ਸੋਕੇ ਦੀ ਮਾਰ ਤੇ ਜਾਤ ਦਾ ਸ਼ਰਾਪ: ਉੱਚ ਜਾਤਾਂ ਲਈ ਪਾਣੀ ਦੇ ਟੈਂਕਰ ਨੂੰ ਦਲਿਤ ਹੱਥ ਵੀ ਨਹੀਂ ਲਾ ਸਕਦੇ

ਸੋਕੇ ਦੀ ਮਾਰ ਤੇ ਜਾਤ ਦਾ ਸ਼ਰਾਪ: ਉੱਚ ਜਾਤਾਂ ਲਈ ਪਾਣੀ ਦੇ ਟੈਂਕਰ ਨੂੰ ਦਲਿਤ ਹੱਥ ਵੀ ਨਹੀਂ ਲਾ ਸਕਦੇ

ਬੁੰਦੇਲਖੰਡ: ਉੱਤਰ ਪ੍ਰਦੇਸ਼ ਦੇ ਬੁੰਦੇਲਖੰਡ ਦੇ ਸੋਕੇ ਨਾਲ ਪ੍ਰਭਾਵਿਤ ਖੇਤਰਾਂ ਵਿੱਚ ਜਿੱਥੇ ਖੂਹ ਅਤੇ ਤਲਾਅ ਸੁੱਕ ਗਏ ਹਨ ਤੇ ਇਸ ਸਾਲ ਮੀਂਹ ਦੀ ਘਾਟ ਕਾਰਨ ਹਾਲਤ ਹੋਰ ਵੀ ਬਦਤਰ ਹੋ ਗਏ ਹਨ। ਪਰ ਇਸ ਬਿਪਤਾ ਦੇ ਸਮੇਂ ਵਿੱਚ ਹਿੰਦੂ ਸਮਾਜ ਦੇ ਗੈਰ ਮਨੁੱਖੀ ਜਾਤ-ਪਾਤੀ ਵਿਧਾਨ ਨੇ ਹਾਲਤ ਹੋਰ ਮਾੜੇ ਕਰ ਦਿੱਤੇ ਹਨ। 

ਪਾਣੀ ਦੀ ਘਾਟ ਪੂਰੀ ਕਰਨ ਲਈ ਉੱਚ ਜਾਤੀ ਦੀ ਵਸੋਂ ਵਾਲੇ ਖੇਤਰਾਂ ਵਿੱਚ ਪਾਣੀ ਦੇ ਟੈਂਕਰ ਭੇਜੇ ਜਾ ਰਹੇ ਹਨ ਪਰ ਰਾਸਤੇ ਵਿੱਚ ਪੈਂਦੀਆਂ ਦਲਿਤ ਬਸਤੀਆਂ ਦੇ ਲੋਕਾਂ ਲਈ ਇਹ ਪਾਣੀ ਪੀਣਾ ਤਾਂ ਦੂਰ ਦੀ ਗੱਲ ਉਹ ਇਹਨਾਂ ਟੈਂਕਰਾਂ ਨੂੰ ਹੱਥ ਤਕ ਨਹੀਂ ਲਾ ਸਕਦੇ।

ਤੰੜੂਰਾ ਪਿੰਡ ਦੀ ਰਿਤੂ ਕੁਮਾਰੀ ਨੇ ਕਿਹਾ, "ਜੇਕਰ ਉਹਨਾਂ ਨੂੰ (ਉੱਚ ਜਾਤੀ) ਸਾਡੇ 'ਤੇ ਕਦੇ ਤਰਸ ਆ ਜਾਵੇ ਤਾਂ ਉਹ ਸਾਨੂੰ ਇੱਕ ਘੜਾ ਪਾਣੀ ਦਾ ਦੇ ਦਿੰਦੇ ਹਨ।"

ਇਹਨਾਂ ਪਿੰਡਾਂ ਵਿੱਚ ਦਲਿਤਾਂ ਨੂੰ ਪਾਣੀ ਲਿਆਉਣ ਲਈ 7-8 ਕਿਲੋਮੀਟਰ ਦੂਰ ਜਾਣਾ ਪੈਂਦਾ ਹੈ ਤੇ ਉੱਥੇ ਵੀ ਪਾਣੀ ਦੀ ਇੱਕ ਬਾਲਟੀ ਹੀ ਨਸੀਬ ਹੁੰਦੀ ਹੈ ਕਿਉਂਕਿ ਨਲਕਿਆਂ ਵਿਚ ਪਾਣੀ ਸੁੱਕ ਗਿਆ ਹੈ। ਉੱਚ ਜਾਤੀ ਵਸੋਂ ਦੇ ਇਲਾਕਿਆਂ ਵਿੱਚ ਜਿਹੜੇ ਖੂਹਾਂ ਵਿੱਚ ਪਾਣੀ ਹੈ ਉੱਥੇ ਦਲਿਤਾਂ ਨੂੰ ਪਾਣੀ ਤੋਂ ਦੂਰ ਰੱਖਣ ਲਈ ਲੱਠਮਾਰ ਤੈਨਾਤ ਕੀਤੇ ਗਏ ਹਨ।

ਸਰਕਾਰੀ ਟੈਂਕਰਾਂ ਰਾਹੀਂ ਪਾਣੀ ਸਿਰਫ ਉੱਚ ਜਾਤੀ ਵਸੋਂ ਦੇ ਇਲਾਕਿਆਂ ਨੂੰ ਦਿੱਤਾ ਜਾ ਰਿਹਾ ਹੈ, ਜਿਨ੍ਹਾਂ ਦੀ ਸਿਆਸੀ ਪਹੁੰਚ ਹੈ।