ਕੋਰੋਨਾ ਟੈਸਟ ਲਈ ਹਸਪਤਾਲ ਲਿਆਂਦੇ ਸਿਡਨੀ ਤੋਂ ਪਰਤੇ ਪੰਜਾਬੀ ਨੌਜਵਾਨ ਨੇ ਕੀਤੀ ਖੁਦਕੁਸ਼ੀ

ਕੋਰੋਨਾ ਟੈਸਟ ਲਈ ਹਸਪਤਾਲ ਲਿਆਂਦੇ ਸਿਡਨੀ ਤੋਂ ਪਰਤੇ ਪੰਜਾਬੀ ਨੌਜਵਾਨ ਨੇ ਕੀਤੀ ਖੁਦਕੁਸ਼ੀ

ਨਵੀਂ ਦਿੱਲੀ: ਅਸਟ੍ਰੇਲੀਆ ਸਟੱਡੀ ਵੀਜ਼ਾ 'ਤੇ ਗਏ ਹੋਏ ਬਲਾਚੌਰ ਦੇ ਨੌਜਵਾਨ ਨੂੰ ਜਦੋਂ ਬੀਤੀ ਕੱਲ੍ਹ ਦਿੱਲੀ ਹਵਾਈ ਅੱਡੇ 'ਤੇ ਉਤਰਨ ਮਗਰੋਂ ਕੋਰੋਨਾਵਾਇਰਸ ਦੀ ਜਾਂਚ ਲਈ ਦਿੱਲੀ ਦੇ ਸਫਦਰਜੰਗ ਹਸਪਤਾਲ ਲਿਜਾਇਆ ਗਿਆ ਤਾਂ ਇਸ ਨੌਜਵਾਨ ਵੱਲੋਂ ਹਸਪਤਾਲ ਦੀ ਸੱਤਵੀਂ ਮੰਜ਼ਿਲ ਤੋਂ ਭੇਦਭਰੇ ਹਾਲਾਤਾਂ 'ਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। 

23 ਸਾਲਾਂ ਦਾ ਤਨਵੀਰ ਸਿੰਘ ਬਲਾਚੌਰ ਨਾਲ ਸਬੰਧਿਤ ਦੱਸਿਆ ਜਾ ਰਿਹਾ ਹੈ। ਉਹ ਸਿਡਨੀ ਤੋਂ ਏਅਰ ਇੰਡੀਆ ਦੇ ਜਹਾਜ਼ ਰਾਹੀਂ ਦਿੱਲੀ ਪਹੁੰਚਿਆ ਸੀ। ਅਖਬਾਰੀ ਰਿਪੋਰਟਾਂ ਮੁਤਾਬਕ ਉਸ ਦੇ ਸਿਰ ਵਿਚ ਦਰਦ ਦੀ ਸ਼ਿਕਾਇਤ ਹੋਣ ਕਰਕੇ ਉਸਨੂੰ ਕੋਰੋਨਾਵਾਇਰਸ ਦੇ ਟੈਸਟ ਲਈ ਦਿੱਲੀ ਦੇ ਸਫਦਰਜੰਗ ਹਸਪਤਾਲ ਲਿਜਾਇਆ ਗਿਆ ਸੀ। 

ਉਹ ਰਾਤ ਦੇ 9 ਵਜੇ ਸਫਦਰਜੰਗ ਹਸਪਤਾਲ ਪਹੁੰਚਿਆ ਤੇ ਉਸਨੂੰ ਜਾਂਚ ਵਾਸਤੇ ਦਾਖਲ ਕਰਨ ਹਿੱਤ ਹਸਪਤਾਲ ਦੀ ਸੱਤਵੀਂ ਮੰਜ਼ਿਲ 'ਤੇ ਲਿਜਾਇਆ ਗਿਆ। ਡਾਕਟਰਾਂ ਦਾ ਕਹਿਣਾ ਹੈ ਕਿ ਜਦੋਂ ਉਹ ਉਸਦੇ ਕਮਰੇ ਵਿਚ ਪਹੁੰਚੇ ਤਾਂ ਉਹ ਉੱਥੇ ਨਹੀਂ ਸੀ। ਹਸਪਤਾਲ ਤੋਂ ਨਿੱਕਲ ਰਹੇ ਇਕ ਡਾਕਟਰ ਨੇ 9.15 ਵਜੇ ਉਸਦੀ ਦੇਹ ਫਰਸ਼ 'ਤੇ ਪਈ ਦੇਖੀ। ਉਸ ਸਮੇਂ ਤੱਕ ਤਨਵੀਰ ਸਿੰਘ ਦੀ ਮੌਤ ਹੋ ਚੁੱਕੀ ਸੀ।