ਤਿਹਾੜ ਜੇਲ੍ਹ ਦੇ ਸੁਪਰਡੈਂਟ ਨੇ ਗਰਮ ਧਾਤ ਨਾਲ ਮੁਸਲਿਮ ਕੈਦੀ ਦੀ ਪਿੱਠ 'ਤੇ ਜ਼ਬਰਨ ਬਣਾਇਆ "ਓਮ" ਦਾ ਨਿਸ਼ਾਨ

ਤਿਹਾੜ ਜੇਲ੍ਹ ਦੇ ਸੁਪਰਡੈਂਟ ਨੇ ਗਰਮ ਧਾਤ ਨਾਲ ਮੁਸਲਿਮ ਕੈਦੀ ਦੀ ਪਿੱਠ 'ਤੇ  ਜ਼ਬਰਨ ਬਣਾਇਆ
ਨੱਬੀਰ ਦੀ ਪਿੱਠ 'ਤੇ ਬਣਾਇਆ ਗਿਆ ਹਿੰਦੂ ਚਿੰਨ੍ਹ "ਓਮ"

ਨਵੀਂ ਦਿੱਲੀ: ਭਾਰਤ ਵਿੱਚ ਘੱਟਗਿਣਤੀਆਂ ਨੂੰ ਜ਼ਲੀਲ ਕੀਤੇ ਜਾਣ ਦੀਆਂ ਘਟਨਾਵਾਂ ਆਮ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਅਜਿਹਾ ਹੀ ਇੱਕ ਮਾਮਲਾ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਸਾਹਮਣੇ ਆਇਆ ਹੈ ਜਿੱਥੇ ਇੱਕ ਮੁਸਮਿਲ ਕੈਦੀ ਦੀ ਪਿੱਠ 'ਤੇ ਜ਼ਬਰਨ ਹਿੰਦੂ ਚਿੰਨ੍ਹ "ਓਮ" ਬਣਾਇਆ ਗਿਆ। 

ਚਲਦੇ ਮੁੱਕਦਮੇ ਦੌਰਾਨ ਤਿਹਾੜ ਜੇਲ੍ਹ ਵਿੱਚ ਨਜ਼ਰਬੰਦ ਮੁਸਮਿਲ ਕੈਦੀ ਨੇ ਦਿੱਲੀ ਦੀ ਅਦਾਲਤ ਵਿੱਚ ਆਪਣੀ ਕਮੀਜ ਉਤਾਰ ਕੇ ਵਖਾਇਆ ਕਿ ਉਸਦੀ ਪਿੱਠ 'ਤੇ "ਓਮ" ਦਾ ਨਿਸ਼ਾਨ ਬਣਾਇਆ ਗਿਆ ਹੈ। ਕੈਦੀ ਨੇ ਦੋਸ਼ ਲਾਇਆ ਹੈ ਕਿ ਉਸਦੀ ਪਿੱਠ 'ਤੇ ਇਹ "ਓਮ" ਦਾ ਨਿਸ਼ਾਨ ਜੇਲ ਸੁਪਰਡੈਂਟ ਨੇ ਜ਼ਬਰਨ ਬਣਾਇਆ ਹੈ ਜਿਸ ਲਈ ਗਰਮ ਧਾਤ ਨੂੰ ਵਰਤਿਆ ਗਿਆ। 

ਮੁਸਲਿਮ ਕੈਦੀ ਨੱਬੀਰ ਨੇ ਮੈਟਰੋਪੋਲੀਟਨ ਮੈਜਿਸਟ੍ਰੇਟ ਰਿਚਾ ਪਰੀਹਰ ਨੂੰ ਦੱਸਿਆ ਕਿ ਸੁਪਰਡੈਂਟ ਨੇ ਨਵਰਾਤਰਿਆਂ ਦੇ ਨਾਂ 'ਤੇ ਉਸਨੂੰ ਦੋ ਦਿਨਾਂ ਤੱਕ ਕੁਝ ਵੀ ਖਾਣ ਲਈ ਨਹੀਂ ਦਿੱਤਾ ਅਤੇ ਨਾਲ ਹੀ ਕਿਹਾ ਕਿ ਉਹ ਉਸਨੂੰ ਹਿੰਦੂ ਧਰਮ ਵਿੱਚ ਤਬਦੀਲ ਕਰੇਗਾ।

ਨੱਬੀਰ ਨੂੰ 2016 ਵਿੱਚ ਮਕੋਕਾ ਕਾਨੂੰਨ ਅਤੇ ਅਸਲਾ ਕਾਨੂੰਨ ਅਧੀਨ ਗ੍ਰਿਫਤਾਰ ਕੀਤਾ ਗਿਆ ਸੀ। ਉਸਨੂੰ ਜੇਲ੍ਹ ਨੰ. 4 ਦੇ ਉੱਚ ਸੁਰੱਖਿਆ ਵਾਰਡ ਵਿਚ ਨਜ਼ਰਬੰਦ ਕੀਤਾ ਗਿਆ ਹੈ।

ਅਦਾਲਤ ਨੇ ਨੱਬੀਰ ਦੀ ਸ਼ਿਕਾਇਤ 'ਤੇ ਤਿਹਾੜ ਜੇਲ਼੍ਹ ਪ੍ਰਬੰਧਕਾਂ ਨੂੰ ਮਾਮਲੇ ਦੀ ਜਾਂਚ ਕਰਕੇ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ। ਇਸ ਸਬੰਧੀ ਡੀਜੀਪੀ ਜੇਲ੍ਹ ਨੂੰ ਨੋਟਿਸ ਜਾਰੀ ਕਰਕੇ ਨੱਬੀਰ ਦੀ ਡਾਕਟਰੀ ਜਾਂਚ ਕਰਾਉਣ ਲਈ ਹੁਕਮ ਕੀਤੇ ਗਏ ਹਨ। ਅਦਾਲਤ ਨੇ ਇਸ ਮਾਮਲੇ ਸਬੰਧੀ ਜ਼ਰੂਰੀ ਸੀਸੀਟੀਵੀ ਫੁਟੇਜ ਇਕੱਤਰ ਕਰਨ ਅਤੇ ਹੋਰ ਕੈਦੀਆਂ ਦੇ ਬਿਆਨ ਕਲਮਬੰਦ ਕਰਨ ਦੇ ਵੀ ਹੁਕਮ ਜਾਰੀ ਕੀਤੇ ਹਨ। 

ਅਦਾਲਤ ਨੇ ਜੇਲ੍ਹ ਪ੍ਰਬੰਧਕਾਂ ਨੂੰ ਨੱਬੀਰ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਹਨ ਤੇ ਉਸਨੂੰ ਤੁਰੰਤ ਉਪਰੋਕਤ ਜੇਲ੍ਹ ਸੁਪਰਡੈਂਟ ਰਜੇਸ਼ ਚੌਹਾਨ ਦੀ ਨਜ਼ਰਸਾਨੀ ਹੇਠੋਂ ਹਟਾਉਣ ਲਈ ਕਿਹਾ ਹੈ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ