ਤਬਲੀਗੀ ਜਮਾਤ ਮੁਖੀ ਦੀ ਵਾਇਰਲ ਆਡੀਓ ਦਾ ਸੱਚ ਸਾਹਮਣੇ ਲਿਆਉਣ ਵਾਲੀ ਸਰਕਾਰੀ ਰਿਪੋਰਟ ਗਾਇਬ ਕੀਤੀ

ਤਬਲੀਗੀ ਜਮਾਤ ਮੁਖੀ ਦੀ ਵਾਇਰਲ ਆਡੀਓ ਦਾ ਸੱਚ ਸਾਹਮਣੇ ਲਿਆਉਣ ਵਾਲੀ ਸਰਕਾਰੀ ਰਿਪੋਰਟ ਗਾਇਬ ਕੀਤੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਭਾਰਤ ਵਿਚ ਘੱਟਗਿਣਤੀਆਂ ਸਬੰਧੀ ਝੂਠੀਆਂ ਖਬਰਾਂ ਨਾਲ ਨਫਰਤ ਫੈਲਾਉਣ ਦਾ ਮਾਮਲਾ ਉਲਝਦਾ ਜਾ ਰਿਹਾ ਹੈ। ਬੀਤੇ ਦਿਨੀਂ ਕੋਰੋਨਾਵਾਇਰਸ ਦੇ ਨਾਂ 'ਤੇ ਬਦਨਾਮ ਕੀਤੀ ਗਈ ਇਸਲਾਮਕ ਸੰਸਥਾ ਤਬਲੀਗੀ ਜਮਾਤ ਦੇ ਮੁਖੀ ਮੌਲਾਨਾ ਸਾਦ ਕੰਧਾਲਵੀ ਦੀ ਵਾਇਰਲ ਆਡੀਓ ਸਬੰਧੀ ਨਵੇਂ ਖੁਲਾਸੇ ਹੋਏ ਹਨ। ਭਾਰਤ ਦੇ ਗ੍ਰਹਿ ਮੰਤਰਾਲੇ ਅਧੀਨ ਕੰਮ ਕਰਦੇ ਪੁਲਿਸ ਖੋਜ ਅਦਾਰੇ 'ਬਿਊਰੋ ਆਫ ਪੁਲਿਸ ਰਿਸਰਚ ਐਂਡ ਡਵੈਲਪਮੈਂਟ' (ਬੀਪੀਆਰ-ਡੀ) ਵੱਲੋਂ 'ਝੂਠੀਆਂ ਖਬਰਾਂ ਦੀ ਨਿਸ਼ਾਨਦੇਹੀ ਕਰਕੇ ਫੈਲਾਅ ਰੋਕਣ' ਬਾਰੇ ਜਾਰੀ ਕੀਤੀ ਰਿਪੋਰਟ ਵਿਚ ਇਹ ਕਿਹਾ ਗਿਆ ਸੀ ਕਿ ਤਬਲੀਗੀ ਜਮਾਤ ਮੁਖੀ ਦੀ ਜਮਾਤੀਆਂ ਨੂੰ ਸੋਸ਼ਲ ਡਿਸਟੈਂਸਿੰਗ ਨਾ ਮੰਨਣ ਦੀ ਨਸੀਹਤ ਦਿੰਦੀ ਵਾਇਰਲ ਆਡੀਓ ਫੇਕ ਹੈ। ਸ਼ਨੀਵਾਰ ਨੂੰ ਅਦਾਰੇ ਦੀ ਵੈੱਬਸਾਈਟ 'ਤੇ ਪ੍ਰਕਾਸ਼ਤ ਕੀਤੀ ਗਈ ਇਸ ਰਿਪੋਰਟ ਨੂੰ ਐਤਵਾਰ ਵਾਲੇ ਦਿਨ ਹਟਾ ਦਿੱਤਾ ਗਿਆ। 

ਦੱਸ ਦਈਏ ਕਿ ਇਸ ਵਾਇਰਲ ਵੀਡੀਓ ਦੇ ਅਧਾਰ 'ਤੇ ਹੀ ਤਬਲੀਗੀ ਜਮਾਤ ਮੁਖੀ ਮੌਲਾਨਾ ਸਾਦ ਕੰਧਾਲਵੀ ਖਿਲਾਫ ਅਪਰਾਧਕ ਮਾਮਲੇ ਦਰਜ ਕੀਤੇ ਗਏ ਹਨ। ਇੰਡੀਅਨ ਐਕਸਪ੍ਰੈਸ ਅਖਬਾਰ ਨਾਲ ਗੱਲ ਕਰਦਿਆਂ ਪੁਲਿਸ ਖੋਜ ਤੇ ਵਿਕਾਸ ਅਦਾਰੇ ਦੇ ਬੁਲਾਰੇ ਜਤਿੰਦਰ ਯਾਦਵ ਨੇ ਕਿਹਾ ਕਿ ਰਿਪੋਰਟ ਵਿਚ ਕੁੱਝ ਚੀਜਾਂ ਦਰੁਸਤ ਕਰਨ ਵਾਲੀਆਂ ਹਨ, ਜਿਸ ਮਗਰੋਂ ਰਿਪੋਰਟ ਨੂੰ ਦੁਬਾਰਾ ਪ੍ਰਕਾਸ਼ਤ ਕੀਤਾ ਜਾਵੇਗਾ। 

ਇੰਡੀਅਨ ਐਕਸਪ੍ਰੈਸ ਵਿਚ ਹੀ ਸ਼ਨੀਵਾਰ ਨੂੰ ਇਹ ਖਬਰ ਛਪੀ ਸੀ ਕਿ ਦਿੱਲੀ ਪੁਲਸ ਕਰਾਈਮ ਬਰਾਂਚ ਦੀ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਤਬਲੀਗੀ ਜਮਾਤ ਮੁਖੀ ਖਿਲਾਫ ਦਰਜ ਮਾਮਲੇ ਵਿਚ ਅਧਾਰ ਬਣਾਈ ਗਈ ਆਡੀਓ ਕਲਿਪ, ਕਿਸੇ ਸਾਜਿਸ਼ ਅਧੀਨ ਵੱਖ-ਵੱਖ ਸਮੇਂ ਕਹੀਆਂ ਗੱਲਾਂ ਨੂੰ ਆਪਸ ਵਿਚ ਜੋੜ ਕੇ ਬਣਾਈ ਗਈ ਹੈ। ਮਤਲਬ ਕਿ ਤਬਲੀਗੀ ਜਮਾਤ ਮੁਖੀ ਖਿਲਾਫ ਦਰਜ ਮਾਮਲੇ ਦਾ ਮੁੱਖ ਅਧਾਰ ਹੀ ਝੂਠਾ ਸਾਬਤ ਹੋ ਰਿਹਾ ਸੀ। ਇਸ ਖਬਰ 'ਤੇ ਪ੍ਰਤੀਕਰਮ ਦਿੰਦਿਆਂ ਦਿੱਲੀ ਪੁਲਸ ਨੇ ਇਸ ਖਬਰ ਨੂੰ ਗਲਤ ਦੱਸਿਆ ਸੀ। 

ਓਧਰ ਪੁਲਸ ਖੋਜ ਤੇ ਵਿਕਾਸ ਅਦਾਰੇ ਦੀ ਰਿਪੋਰਟ ਦੇ ਪੰਨਾਂ ਨੰ. 10 'ਤੇ "ਫੇਕ ਨਿਊਜ਼ ਐਂਡ ਡਿਸਇਨਫੋਰਮੇਸ਼ਨ ਵੈਕਟਰਸ" ਅਧੀਨ ਤਬਲੀਗੀ ਜਮਾਤ ਮੁਖੀ ਦੀ ਆਡੀਓ ਕਲਿਪ ਦਾ ਜ਼ਿਕਰ ਕੀਤਾ ਗਿਆ ਸੀ। 

ਇਸ ਰਿਪੋਰਟ ਵਿਚ ਘੱਟਗਿਣਤੀਆਂ ਖਿਲਾਫ ਨਫਰਤ ਫੈਲ਼ਾਉਣ ਲਈ ਵਰਤੀਆਂ ਗਈਆਂ ਹੋਰ 'ਝੂਠੀਆਂ ਖਬਰਾਂ' ਦਾ ਵੀ ਜ਼ਿਕਰ ਸੀ ਜਿਹਨਾਂ ਵਿਚ ਪਲੇਟਾਂ, ਚਮਚਿਆਂ ਆਦਿ ਨੂੰ ਥੁੱਕ ਲਾਉਣ ਵਾਲੀਆਂ ਵੀਡੀਓ ਵੀ ਸ਼ਾਮਲ ਹਨ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।