ਦੋਹਾ ਵਿਖੇ ਅਫਗਾਨ ਸਰਕਾਰ ਅਤੇ ਤਾਲਿਬਾਨ ਦਰਮਿਆਨ ਇਤਿਹਾਸਕ ਬੈਠਕ ਦੀ ਸ਼ੁਰੂਆਤ ਹੋਈ

ਦੋਹਾ ਵਿਖੇ ਅਫਗਾਨ ਸਰਕਾਰ ਅਤੇ ਤਾਲਿਬਾਨ ਦਰਮਿਆਨ ਇਤਿਹਾਸਕ ਬੈਠਕ ਦੀ ਸ਼ੁਰੂਆਤ ਹੋਈ

ਅੰਮ੍ਰਿਤਸਰ ਟਾਈਮਜ਼ ਬਿਊਰੋ
ਦੋ ਦਹਾਕਿਆਂ ਦੀ ਲੰਬੀ ਜੰਗ ਤੋਂ ਬਾਅਦ ਅਮਰੀਕਾ ਅਤੇ ਤਾਲਿਬਾਨ ਦਰਮਿਆਨ ਹੋਈ ਸੰਧੀ ਮਗਰੋਂ ਹੁਣ ਅਫਗਾਨਿਸਤਾਨ ਵਿਚ ਨਵੇਂ ਰਾਜਨੀਤਕ ਪ੍ਰਬੰਧ ਲਈ ਕਤਰ ਦੀ ਰਾਜਧਾਨੀ ਦੋਹਾ ਵਿਚ ਅੱਜ ਤਾਲਿਬਾਨ ਅਤੇ ਅਫਗਾਨਿਸਤਾਨ ਸਰਕਾਰ ਦੇ ਨੁਮਾਂਇੰਦਿਆਂ ਦਰਮਿਆਨ ਅਹਿਮ ਬੈਠਕ ਸ਼ੁਰੂ ਹੋ ਗਈ ਹੈ। 

ਦੋਹਾ ਦੇ ਇਕ ਹੋਟਲ ਵਿਚ ਹੋ ਰਹੀ ਇਸ ਬੈਠਕ ਦੇ ਸ਼ੁਰੂਆਤੀ ਭਾਗ ਵਿਚ ਅਫਗਾਨਿਸਤਾਨ ਸਰਕਾਰ ਦੇ ਨੁਮਾਂਇੰਦੇ ਅਬਦੁੱਲ੍ਹਾ ਅਬਦੁੱਲ੍ਹਾ, ਤਾਲਿਬਾਨ ਦੇ ਨੁਮਾਂਇੰਦੇ ਮੁੱਲ੍ਹਾ ਅਬਦੁਲ ਘਨੀ ਬਰਦਾਰ ਅਤੇ ਅਮਰੀਕਾ ਦੇ ਨੁਮਾਂਇੰਦੇ ਸੈਕਰੇਟਰੀ ਆਫ ਸਟੇਟ ਮਾਈਕ ਪੋਂਪੀਓ ਦਾ ਸੰਬੋਧਨ ਰੱਖਿਆ ਗਿਆ। 

ਦੋਵੇਂ ਧਿਰਾਂ ਦੇ ਨੁਮਾਂਇੰਦਿਆਂ ਵਿਚਾਲੇ ਆਪਸੀ ਸਮਝੌਤੇ ਲਈ ਸਿੱਧਮ ਸਿੱਧੀ ਗੱਲਬਾਤ ਸੋਮਵਾਰ ਨੂੰ ਹੋਵਗੀ। 

ਅੱਜ ਸੰਬੋਧਨ ਵਿਚ ਅਬਦੁੱਲ੍ਹਾ ਨੇ ਕਿਹਾ ਕਿ ਅਫਗਾਨ ਸਰਕਾਰ ਇਕ ਸਤਿਕਾਰਤ ਅਤੇ ਸਦੀਵੀ ਸ਼ਾਂਤੀ ਵਾਲਾ ਸਮਝੌਤਾ ਚਾਹੁੰਦੀ ਹੈ। ਉਹਨਾਂ ਕਿਹਾ, "ਮੈਂ ਮੰਨਦਾ ਹਾਂ ਕਿ ਜੇ ਅਸੀਂ ਇਕ ਦੂਜੇ ਦਾ ਹੱਥ ਫੜ੍ਹ ਕੇ ਇਮਾਨਦਾਰੀ ਨਾਲ ਸ਼ਾਂਤੀ ਲਈ ਕੰਮ ਕਰੀਏ ਤਾਂ ਦੇਸ਼ ਵਿਚ ਚੱਲ ਰਹੀ ਬਿਪਤਾ ਖਤਮ ਹੋ ਜਾਵੇਗੀ।"

ਤਾਲਿਬਾਨ ਦੇ ਨੁਮਾਂਇੰਦੇ ਬਰਦਾਰ ਨੇ ਕਿਹਾ ਕਿ ਤਾਲਿਬਾਨ ਚਾਹੁੰਦਾ ਹੈ ਕਿ ਦੇਸ਼ ਵਿਚ ਇਸਲਾਮੀ ਰਾਜ ਸਥਾਪਤ ਕੀਤਾ ਜਾਵੇ। ਉਹਨਾਂ ਕਿਹਾ, "ਮੈਂ ਚਾਹੁੰਦਾ ਹਾਂ ਕਿ ਸਭ ਲੋਕ ਸਮਝੌਤੇ ਦੌਰਾਨ ਇਸਲਾਮ ਨੂੰ ਕੇਂਦਰ ਵਿਚ ਰੱਖਣ ਅਤੇ ਆਪਣੇ ਨਿਜੀ ਮੁਫਾਦਾਂ ਲਈ ਇਸਲਾਮ ਦੀ ਕੁਰਬਾਨੀ ਨਾ ਦੇਣ।"

ਅਮਰੀਕੀ ਨੁਮਾਂਇੰਦੇ ਪੋਂਪੀਓ ਨੇ ਕਿਹਾ ਕਿ ਅਫਗਾਨਿਸਤਾਨ ਦੇ ਭਵਿੱਖਤ ਰਾਜਨੀਤਕ ਪ੍ਰਬੰਧ ਦਾ ਫੈਂਸਲਾ ਕਰਨ ਦਾ ਹੱਕ ਅਫਗਾਨਾਂ ਕੋਲ ਹੈ ਅਤੇ ਉਹਨਾਂ ਦੋਵਾਂ ਧਿਰਾਂ ਨੂੰ ਇਸ ਮੌਕੇ ਨੂੰ ਸ਼ਾਂਤੀ ਬਹਾਲੀ ਲਈ ਵਰਤਣ ਦੀ ਸਲਾਹ ਦਿੱਤੀ। 

ਉਹਨਾਂ ਕਿਹਾ, "ਤੁਸੀਂ ਸਭ, ਮੈਂ ਆਸ ਕਰਦਾਂ ਹਾਂ ਕਿ ਆਪਣੇ ਦਿਲਾਂ ਵਿਚ ਝਾਤ ਮਾਰੋਗੇ; ਤੁਹਾਡੇ 'ਤੇ ਬਹੁਤ ਵੱਡੀ ਜਿੰਮੇਵਾਰੀ ਹੈ, ਪਰ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਇਕੱਲੇ ਨਹੀਂ ਹੋ। ਸਾਰੀ ਦੁਨੀਆ ਚਾਹੁੰਦੀ ਹੈ ਕਿ ਤੁਸੀਂ ਕਾਮਯਾਬ ਹੋਵੋ ਅਤੇ ਤੁਹਾਡੀ ਕਾਮਯਾਬੀ ਦੀ ਆਸ ਲਾਈ ਬੈਠੀ ਹੈ।"

ਇਸ ਬੈਠਕ ਦੀ ਸ਼ੁਰੂਆਤ ਕਰਦਿਆਂ ਕਤਰ ਦੇ ਵਿਦੇਸ਼ ਮੰਤਰੀ ਸ਼ੇਖ ਮੋਹੱਮਦ ਬਿਨ ਅਬਦੁਲਰਹਿਮਾਨ ਅਲ ਥਾਨੀ ਨੇ ਕਿਹਾ ਕਿ ਦੋਵਾਂ ਧਿਰਾਂ ਨੂੰ ਸਾਰੀਆਂ ਵੰਡੀਆਂ ਛੱਡ ਕੇ ਇਕ ਸਾਂਝੇ ਫੈਂਸਲੇ 'ਤੇ ਪਹੁੰਚਣਾ ਚਾਹੀਦਾ ਹੈ ਜਿੱਥੇ ਕੋਈ ਜੇਤੂ ਜਾਂ ਹਾਰਿਆ ਹੋਇਆ ਨਾ ਹੋਵੇ।