ਅਮਰੀਕੀ ਸਿੱਖਾਂ ਵਿਰੁੱਧ ਨਫ਼ਰਤੀ ਅਪਰਾਧਾਂ ਵਿਚ ਨਿਰੰਤਰ ਵਾਧਾ

ਅਮਰੀਕੀ ਸਿੱਖਾਂ ਵਿਰੁੱਧ ਨਫ਼ਰਤੀ ਅਪਰਾਧਾਂ ਵਿਚ ਨਿਰੰਤਰ ਵਾਧਾ

ਕੈਲੀਫੋਰਨੀਆ, (ਹੁਸਨ ਲੜੋਆ ਬੰਗਾ): 2017 ਤੋਂ ਬਾਅਦ ਭਾਰਤੀ ਉਪਮਹਾਂਦੀਪ ਦੇ ਖਿੱਤਿਆਂ ਨਾਲ ਸਬੰਧਿਤ ਅਮਰੀਕੀਆਂ ਵਿਰੁੱਧ ਨਫ਼ਰਤੀ ਅਪਰਾਧਾਂ ਵਿਚ ਵਾਧਾ ਹੋਇਆ ਹੈ। ਇਹ ਖੁਲਾਸਾ ਐਫ ਬੀ ਆਈ ਵੱਲੋਂ ਜਾਰੀ ਇਕ ਤਾਜ਼ਾ ਰਿਪੋਰਟ ਵਿਚ ਕੀਤਾ ਗਿਆ ਹੈ।   

ਸਿੱਖ ਹਲਕਿਆਂ ਵਿਚ ਇਸ ਰਿਪੋਰਟ ਨੂੰ ਸਹੀ ਨਹੀਂ ਸਮਝਿਆ ਜਾ ਰਿਹਾ। ਇਨ੍ਹਾਂ ਹਲਕਿਆਂ ਦਾ ਕਹਿਣਾ ਹੈ ਕਿ ਸਿੱਖਾਂ ਵਿਰੁੱਧ ਨਫ਼ਰਤੀ ਅਪਰਾਧਾਂ ਦੀ ਗਿਣਤੀ ਬਹੁਤ ਜਿਆਦਾ ਹੈ। ਸਿੱਖ ਅਮਰੀਕਨ ਲੀਗਲ ਡਿਫੈਂਸ ਐਂਡ ਐਜੂਕੇਸ਼ਨ ਫੰਡ (ਸਾਲਡੈਫ) ਦੇ ਕਮਿਊਨੀਕੇਸ਼ਨ ਡਾਇਰੈਕਟਰ ਗੁਜਾਰੀ ਸਿੰਘ ਨੇ ਇਸ ਰਿਪੋਰਟ ਉਪਰ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਹੈ ਕਿ ਐਫ ਬੀ ਆਈ ਦੇ ਯੁਨਾਈਟਿਡ ਕਰਾਈਮ ਰਿਪੋਰਟਿੰਗ ਪ੍ਰੋਗਰਾਮ ਤਹਿਤ 16000 ਤੋਂ ਵਧ ਲਾਅ ਇਨਫੋਰਸਮੈਂਟ ਤੇ ਹੋਰ ਏਜੰਸੀਆਂ ਨੂੰ ਨਫ਼ਰਤੀ ਅਪਰਾਧ ਦੇ ਅੰਕੜੇ ਦੇਣ ਲਈ ਕਿਹਾ ਗਿਆ ਸੀ ਪਰ ਇਹ ਏਜੰਸੀਆਂ ਇਹ ਅੰਕੜੇ ਦੇਣ ਲਈ ਪਾਬੰਦ ਨਹੀਂ ਹਨ। ਇਸ ਲਈ ਨਫ਼ਰਤੀ ਅਪਰਾਧਾਂ ਦੇ ਜਾਰੀ ਅੰਕੜੇ ਠੀਕ ਨਹੀਂ ਹੋ ਸਕਦੇ। 

ਸਾਲਡੈਫ ਨੇ ਅਮਰੀਕੀ ਸਿੱਖਾਂ ਨੂੰ ਉਨਾਂ ਨਾਲ ਵਾਪਰਦੇ ਨਫ਼ਰਤੀ ਅਪਰਾਧਾਂ ਦੀ ਰਿਪਰੋਟ ਹਰ ਹਾਲਤ ਵਿਚ ਦਰਜ ਕਰਵਾਉਣ ਲਈ ਪ੍ਰੇਰਤ ਕੀਤਾ ਹੈ। ਸਿੱਖ ਕੁਲੀਸ਼ਨ ਅਨੁਸਾਰ ਸਿੱਖ ਤੀਸਰਾ ਭਾਈਚਾਰਾ ਹੈ ਜਿਸ ਉਪਰ ਸਭ ਤੋਂ ਵਧ ਨਫ਼ਰਤੀ ਹਮਲੇ ਹੁੰਦੇ ਹਨ। 

2017 ਤੋਂ ਬਾਅਦ ਸਿੱਖਾਂ ਵਿਰੁੱਧ ਨਫ਼ਰਤੀ ਅਪਰਾਧਾਂ 'ਚ 200% ਦਾ ਵਾਧਾ ਹੋਇਆ ਹੈ। ਸਿੱਖ ਕੁਲੀਸ਼ਨ ਅਨੁਸਾਰ ਇਹ ਵੇਖਕੇ ਮਾਯੂਸੀ ਹੁੰਦੀ ਹੈ ਕਿ ਐਫ.ਬੀ.ਆਈ ਇਕ ਪਾਸੇ ਕਹਿੰਦੀ ਹੈ ਕਿ ਅਮਰੀਕਾ ਵਿਚ ਹਰ ਸਾਲ ਔਸਤ 2,50,000 ਘਟਨਾਵਾਂ ਨਫ਼ਰਤੀ ਅਪਰਾਧ ਦੀਆਂ ਹੁੰਦੀਆਂ ਹਨ, ਜਦ ਕਿ ਤਾਜਾ ਰਿਪੋਰਟ ਵਿਚ ਇਸ ਦੇ ਉਲਟ ਨਫ਼ਰਤੀ ਅਪਰਾਧਾਂ ਦੀਆਂ ਕੇਵਲ 7120 ਘਟਨਾਵਾਂ ਹੋਣ ਦਾ ਇੰਕਸ਼ਾਫ ਕੀਤਾ ਗਿਆ ਹੈ। ਐਫ.ਬੀ.ਆਈ ਵੱਲੋਂ ਜਾਰੀ ਰਿਪੋਰਟ ਅਨੁਸਾਰ 2017 ਦੀ ਤੁਲਨਾ ਵਿਚ 2018 ਵਿਚ ਨਫ਼ਰਤੀ ਅਪਰਾਧਾਂ ਵਿਚ ਮਾਮੂਲੀ ਕਮੀ ਹੋਈ ਹੈ। 2017 ਵਿਚ ਨਫ਼ਰਤੀ ਅਪਰਾਧਾਂ ਦੀਆਂ 7175 ਘਟਨਾਵਾਂ ਵਾਪਰੀਆਂ ਸਨ। ਜਦ ਕਿ ਹਕੀਕਤ ਇਸ ਤੋਂ ਵੱਖਰੀ ਹੈ। 2017 ਵਿਚ ਸਿੱਖਾਂ ਵਿਰੁੱਧ ਨਫ਼ਰਤੀ ਅਪਰਾਧ ਦੀਆਂ 60 ਘਟਨਾਵਾਂ ਹੋਈਆਂ ਜਿਨਾਂ ਵਿਚ 69 ਵਿਅਕਤੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਪਰ ਤਾਜਾ ਰਿਪੋਰਟ ਵਿਚ 20 ਘਟਨਾਵਾਂ ਵਾਪਰਨ ਦੀ ਹੀ ਗੱਲ ਕੀਤੀ ਗਈ ਹੈ ਜਿਨਾਂ ਵਿਚ 26 ਵਿਅਕਤੀਆਂ ਨੂੰ ਨਿਸ਼ਾਨਾ ਬਣਾਇਆ ਗਿਆ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।