ਆਉਂਦੇ 30 ਸਾਲਾਂ ਨੂੰ ਬਰਸਾਤੀ ਨਾਲੇ ਬਣ ਜਾਣਗੇ ਪੰਜਾਬ ਦੇ ਦਰਿਆ (ਕਿਸ਼ਤ-1)

ਆਉਂਦੇ 30 ਸਾਲਾਂ ਨੂੰ ਬਰਸਾਤੀ ਨਾਲੇ ਬਣ ਜਾਣਗੇ ਪੰਜਾਬ ਦੇ ਦਰਿਆ (ਕਿਸ਼ਤ-1)
ਸਤਲੁੱਜ ਦਰਿਆ 'ਤੇ ਪੈ ਰਹੀਆਂ ਢਲਦੇ ਸੂਰਜ ਦੀਆਂ ਕਿਰਨਾਂ (ਤਸਵੀਰ: ਸੁਖਵਿੰਦਰ ਸਿੰਘ)

ਸੁਖਵਿੰਦਰ ਸਿੰਘ
ਪੰਜਾਬ ਦਾ ਜੀਵਨ ਇਸਦੇ ਦਰਿਆਵਾਂ ਦੇ ਦੁਆਲੇ ਘੁੰਮਦਾ ਹੈ। ਮੈਂ ਇੱਥੇ ਵੰਡੇ ਪੰਜਾਬ ਦੀ ਨਹੀਂ, ਸਾਂਝੇ ਪੰਜਾਬ ਦੀ ਗੱਲ ਕਰ ਰਿਹਾ ਹਾਂ। ਕਿਉਂਕਿ ਮਸਲਾ ਪੰਜਾਬ ਦੇ ਜੀਵਨ ਦਾ ਹੈ, ਆਓ ਕੁੱਝ ਸਮਾਂ ਆਪਣੇ ਵਿਚਾਲੇ ਲੱਗੀ ਕੰਡਿਆਲੀ ਤਾਰ ਨੂੰ ਵਿਸਾਰ ਦਈਏ ਤੇ ਦਰਿਆਵਾਂ ਦੀ ਸੈਰ 'ਤੇ ਚੱਲੀਏ। ਜੇ ਇਸ ਸੈਰ 'ਤੇ ਨਾ ਗਏ ਤਾਂ ਸ਼ਾਇਦ ਆਉਂਦੇ 30 ਸਾਲਾਂ ਨੂੰ ਨਾ ਇਹ ਦਰਿਆ ਰਹਿਣ ਅਤੇ ਨਾ ਪੰਜਾਬ ਅਬਾਦ ਰਹੇ।

ਸਿੰਧ ਦਰਿਆ
ਸਿੰਧ ਦਰਿਆ ਨੂੰ ਪੰਜਾਬ ਦੀ ਕੁਦਰਤੀ ਹੱਦ ਮੰਨਿਆ ਜਾਂਦਾ ਹੈ। ਚੜ੍ਹਦੇ ਵੱਲ ਸਿੰਧ ਦਰਿਆ ਦੇ ਪੰਜ ਮੁੱਖ ਸਾਥੀ ਦਰਿਆ ਹਨ- ਸਤਲੁੱਜ, ਬਿਆਸ, ਰਾਵੀ, ਝਨਾਬ ਅਤੇ ਜਿਹਲਮ। ਇਹ ਪੰਜੇ ਦਰਿਆ ਸਿੰਧ ਦਰਿਆ ਦੇ ਅਰਬ ਸਾਗਰ ਵਿਚ ਮਿਲਣ ਤੋਂ ਪਹਿਲਾਂ ਇਸ ਵਿਚ ਆਣ ਮਿਲਦੇ ਹਨ। ਇਸੇ ਤਰ੍ਹਾਂ ਸਿੰਧ ਦਰਿਆ ਦੇ ਲਹਿੰਦੇ ਪਾਸਿਓਂ ਸ਼ਿਓਕ, ਗਿਲਗਿਟ, ਕਾਬੁਲ, ਗੋਮਲ ਅਤੇ ਕੁਰਮ ਦਰਿਆ ਸਿੰਧ ਵਿਚ ਮਿਲਦੇ ਹਨ। ਇਹਨਾਂ ਸਾਰੇ ਦਰਿਆਵਾਂ ਦੇ ਪ੍ਰਭਾਵ ਵਾਲੇ ਖਿੱਤੇ ਨੂੰ ਸਿੰਧ ਦਰਿਆ ਦਾ ਖਿੱਤਾ ਕਿਹਾ ਜਾਂਦਾ ਹੈ। ਇਸ ਲਈ ਅਸੀਂ ਜਦੋਂ ਅੱਗੇ ਲਿਖਤ ਵਿਚ ਪੰਜਾਬ ਦੇ ਦਰਿਆਵਾਂ ਦੀ ਗੱਲ ਕਰਾਂਗੇ ਤਾਂ ਸਿੰਧ ਦਰਿਆ ਦੇ ਹਵਾਲੇ ਨਾਲ ਹੀ ਕਰਾਂਗੇ। ਪਰ ਸਮੁੱਚੇ ਪੰਜਾਬ ਦੇ ਪਾਠਕ ਸਿੰਧ ਦਰਿਆ ਤੋਂ ਇਹ ਤਸਲੀਮ ਕਰਨ ਕਿ ਇਹ ਸ਼ਬਦ ਉਹਨਾਂ ਦੇ ਆਪਣੇ ਦਰਿਆ ਨੂੰ ਹੀ ਚਿੰਨਤ ਕਰ ਰਿਹਾ ਹੈ। 

ਸਿੰਧ ਦਰਿਆ ਦੀ ਅਹਿਮੀਅਤ
ਦੁਨੀਆ ਦੇ ਸਭ ਤੋਂ ਵੱਧ ਪ੍ਰਵਾਨਤ ਖੋਜ ਜਰਨਲ 'ਨੇਚਰ' ਵਿਚ ਦੁਨੀਆ ਦੇ ਨਾਮੀਂ 32 ਵਿਗਿਆਨੀਆਂ ਵੱਲੋਂ ਦੁਨੀਆ ਦੇ ਸਾਫ ਪਾਣੀ ਦੇ ਸਰੋਤਾਂ ਦੀ ਅਹਿਮੀਅਤ ਅਤੇ ਦਰਪੇਸ਼ ਖਤਰਿਆਂ ਬਾਰੇ "ਇੰਪੋਰਟੈਂਸ ਐਂਡ ਵਲਨਰੈਬਿਲਟੀ ਆਫ ਦਾ ਵਰਲਡਸ ਵਾਟਰ ਟਾਵਰਸ" ਇਕ ਸਾਂਝਾ ਪਰਚਾ ਛਾਪਿਆ ਗਿਆ ਹੈ। ਇਸ ਖੋਜ ਮੁਤਾਬਕ ਸਿੰਧ ਦਰਿਆ ਨੂੰ ਦੁਨੀਆ ਦਾ ਸਭ ਤੋਂ ਅਹਿਮ ਪਾਣੀ ਦਾ ਸਰੋਤ ਮੰਨਿਆ ਗਿਆ ਹੈ। ਇਸ ਦੇ ਨਾਲ ਹੀ ਵਿਗਿਆਨੀਆਂ ਦੇ ਤੱਥਾਂ ਨੇ ਸਪਸ਼ਟ ਕੀਤਾ ਹੈ ਕਿ ਦੁਨੀਆ ਦਾ ਇਹ ਸਭ ਤੋਂ ਅਹਿਮ ਦਰਿਆ, ਸਭ ਤੋਂ ਵੱਧ ਖਤਰੇ ਵਿਚ ਵੀ ਹੈ। ਪੰਜਾਬ ਦੇ ਲੋਕ ਸਮਝ ਲੈਣ ਕਿ ਜੇ ਸਿੰਧ ਖਤਰੇ ਵਿਚ ਹੈ ਤਾਂ ਪੰਜਾਬ ਖਤਰੇ ਵਿਚ ਹੈ। 

ਕਿਹੋ ਜਿਹਾ ਖਤਰਾ ਦਰਪੇਸ਼ ਹੈ ਸਿੰਧ ਨੂੰ?
ਸਿੰਧ ਦਰਿਆ ਵਿਚ ਵਹਿੰਦੇ ਪਾਣੀ ਦਾ ਮੁੱਖ ਸਰੋਤ ਗਲੇਸ਼ੀਅਰਾਂ ਦੀ ਬਰਫ ਹੈ ਜੋ ਇਸ ਦਰਿਆ ਨੂੰ ਸਦਾ ਬਹਾਰ ਬਹਿੰਦਾ ਰੱਖਣ ਦਾ ਵੀ ਮੁੱਖ ਕਾਰਨ ਬਣਦੀ ਹੈ। ਪ੍ਰਾਪਤ ਅੰਕੜਿਆਂ ਮੁਤਾਬਕ ਸਿੰਧ ਦਰਿਆ ਵਿਚ ਪਾਣੀ ਦਾ 40.6 ਫੀਸਦੀ ਹਿੱਸਾ ਗਲੇਸ਼ੀਅਰਾਂ ਦੀ ਪਿਘਲਦੀ ਬਰਫ ਤੋਂ ਆਉਂਦਾ ਹੈ। ਬਾਕੀ 59.4 ਫੀਸਦੀ ਦੇ ਕਰੀਬ ਹਿੱਸਾ ਤਾਜ਼ਾ ਪਈ ਬਰਫ, ਬਰਸਾਤ ਅਤੇ ਝੀਲਾਂ ਰਾਹੀਂ ਆਉਂਦਾ ਹੈ। 


ਏਸ਼ੀਆ ਦੇ ਗਲੇਸ਼ੀਅਰਾਂ ਦੀ ਹਾਲਤ ਨੂੰ ਬਿਆਨਦੀ ਤਸਵੀਰ (ਸਰੋਤ: www.nationalgeographic.com/magazine)

ਸਿੰਧ ਦਰਿਆ 'ਤੇ ਨਿਰਭਰ ਅਬਾਦੀ ਦੀ ਸਾਲ 2016 ਵਿਚ ਗਿਣਤੀ 235 ਮਿਲੀਅਨ ਮੰਨੀ ਗਈ ਹੈ ਜਿਸ ਬਾਰੇ ਵਿਗਿਆਨੀਆਂ ਦਾ ਅੰਦਾਜ਼ਾ ਹੈ ਕਿ 2050 ਆਉਂਦਿਆਂ ਇਹ ਅਬਾਦੀ 50 ਫੀਸਦੀ ਵਧ ਜਾਵੇਗੀ। ਸਿੰਧ ਦਰਿਆ ਦੇ ਹਿਮਾਲਿਆ ਪਰਬਤਾਂ ਵਿਚ ਸਥਿਤ ਪਾਣੀ ਦੇ ਸਰੋਤਾਂ, ਗਲੇਸ਼ੀਅਰ ਇਲਾਕਿਆਂ ਵਿਚ 2000 ਅਤੇ 2050 ਦੇ ਦਰਮਿਆਨ ਤਾਪਮਾਨ 1.9 ਡਿਗਰੀ ਸੈਲਸੀਅਸ ਵਧਣ ਦਾ ਅੰਦਾਜ਼ਾ ਹੈ, ਜਦਕਿ ਦਰਿਆ ਦੇ ਪੱਧਰੇ ਇਲਾਕੇ ਵਿਚ ਇਹ ਤਾਪਮਾਨ 1.8 ਡਿਗਰੀ ਸੈਲਸੀਅਸ ਵਧਣ ਦਾ ਅੰਦਾਜ਼ਾ ਲਾਇਆ ਗਿਆ ਹੈ। 

ਆਮ ਨਜ਼ਰਾਂ ਨੂੰ ਤਾਪਮਾਨ ਦਾ ਇਹ ਮਾਮੂਲੀ ਜਿਹਾ ਵਾਧਾ ਲਗ ਸਕਦਾ ਹੈ, ਪਰ ਕੁਦਰਤੀ ਮਾਹੌਲ ਦੇ ਬਤੌਰ ਇਹ ਆਉਂਦੇ ਸਾਲਾਂ ਵਿਚ ਪੰਜਾਬ ਅੰਦਰ ਵੱਡੀਆਂ ਆਫਤਾਂ ਦਾ ਕਾਰਨ ਬਣ ਸਕਦਾ ਹੈ। 

ਵਿਗਿਆਨੀਆਂ ਦਾ ਮੰਨਣਾ ਹੈ ਕਿ ਗਲੇਸ਼ੀਅਰਾਂ ਵਿਚ ਤਾਪਮਾਨ ਵਧਣ ਨਾਲ ਦਰਿਆਵਾਂ ਦੇ ਸਰੋਤ ਗਲੇਸ਼ੀਅਰ ਤੇਜ਼ ਗਤੀ ਨਾਲ ਪਿਘਲਣਗੇ ਜਿਸ ਕਰਕੇ ਬੇਲੋੜੇ ਹੜ੍ਹਾਂ ਨਾਲ ਵੱਡੀ ਤਬਾਹੀ ਹੋ ਸਕਦੀ ਹੈ। ਅੰਦਾਜ਼ੇ ਮੁਤਾਬਕ ਆਉਂਦੇ ਕੁੱਝ ਸਾਲਾਂ ਦੌਰਾਨ ਪੰਜਾਬ ਦੇ ਦਰਿਆਵਾਂ ਵਿਚ ਵੱਡੇ ਹੜ੍ਹ ਆਉਣਗੇ ਤੇ 2050 ਤੋਂ ਬਾਅਦ ਇਹ ਦਰਿਆ ਮਹਿਜ਼ ਬਰਸਾਤੀ ਦਰਿਆਵਾਂ ਵਰਗੇ ਬਣ ਜਾਣਗੇ। ਇਹ ਵਰਤਾਰਾ ਪੰਜਾਬ ਨੂੰ ਰੇਗਿਸਤਾਨ ਬਣਨ ਵੱਲ ਧੱਕਣ ਦੀ ਸਮਰੱਥਾ ਰੱਖਦਾ ਹੈ। 

ਚੜ੍ਹਦੇ ਪੰਜਾਬ ਦੀ ਹਾਲਤ ਹੋਰ ਵੀ ਤਰਸਯੋਗ
ਵਿਸ਼ਵ ਪੱਧਰ 'ਤੇ ਵਾਪਰ ਰਹੀਆਂ ਵਾਤਾਵਰਨ ਤਬਦੀਲੀਆਂ ਅੱਜ ਦੁਨੀਆ ਦਾ ਸਭ ਤੋਂ ਭਖਦਾ ਮਸਲਾ ਬਣਿਆ ਹੋਇਆ ਹੈ ਜੋ ਵੱਡੇ ਪੱਧਰ 'ਤੇ ਰਾਜਨੀਤਕ ਫੈਂਸਲਿਆਂ ਨੂੰ ਵੀ ਪ੍ਰਭਾਵਤ ਕਰ ਰਿਹਾ ਹੈ, ਪਰ ਚੜ੍ਹਦੇ ਪੰਜਾਬ ਦੀ ਸਰਕਾਰ ਆਪਣੇ ਦਰਿਆਵਾਂ ਅਤੇ ਜੰਗਲਾਂ ਨੂੰ ਉਜਾੜ ਕੇ ਕਾਰਖਾਨੇ ਲਾਉਣ ਦੇ ਮਤੇ ਪਾਸ ਕਰ ਰਹੀ ਹੈ। ਵਿਸ਼ਵ ਵਾਤਾਵਰਨ ਤਬਦੀਲੀਆਂ ਦੇ ਕਾਰਨ ਹੀ ਹਿਮਾਲਿਆ ਵਿਚ ਸਥਿਤ ਸਿੰਧ ਨਦੀ ਦੇ ਸਰੋਤ ਖਤਰੇ ਵੱਲ ਵਧ ਰਹੇ ਹਨ। ਸਿਆਣਿਆਂ ਦਾ ਮੰਨਣਾ ਹੈ ਕਿ ਜੇਕਰ ਆਉਂਦੇ 30 ਸਾਲਾਂ ਨੂੰ ਪੰਜਾਬ ਦੇ ਦਰਿਆ ਬਰਸਾਤੀ ਦਰਿਆ ਬਣ ਜਾਣਗੇ ਤਾਂ ਅਜਿਹੇ ਵਿਚ ਪੰਜਾਬ ਲਈ ਕੁਦਰਤ ਵੱਲੋਂ ਜ਼ਮੀਨੀ ਪਾਣੀ ਦੀ ਵੱਡੀ ਸੌਗਾਤ ਦਿੱਤੀ ਗਈ ਸੀ ਜੋ ਪੰਜਾਬ ਨੂੰ ਆਉਂਦੀਆਂ ਕਈ ਸਦੀਆਂ ਤਕ ਅਬਾਦ ਰੱਖ ਸਕਦੀ ਸੀ, ਤੇ ਇਸ ਸਮੇਂ ਦੌਰਾਨ ਮੁੜ ਫੇਰ ਪੰਜਾਬ ਦੇ ਦਰਿਆਵਾਂ ਦੇ ਸਰੋਤ ਆਪਣਾ ਮੂਲ ਰੂਪ ਧਾਰਨ ਕਰ ਸਕਦੇ ਸੀ। ਪਰ ਪੰਜਾਬ ਦੀ ਦੂਰਅੰਦੇਸ਼ ਰਾਜਨੀਤਕ ਅਗਵਾਈ ਦੀ ਘਾਟ ਅਤੇ ਭਾਰਤ ਸਰਕਾਰ ਦੀਆਂ ਪੰਜਾਬ ਵਿਰੋਧੀ ਨੀਤੀਆਂ ਸਦਕਾ ਪੰਜਾਬ ਇਸ ਸੰਕਟ ਦੇ ਆਉਣ ਤੋਂ ਪਹਿਲਾਂ ਹੀ ਆਪਣਾ ਜ਼ਮੀਨ ਹੇਠਲਾ ਬੇਸ਼ਕੀਮਤੀ ਪਾਣੀ ਵੀ ਖਤਮ ਕਰ ਰਿਹਾ ਹੈ।

ਜਿੱਥੇ ਪੰਜਾਬ ਦੇ ਦਰਿਆਈ ਪਾਣੀ ਨੂੰ ਰਾਜਸਥਾਨ ਦੇ ਰੇਤਲੇ ਟਿੱਬਿਆਂ ਹੇਠ ਜਮ੍ਹਾ ਕੀਤਾ ਜਾ ਰਿਹਾ ਹੈ ਅਤੇ ਨਾਲ ਹੀ ਸਰਸਵਤੀ ਵਰਗੀਆਂ ਮਿਥਿਹਾਸਕ ਨਦੀਆਂ ਨੂੰ ਹਰਿਆਣੇ ਵਿਚ ਪ੍ਰਗਟ ਕਰਨ ਲਈ ਜੰਗੀ ਪੱਧਰ 'ਤੇ ਕੰਮ ਉਲੀਕੇ ਗਏ ਹਨ, ਜਿਸ ਵਿਚ ਪੰਜਾਬ ਦੇ ਸਤਲੁੱਜ ਅਤੇ ਬਿਆਸ ਦਰਿਆਵਾਂ ਦਾ ਪਾਣੀ ਪਾਉਣ ਦੀ ਨੀਤੀ ਹੈ, ਉੱਥੇ ਪੰਜਾਬ ਦੇ ਰਾਜਨੀਤਕ ਲੋਕ ਆਪਣੇ ਲੋਕਾਂ ਦੇ ਭਵਿੱਖ ਪ੍ਰਤੀ ਬਿਲਕੁਲ ਵੀ ਫਿਕਰਮੰਦ ਨਹੀਂ ਹਨ। 

(ਨੋਟ: ਪੰਜਾਬ ਦੇ ਦਰਿਆਈ ਭਵਿੱਖ ਬਾਰੇ ਇਹ ਕੁੱਝ ਕਿਸ਼ਤਾਂ ਦੀ ਲੜੀ 'ਅੰਮ੍ਰਿਤਸਰ ਟਾਈਮਜ਼ 'ਤੇ ਛਾਪੀ ਜਾ ਰਹੀ ਹੈ। ਅਗਲੀਆਂ ਕਿਸ਼ਤਾਂ ਪੜ੍ਹਨ ਲਈ 'ਅੰਮ੍ਰਿਤਸਰ ਟਾਈਮਜ਼' ਵੈੱਬਸਾਈਟ ਨੂੰ ਰੋਜ਼ਾਨਾ ਪੜ੍ਹੋ। ਅੰਮ੍ਰਿਤਸਰ ਟਾਈਮਜ਼ ਦੀਆਂ ਖਬਰਾਂ ਆਪਣੇ ਵਟਸਐਪ 'ਤੇ ਹਾਸਲ ਕਰਨ ਲਈ "90413-95718" ਨੰਬਰ 'ਤੇ ਵਟਸਐਪ ਸੁਨੇਹਾ ਭੇਜੋ।)