ਪੰਜਾਬ ਵਿਚੋਂ 9 ਲੱਖ ਦੇ ਕਰੀਬ ਪ੍ਰਵਾਸੀਆਂ ਨੂੰ ਤੋਰਨ ਲਈ ਕੈਪਟਨ ਨੇ ਰੇਲ ਗੱਡੀਆਂ ਮੰਗੀਆਂ

ਪੰਜਾਬ ਵਿਚੋਂ 9 ਲੱਖ ਦੇ ਕਰੀਬ ਪ੍ਰਵਾਸੀਆਂ ਨੂੰ ਤੋਰਨ ਲਈ ਕੈਪਟਨ ਨੇ ਰੇਲ ਗੱਡੀਆਂ ਮੰਗੀਆਂ

ਅੰਮ੍ਰਿਤਸਰ ਟਾਈਮਜ਼ ਬਿਊਰੋ
ਕੋਰੋਨਾਵਾਇਰਸ ਦੇ ਚਲਦਿਆਂ ਬਣੇ ਹਾਲਾਤਾਂ 'ਚ ਪੰਜਾਬ ਅੰਦਰ ਪ੍ਰਵਾਸੀਆਂ ਦੀ ਗਿਣਤੀ ਦਾ ਇਕ ਸਹੀ ਅੰਦਾਜ਼ਾ ਸਾਹਮਣੇ ਆਇਆ ਹੈ। ਪੰਜਾਬ ਸਰਕਾਰ ਵੱਲੋਂ ਪ੍ਰਵਾਸੀਆਂ ਲਈ ਬਣਾਏ ਗਏ ਪੋਰਟਲ 'ਤੇ ਆਪਣੇ ਘਰਾਂ ਨੂੰ ਜਾਣ ਦੇ ਚਾਹਵਾਨ ਸਾਢੇ 9 ਲੱਖ ਦੇ ਕਰੀਬ ਪ੍ਰਵਾਸੀਆਂ ਨੇ ਨਾਮ ਦਰਜ ਕਰਾਏ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖ ਕੇ ਇਹਨਾਂ ਪ੍ਰਵਾਸੀ ਮਜ਼ਦੂਰਾਂ ਨੂੰ ਉਹਨਾਂ ਦੇ ਘਰ ਭੇਜਣ ਦੇ ਪ੍ਰਬੰਧਾਂ ਵਾਸਤੇ ਖਾਸ ਰੇਲ ਗੱਡੀਆਂ ਚਲਾਉਣ ਦੀ ਬੇਨਤੀ ਕੀਤੀ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਅਮਿਤ ਸ਼ਾਹ ਨੂੰ ਬੇਨਤੀ ਕੀਤੀ ਹੈ ਕਿ 5 ਮਈ ਤੋਂ ਅਗਲੇ 10-15 ਦਿਨਾਂ ਦੌਰਾਨ ਇਹਨਾਂ ਪ੍ਰਵਾਸੀਆਂ ਨੂੰ ਪੰਜਾਬ ਤੋਂ ਲਿਜਾਣ ਲਈ ਕੁੱਝ ਖਾਸ ਰੇਲ ਗੱਡੀਆਂ ਚਲਾਈਆਂ ਜਾਣ। ਸਰਕਾਰੀ ਪੋਰਟਲ ਦੇ ਅੰਕੜਿਆਂ ਮੁਤਾਬਕ ਹੁਣ ਤਕ 8 ਲੱਖ 30 ਹਜ਼ਾਰ 590 ਪ੍ਰਵਾਸੀ ਆਪਣੇ ਨਾਂ ਦਰਜ ਕਰਾ ਚੁੱਕੇ ਹਨ। 

ਜ਼ਿਕਰਯੋਗ ਹੈ ਕਿ ਪੰਜਾਬ ਵਿਚ ਬੇਰੁਜ਼ਗਾਰੀ ਦੀ ਵੱਡੀ ਸਮੱਸਿਆ ਹੈ ਅਤੇ ਹਮੇਸ਼ਾ ਹੀ ਪੰਜਾਬ ਅੰਦਰ ਨਿਜੀ ਕਾਰੋਬਾਰੀ ਅਦਾਰਿਆਂ ਵਿਚ ਪੰਜਾਬੀਆਂ ਨੂੰ ਰਾਖਵਾਂ ਕੋਟਾ ਦੇਣ ਦੀ ਮੰਗ ਕੀਤੀ ਜਾਂਦੀ ਰਹੀ ਹੈ। ਪਰ ਇਸ ਮੰਗ ਨੂੰ ਕਿਸੇ ਵੀ ਸਰਕਾਰ ਨੇ ਪੂਰਾ ਨਹੀਂ ਕੀਤਾ। ਹੁਣ ਜਦੋਂ ਕੋਰੋਨਾਵਾਇਰਸ ਦੇ ਚਲਦਿਆਂ ਪੰਜਾਬ ਵਿਚ ਰੁਜ਼ਗਾਰ ਕਰਦੇ ਪ੍ਰਵਾਸੀ ਮਜ਼ਦੂਰਾਂ ਦੇ ਅੰਕੜੇ ਸਾਹਮਣੇ ਆਏ ਹਨ ਤਾਂ ਇਹ ਅਵਾਜ਼ ਫੇਰ ਜੋਰ ਫੜ੍ਹਨ ਲੱਗੀ ਹੈ ਕਿ ਸਰਕਾਰ ਪੰਜਾਬ ਵਿਚ ਪੰਜਾਬੀਆਂ ਨੂੰ ਰੁਜ਼ਗਾਰ ਦੀ ਪਹਿਲ ਲਈ ਨਿਯਮ ਬਣਾਵੇ। 

ਕਿੰਨ੍ਹੇ ਪ੍ਰਵਾਸੀ ਕਿਸ ਸੂਬੇ ਤੋਂ
ਪੰਜਾਬ ਵਿਚੋਂ ਜਾਣ ਲਈ ਸਭ ਤੋਂ ਵੱਧ ਉੱਤਰ ਪ੍ਰਦੇਸ਼ ਨਾਲ ਸਬੰਧਿਤ ਲੋਕਾਂ ਨੇ ਨਾਂ ਦਰਜ ਕਰਵਾਏ ਹਨ। ਸਰਕਾਰੀ ਵੈੱਬਸਾਈਟ ਦੇ ਅੰਕੜਿਆਂ ਮੁਤਾਬਕ 4 ਲੱਖ 40 ਹਜ਼ਾਰ 641 ਲੋਕ ਉੱਤਰ ਪ੍ਰਦੇਸ਼, 3 ਲੱਖ 5 ਹਜ਼ਾਰ ਲੋਕ ਬਿਹਾਰ ਵਾਪਸ ਜਾਣਾ ਚਾਹੁੰਦੇ ਹਨ। ਇਸ ਤੋਂ ਇਲਾਵਾ ਆਂਧਰਾ ਪ੍ਰਦੇਸ਼ 945, ਅਰੁਣਾਚਲ ਪ੍ਰਦੇਸ਼ 290, ਅਸਾਮ 672, ਛੱਤੀਸਗੜ੍ਹ 3336, ਦਾਦਰਾ ਐਂਡ ਨਗਰ ਹਵੇਲੀ 15, ਦਮਨ ਦਿਊ 2, ਦਿੱਲੀ 2499, ਗੋਆ 11, ਗੁਜਰਾਤ 710, ਹਰਿਆਣਾ 3105, ਹਿਮਾਚਲ 5644, ਜੰਮੂ ਕਸ਼ਮੀਰ 6770, ਝਾਰਖੰਡ 13937, ਕਰਨਾਟਕਾ 181, ਕੇਰਲਾ 782, ਲੱਦਾਖ 493, ਮੱਧ ਪ੍ਰਦੇਸ਼ 12924, ਮਹਾਰਾਸ਼ਟਰ 1923, ਮਨੀਪੁਰ 498, ਮੇਘਾਲਿਆ 56, ਮਿਜ਼ੋਰਮ 126, ਨਾਗਾਲੈਂਡ 104, ਓਡੀਸਾ 748, ਪੋਂਡਿਚਰੀ 15, ਰਾਜਸਥਾਨ 4786, ਸਿੱਕਮ 53, ਤਾਮਿਲ ਨਾਡੂ 327, ਤੇਲੰਗਾਨਾ 457, ਤ੍ਰਿਪੁਰਾ 163, ਉਤਰਾਖੰਡ 7956, ਪੱਛਮੀ ਬੰਗਾਲ 14300 ਲੋਕ ਸ਼ਾਮਲ ਹਨ। 

ਕਿਸ ਜ਼ਿਲ੍ਹੇ ਵਿਚ ਕਿੰਨ੍ਹੇ ਪ੍ਰਵਾਸੀ
ਇਸ ਸੂਚੀ ਮੁਤਾਬਕ ਸਭ ਤੋਂ ਵੱਧ ਪ੍ਰਵਾਸੀ ਲੁਧਿਆਣਾ ਜ਼ਿਲ੍ਹੇ ਵਿਚ ਹਨ। ਲੁਧਿਆਣਾ ਜ਼ਿਲ੍ਹੇ ਵਿਚ 4 ਲੱਖ 66 ਹਜ਼ਾਰ 395 ਪ੍ਰਵਾਸੀਆਂ ਨੇ ਨਾਂ ਦਰਜ ਕਰਾਏ ਹਨ। ਇਸ ਤੋਂ ਬਾਅਦ ਜਲੰਧਰ ਵਿਚ 91608, ਐਸ.ਏ.ਐਸ ਨਗਰ ਵਿਚ 66340, ਅੰਮ੍ਰਿਤਸਰ ਵਿਚ 47021 ਅਤੇ ਪਟਿਆਲਾ ਵਿਚ 28840 ਲੋਕਾਂ ਨੇ ਨਾਂ ਦਰਜ ਕਰਾਏ ਹਨ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।