32ਵੀਆਂ ਆਸਟਰੇਲੀਆਈ ਸਿੱਖ ਖੇਡਾਂ ਦੀ ਸ਼ੁਰੂਆਤ; ਮੈਦਾਨਾਂ ਵਿੱਚ ਦਿਖੇ ਵੱਖੋ-ਵੱਖਰੇ ਰੰਗ

32ਵੀਆਂ ਆਸਟਰੇਲੀਆਈ ਸਿੱਖ ਖੇਡਾਂ ਦੀ ਸ਼ੁਰੂਆਤ; ਮੈਦਾਨਾਂ ਵਿੱਚ ਦਿਖੇ ਵੱਖੋ-ਵੱਖਰੇ ਰੰਗ

ਮੈਲਬੋਰਨ: ਭਾਰਤ ਵਿੱਚ ਕਤਲੇਆਮ ਝੱਲਣ ਮਗਰੋਂ ਉੱਜੜੀ ਸਿੱਖ ਕੌਮ ਭਾਵੇਂ ਅੱਜ ਵੱਡੇ ਇਖਲਾਕੀ ਨਿਘਾਰ ਅਤੇ ਰਾਜਨੀਤਕ ਹਨੇਰੇ ਦਾ ਸਾਹਮਣਾ ਕਰ ਰਹੀ ਹੈ ਪਰ ਸਭ ਤੋਂ ਵੱਡੀ ਗੱਲ ਕਿ ਇਹਨਾਂ ਹਨੇਰੀਆਂ ਰਾਤਾਂ ਵਿੱਚੋਂ ਕੋਈ ਇਲਾਹੀ ਚਾਨਣ ਲੱਭਣ ਦੀ ਇੱਛਾਸ਼ਕਤੀ ਇਸ ਕੌਮ ਵਿੱਚੋਂ ਅਜੇ ਵੀ ਖਤਮ ਨਹੀਂ ਹੋਈ। ਇਸ ਕਾਰਨ ਹੀ ਉੱਜੜ ਕੇ ਵਿਦੇਸ਼ਾਂ ਵਿੱਚ ਜਾ ਵਸੀ ਸਿੱਖ ਵਸੋਂ ਕਿਸੇ ਨਾ ਕਿਸੇ ਰੂਪ ਆਪਣੀ ਜਨਮ ਮਿੱਟੀ ਪੰਜਾਬ ਅਤੇ ਸਿੱਖ ਸੱਭਿਆਚਾਰ ਨਾਲ ਜੁੜੀ ਹੋਈ ਹੈ ਤੇ ਅਨੇਕਾਂ ਚੁਣੌਤੀਆਂ ਨਾਲ ਜੂਝਦਿਆਂ ਉਸ ਨੂੰ ਜਿਉਂਦਾ ਰੱਖਣ ਲਈ ਯਤਨਸ਼ੀਲ ਹੈ। ਅਜਿਹੇ ਕਾਰਜਾਂ ਵਿੱਚੋਂ ਹੀ ਇੱਕ ਕਾਰਜ ਆਸਟਰੇਲੀਆ ਵਸਦੇ ਸਿੱਖ ਭਾਈਚਾਰੇ ਵੱਲੋਂ ਕਰਵਾਈਆਂ ਜਾਂਦੀਆਂ 'ਸਿੱਖ ਖੇਡਾਂ' ਹਨ। 

ਮੈਲਬੋਰਨ ਸ਼ਹਿਰ ਦੇ ਦੱਖਣ ਪੂਰਬੀ ਪਾਸੇ ਸਥਿਤ ਕਰੇਨਬਰਨ ਇਲਾਕੇ ਵਿੱਚ 32ਵੀਆਂ ਆਸਟਰੇਲੀਆਈ ਸਿੱਖ ਖੇਡਾਂ ਦੀ ਸ਼ਾਨਦਾਰ ਸ਼ੁਰੂਆਤ ਹੋਈ। ਇਸ ਖੇਡ ਮੇਲੇ ਦੀ ਆਰੰਭਤਾ ਗੁਰੂ ਚਰਨਾਂ ਵਿੱਚ ਅਰਦਾਸ ਕਰਨ ਉਪਰੰਤ ਮਸ਼ਾਲ ਜਗਾ ਕੇ ਕੀਤੀ ਗਈ। 


ਖੇਡਾਂ ਤੋਂ ਪਹਿਲਾਂ ਮਛਾਲ ਜਗਾਉਣ ਮੌਕੇ

ਸਿੱਖ ਖੇਡਾਂ ਦੇ ਪਹਿਲੇ ਦਿਨ ਫੁੱਟਬਾਲ, ਕਬੱਡੀ, ਕ੍ਰਿਕਟ, ਵਾਲੀਬਾਲ, ਟੈਨਿਸ, ਬੈਡਮਿੰਟਨ ਸਮੇਤ ਹੋਰ ਖੇਡਾਂ ਦੇ ਮੁਕਾਬਲੇ ਹੋਏ। ਇਹਨਾਂ ਸਿੱਖ ਖੇਡਾਂ ਦੀ ਅਹਿਮ ਗੱਲ ਇਹ ਵੀ ਹੈ ਕਿ ਇਸ ਦੌਰਾਨ ਸ਼ਰੀਰਕ ਕਸਰਤ ਦੇ ਨਾਲ-ਨਾਲ ਸਿੱਖ ਭਾਈਚਾਰਾ ਮਾਨਸਿਕ ਕਸਰਤ ਵੀ ਕਰਦਾ ਹੈ। ਸਿੱਖ ਖੇਡਾਂ ਦੇ ਪਹਿਲੇ ਦਿਨ ਹੋਏ ਸਿੱਖ ਫੋਰਮ ਦੌਰਾਨ ਬੁੱਧੀਜੀਵੀਆਂ, ਲੇਖਕਾਂ ਅਤੇ ਪੱਤਰਕਾਰਾਂ ਵੱਲੋਂ ਪਰਚੇ ਪੜ੍ਹੇ ਗਏ ਅਤੇ ਪੰਜਾਬੀ ਬੋਲੀ ਦਾ ਆਸਟਰੇਲੀਆਈ ਸਕੂਲਾਂ ਵਿੱਚ ਮਿਆਰ, ਪੰਜਾਬੀ ਪੱਤਰਕਾਰੀ 'ਤੇ ਵੱਧਦਾ ਵਪਾਰਕ ਅਸਰ, ਗੁਰੂਘਰਾਂ ਦੇ ਪ੍ਰਬੰਧਕੀ ਢਾਂਚੇ ਵਿੱਚ ਸੁਧਾਰ, ਘਰੇਲੂ ਹਿੰਸਾ ਸਮੇਤ ਕਈ ਅਹਿਮ ਮੁੱਦਿਆਂ 'ਤੇ ਉਸਾਰੂ ਗੱਲਬਾਤ ਕੀਤੀ ਗਈ। 


ਖੇਡਾਂ ਵਿੱਚ ਭਾਗ ਲੈਣ ਪਹੁੰਚੀ ਇੱਕ ਟੀਮ

ਸਿੱਖ ਖੇਡਾਂ ਦੀ ਮੈਲਬੋਰਨ ਕਮੇਟੀ ਦੇ ਵਾਈਸ ਪ੍ਰਧਾਨ ਰੁਪਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਇਹਨਾਂ ਖੇਡਾਂ 'ਤੇ ਤਕਰੀਬਨ 6 ਲੱਖ ਡਾਲਰ ਖਰਚ ਆਵੇਗਾ ਜੋ ਸਥਾਨਕ ਲੋਕਾਂ, ਸਰਕਾਰ, ਧਾਰਮਿਕ ਸੰਸਥਾਵਾਂ ਅਤੇ ਕਲੱਬਾਂ ਵੱਲੋਂ ਦਿੱਤੇ ਗਏ ਫੰਡਾਂ ਨਾਲ ਪੂਰਾ ਕੀਤਾ ਜਾਵੇਗਾ। 

ਇਹਨਾਂ ਸਿੱਖ ਖੇਡਾਂ ਦਾ ਪਲੈਟੀਨਮ ਸਪਾਂਸਰ ਪਨਵਿਕ ਹੈ ਜਿਸ ਵੱਲੋਂ 50,000 ਡਾਲਰ ਦੀ ਮਦਦ ਦਿੱਤੀ ਗਈ ਹੈ। ਪ੍ਰਬੰਧਕਾਂ ਨੇ ਦੱਸਿਆ ਕਿ ਫੰਡਾਂ 'ਚ ਪਾਰਦਰਸ਼ਤਾ ਲਈ ਬਕਾਇਦਾ ਵੈੱਬਸਾਈਟ ਬਣਾਈ ਗਈ ਹੈ ਤੇ ਖੇਡਾਂ ਨੂੰ ਨਸ਼ਾ ਮੁਕਤ ਬਣਾਉਣ ਲਈ ਇਸ ਵਾਰ ਡੋਪ ਟੈਸਟ ਵੀ ਰੱਖਿਆ ਗਿਆ ਹੈ। 

ਪੰਜ ਆਬ ਰੀਡਿੰਗ ਗਰੁੱਪ ਵੱਲੋਂ ਕਿਤਾਬਾਂ ਦੇ ਮੇਜ ਸਜਾਏ ਗਏ
ਸਿੱਖ ਖੇਡਾਂ ਦੌਰਾਨ ਆਸਟਰੇਲੀਆ ਦੇ ਸਿੱਖ ਨੌਜਵਾਨਾਂ ਵਲੋਂ ਸ਼ੁਰੂ ਕੀਤੀ ਸੰਸਥਾ 'ਪੰਜ ਆਬ ਰੀਡਿੰਗ ਗਰੁੱਪ' ਵੱਲੋਂ ਕਿਤਾਬਾਂ ਦੇ ਮੇਜ ਸਜਾਏ ਗਏ। ਇਹਨਾਂ ਮੇਜਾਂ 'ਤੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਕਿਤਾਬਾਂ ਖਰੀਦੀਆਂ। 


ਕਿਤਾਬਾਂ ਦੇ ਮੇਜ 'ਤੇ ਜੁੜੇ ਲੋਕ

ਸੰਸਥਾ ਦੇ ਸੇਵਾਦਾਰ ਕੁਲਜੀਤ ਸਿੰਘ ਖੋਸਾ ਨੇ ਜਾਣਕਾਰੀ ਦਿੱਤੀ ਕਿ ਸਿੱਖ ਖੇਡਾਂ ਦੇ ਪਹਿਲੇ ਦਿਨ ਲੋਕਾਂ ਨੇ ਕਿਤਾਬਾਂ ਖਰੀਦਣ ਵਾਲੀ ਅੱਤ ਕਰਾ ਦਿੱਤੀ। ਉਹਨਾਂ ਦੱਸਿਆ ਕਿ ਪਹਿਲੇ ਦਿਨ ਸਭ ਤੋਂ ਵੱਧ ਵਿਕਣ ਵਾਲੀਆਂ ਕਿਤਾਬਾਂ ਵਿੱਚ ਪੰਜਾਬ ਦਾ ਬੁੱਚੜ (ਲੇਖਕ ਸਰਬਜੀਤ ਸਿੰਘ ਘੁਮਾਣ), ਸ: ਹਰੀ ਸਿੰਘ ਨਲੂਆ (ਲੇਖਕ ਬਾਬਾ ਪ੍ਰੇਮ ਸਿੰਘ ਹੋਤੀ), ਸ: ਸ਼ਾਮ ਸਿੰਘ ਅਟਾਰੀ (ਲੇਖਕ ਗੰਡਾ ਸਿੰਘ), ਸੂਲਾਂ (ਲੇਖਕ ਮਿੰਟੂ ਗੁਰੂਸਰੀਆ) ਅਤੇ ਰਾਣੀ ਤੱਤ (ਲੇਖਕ ਹਰਮਨਜੀਤ) ਸ਼ਾਮਿਲ ਹਨ।

ਪੰਜਾਬੀ ਸੱਭਿਆਚਾਰਕ ਸੱਥ ਵੱਲੋਂ ਪੁਰਾਤਨ ਵਸਤਾਂ ਦੀ ਨੁਮਾਇਸ਼ ਲਾਈ ਗਈ
ਇਸ ਦੌਰਾਨ ਪੰਜਾਬੀ ਸੱਭਿਆਚਾਰਕ ਸੱਥ ਵੱਲੋਂ ਪੰਜਾਬ ਦੀਆਂ ਪੁਰਾਤਨ ਵਸਤਾਂ ਨੂੰ ਰੂਪਮਾਨ ਕਰਦੀ ਨੁਮਾਇਸ਼ ਲਾਈ ਗਈ। ਇਸ ਨੁਮਾਇਸ਼ ਵਿੱਚ ਖੂਹ, ਮੰਜਿਆਂ, ਰਸੋਈ ਵਿੱਚ ਵਰਤੇ ਜਾਂਦੇ ਭਾਂਡੇ ਤੇ ਹੋਰ ਸਾਜ਼ੋ ਸਾਮਾਨ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਅਮਰੀਕਾ ਤੋਂ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਕਲਾਕਾਰ ਹਰਮਿੰਦਰ ਬੋਪਾਰਾਏ ਦੀ ਪੰਜਾਬੀ ਸ਼ਬਦਮਾਲਾ ਦੀ ਸੰਪੂਰਨ ਉਦਾਹਰਨ 'ਫੱਟੀ' ਖਿੱਚ ਦਾ ਕੇਂਦਰ ਬਣੀ ਰਹੀ। 

ਸਰਬਜੋਤ ਸਿੰਘ ਢਿੱਲੋਂ ਬਣੇ ਕੌਮੀ ਪ੍ਰਧਾਨ
ਆਸਟਰੇਲੀਆਈ ਸਿੱਖ ਖੇਡਾਂ ਦੀ ਕੌਮੀ ਕਾਰਜਕਾਰਨੀ ਦੀ ਸਾਲਾਨਾ ਬੈਠਕ ਵਿੱਚ ਸਰਬਜੋਤ ਸਿੰਘ ਢਿੱਲੋਂ ਨੂੰ ਇਹਨਾਂ ਖੇਡਾਂ ਦਾ ਕੌਮੀ ਪ੍ਰਧਾਨ ਚੁਣਿਆ ਗਿਆ ਹੈ। ਸਰਬਜੋਤ ਸਿੰਘ ਢਿੱਲੋਂ ਜ਼ਿਲ੍ਹਾ ਜ਼ਲੰਧਰ ਨਾਲ ਸਬੰਧਿਤ ਹਨ ਅਤੇ ਉਹਨਾਂ ਨੇ ਇਸ ਅਹੁਦੇਦਾਰੀ ਦੇ ਮਿਲਣ 'ਤੇ ਧੰਨਵਾਦ ਕਰਦਿਆਂ ਸਿੱਖ ਖੇਡਾਂ ਵਿੱਚ ਪਾਰਦਰਸ਼ਤਾ ਅਤੇ ਹੋਰ ਵਧੀਆ ਪ੍ਰਬੰਧ ਲਿਆਉਣ ਦੀ ਆਸ ਪ੍ਰਗਟਾਈ ਹੈ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ