ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਦੇ ਭਰਾ ਨੂੰ ਟਿਕਟ ਦੇਣ ਖਿਲਾਫ ਪ੍ਰਦਰਸ਼ਨ

ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਦੇ ਭਰਾ ਨੂੰ ਟਿਕਟ ਦੇਣ ਖਿਲਾਫ ਪ੍ਰਦਰਸ਼ਨ

ਨਵੀਂ ਦਿੱਲੀ: ਨਵੰਬਰ 1984 ਸਿੱਖ ਕਤਲੇਆਮ ਦੇ ਦੋਸ਼ੀ ਕਾਂਗਰਸੀ ਆਗੂ ਸੱਜਣ ਕੁਮਾਰ ਦੇ ਭਰਾ ਰਮੇਸ਼ ਕੁਮਾਰ ਨੂੰ 2019 ਦੀਆਂ ਲੋਕ ਸਭਾ ਚੋਣਾਂ ਲਈ ਕਾਂਗਰਸ ਪਾਰਟੀ ਵੱਲੋਂ ਟਿਕਟ ਦੇਣ ਦਾ ਸ਼੍ਰੋਮਣੀ ਅਕਾਲੀ ਦਲ ਵਲੋਂ ਵਿਰੋਧ ਕਰਦਿਆਂ ਕਾਂਗਰਸ ਹੈੱਡਕੁਆਰਟਰ ਅੱਗੇ ਰੋਸ ਮੁਜ਼ਾਹਰਾ ਕਰਕੇ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਤੇ ਸੱਜਣ ਕੁਮਾਰ ਦੇ ਪੁਤਲੇ ਫੂਕੇ ਗਏ। 

 

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ ਦੀ ਸੂਬਾਈ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਚੁੱਕੇ ਮਨਜੀਤ ਸਿੰਘ ਜੀਕੇ ਦੀ ਅਗਵਾਈ ਹੇਠ ਨਵੰਬਰ 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਨੇ ਕਾਂਗਰਸ ਦੇ ਹੈੱਡਕੁਆਰਟਰ ਅਕਬਰ ਰੋਡ ਵੱਲ ਮਾਰਚ ਕੀਤਾ। ਰੋਸ ਪ੍ਰਦਰਸ਼ਨ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹਰਜੀਤ ਸਿੰਘ ਜੀਕੇ, ਚਮਨ ਸਿੰਘ ਤੇ ਪਰਮਜੀਤ ਸਿੰਘ ਰਾਣਾ ਅਤੇ ਸਾਬਕਾ ਮੈਂਬਰ ਐੱਚਐੱਸ ਧਨੋਆ, ਕੁਲਦੀਪ ਸਿੰਘ ਭੋਗਲ ਸ਼ਾਮਲ ਹੋਏ। 

 

ਸਿੱਖ ਕਤਲੇਆਮ ਦੇ ਪੀੜਤਾਂ ਦੀ ਅਕਬਰ ਰੋਡ ਉੱਪਰ ਤਾਇਨਾਤ ਮਹਿਲਾ ਪੁਲੀਸ ਨਾਲ ਝੜਪ ਵੀ ਹੋਈ ਜਦੋਂ ਪ੍ਰਦਰਸ਼ਨਕਾਰੀਆਂ ਨੂੰ ਹੈੱਡਕੁਆਰਟਰ ਵੱਲ ਜਾਣ ਤੋਂ ਰੋਕ ਦਿੱਤਾ ਗਿਆ। ਦਿੱਲੀ ਪੁਲੀਸ ਨੇ ਕਰੀਬ 30 ਕਾਰਕੁਨਾਂ ਨੂੰ ਹਿਰਾਸਤ ਵਿੱਚ ਲੈ ਕੇ ਮੰਦਰ ਮਾਰਗ ਥਾਣੇ ਲਿਆਂਦਾ ਜਿੱਥੋਂ ਉਨ੍ਹਾਂ ਨੂੰ ਸ਼ਾਮ 4 ਵਜੇ ਦੇ ਕਰੀਬ ਛੱਡ ਦਿੱਤਾ ਗਿਆ। 

 

ਇਸ ਤੋਂ ਪਹਿਲਾਂ ਆਗੂਆਂ ਨੇ ਕਾਂਗਰਸ ਵਿਰੋਧੀ ਨਾਅਰੇਬਾਜ਼ੀ ਕੀਤੀ ਤੇ ਕਿਹਾ ਕਿ ਦੱਖਣੀ ਦਿੱਲੀ ਲੋਕ ਸਭਾ ਹਲਕੇ ਤੋਂ ਸੱਜਣ ਕੁਮਾਰ ਦੇ ਭਰਾ ਨੂੰ ਟਿਕਟ ਦੇਣਾ ਸਿੱਖਾਂ ਦੇ ਕਾਤਲ ਪਰਿਵਾਰ ਨੂੰ ਨਿਵਾਜਣ ਵਾਂਗ ਹੋਵੇਗਾ।
 

ਰੋਸ ਮੁਜ਼ਾਹਰੇ ’ਚ ਸਰਬਜੀਤ ਸਿੰਘ ਸੈਣੀ, ਅਮਰਜੀਤ ਸਿੰਘ ਬਰਾੜ, ਤੇਜਿੰਦਰ ਸਿੰਘ ਜੀਕੇ, ਜਤਿੰਦਰ ਸਿੰਘ ਬੌਬੀ, ਸਿੱਖ ਕਤਲੇਆਮ ਦੇ ਗਵਾਹ ਨਿਰਪ੍ਰੀਤ ਕੌਰ ਤੇ ਜਗਸ਼ੇਰ ਸਿੰਘ ਸਮੇਤ ਨੌਜਵਾਨਾਂ ਨੇ ਸ਼ਿਰਕਤ ਕੀਤੀ।