ਸਰੀ ਦੀਆਂ ਸੜਕਾਂ 'ਤੇ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਵਿੱਚ ਤੁਰਿਆ ਦਸਤਾਰਾਂ, ਚੁੰਨੀਆਂ ਦਾ ਹੜ੍ਹ

ਸਰੀ ਦੀਆਂ ਸੜਕਾਂ 'ਤੇ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਵਿੱਚ ਤੁਰਿਆ ਦਸਤਾਰਾਂ, ਚੁੰਨੀਆਂ ਦਾ ਹੜ੍ਹ

ਸਰੀ: ਕੈਨੇਡਾ ਵਿੱਚ ਸਿੱਖਾਂ ਦੀ ਚੜ੍ਹਦੀਕਲਾ ਦਾ ਪ੍ਰਤੀਕ ਬਣ ਚੁੱਕੇ ਸਰੀ ਨਗਰ ਕੀਰਤਨ ਵਿੱਚ ਇਸ ਵਾਰ ਸੰਗਤ ਦਾ ਰਿਕਾਰਡ ਤੋੜ ਇਕੱਠ ਹੋਇਆ। ਪ੍ਰਾਪਤ ਵੇਰਵਿਆਂ ਮੁਤਾਬਿਕ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਵਿੱਚ 5 ਲੱਖ ਤੋਂ ਵੱਧ ਸੰਗਤਾਂ ਸ਼ਾਮਿਲ ਹੋਈਆਂ। ਸਰੀ ਦੀਆਂ ਸੜਕਾਂ 'ਤੇ ਇੰਝ ਪ੍ਰਤੀਤ ਹੋ ਰਿਹਾ ਸੀ ਜਿਵੇਂ ਖਾਲਸਾਈ ਰੰਗ ਦੀਆਂ ਦਸਤਾਰਾਂ ਚੁੰਨੀਆਂ ਦਾ ਹੜ ਆ ਗਿਆ ਹੋਵੇ। 

ਇਸ ਨਗਰ ਕੀਰਤਨ ਵਿੱਚ ਕੈਨੇਡਾ ਤੋਂ ਇਲਾਵਾ ਅਮਰੀਕਾ, ਇੰਗਲੈਂਡ ਅਤੇ ਹੋਰ ਦੇਸ਼ਾਂ ਤੋਂ ਵੀ ਸੰਗਤਾਂ ਪਹੁੰਚਦੀਆਂ ਹਨ। ਇਸ ਨਗਰ ਕੀਰਤਨ ਵਿੱਚ ਜਿੱਥੇ ਥਾਂ-ਥਾਂ ਸਿੱਖ ਸੰਗਤਾਂ ਵੱਲੋਂ ਸੰਗਤਾਂ ਲਈ ਲੰਗਰ ਲਗਾਏ ਜਾਂਦੇ ਹਨ ਉੱਥੇ ਮੁੱਖ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਤੋਂ ਪਿੱਛੇ ਵੱਡੇ ਟਰਾਲਿਆਂ 'ਤੇ ਸਿੱਖ ਇਤਿਹਾਸ ਨੂੰ ਦਰਸਾਉਂਦੀਆਂ ਅਨੇਕਾਂ ਝਾਕੀਆਂ ਸਜਾਈਆਂ ਜਾਂਦੀਆਂ ਹਨ। ਇਹਨਾਂ ਝਾਕੀਆਂ ਵਿੱਚ ਪੰਜਾਬ ਦੀ ਭਾਰਤ ਤੋਂ ਅਜ਼ਾਦੀ ਲਈ ਜੂਝਦਿਆਂ ਸ਼ਹੀਦ ਹੋਏ ਸਿੱਖ ਜੁਝਾਰੂਆਂ ਦੀਆਂ ਤਸਵੀਰਾਂ ਸਭ ਤੋਂ ਵੱਧ ਖਿੱਚ ਦਾ ਕੇਂਦਰ ਹੁੰਦੀਆਂ ਹਨ। 

ਇਸ ਨਗਰ ਕੀਰਤਨ ਵਿੱਚ ਸਿੱਖ ਸੰਗਤਾਂ ਆਜ਼ਾਦ ਸਿੱਖ ਰਾਜ ਖਾਲਿਸਤਾਨ ਦੇ ਨਿਸ਼ਾਨ ਲਹਿਰਾ ਕੇ ਇਸ ਕੌਮੀ ਨਿਸ਼ਾਨੇ ਪ੍ਰਤੀ ਆਪਣੀ ਦ੍ਰਿੜਤਾ ਦਾ ਸਬੂਤ ਦਿੰਦੀਆਂ ਹਨ। 

ਇਸ ਨਗਰ ਕੀਰਤਨ ਦੇ ਪ੍ਰਬੰਧਕ ਸੇਵਾਦਾਰ ਨੌਜਵਾਨ ਸਿੱਖ ਆਗੂ ਮੋਨਿੰਦਰ ਸਿੰਘ ਨੇ ਕਿਹਾ ਕਿ ਨਗਰ ਕੀਰਤਨ ਵਿੱਚ ਹੋਇਆ ਸੰਗਤਾਂ ਦਾ ਰਿਕਾਰਡ ਤੋੜ ਇਕੱਠ ਇਸ ਉਪਰਾਲੇ ਦੀ ਸਫਲਤਾ ਨੂੰ ਚਿੰਨਤ ਕਰਦਾ ਹੈ ਜੋ ਸਮੁੱਚੇ ਭਾਈਚਾਰੇ ਨੂੰ ਆਪਸ ਵਿੱਚ ਇਕੱਤਰ ਹੋਣ ਦਾ ਕਾਰਜ ਕਰਦਾ ਹੈ। 

ਇਹ ਨਗਰ ਕੀਰਤਨ ਹਰ ਸਾਲ ਖਾਲਸਾ ਸਾਜਨਾ ਦਿਹਾੜੇ ਨੂੰ ਸਮਰਪਿਤ ਸਜਾਇਆ ਜਾਂਦਾ ਹੈ। ਇਸ ਵਰ੍ਹੇ ਬ੍ਰਿਟਿਸ਼ ਕੋਲੰਬੀਆ ਸਟੇਟ ਨੇ ਅਪ੍ਰੈਲ ਮਹੀਨੇ ਨੂੰ ਸਿੱਖ ਵਿਰਾਸਤੀ ਮਹੀਨੇ ਵਜੋਂ ਮਨਾਉਣ ਦਾ ਐਲਾਨ ਵੀ ਕੀਤਾ ਹੈ। 

ਭੰਗੜੇ ਦੀਆਂ ਸਟੇਜਾਂ ਨੂੰ ਸੰਗਤ ਨੇ ਨਕਾਰਿਆ
ਬੀਤੇ ਹਫਤੇ ਵੂਨਕੁਵਰ ਵਿੱਚ ਹੋਏ ਨਗਰ ਕੀਰਤਨ ਦੌਰਾਨ ਕੁਝ ਲੋਕਾਂ ਵੱਲੋਂ ਗੁਰਮਤਿ ਦੇ ਸਿਧਾਂਤ ਉਲਟ ਭੰਗੜੇ ਦੀਆਂ ਸਟੇਜਾਂ ਲਾਈਆਂ ਸੀ ਜਿਸ ਦਾ ਸਿੱਖ ਸੰਗਤ ਵਿੱਚ ਭਾਰੀ ਵਿਰੋਧ ਪਾਇਆ ਜਾ ਰਿਹਾ ਸੀ। ਸਰੀ ਨਗਰ ਕੀਰਤਨ ਵਿੱਚ ਅਜਿਹੀ ਕੋਈ ਵੀ ਸਟੇਜ ਨਹੀਂ ਲੱਗੀ।


ਨਗਰ ਕੀਰਤਨਾਂ ਦੌਰਾਨ ਅਜਿਹੀਆਂ ਭੰਗੜਾ ਸਟੇਜਾਂ ਲਾਉਣ ਖਿਲਾਫ ਸੋਸ਼ਲ ਮੀਡੀਆ ਮੁਹਿੰਮ ਚਲਉਣ ਵਾਲੇ ਗੁਰਪ੍ਰੀਤ ਸਿੰਘ ਸਹੋਤਾ ਨੇ ਤਸੱਲੀ ਪ੍ਰਗਟ ਕਰਦਿਆਂ ਆਪਣੀ ਫੇਸਬੁੱਕ ਆਈ.ਡੀ 'ਤੇ ਲਿਖਿਆ, " ਅਕਾਲ ਪੁਰਖ ਦੀ ਬਖ਼ਸ਼ਿਸ਼, ਸੰਗਤ ਦੇ ਸਹਿਯੋਗ, ਸੇਵਾਦਾਰਾਂ ਦੀ ਸੇਵਾ ਸਦਕਾ ਸਰੀ ਦੀ “ਖਾਲਸਾ ਡੇਅ ਪਰੇਡ” ਨਿਰਵਿਘਨ ਅਤੇ ਬੇਹੱਦ ਸਫਲਤਾ ਸਹਿਤ ਸਮਾਪਤ ਹੋਈ, ਜਿਸ ਲਈ ਸ਼ਾਮਲ ਹੋਏ ਤੇ ਦੂਰ ਬੈਠੇ ਦੁਆਵਾਂ ਦੇ ਰਹੇ ਪ੍ਰਾਣੀ ਵਧਾਈ ਦੇ ਹੱਕਦਾਰ ਹਨ। ਇਕੱਠ ਦੀ ਗਿਣਤੀ ਸਾਢੇ ਪੰਜ ਲੱਖ ਤੋਂ ਛੇ ਲੱਖ ਦੱਸੀ ਗਈ ਹੈ।

ਸਭ ਤੋਂ ਵੱਧ ਧੰਨਵਾਦ ਭੰਗੜਾ-ਗਿੱਧਾ ਕਲੱਬਾਂ ਦਾ ਹੈ, ਜਿਨ੍ਹਾਂ ਬੇਨਤੀ ਕਬੂਲ ਕੀਤੀ। ਦਸਤਾਰਾਂ ਦੀ ਸੇਵਾ ਕੀਤੀ, ਲੰਗਰ ਵਰਤਾਏ ਤੇ ਸਹਿਯੋਗ ਦਿੱਤਾ। ਹੁਣ ਜਦ ਮਰਜ਼ੀ ਕੋਈ ਭੰਗੜਾ-ਗਿੱਧਾ ਸਮਾਗਮ ਰੱਖ ਲਓ, ਦਾਸ ਹਰ ਤਰਾਂ ਦਾ ਸਹਿਯੋਗ ਦੇਵੇਗਾ।

ਤੁਹਾਡੇ ਇਸ ਵਡੱਪਣ ਸਦਕਾ ਨਗਰ ਕੀਰਤਨ ਦੀ ਧਾਰਮਿਕ ਦਿੱਖ ਰੱਖਣ ‘ਚ ਬਹੁਤ ਸੁਧਾਰ ਹੋਇਆ। ਲੋਕਾਂ ਨੂੰ ਕੀਰਤਨ ਸੁਣ ਰਿਹਾ ਸੀ, ਲੋਕ ਇਸ ਸੁਧਾਰ ਸੰਬੰਧੀ ਬੇਹੱਦ ਸ਼ੁਕਰ-ਗੁਜ਼ਾਰ ਸਨ। ਤੁਹਾਡਾ ਤਹਿ ਦਿਲੋਂ ਸ਼ੁਕਰੀਆ।"

ਨੌਜਵਾਨ ਸਿੱਖ ਚਿੰਤਕ ਪ੍ਰਭਸ਼ਰਨਬੀਰ ਸਿੰਘ ਨੇ ਸਰੀ ਨਗਰ ਕੀਰਤਨ ਦੇ ਇਕੱਠ ਬਾਰੇ ਲਿਖਿਆ, "ਪੂੰਜੀਵਾਦ ਦੇ ਗੜ੍ਹ ਅੰਦਰ ਨਿਰਸਵਾਰਥ ਸੇਵਾ ਦਾ ਪਰਚਮ ਬੁਲੰਦ ਕਰਨ ਵਾਲੀ ਕਰਾਮਾਤ ਦਾ ਨਾਂ ਹੈ ਵਿਸਾਖੀ ਦਾ ਨਗਰ ਕੀਰਤਨ। ਇਸ ਕਰਾਮਾਤ ਨੂੰ ਦੇਖ ਕੇ ਲੱਗਦੈ ਕਿ ਆਉਣ ਵਾਲੀ ਸਦੀ ਸਿਖਾਂ ਦੀ ਹੀ ਹੋਵੇਗੀ, ਵੈਰੀ ਭਾਵੇਂ ਲੱਖ ਜੋਰ ਲੈ ਲੈਣ।

ਸੀਬੀਸੀ ਨਿਊਜ਼ ਦੀ ਰਿਪੋਰਟ ਮੁਤਾਬਕ 2014 ਵਿਚ ਸਰੀ ਦੇ ਨਗਰ ਕੀਰਤਨ ਦਾ ਆਰਥਿਕ ਪ੍ਰਭਾਵ 30 ਮਿਲੀਅਨ ਡਾਲਰ ਸੀ। ਮੇਰੇ ਅੰਦਾਜ਼ੇ ਮੁਤਾਬਕ ਹੁਣ ਤਕ ਇਹ 100 ਮਿਲੀਅਨ ਤੋਂ ਵੱਧ ਹੋਣਾ ਚਾਹੀਦਾ ਹੈ। ਇਹ ਅੰਕੜੇ ਦੱਸਦੇ ਹਨ ਕਿ ਸੇਵਾ ਦੇ ਸੰਕਲਪ ਵਿਚ ਪੂੰਜੀਵਾਦ ਦਾ ਬਦਲ ਪਿਆ ਹੈ।"

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ