ਹਰਸਿਮਰਤ ਬਾਦਲ ਨੂੰ ਔਖਾ ਹੋਇਆ ਚੋਣ ਪ੍ਰਚਾਰ ਕਰਨਾ; ਪਿੰਡਾਂ ਵਿੱਚ ਸ਼ੁਰੂ ਹੋਇਆ ਵਿਰੋਧ

ਹਰਸਿਮਰਤ ਬਾਦਲ ਨੂੰ ਔਖਾ ਹੋਇਆ ਚੋਣ ਪ੍ਰਚਾਰ ਕਰਨਾ; ਪਿੰਡਾਂ ਵਿੱਚ ਸ਼ੁਰੂ ਹੋਇਆ ਵਿਰੋਧ
ਹਰਸਿਮਰਤ ਦੇ ਕਾਫਲੇ ਨੂੰ ਕਾਲੀਆਂ ਝੰਡੀਆਂ ਵਿਖਾਉਂਦੇ ਹੋਏ ਸਿੱਖ

ਬਠਿੰਡਾ: ਲੋਕ ਸਭਾ ਚੋਣਾਂ ਲਈ ਪ੍ਰਚਾਰ 'ਤੇ ਨਿੱਕਲ ਰਹੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਿਖਰਲੇ ਆਗੂਆਂ ਨੂੰ ਲੋਕ ਰੋਹ ਦਾ ਸ਼ਿਕਾਰ ਹੋਣ ਦੀਆਂ ਸੰਭਾਵਨਾਵਾਂ ਜਤਾਈਆਂ ਜਾ ਰਹੀਆਂ ਸਨ ਤੇ ਹੁਣ ਪ੍ਰਤੱਖ ਇਹ ਲੋਕ ਰੋਹ ਨਜ਼ਰ ਵੀ ਪੈਣ ਲੱਗਿਆ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਰੋਹ ਬਠਿੰਡਾ ਲੋਕ ਸਭਾ ਹਲਕੇ ਵਿੱਚ ਮੁੜ ਦਿਖਣਾ ਸ਼ੁਰੂ ਹੋ ਗਿਆ ਹੈ। ਏਕਨੂਰ ਖ਼ਾਲਸਾ ਫ਼ੌਜ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੇ ਕਾਫ਼ਲੇ ਨੂੰ ਪਹਿਲੀ ਵਾਰ ਕਾਲੇ ਝੰਡੇ ਵਿਖਾ ਕੇ ਬੇਅਦਬੀ ਵਾਲੇ ਰੋਹ ਦਾ ਮੁੱਢ ਬੰਨ੍ਹ ਦਿੱਤਾ ਹੈ। ਹਰਸਿਮਰਤ ਬਾਦਲ ਬਠਿੰਡਾ ਸੰਸਦੀ ਹਲਕੇ ਤੋਂ ਤੀਜੀ ਵਾਰ ਚੋਣ ਮੈਦਾਨ ਵਿੱਚ ਹਨ।

ਜਾਣਕਾਰੀ ਅਨੁਸਾਰ ਹਰਸਿਮਰਤ ਕੌਰ ਬਾਦਲ ਪਿੰਡ ਖੇਮੂਆਣਾ ਵਿੱਚ ਰੱਖੇ ਚੋਣ ਜਲਸੇ ਦੌਰਾਨ ਸਟੇਜ ਤੋਂ ਬੋਲਣ ਲੱਗੇ ਤਾਂ ਸਟੇਜ ਦੇ ਐਨ ਸਾਹਮਣੇ ਹਰਜੀਤ ਸਿੰਘ ਨਾਂ ਦੇ ਨੌਜਵਾਨ ਨੇ ਬੋਲਣਾ ਸ਼ੁਰੂ ਕਰ ਦਿੱਤਾ। ਅਕਾਲੀ ਵਰਕਰਾਂ ਨੇ ਨੌਜਵਾਨ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਉਸ ਨੇ ਵਿਰੋਧ ਕੀਤਾ ਤਾਂ ਉਸਦੀ ਕੁੱਟਮਾਰ ਕਰ ਦਿੱਤੀ। ਇਸ ਮੌਕੇ ਪੰਡਾਲ ਵਿੱਚ ਬੈਠੇ ਪਿੰਡ ਦੇ ਦਰਸ਼ਨ ਸਿੰਘ ਅਤੇ ਜੀਤ ਸਿੰਘ ਨੇ ਬੇਅਦਬੀ ਮਾਮਲੇ ਵਿਚ ਕੇਂਦਰੀ ਮੰਤਰੀ ਨੂੰ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ। ਚੋਣ ਰੈਲੀ ਦੇ ਇਕੱਠ ਪਿੱਛੇ ਖੜੇ ਇੱਕ ਵਿਅਕਤੀ ਨੇ ਕਾਲੀ ਝੰਡੀ ਵਿਖਾ ਕੇ ਵਿਰੋਧ ਦਾ ਪ੍ਰਗਟਾਵਾ ਕੀਤਾ। 

ਬਾਦਲ ਨੇ ਆਪਣੇ ਸੰਬੋਧਨ ਵਿੱਚ ਗੁਟਕੇ ਦੀ ਸਹੁੰ ਖ਼ਾ ਕੇ ਮੁੱਕਰਨ ਵਾਲਿਆਂ ਦਾ ਵਿਰੋਧ ਕਰਨ ਦੀ ਨਸੀਹਤ ਦਿੱਤੀ, ਪਰ ਮਾਮਲਾ ਵਧਦਾ ਦੇਖ ਉਨ੍ਹਾਂ ਅਗਲੇ ਪਿੰਡ ਵੱਲ ਚਾਲੇ ਪਾ ਦਿੱਤੇ। ਪਿੰਡ ਹਰਰਾਏਪੁਰ ਵਿੱਚ ਬਾਦਲ ਨੇ ਚੋਣ ਜਲਸੇ ਨੂੰ ਖ਼ਤਮ ਕੀਤਾ ਤਾਂ ਪਿੰਡ ਦੀ ਤਿੰਨ ਕੋਣੀ ਵਿਖੇ ਏਕਨੂਰ ਖ਼ਾਲਸਾ ਫ਼ੌਜ ਦੇ ਜ਼ਿਲ੍ਹਾ ਪ੍ਰਧਾਨ ਸੁਖਪਾਲ ਸਿੰਘ ਗੋਨਿਆਣਾ, ਪ੍ਰਗਟ ਸਿੰਘ ਭੋਡੀਪੁਰਾ ਕੌਮੀ ਪ੍ਰਧਾਨ ਦਸਤਾਰ ਫੈਡਰੇਸ਼ਨ ਦੀ ਅਗਵਾਈ ਵਿਚ ਇਕੱਠੇ ਹੋਏ ਸਿੰਘਾਂ ਨੇ ਘੇਰਨ ਦਾ ਯਤਨ ਕੀਤਾ। ਅਕਾਲੀ ਵਰਕਰਾਂ ਨੂੰ ਇਹਦੀ ਭਿਣਕ ਲੱਗਣ ਕਰਕੇ ਉਹ ਹਰਸਿਮਰਤ ਕੌਰ ਬਾਦਲ ਦੇ ਰੂਟ ਪਲਾਨ ਨੂੰ ਬਦਲਦਿਆਂ ਪਿੰਡ ਦੀ ਫਿਰਨੀ ਵਿੱਚੋਂ ਕਾਫ਼ਲੇ ਨੂੰ ਹਾਈਵੇਅ ਵੱਲ ਲੈ ਗਏ। 

ਏਕਨੂਰ ਫ਼ੌਜ ਦੇ ਆਗੂਆਂ ਨੇ ਹਾਈਵੇਅ ’ਤੇ ਚੜ੍ਹ ਰਹੇ ਕਾਫ਼ਲੇ ਨੂੰ ਕਾਲੀਆਂ ਝੰਡੀਆਂ ਵਿਖਾ ਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਰੋਸ ਪ੍ਰਗਟ ਕਰਦੇ ਹੋਏ ਨਾਅਰੇ ਲਗਾਏ। 

ਹਰਜੀਤ ਸਿੰਘ ਗੋਨਿਆਣਾ ਹਸਪਤਾਲ ਦਾਖ਼ਲ
ਪਿੰਡ ਖੇਮੂਆਣਾ ਵਿੱਚ ਬੀਬਾ ਹਰਸਿਮਰਤ ਕੌਰ ਬਾਦਲ ਦੀ ਫੇਰੀ ਮੌਕੇ ਆਵਾਜ਼ ਉਠਾਉਣ ਵਾਲੇ ਹਰਜੀਤ ਸਿੰਘ ਨੇ ਦੋਸ਼ ਲਗਾਏ ਉਸ ਵੱਲੋਂ ਕੇਂਦਰੀ ਮੰਤਰੀ ਨੂੰ ਵਾਟਰ ਵਰਕਸ ਦੀਆਂ ਪਾਈਪਾਂ ਪਾਉਣ ਸਬੰਧੀ ਸਵਾਲ ਕੀਤਾ ਗਿਆ ਸੀ, ਪਰ ਉਥੇ ਮੌਜੂਦ ਅਕਾਲੀ ਦਲ ਦੇ ਵਰਕਰਾਂ ਨੇ ਉਸ ਦੀ ਕੁੱਟਮਾਰ ਕੀਤੀ। ਨੌਜਵਾਨ ਹਸਪਤਾਲ ਦਾਖ਼ਲ ਹੋ ਗਿਆ ਹੈ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ