ਕੈਲੀਫੋਰਨੀਆ ਤੇ ਨਾਲ ਲੱਗਦੇ ਰਾਜਾਂ ਵਿਚ ਅੱਗ ਨੇ ਮਚਾਈ ਭਾਰੀ ਤਬਾਹੀ, 26 ਮੌਤਾਂ

ਕੈਲੀਫੋਰਨੀਆ ਤੇ ਨਾਲ ਲੱਗਦੇ ਰਾਜਾਂ ਵਿਚ ਅੱਗ ਨੇ ਮਚਾਈ ਭਾਰੀ ਤਬਾਹੀ, 26 ਮੌਤਾਂ
ਕੈਲੀਫੋਰਨੀਆ ਵਿਚ ਲੱਗੀ ਅੱਗ ਨਾਲ ਸੜ ਰਿਹਾ ਜੰਗਲ

ਕੈਲੀਫੋਰਨੀਆ, (ਹੁਸਨ ਲੜੋਆ ਬੰਗਾ): ਕੈਲੀਫੋਰਨੀਆ ਸਮੇਤ ਇਕ ਦਰਜ਼ਨ ਤੋਂ ਵਧ ਅਮਰੀਕਾ ਦੇ ਪੱਛਮੀ ਰਾਜਾਂ ਵਿਚ ਲੱਗੀ ਅੱਗ ਨੇ ਭਾਰੀ ਤਬਾਹੀ ਮਚਾਈ ਹੈ। ਅੱਗ ਨੂੰ ਬੁਝਾਉਣ ਦੇ ਕੀਤੇ ਯਤਨ ਬੌਣੇ ਸਾਬਤ ਹੋ ਰਹੇ ਹਨ ਤੇ ਅੱਗ ਨਵੇਂ ਖੇਤਰਾਂ ਨੂੰ ਆਪਣੀ ਲਪੇਟ ਵਿਚ ਲੈ ਰਹੀ ਹੈ। ਹੁਣ ਤੱਕ ਹਜਾਰਾਂ ਘਰ ਸੜਕੇ ਸਵਾਹ ਹੋ ਚੁੱਕੇ ਹਨ ਤੇ 26 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਕੱਲੇ ਕੈਲੀਫੋਰਨੀਆ ਵਿਚ 20 ਵਿਅਕਤੀ ਅੱਗ ਦੀ ਲਪੇਟ ਵਿਚ ਆ ਕੇ ਮਾਰੇ ਜਾ ਚੁੱਕੇ ਹਨ।

ਓਰਗੋਨ ਵਿਚ 5 ਤੇ ਵਾਸ਼ਿੰਗਟਨ ਵਿਚ 1 ਵਿਅਕਤੀ ਦੀ ਮੌਤ ਹੋਈ ਹੈ। ਓਰਗੋਨ ਵਿਚ 5 ਲੱਖ ਤੋਂ ਵਧ ਲੋਕਾਂ ਨੂੰ ਘਰ ਖਾਲੀ ਕਰ ਦੇਣ ਲਈ ਆਦੇਸ਼ ਦਿੱਤੇ ਗਏ ਹਨ। ਨੈਸ਼ਨਲ ਇੰਟਰਾਜੈਂਸੀ ਫਾਇਰ ਸੈਂਟਰ ਅਨੁਸਾਰ ਤਕਰੀਬਨ 42 ਥਾਵਾਂ ਉਪਰ ਲੱਗੀ ਵੱਡੀ ਪੱਧਰ ਉਪਰ ਅੱਗ ਕਾਰਨ ਇਥੇ ਰਹਿੰਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਲਈ ਕਿਹਾ ਗਿਆ ਹੈ।


ਹੋਈ ਤਬਾਹੀ ਦਾ ਦ੍ਰਿਸ਼

ਹਵਾ ਕਾਰਨ ਅੱਗ ਫੈਲ ਰਹੀ ਹੈ। ਅਲਾਸਕਾ, ਐਰੀਜ਼ੋਨਾ, ਕੋਲੋਰਾਡੋ, ਇਦਾਹੋ, ਮੋਨਟਾਨਾ, ਨੇਵਾਡਾ, ਨਿਊ ਮੈਕਸੀਕੋ, ਟੈਕਸਸ, ਉਟਾਹ ਤੇ ਵਾਇਓਮਿੰਗ ਵਿਚ ਵੀ ਅੱਗ ਤਬਾਹੀ ਮਚਾ ਰਹੀ ਹੈ। ਕੈਲੀਫੋਰਨੀਆ ਅੱਗ ਵਿਭਾਗ ਦੇ ਬੁਲਾਰੇ ਰਿਕ ਕਾਰਹਰਟ ਨੇ ਕਿਹਾ ਹੈ ਕਿ ਅੱਗ ਦੀਆਂ ਉੱਚੀਆਂ ਲਪਟਾਂ ਬਹੁਤ ਦੂਰ ਤੋਂ ਵੇਖੀਆਂ ਜਾ ਸਕਦੀਆਂ ਹਨ। ਇਸ ਦੇ ਰਸਤੇ ਵਿਚ ਜੋ ਵੀ ਕੁੱਝ ਆ ਰਿਹਾ ਹੈ ਉਸ ਨੂੰ ਤਬਾਹ ਕਰ ਰਹੀ ਹੈ।