ਸਿੱਖ ਨੌਜਵਾਨਾਂ 'ਤੇ ਝੂਠੇ ਕੇਸ ਦਰਜ ਕਰ ਰਹੇ ਹਨ ਕੈਪਟਨ ਅਮਰਿੰਦਰ ਅਤੇ ਡੀਜੀਪੀ ਗੁਪਤਾ: ਬਿਕਰਮ ਮਜੀਠੀਆ

ਸਿੱਖ ਨੌਜਵਾਨਾਂ 'ਤੇ ਝੂਠੇ ਕੇਸ ਦਰਜ ਕਰ ਰਹੇ ਹਨ ਕੈਪਟਨ ਅਮਰਿੰਦਰ ਅਤੇ ਡੀਜੀਪੀ ਗੁਪਤਾ: ਬਿਕਰਮ ਮਜੀਠੀਆ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਮੋਜੂਦਾ ਕਾਂਗਰਸ ਸਰਕਾਰ 'ਤੇ ਗੰਭੀਰ ਦੋਸ਼ ਲਾਇਆ ਹੈ ਕਿ ਸਰਕਾਰ ਵੱਲੋਂ ਸਿੱਖ ਨੌਜਵਾਨਾਂ ’ਤੇ ਝੂਠੇ ਕੇਸ ਦਰਜ ਕੀਤੇ ਜਾ ਰਹੇ ਹਨ। ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਇਸ ਦੀ ਨਿੰਦਾ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸੂਬੇ ਦੇ ਪੁਲੀਸ ਮੁਖੀ ਦਿਨਕਰ ਗੁਪਤਾ ਦੀ ਨਿਖੇਧੀ ਕੀਤੀ ਹੈ। 

ਇਕ ਬਿਆਨ ਵਿਚ ਮਜੀਠੀਆ ਨੇ ਕਿਹਾ ਕਿ ਇਸ ਗੱਲ ਦੀਆਂ ਵਿਆਪਕ ਰਿਪੋਰਟਾਂ ਮਿਲ ਰਹੀਆਂ ਹਨ ਕਿ ਕਾਂਗਰਸ ਸਰਕਾਰ ਸਿੱਖ ਨੌਜਵਾਨਾਂ ਨੂੰ ਸਿਰਫ ਉਨ੍ਹਾਂ ਦੇ ਸੋਸ਼ਲ ਮੀਡਆ ਪੇਜ ਵੇਖ ਕੇ ਹੀ ਨਿਸ਼ਾਨਾ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨਹੀਂ ਹੋਣ ਦੇਣਗੇ।

ਮਜੀਠੀਆ ਨੇ ਕਿਹਾ ਕਿ ਹਾਲ ਹੀ ਵਿਚ ਉਨ੍ਹਾਂ ਦੇ ਹਲਕੇ ਦਾ ਇਕ ਕੇਸ ਸਾਹਮਣੇ ਆਇਆ ਹੈ, ਜਿਸ ਵਿਚ ਇਕ 16 ਸਾਲਾ ਨੌਜਵਾਨ ਜਸਪ੍ਰੀਤ ਸਿੰਘ ਗ੍ਰਿਫਤਾਰ ਕੀਤਾ ਗਿਆ ਤੇ ਉਸ ਨੂੰ 14 ਦਿਨਾਂ ਲਈ ਪਟਿਆਲਾ ਜੇਲ੍ਹ ਵਿਚ ਰੱਖਿਆ ਗਿਆ। ਉਨ੍ਹਾਂ ਕਿਹਾ ਕਿ ਇਹ ਨੌਜਵਾਨ, ਜੋ ਕਾਰ ਚਲਾਉਣ ਦੇ ਵੀ ਸਮਰੱਥ ਨਹੀਂ, ਦੇ ਖ਼ਿਲਾਫ਼ ਅਤਿਵਾਦੀ ਗਤੀਵਿਧੀਆਂ ਵਿਚ ਸ਼ਾਮਲ ਹੋਣ ਦਾ ਕੇਸ ਦਰਜ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੂੰ ਕਿਸੇ ਵੀ ਨੌਜਵਾਨ ਖ਼ਿਲਾਫ਼ ਕਾਰਵਾਈ ਕਰਨ ਤੋਂ ਪਹਿਲਾਂ ਸਾਰੀ ਸੱਚਾਈ ਜਾਣ ਲੈਣੀ ਚਾਹੀਦੀ ਹੈ ਤੇ ਛੋਟੇ ਛੋਟੇ ਦੋਸ਼ਾਂ ਲਈ ਨੌਜਵਾਨਾਂ ਖ਼ਿਲਾਫ਼ ਦੇਸ਼ਧਰੋਹ ਵਰਗੇ ਕੇਸ ਦਰਜ ਨਹੀਂ ਕਰਨੇ ਚਾਹੀਦੇ। 

ਉਨ੍ਹਾਂ ਐਲਾਨ ਕੀਤਾ ਕਿ ਉਨ੍ਹਾਂ ਦੀ ਪਾਰਟੀ ਦੇਸ਼ ਵਿਰੋਧੀ ਸਰਗਰਮੀਆਂ ਦੀ ਆੜ ਵਿਚ ਫਸਾਏ ਗਏ ਸਿੱਖ ਨੌਜਵਾਨਾਂ ਦੇ ਕੇਸ ਲੜੇਗੀ। 

ਬਿਕਰਮ ਸਿੰਘ ਮਜੀਠੀਆ ਨੇ ਆਪਣੇ ਫੇਸਬੁੱਕ ਖਾਤੇ 'ਤੇ ਪੀੜਤ ਨੌਜਵਾਨ ਅਤੇ ਉਸਦੇ ਪਿਤਾ ਦੇ ਬਿਆਨ ਦੀ ਵੀਡੀਓ ਸਾਂਝੀ ਕਰਦਿਆਂ ਲਿਖਿਆ, "ਸਿੱਖ ਨੌਜਵਾਨਾਂ 'ਤੇ ਘਿਨਾਉਣੇ ਤੇ ਗ਼ੈਰਸਿਧਾਂਤਕ ਮਾਮਲੇ ਦਰਜ ਕਰਨ ਲਈ, ਅਸੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਰਾਜ ਦੇ ਪੁਲਿਸ ਮੁਖੀ ਦਿਨਕਰ ਗੁਪਤਾ ਦੀ ਸਖ਼ਤ ਨਿੰਦਿਆ ਕਰਦੇ ਹਾਂ। ਅਜਿਹਾ ਵਹਿਸ਼ੀ ਵਰਤਾਅ ਨੌਜਵਾਨਾਂ ਦੇ ਸੰਵੇਦਨਸ਼ੀਲ ਮਨਾਂ ਨੂੰ ਭਾਰੀ ਠੇਸ ਪਹੁੰਚਾਏਗਾ ਅਤੇ ਇਹ ਵਤੀਰਾ ਸ਼ਾਂਤੀ ਅਤੇ ਸਮਾਜਿਕ ਸਦਭਾਵਨਾ ਨੂੰ ਬਣਾਏ ਰੱਖਣ ਲਈ ਬਿਲਕੁਲ ਅਨੁਕੂਲ ਨਹੀਂ ਹੈ। ਕਾਂਗਰਸ ਸਰਕਾਰ ਨੂੰ ਨੌਜਵਾਨਾਂ 'ਤੇ ਸਧਾਰਨ ਅਪਰਾਧਾਂ ਲਈ ਤਬਾਹਕੁੰਨ ਮਾਮਲੇ ਨਹੀਂ ਦਰਜ ਕਰਨੇ ਚਾਹੀਦੇ। ਸ਼੍ਰੋਮਣੀ ਅਕਾਲੀ ਦਲ ਕਿਸੇ ਨੂੰ ਵੀ ਨਾਗਰਿਕਾਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਦੀ ਆਗਿਆ ਨਹੀਂ ਦੇਵੇਗਾ ਅਤੇ ਅਜਿਹੇ ਸਾਰੇ ਮਾਮਲਿਆਂ ਖਿਲਾਫ਼ ਡਟ ਕੇ ਲੜੇਗਾ।"

ਜ਼ਿਕਰਯੋਗ ਹੈ ਕਿ ਜਸਪ੍ਰੀਤ ਸਿੰਘ ਨੂੰ ਕਾਲੇ ਕਾਨੂੰਨ ਵਜੋਂ ਜਾਣੇ ਜਾਂਦੇ ਯੂਏਪੀਏ ਅਧੀਨ ਗ੍ਰਿਫਤਾਰ ਕਰਕੇ 16 ਦਿਨ ਹਿਰਾਸਤ ਵਿਚ ਰੱਖਣ ਮਗਰੋਂ ਛੱਡ ਦਿੱਤਾ ਗਿਆ ਸੀ। ਇਸ ਨੌਜਵਾਨ ਦੀ ਰਿਹਾਈ ਲਈ ਉਸ ਸਮੇਂ ਸਭ ਤੋਂ ਪਹਿਲੀ ਅਵਾਜ਼ ਭੁਲੱਥ ਤੋਂ ਐਮਐਲਏ ਸੁਖਪਾਲ ਸਿੰਘ ਖਹਿਰਾ ਵੱਲੋਂ ਚੁੱਕੀ ਗਈ ਸੀ।