ਨੂੰਹ ਹਰਸਿਮਰਤ ਦੀ ਹਾਰ ਦੇ ਡਰ ਨੇ ਭਰਵਾਏ ਵੱਡੇ ਬਾਦਲ ਤੋਂ ਨਾਜ਼ਮਦਗੀ ਕਾਗਜ਼!

ਨੂੰਹ ਹਰਸਿਮਰਤ ਦੀ ਹਾਰ ਦੇ ਡਰ ਨੇ ਭਰਵਾਏ ਵੱਡੇ ਬਾਦਲ ਤੋਂ ਨਾਜ਼ਮਦਗੀ ਕਾਗਜ਼!

ਬਠਿੰਡਾ: ਪੰਜਾਬ ਵਿੱਚ ਆਪਣੇ ਸਿਆਸੀ ਵੱਕਾਰ ਨੂੰ ਬਚਾਉਣ ਲਈ ਹੱਥ ਪੈਰ ਮਾਰ ਰਹੇ ਬਾਦਲ ਪਰਿਵਾਰ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਇੱਕ ਵੱਡਾ ਪਹਾੜ ਬਣ ਚੁੱਕੀਆਂ ਹਨ। ਅਜਿਹੇ ਵਿੱਚ ਅੱਜ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਬਾਦਲ ਪਰਿਵਾਰ ਦੇ ਵੱਡੇ ਜੀਅ ਪ੍ਰਕਾਸ਼ ਸਿੰਘ ਬਾਦਲ ਵੱਲੋਂ ਬਠਿੰਡਾ ਲੋਕ ਸਭਾ ਸੀਟ ਤੋਂ ਆਪਣੇ ਨਾਮਜ਼ਦਗੀ ਕਾਗਜ਼ ਭਰੇ ਜਾਣ 'ਤੇ ਗੱਲਾਂ ਦਾ ਬਜ਼ਾਰ ਗਰਮ ਹੋ ਗਿਆ ਹੈ। 

ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਭਾਵੇਂ ਕਿ ਬਾਦਲ ਦਲ ਇਸ ਨਾਮਜ਼ਦਗੀ ਨੂੰ ਕੇਂਦਰੀ ਮੰਤਰੀ ਤੇ ਅਕਾਲੀ ਉਮੀਦਵਾਰ ਹਰਸਿਮਰਤ ਬਾਦਲ ਦੇ ਕਵਰਿੰਗ ਕੈਂਡੀਡੇਟ ਵਜੋਂ ਭਰੇ ਕਾਗਜ਼ ਦੱਸ ਰਿਹਾ ਹੈ ਪਰ ਜਿਵੇਂ ਬੀਤੇ ਦਿਨਾਂ ਤੋਂ ਚੋਣ ਪ੍ਰਚਾਰ ਦੌਰਾਨ ਹਰਸਿਮਰਤ ਕੌਰ ਬਾਦਲ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਸ ਦੇ ਚਲਦਿਆਂ ਆਪਣੀ ਸਾਖ ਦੀ ਲੜਾਈ ਲੜ ਰਿਹਾ ਬਾਦਲ ਪਰਿਵਾਰ ਹਰਸਿਮਰਤ ਕੌਰ ਨੂੰ ਚੋਣ ਮੈਦਾਨ ਵਿੱਚੋਂ ਹਟਾ ਕੇ ਪ੍ਰਕਾਸ਼ ਸਿੰਘ ਬਾਦਲ 'ਤੇ ਵੀ ਦਾਅ ਖੇਡ ਸਕਦਾ ਹੈ।

ਸਬੰਧਿਤ ਖ਼ਬਰ: ਹਰਸਿਮਰਤ ਬਾਦਲ ਨੂੰ ਔਖਾ ਹੋਇਆ ਚੋਣ ਪ੍ਰਚਾਰ ਕਰਨਾ; ਪਿੰਡਾਂ ਵਿੱਚ ਸ਼ੁਰੂ ਹੋਇਆ ਵਿਰੋਧ

ਨਾਮਜ਼ਦਗੀ ਕਾਗਜ਼ ਭਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਿੰਡਾਂ ਵਿੱਚ ਅਕਾਲੀ ਦਲ ਦੇ ਵਿਰੋਧ ਦੇ ਸਵਾਲ 'ਤੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਇਹ ਵਿਰੋਧੀ ਪਾਰਟੀਆਂ ਵੱਲੋਂ ਕਰਵਾਇਆ ਦਿਖਾਵਾ ਹੈ। ਇਸ ਦੀ ਪ੍ਰਵਾਹ ਨਾ ਕਰੋ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੀ ਚੋਣ ਪ੍ਰਚਾਰ ਕਰਨ ਪੰਜਾਬ ਜ਼ਰੂਰ ਆਉਣਗੇ।

ਸਬੰਧਿਤ ਖ਼ਬਰ: ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿਚ ਬਾਦਲ ਦਲੀਆਂ ਨੂੰ ਮਿਲੀ "ਕਲੀਨ ਚਿੱਟ" ਦੀਆਂ ਖਬਰਾਂ ਦਾ ਸੱਚ

ਮਨਪ੍ਰੀਤ ਬਾਦਲ ਵੱਲੋਂ ਵੋਟਾਂ ਦੀ ਖਰੀਦੋ-ਫਰੋਖ਼ਤ ਦੇ ਮਾਮਲੇ 'ਚ ਬਾਦਲ ਨੂੰ ਭੀਸ਼ਮ ਪਿਤਾ ਦੱਸਣ 'ਤੇ ਉਨ੍ਹਾਂ ਕਿਹਾ ਕਿ ਮੈਂ ਨਾ ਕਦੇ ਵੋਟਾਂ ਖਰੀਦੀਆਂ ਹਨ ਤੇ ਨਾ ਹੀ ਖਰੀਦਣੀਆਂ ਹਨ, ਉਹ (ਮਨਪ੍ਰੀਤ) ਵੀ ਮੇਰਾ ਬੱਚਾ ਹੈ ਤੇ ਬੱਚਿਆਂ ਦਾ ਗੁੱਸਾ ਨਹੀਂ ਕਰੀਦਾ। ਬਾਦਲ ਨੇ ਅਕਾਲੀ ਦਲ-ਭਾਜਪਾ ਵੱਲੋਂ ਪੰਜਾਬ ਵਿੱਚ 13 ਸੀਟਾਂ ਜਿੱਤਣ ਦਾ ਦਾਅਵਾ ਵੀ ਕੀਤਾ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ