‘ਵਿਰਾਸਤ-ਏ-ਖਾਲਸਾ’ ਨੂੰ ਚਿੱਟਾ ਹਾਥੀ ਆਖਣ ਵਾਲਾ ਨਵਜੋਤ ਸਿੱਧੂ ਸਿੱਖ ਕੌਮ ਕੋਲੋਂ ਮੁਆਫ਼ੀ ਮੰਗੇ: ਬਡੂੰਗਰ

‘ਵਿਰਾਸਤ-ਏ-ਖਾਲਸਾ’ ਨੂੰ ਚਿੱਟਾ ਹਾਥੀ ਆਖਣ ਵਾਲਾ ਨਵਜੋਤ ਸਿੱਧੂ ਸਿੱਖ ਕੌਮ ਕੋਲੋਂ ਮੁਆਫ਼ੀ ਮੰਗੇ: ਬਡੂੰਗਰ

ਅੰਮ੍ਰਿਤਸਰ/ਬਿਊਰੋ ਨਿਊਜ਼:
ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਵਿਰਾਸਤ-ਏ-ਖਾਲਸਾ ਨੂੰ ਚਿੱਟਾ ਹਾਥੀ ਆਖਣ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਤਰਾਜ਼ ਦਾ ਪ੍ਰਗਟਾਵਾ ਕੀਤਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਆਖਿਆ ਕਿ ਸ੍ਰੀ ਸਿੱਧੂ ਨੂੰ ਇਸ ਸਬੰਧੀ ਆਪਣੀ ਗਲਤੀ ਦਾ ਅਹਿਸਾਸ ਕਰਦਿਆਂ ਸਿੱਖ ਕੌਮ ਕੋਲੋਂ ਮੁਆਫ਼ੀ ਮੰਗਣੀ ਚਾਹੀਦੀ ਹੈ।
ਪ੍ਰੋ. ਬਡੂੰਗਰ ਨੇ ਆਖਿਆ ਕਿ ਸ੍ਰੀ ਸਿੱਧੂ ਨੂੰ ਖਾਲਸਾ ਪੰਥ ਦੇ ਸ਼ਾਨਮੱਤੇ ਇਤਿਹਾਸ ਦੇ ਨਾਲ-ਨਾਲ ਸਿੱਖ ਵਿਰਾਸਤ ਦਾ ਸਤਿਕਾਰ ਕਰਦਿਆਂ ਵਿਰਾਸਤੀ ਯਾਦਗਾਰਾਂ ਸਬੰਧੀ ਗਲਤ ਬਿਆਨਬਾਜ਼ੀ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਦਾ ਇਤਿਹਾਸ ਕੁਰਬਾਨੀਆਂ ਭਰਿਆ ਹੈ। ਭਾਰਤ ਦੀ ਆਜ਼ਾਦੀ ਦੇ ਨਾਲ-ਨਾਲ ਇੱਥੋਂ ਦੇ ਸਭਿਆਚਾਰ ਅਤੇ ਵਿਰਾਸਤ ਨੂੰ ਬਚਾਉਣ ਵਿੱਚ ਸਿੱਖ ਕੌਮ ਦੇ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ। ਵਿਰਾਸਤ-ਏ-ਖ਼ਾਲਸਾ ਯਾਦਗਾਰ ਖ਼ਾਲਸਾ ਪੰਥ ਦੇ ਇਸੇ ਹੀ ਇਤਿਹਾਸ ਨੂੰ ਰੂਪਮਾਨ ਕਰਦੀ ਹੈ। ਉਨ੍ਹਾਂ ਸ੍ਰੀ ਸਿੱਧੂ ਵੱਲੋਂ ਯਾਦਗਾਰ ਪ੍ਰਤੀ ਗਲਤ ਸ਼ਬਦਾਵਲੀ ਵਰਤਣ ਨੂੰ ਮੰਦਭਾਗਾ ਕਰਾਰ ਦਿੰਦਿਆਂ ਆਖਿਆ ਕਿ ਦੇਸ਼-ਵਿਦੇਸ਼ ਤੋਂ ਲੋਕ ਵਿਰਾਸਤ-ਏ-ਖਾਲਸਾ ਦੇਖਣ ਲਈ ਆਉਂਦੇ ਹਨ। ਇਸ ਰਾਹੀਂ ਉਨ੍ਹਾਂ ਨੂੰ ਇਤਿਹਾਸ ਅਤੇ ਅਮੀਰ ਵਿਰਾਸਤ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੱਲੋਂ ਸਿੱਖਾਂ ਅਤੇ ਪੰਜਾਬ ਦੇ ਸੁਨਹਿਰੀ ਇਤਿਹਾਸ ਨੂੰ ਰੂਪਮਾਨ ਕਰਦੀਆਂ ਵੱਖ-ਵੱਖ ਵਿਰਾਸਤੀ ਯਾਦਗਾਰਾਂ ਦੀ ਸਥਾਪਨਾ ਕਰ ਕੇ ਬੱਚਿਆਂ ਅਤੇ ਨੌਜਵਾਨਾਂ ਲਈ ਆਪਣੇ ਇਤਿਹਾਸ ਨੂੰ ਸਮਝਣ ਅਤੇ ਜਾਣਨ ਲਈ ਵੱਡਮੁੱਲੇ ਉਪਰਾਲੇ ਕੀਤੇ ਗਏ ਸਨ ਪਰ ਇੱਕ ਕਾਂਗਰਸੀ ਮੰਤਰੀ ਵੱਲੋਂ ਅਕਾਲੀ ਸਰਕਾਰ ਸਮੇਂ ਕੀਤੇ ਗਏ ਲੋਕ ਕਾਰਜਾਂ ਉਪਰ ਕਿੰਤੂ ਕਰਨਾ ਉਚਿਤ ਨਹੀਂ। ਉਨ੍ਹਾਂ ਕਿਹਾ ਕਿ ਸ੍ਰੀ ਸਿੱਧੂ ਲੋਕ ਨੁਮਾਇੰਦੇ ਹੁੰਦਿਆਂ ਇੱਕ ਜ਼ਿੰਮੇਵਾਰ ਵਿਅਕਤੀ ਹਨ ਅਤੇ ਉਨ੍ਹਾਂ ਦੇ ਮੂੰਹੋਂ ਅਜਿਹੇ ਸ਼ਬਦ ਸ਼ੋਭਾ ਨਹੀਂ ਦਿੰਦੇ। ਇਸ ਲਈ ਸ੍ਰੀ ਸਿੱਧੂ ਨੂੰ ਸਿੱਖ ਜਗਤ ਤੋਂ ਤੁਰੰਤ ਮੁਆਫ਼ੀ ਮੰਗਣੀ ਚਾਹੀਦੀ ਹੈ।