ਕੈਪਟਨ ਕੰਵਲਜੀਤ ਸਿੰਘ ਦੀ ਸ਼ੱਕੀ ਮੌਤ ਦਾ ਮਾਮਲਾ ਬਣਿਆ ਚੌਣ ਮਸਲਾ

ਕੈਪਟਨ ਕੰਵਲਜੀਤ ਸਿੰਘ ਦੀ ਸ਼ੱਕੀ ਮੌਤ ਦਾ ਮਾਮਲਾ ਬਣਿਆ ਚੌਣ ਮਸਲਾ
ਕੈਪਟਨ ਕੰਵਲਜੀਤ ਸਿੰਘ ਅਤੇ ਪ੍ਰਕਾਸ਼ ਸਿੰਘ ਬਾਦਲ ਦੀ ਇੱਕ ਪੁਰਾਣੀ ਤਸਵੀਰ

ਪਟਿਆਲਾ: ਲੋਕ ਸਭਾ ਚੋਣਾਂ ਵਿੱਚ ਜਿੱਥੇ ਸਾਰੇ ਸਿਆਸੀ ਆਗੂਆਂ ਦਾ ਜੋਰ ਇੱਕ ਦੂਜੇ ਦੀ ਲਾਹ ਪਾਹ ਕਰਨ 'ਤੇ ਲੱਗੇ ਹਨ ਉੱਥੇ ਪਟਿਆਲਾ ਤੋਂ ਉਮੀਦਵਾਰ ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ ਨੇ ਕਿਹਾ ਹੈ ਕਿ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਕੈਪਟਨ ਕੰਵਲਜੀਤ ਸਿੰਘ ਦੀ ਸ਼ੱਕੀ ਹਾਲਤਾਂ ਵਿਚ ਹੋਈ ਮੌਤ ਬਾਰੇ ਲੋਕਾਂ ਮਨਾਂ ਵਿਚ ਅੱਜ ਵੀ ਸ਼ੰਕੇ ਹਨ। ਇਸ ਲਈ ਉਹ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਨ ਕਿ ਕੈਪਟਨ ਕੰਵਲਜੀਤ ਸਿੰਘ ਦੀ ਹੋਈ ਮੌਤ ਬਾਰੇ ਜੋ ਜਾਂਚ ਕੀਤੀ ਗਈ ਸੀ ਉਹ ਨਸ਼ਰ ਕੀਤੀ ਜਾਵੇ।

ਡਾ. ਗਾਂਧੀ ਨੇ ਕਿਹਾ ਕਿ ਕੈਪਟਨ ਕੰਵਲਜੀਤ ਸਿੰਘ ਦੀ ਮੌਤ ਸਮੇਂ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ, ਆਪਣੇ ਹੀ ਮੰਤਰੀ ਦੀ ਹੋਈ ਮੌਤ ਸਬੰਧੀ ਤਤਕਾਲੀ ਪੰਜਾਬ ਸਰਕਾਰ ਵੱਲੋਂ ਕਥਿਤ ਸਹੀ ਜਾਂਚ ਨਹੀਂ ਕਰਾਈ ਗਈ। ਇਸ ਕਰਕੇ ਉਸ ਸਮੇਂ ਦੀ ਅਕਾਲੀ ਸਰਕਾਰ ’ਤੇ ਵੀ ਸਵਾਲੀਆ ਚਿੰਨ੍ਹ ਲੱਗਦਾ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੋਲ ਅੱਜ ਵੀ ਇਸ ਸਬੰਧੀ ਰਿਪੋਰਟ ਪਈ ਹੋਵੇਗੀ। ਉਹ ਰਿਪੋਰਟ ਨਸ਼ਰ ਕੀਤੀ ਜਾਵੇ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਆਖ਼ਿਰ ਉਨ੍ਹਾਂ ਦੇ ਮਹਿਬੂਬ ਨੇਤਾ ਦੀ ਮੌਤ ਕਿਵੇਂ ਹੋਈ ਹੋਵੇਗੀ।

ਡਾ. ਗਾਂਧੀ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਮੌਤ ਦੀ ਨਿਆਂਇਕ ਜਾਂਚ ਕਰਾਈ ਜਾਵੇ। ਉਨ੍ਹਾਂ ਕਿਹਾ ਕਿ ਜੇ ਉਹ ਜਿੱਤ ਕੇ ਪਾਰਲੀਮੈਂਟ ਵਿਚ ਮੁੜ ਜਾਂਦੇ ਹਨ ਤਾਂ ਉਹ ਇਸ ਸਬੰਧੀ ਉੱਚ ਪੱਧਰੀ ਜਾਂਚ ਵੀ ਕਰਾਉਣਗੇ।