ਕਰਤਾਰਪੁਰ ਲਾਂਘਾ: ਪਾਸਪੋਰਟ ਦੀ ਸ਼ਰਤ ਖਤਮ ਕਰਨ ਦੀ ਮੰਗ ਜ਼ੋਰ ਫੜ੍ਹਨ ਲੱਗੀ

ਕਰਤਾਰਪੁਰ ਲਾਂਘਾ: ਪਾਸਪੋਰਟ ਦੀ ਸ਼ਰਤ ਖਤਮ ਕਰਨ ਦੀ ਮੰਗ ਜ਼ੋਰ ਫੜ੍ਹਨ ਲੱਗੀ

ਚੰਡੀਗੜ੍ਹ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਸਿੱਖ ਸੰਗਤ ਦੀਆਂ ਭਾਵਨਾਵਾਂ ਨੂੰ ਦੇਖਦਿਆਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਖੋਲ੍ਹੇ ਗਏ ਕਰਤਾਰਪੁਰ ਲਾਂਘੇ 'ਤੇ ਭਾਰਤ ਵੱਲੋਂ ਲਾਈ ਗਈ ਪਾਸਪੋਰਟ ਦੀ ਸ਼ਰਤ ਕਾਰਨ ਸੰਗਤਾਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਹੁਣ ਇਸ ਪਾਸਪੋਰਟ ਦੀ ਸ਼ਰਤ ਨੂੰ ਹਟਾਉਣ ਲਈ ਅਵਾਜ਼ਾਂ ਜ਼ੋਰ ਫੜ੍ਹਨ ਲੱਗੀਆਂ ਹਨ। 

ਪੰਜਾਬ ਸਰਕਾਰ ਦੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਸਰਕਾਰ ਨੂੰ ਲਾਂਘੇ ਲਈ ਹੋਏ ਸਮਝੌਤੇ ਵਿੱਚ ਤਬਦੀਲੀ ਕਰਕੇ ਪਾਸਪੋਰਟ ਦੀ ਸ਼ਰਤ ਖਤਮ ਕਰਨੀ ਚਾਹੀਦੀ ਹੈ। 

ਰੰਧਾਵਾ ਨੇ ਕਿਹਾ, "ਜਦੋਂ ਲਾਂਘਾ ਵੀਜ਼ਾ ਮੁਕਤ ਹੈ ਤਾਂ ਪਾਸਪੋਰਟ ਦੀ ਜ਼ਰੂਰਤ ਹੀ ਕੀ ਹੈ। ਦੋਵੇਂ ਸਰਕਾਰਾਂ ਨੂੰ ਇਸ ਸ਼ਰਤ ਨੂੰ ਹਟਾਉਣਾ ਚਾਹੀਦਾ ਹੈ। ਇਹ ਸ਼ਰਤ ਹਟਣ ਮਗਰੋਂ ਹੀ ਸੰਗਤਾਂ ਦੀ ਗਿਣਤੀ ਵਿੱਚ ਵਾਧਾ ਹੋਵੇਗਾ।"

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਦੋਵੇਂ ਦੇਸ਼ਾਂ ਵਿਚਕਾਰ ਸਹੀਬੰਦ ਹੋਏ ਸਮਝੌਤੇ ਵਿੱਚ ਸੋਧ ਕਰਕੇ ਪਾਸਪੋਰਟ ਦੀ ਸ਼ਰਤ ਨੂੰ ਹਟਾ ਦੇਣ। ਇਸ ਤੋਂ ਇਲਾਵਾ ਉਹ ਜਾਂਚ ਪੜਤਾਲ ਅਤੇ ਦਸਤਾਵੇਜਾਂ ਦੀ ਕਾਰਵਾਈ ਨੂੰ ਸੌਖੀ ਬਣਾਉਣ ਲਈ ਵੀ ਲੋੜੀਂਦੇ ਕਦਮ ਚੁੱਕਣ। 

ਬਾਦਲ ਨੇ ਮੋਦੀ ਨੂੰ ਲਿਖੀ ਚਿੱਠੀ ਵਿੱਚ ਕਿਹਾ ਕਿ ਲੱਖਾਂ ਸੰਗਤਾਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣਾ ਚਾਹੁੰਦੀਆਂ ਹਨ ਪਰ ਉਹਨਾਂ ਲਈ ਦਸਤਾਵੇਜ਼ਾਂ ਦੀ ਜਾਂਚ ਦੀ ਪੇਚੀਦਾ ਕਾਰਵਾਈ ਅਤੇ ਪਾਸਪੋਰਟ ਦੀ ਸ਼ਰਤ ਵੱਡਾ ਅੜਿੱਕਾ ਸਾਬਿਤ ਹੋ ਰਹੀ ਹੈ। ਉਹਨਾਂ ਕਿਹਾ ਕਿ ਪਾਸਪੋਰਟ ਨਾ ਹੋਣ ਕਾਰਨ ਰੋਜ਼ਾਨਾ ਸਿਰਫ ਸੈਂਕੜਿਆਂ ਦੀ ਗਿਣਤੀ ਵਿੱਚ ਹੀ ਸੰਗਤਾਂ ਇਸ ਅਸਥਾਨ ਦੀ ਯਾਤਰਾ ਲਈ ਜਾ ਰਹੀਆਂ ਹਨ।

ਸਰਕਾਰ ਵੱਲੋਂ ਸਾਲ ਵਿੱਚ ਇੱਕ ਵਾਰ ਲਾਂਘੇ ਰਾਹੀਂ ਜਾਣ ਦੀ ਸ਼ਰਤ ਹਟਾਏ ਜਾਣ ਦਾ ਸਵਾਗਤ ਕਰਦਿਆਂ ਵਪਾਰੀ ਅਤੇ ਸਮਾਜ ਸੇਵੀ ਐਸ ਪੀ ਸਿੰਘ ਓਬਰਾਏ ਨੇ ਕਿਹਾ ਕਿ ਇਸ ਨਾਲ ਦਰਸ਼ਨ ਅਭਿਲਾਸ਼ੀਆਂ ਨੂੰ ਬਹੁਤ ਸੌਖ ਹੋਵੇਗੀ ਤੇ ਉਹ ਹੁਣ ਦੂਜੀ ਵਾਰ ਅਗਲੇ ਹਫਤੇ ਜਥੇ ਸਮੇਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾਣਗੇ। ਓਬਰਾਏ ਵੱਲੋਂ ਅਗਲੇ ਸਾਲ ਦੌਰਾਨ 1100 ਸੰਗਤਾਂ ਦੀ 20 ਅਮਰੀਕੀ ਡਾਲਰ ਫੀਸ ਦੇਣ ਦਾ ਐਲਾਨ ਕੀਤਾ ਗਿਆ ਹੈ। 

ਜ਼ਿਕਰਯੋਗ ਹੈ ਕਿ ਪਾਕਿਸਤਾਨ ਸਰਕਾਰ ਨੇ ਲਾਂਘਾ ਖੁੱਲ੍ਹਣ ਤੋਂ ਪਹਿਲਾਂ ਇਹ ਐਲਾਨ ਕਰ ਦਿੱਤਾ ਸੀ ਕਿ ਉਹ ਪਾਸਪੋਰਟ ਦੀ ਸ਼ਰਤ ਅਤੇ 10 ਦਿਨ ਪਹਿਲਾਂ ਨਾਂ ਦਰਜ ਕਰਾਉਣ ਦੀ ਸ਼ਰਤ ਤੋਂ ਛੋਟ ਦੇਣ ਲਈ ਤਿਆਰ ਹਨ ਪਰ ਭਾਰਤ ਸਰਕਾਰ ਵੱਲੋਂ ਇਸ ਤੋਂ ਇਨਕਾਰ ਕਰ ਦਿੱਤਾ ਗਿਆ ਸੀ। 
 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।