ਖਾਲਸਾ ਰਾਜ ਦੀ ਜੰਗ-ਏ-ਆਜ਼ਾਦੀ ਦੇ ਪਹਿਲੇ ਸ਼ਹੀਦ ਭਾਈ ਮਹਾਰਾਜ ਸਿੰਘ ਨੌਰੰਗਾਬਾਦ 

ਖਾਲਸਾ ਰਾਜ ਦੀ ਜੰਗ-ਏ-ਆਜ਼ਾਦੀ ਦੇ ਪਹਿਲੇ ਸ਼ਹੀਦ ਭਾਈ ਮਹਾਰਾਜ ਸਿੰਘ ਨੌਰੰਗਾਬਾਦ 

ਦੇਸ਼ ਪੰਜਾਬ ’ਤੇ ਲਗਪਗ 50 ਸਾਲ ਰਾਜ ਕਰਨ ਵਾਲੇ ਮਹਾਰਾਜਾ ਰਣਜੀਤ ਸਿੰਘ ਦੀ ਮੌਤ (1839 ਈ:) ਤੋਂ ਬਾਅਦ ਡੋਗਰਿਆਂ ਨੇ ਅੰਗਰੇਜ਼ਾਂ ਨਾਲ ਮਿਲ ਕੇ ਸ਼ੇਰ-ਏ-ਪੰਜਾਬ ਦੇ ਸਿੱਖ ਸਰਦਾਰਾਂ ਵਿੱਚ ਭਰਾ ਮਾਰੂ ਜੰਗ ਕਰਵਾ ਕੇ ਪੰਜਾਬ ਦੇ ਰਾਜਭਾਗ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ।

ਮਹਾਰਾਜਾ ਰਣਜੀਤ ਸਿੰਘ ਦੇ ਦੁਖੀ ਹੋਏ ਦੋ ਪੁੱਤਰ ਕੰਵਰ ਕਸ਼ਮੀਰਾ ਸਿੰਘ, ਕੰਵਰ ਪਸ਼ੌਰਾ ਸਿੰਘ ਅਤੇ ਹੋਰ ਮੁਖੀ ਸਰਦਾਰ ਤੇ ਸਰਦਾਰਾਂ ਦੇ ਪੁੱਤਰ ਬਾਬਾ ਬੀਰ ਸਿੰਘ ਨੌਰੰਗਾਬਾਦ ਦੀ ਸ਼ਰਨ ’ਚ ਡੇਰਾ ਮੁੱਠਿਆਂਵਾਲੀ ਨੇੜੇ ਹਰੀਕੇ ਪੱਤਣ ਆ ਗਏ ਸਨ। ਬਾਬਾ ਜੀ ਵੱਲੋਂ ਸ਼ਰਨ ਆਇਆਂ ਨੂੰ ਗੱਦਾਰਾਂ ਦੇ ਹਵਾਲੇ ਨਾ ਕਰਨ ’ਤੇ ਗੱਦਾਰਾਂ ਵੱਲੋਂ ਬਹੁਤ ਵੱਡੀ ਫੌਜ ਤੇ ਤੋਪਾਂ ਨਾਲ ਮੁੱਠਿਆਂਵਾਲੀ ਡੇਰੇ ’ਤੇ ਹਮਲਾ ਕਰ ਦਿੱਤਾ ਗਿਆ ਪਰ ਬਾਬਾ ਜੀ ਨੇ ਆਪਣੀਆਂ ਫੌਜਾਂ ਨੂੰ ਸ਼ਾਂਤਮਈ ਰਹਿਣ ਦਾ ਹੁਕਮ ਕੀਤਾ ਹੋਣ ਕਰਕੇ ਵੱਡੀ ਗਿਣਤੀ ’ਚ ਫੌਜਾਂ ਤੇ ਸੰਗਤ ਨੇ ਸਿਮਰਨ ਕਰਦਿਆਂ ਸ਼ਾਤਮਈ ਸ਼ਹੀਦੀਆਂ ਪਾ ਦਿੱਤੀਆਂ। ਇਸ ਹਮਲੇ ਦੌਰਾਨ ਬਾਬਾ ਜੀ ਦੇ ਪੱਟ ’ਤੇ ਵੀ ਤੋਪ ਦਾ ਗੋਲਾ ਵੱਜਾ। ਬਾਬਾ ਜੀ ਨੇ ਆਪਣਾ ਅੰਤਮ ਸਮਾਂ ਨੇੜੇ ਆ ਜਾਣ ਕਰਕੇ ਲੰਗਰ ਦੀ ਸੇਵਾ ਕਮਾ ਰਹੇ ਭਾਈ ਮਹਾਰਾਜ ਸਿੰਘ ਜੀ ਨੂੰ ਕੋਲ ਸੱਦ ਕੇ ਨੌਰੰਗਾਬਾਦ ਡੇਰੇ ਦੀ ਸਾਰੀ ਮਰਿਆਦਾ ਸਮਝਾਉਂਦੇ ਹੋਏ ਸੰਪਰਦਾ ਦੀ ਬਖਸ਼ਿਸ਼ ਭੇਟ ਕਰ ਕੇ 7 ਮਈ 1844 ਈ: ਨੂੰ ਆਪਣਾ ਜਾਨਸ਼ੀਨ ਥਾਪ ਦਿੱਤਾ। ਇਸੇ ਦਿਨ ਹੀ ਬਾਬਾ ਬੀਰ ਸਿੰਘ ਨੌਰੰਗਾਬਾਦ ਜੀ ਆਪਣੇ ਸਰੀਰ ਨੂੰ ਤਿਆਗ ਗਏ।

ਜਦੋਂ ਅੰਗਰੇਜ਼ਾਂ ਨੇ ਪੰਜਾਬ ਵਿਚ ਸਿੱਧਾ ਦਖਲ ਦੇਣਾ ਸ਼ੁਰੂ ਕਰ ਦਿੱਤਾ ਤਾਂ ਭਾਈ ਮਹਾਰਾਜ ਸਿੰਘ ਨੇ ਅੰਗਰੇਜ਼ਾਂ ਵਿਰੁੱਧ ਹਥਿਆਰਬੰਦ ਸੰਘਰਸ਼ ਦਾ ਬਿਗਲ ਵਜਾ ਦਿੱਤਾ। ਮਹਾਰਾਜਾ ਰਣਜੀਤ ਸਿੰਘ ਦੇ ਸਭ ਤੋਂ ਛੋਟੇ ਪੁੱਤਰ ਬਾਲਕ ਕੰਵਰ ਦਲੀਪ ਸਿੰਘ ਨੂੰ ਅੰਗਰੇਜ਼ਾਂ ਦੇ ਕਬਜ਼ੇ ਤੋਂ ਮੁਕਤ ਕਰਵਾਉਣ ਅਤੇ ਮਹਾਰਾਣੀ ਜਿੰਦਾਂ ਨੂੰ ਕੈਦ ’ਚੋਂ ਛੁਡਵਾਉਣ ਲਈ ਜਲੰਧਰ ਨੇੜੇ ਆਦਮਪੁਰ ਵਿੱਚ ਖੇਤਾਂ ਦੀਆਂ ਝਾੜੀਆਂ ’ਚ ਸਾਥੀਆਂ ਨਾਲ ਹਥਿਆਰ ਲੁੱਟਣ ਦੀ ਵਿਉਂਤ ਬਣਾ ਰਹੇ ਭਾਈ ਮਹਾਰਾਜ ਸਿੰਘ ਤੇ 21 ਹੋਰ ਸਾਥੀਆਂ ਨੂੰ ਗੱਦਾਰਾਂ ਨੇ ਸੂਹ ਦੇ ਕੇ ਗ੍ਰਿਫਤਾਰ ਕਰਵਾ ਦਿੱਤਾ। ਕੁੱਝ ਸਮਾਂ ਬਾਅਦ ਭਾਈ ਮਹਾਰਾਜ ਸਿੰਘ ਨੂੰ ਇੱਕ ਨਿੱਜੀ ਸੇਵਕ ਬਾਬਾ ਖੜਕ ਸਿੰਘ ਨਾਲ ਪਹਿਲਾਂ ਕਲਕੱਤੇ ਜੇਲ੍ਹ ’ਚ ਰੱਖਣ ਤੋਂ ਬਾਅਦ ਦੇਸ਼ ਤੋਂ ਜਲਾਵਤਨ ਕਰ ਕੇ 9 ਜੁਲਾਈ 1850 ਈ: ਨੂੰ ‘ਮੁਹੰਮਦ ਸ਼ਾਹ’ ਨਾਮੀ ਸਮੁੰਦਰੀ ਜਹਾਜ਼ ਰਾਹੀਂ ਵਿਦੇਸ਼ ਦੀ ਧਰਤੀ ਸਿੰਗਾਪੁਰ ਲਿਜਾਇਆ ਗਿਆ, ਜਿੱਥੇ ਅੰਗਰੇਜ਼ਾਂ ਦਾ ਰਾਜ ਸੀ।

ਭਾਈ ਮਹਾਰਾਜ ਸਿੰਘ ਨੂੰ ਅੰਗਰੇਜ਼ੀ ਸਰਕਾਰ ਵੱਲੋਂ ਸਿੰਗਾਪੁਰ ਦੀ ਖ਼ਤਰਨਾਕ ਔਟਰਮ ਜੇਲ੍ਹ ਦੀ ਕਾਲ ਕੋਠੜੀ ਵਿੱਚ ਬੰਦੀ ਬਣਾ ਲਿਆ ਗਿਆ। ਉਨ੍ਹਾਂ ਦੀ ਨਿਗਰਾਨੀ ਅਤੇ ਸੇਵਾ ਵਿੱਚ ਸਰਕਾਰੀ ਅਧਿਕਾਰੀਆਂ ਤੋਂ ਇਲਾਵਾ ਉਨ੍ਹਾਂ ਦੇ ਨਾਲ ਆਏ ਨਿੱਜੀ ਸੇਵਕ ਬਾਬਾ ਖੜਕ ਸਿੰਘ ਨੂੰ ਵੀ ਲਾਇਆ ਗਿਆ। ਬਰਤਾਨਵੀ ਸਰਕਾਰ ਨੇ ਭਾਈ ਮਹਾਰਾਜ ਸਿੰਘ ਨੂੰ ਭਾਰਤ ਦੀ ਅਾਜ਼ਾਦੀ ਦਾ ਰਾਹ ਛੱਡ ਦੇਣ ਲਈ ਕਈ ਤਰ੍ਹਾਂ ਦੇ ਲਾਲਚ ਦੇ ਕੇ ਮਨਾਉਣ ਦੀ ਕਸ਼ਿਸ਼ ਕੀਤੀ ਪਰ ਗੁਰੂ ਗੋਬਿੰਦ ਸਿੰਘ ਦੇ ਲਾਡਲੇ ਸੰਤ ਸਿਪਾਹੀ ਨੇ ਦੇਸ਼ ਨਾਲ ਗ਼ੱਦਾਰੀ ਕਰਨ ਵਾਲਾ ਰਾਹ ਨਾ ਚੁਣਿਆ ਅਤੇ ਅੰਗਰੇਜ਼ੀ ਸਰਕਾਰ ਨੂੰ ਨਿਡਰਤਾ ਨਾਲ ਬਚਨ ਕੀਤੇ ਕਿ ਉਨ੍ਹਾਂ ਨੇ ਅੰਗਰੇਜ਼ਾਂ ਨੂੰ ਹਿੰਦੋਸਤਾਨ ਦੀ ਧਰਤੀ ਤੋਂ ਬਾਹਰ ਕੱਢਣ ਦੀ ਕਸਮ ਖਾਧੀ ਹੋਈ ਹੈ। ਭਾਈ ਮਹਾਰਾਜ ਸਿੰਘ ਨੂੰ ਜੇਲ੍ਹ ਦੀ ਕਾਲ ਕੋਠੜੀ ਵਿੱਚ ਬਹੁਤ ਤਸੀਹੇ ਦਿੱਤੇ ਗਏ। ਖਾਣੇ ਵਿਚ ਕੱਚ ਪੀਹ ਕੇ ਪਾ ਦੇਣਾ, ਬਿਨਾਂ ਹਵਾ ਅਤੇ ਚਾਨਣ ਵਾਲੇ ਛੋਟੇ ਜਿਹੇ ਕਮਰੇ ਵਿਚੋਂ ਰੱਖਣਾ, ਕਿਸੇ ਨੂੰ ਮਿਲਣ ਨਾ ਦੇਣਾ, ਨਿੱਜੀ ਸੇਵਕ ਬਾਬਾ ਖੜਕ ਸਿੰਘ ਨੂੰ ਵੱਖ ਕਰ ਦੇਣਾ ਆਦਿ ਵਰਗੇ ਤਸੀਹੇ ਵੀ ਆਜ਼ਾਦੀ ਦੇ ਪਰਵਾਨੇ ਨੂੰ ਡੁਲਾ ਨਾ ਸਕੇ। ਜੇਲ੍ਹ ਵਿੱਚ ਹੀ ਉਨ੍ਹਾਂ ਦੀਆਂ ਅੱਖਾਂ ਦੀ ਜੋਤ ਜਾਂਦੀ ਰਹੀ। ਉਹ ਕੈਂਸਰ ਦੀ ਭਿਆਨਕ ਬਿਮਾਰੀ ਲੱਗ ਜਾਣ ’ਤੇ ਵੀ ਚੜ੍ਹਦੀ ਕਲਾ ਵਿਚ ਰਹਿ ਕੇ ਗੁਰਬਾਣੀ ਦਾ ਪਾਠ ਅਤੇ ਲਗਾਤਾਰ ਸਿਮਰਨ ਕਰ ਕੇ ਗੁਰੂ ਜੀ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਦੇ ਰਹੇ। ਲਗਾਤਾਰ 6 ਸਾਲ ਦਾ ਦੁੱਖਾਂ ਭਰਿਆ ਸਮਾਂ ਜੇਲ੍ਹ ਦੀ ਕਾਲ ਕੋਠੜੀ ਵਿਚ ਬਤੀਤ ਕਰਦੇ ਹੋਏ ਅੰਤ 5 ਜੁਲਾਈ 1856 ਈ. ਨੂੰ ਉਹ ਹਕੂਮਤ ਦੀਆਂ ਚਾਲਾਂ ਨੂੰ ਠੁਕਰਾ ਕੇ ਜੇਲ੍ਹ ਵਿਚ ਸ਼ਹੀਦੀ ਪਾ ਗਏ। ਭਾਈ ਮਹਾਰਾਜ ਸਿੰਘ ਨੂੰ ਭਾਰਤ ਦੀ ਜੰਗ-ਏ-ਆਜ਼ਾਦੀ ਦੇ ਪਹਿਲੇ ਜਲਾਵਤਨੀ ਸ਼ਹੀਦ ਹੋਣ ਦਾ ਮਾਣ ਹਾਸਲ ਹੈ। ਸ਼ਹੀਦੀ ਪਾਉਣ ਵਾਲੇ ਦਿਨ ਤੱਕ ਉਨ੍ਹਾਂ ਦੀ ਉਮਰ 76 ਸਾਲ 5 ਮਹੀਨੇ 22 ਦਿਨ ਸੀ।

ਭਾਈ ਮਹਾਰਾਜ ਸਿੰਘ ਦੀ ਸ਼ਹੀਦੀ ਨੂੰ ਯਾਦ ਰੱਖਣ ਲਈ ਸਿੰਗਾਪੁਰ ਦੇ ਸਿੱਖਾਂ ਨੇ ਸਿਲਟ ਰੋਡ ’ਤੇ ਉਨ੍ਹਾਂ ਦੀ ਯਾਦ ਵਿਚ ਅਲੀਸ਼ਾਨ ਗੁਰਦੁਆਰਾ ਬਣਾਇਆ ਹੋਇਆ ਹੈ। ਜ਼ਿਕਰਯੋਗ ਹੈ ਕਿ ਭਾਈ ਮਹਾਰਾਜ ਸਿੰਘ ਦਾ ਜਨਮ 13 ਜਨਵਰੀ 1780 ਈ: ਨੂੰ ਲੁਧਿਆਣਾ (ਪੰਜਾਬ) ਜ਼ਿਲ੍ਹੇ ਦੇ ਪਿੰਡ ਉੱਚੀ ਰੱਬੋਂ(ਮਲੌਦ) ਵਿੱਚ ਮਾਤਾ ਦਇਆ ਕੌਰ ਤੇ ਪਿਤਾ ਸਰਦਾਰ ਕੇਸਰ ਸਿੰਘ ਦੇ ਘਰ ਹੋਇਆ ਸੀ। ਬਾਬਾ ਬੀਰ ਸਿੰਘ ਨੌਰੰਗਾਬਾਦ (ਤਰਨ ਤਾਰਨ) ਦੀ ਸੰਗਤ ’ਚ ਆ ਕੇ ਉਹ ਲੰਗਰ ਵਰਤਾਉਂਦਿਆਂ ਹਰ ਸੰਗਤ ਨੂੰ ‘ਲਓ ਪ੍ਰਸ਼ਾਦਾ ਮਹਾਰਾਜ ਜੀ’, ‘ਲਓ ਜਲ ਮਹਾਰਾਜ ਜੀ’ ਕਹਿੰਦੇ ਸਨ। ਇਸੇ ਕਰਕੇ ਉਨ੍ਹਾਂ ਦਾ ਨਾਮ ‘ਭਾਈ ਮਹਾਰਾਜ’ ਪੱਕ ਗਿਆ।

 

ਪ੍ਰੋ. ਨਿਰਮਲ ਸਿੰਘ ਰੰਧਾਵਾ