀ ਸਮਝ ਪੈ ਸਕਦੀ ਹੈ ਨਹੀਂ ਤਾਂ ਅਸੀਂ ਚਾਹੁੰਦੇ ਨਾ ਚਾਹੁੰਦੇ ਹੋਏ ਵੀ ਮਿਥੇ ਵਰਤਾਰਿਆਂ ਦਾ ਉਹਨਾਂ ਦੇ ਮੁਤਾਬਿਕ ਹਿੱਸਾ ਬਣਕੇ ਉਹਨਾਂ ਦਾ ਹੀ ਸੰਦ ਬਣ ਕੇ ਰਹਿ ਜਾਵਾਂਗੇ ਅਤੇ ਆਪਸੀ ਖਿਲਾਰੇ ਨੂੰ ਹੋਰ ਵਧਾਉਣ ਚ ਅਤੇ ਪੰਜਾਬ ਦੀ ਸਿਆਸਤ ਨੂੰ ਆਪਣੇ ਹੱਥਾਂ ਚੋਂ ਹੋਰ ਦੂਰ ਕਰਨ ਚ ਯੋਗਦਾਨ ਪਾਵਾਂਗੇ।