ਯੂਕਰੇਨ ਹਮਲਾ ਬਨਾਮ ਭਾਰਤੀ ਵਿਦਿਆਰਥੀਆਂ ਦਾ ਦੁਖਾਂਤ

ਯੂਕਰੇਨ ਹਮਲਾ ਬਨਾਮ ਭਾਰਤੀ ਵਿਦਿਆਰਥੀਆਂ ਦਾ ਦੁਖਾਂਤ

 ਯੂਕਰੇਨ ਉਪਰ ਰੂਸੀ ਹਮਲਾ ਤੇ ਮਨੁੱਖੀ ਅਧਿਕਾਰ

ਰੂਸ ਤੇ ਯੂਕਰੇਨ ਦੀ ਜੰਗ ਵਿਚ ਕੀਵ ਅਤੇ ਖਾਰਕੀਵ ਸ਼ਹਿਰ 'ਤੇ ਰੂਸੀ ਫ਼ੌਜ  ਦੇ ਹਮਲੇ ਜਾਰੀ ਹਨ। ਰੂਸੀ ਹਮਲਿਆਂ ਵਿਚ ਯੂਕਰੇਨ ਵਿਚ ਹੁਣ ਤਕ ਸੈਂਕੜੇ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਹਜ਼ਾਰਾਂ ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ।ਦਵਾਈਆਂ ਵੀ ਬੜੀ ਮੁਸ਼ਕਲ ਨਾਲ ਮਿਲ ਰਹੀਆਂ ਹਨ।  ਲਗਭਗ 20,000 ਭਾਰਤੀ ਵਿਦਿਆਰਥੀ ਯੂਕਰੇਨ ਵਿਚ ਪੜ੍ਹ ਰਹੇ ਹਨ; ਉਨ੍ਹਾਂ ਵਿਚੋਂ ਲਗਭਗ 18,000 ਐੱਮਬੀਬੀਐੱਸ, ਭਾਵ ਮੈਡੀਕਲ ਵਿਦਿਆ ਦੀ ਪੜ੍ਹਾਈ ਕਰਨ ਗਏ ਹਨ।ਇੱਥੋਂ ਮੈਡੀਕਲ ਦੀ ਪੜ੍ਹਾਈ ਲਈ ਯੂਕਰੇਨ ਗਏ ਪੰਜਾਬੀ ਵਿਦਿਆਰਥੀ ਸਾਥੀਆਂ ਸਮੇਤ ਬਿਜਲੀ ਤੇ ਪਾਣੀ ਤੋਂ ਵਾਂਝੇ ਬੰਕਰਾਂ ਵਿੱਚ ਰਹਿ ਰਹੇ ਹਨ। ਬੰਕਰਾਂ ਦੇ ਬਾਹਰ ਬਰਫ਼ ਪਈ ਹੋਈ ਹੈ ਅਤੇ ਬੰਬਾਰੀ ਕਾਰਨ ਬੱਚਿਆਂ ਦੀ ਜਾਨ ਖਤਰੇ ਵਿੱਚ ਹੈ। ਖਾਰਖੀਵ ਦੇ ਪੂਰੇ ਮੈਟਰੋ ਸਟੇਸ਼ਨ ਵਿਚ ਦੋ ਸੌ ਤੋਂ ਵੱਧ ਭਾਰਤੀ ਵਿਦਿਆਰਥੀ ਸ਼ਰਨ ਲੈ ਕੇ ਬੈਠੇ ਹਨ। ਉੁਨ੍ਹਾਂ ਕੋਲ ਜਿੰਨਾ ਵੀ ਖਾਣ-ਪੀਣ ਦਾ ਸਾਮਾਨ ਸੀ, ਉਹ ਹੁਣ ਖਤਮ ਹੋ ਚੁੱਕਾ ਹੈ। ਹਵਾਈ ਅੱਡੇ ਤੇ ਸੜਕੀ ਮਾਰਗ ਤੇ ਹਮਲਿਆਂ ਦਾ ਖਤਰਾ ਵਧੇਰੇ ਹੈ। ਉਨ੍ਹਾਂ ਨੂੰ ਖਾਰਕੀਵ ਤੋਂ ਪੱਛਮੀ ਯੂਰਪ ਦੇ ਦੇਸ਼ਾਂ ਚ ਲਿਜਾਣ ਲਈ ਸਿਰਫ ਰੇਲ ਦੀ ਸਹੂਲਤ ਹੈ।ਸ਼ਹਿਰ ਵਿਚ ਭਾਰੀ ਬੰਬਾਰੀ ਹੋ ਰਹੀ ਹੈ, ਜਿਸ ਕਾਰਨ ਉਹ ਬਾਹਰ ਨਹੀਂ ਨਿਕਲ ਪਾ ਰਹੇ। ਉਨ੍ਹਾਂ ਕੋਲ ਜ਼ਿਆਦਾ ਗਰਮ ਕੱਪਡ਼ੇ ਨਹੀਂ ਹਨ।ਯੂਕਰੇਨ ਦੇ ਲਵੀਵ ਸ਼ਹਿਰ ਵਿਚ ਪੋਲੈਂਡ ਦੀ ਸਰਹੱਦ ਤੇ ਬੈਠੇ ਭਾਰਤੀ ਨਾਗਰਿਕਾਂ ਨੂੰ ਯੂਕਰੇਨ ਦੇ ਅਧਿਕਾਰੀ ਜ਼ਲੀਲ ਕਰਕੇ ਕੁਟਮਾਰ ਕਰਕੇ ਕਹਿ ਰਹੇ ਸਨ, ‘ਸਾਡੇ ਦੇਸ਼ ਵਿਚ ਸਭ ਤੋਂ ਵੱਧ ਭਾਰਤੀ ਵਿਦਿਆਰਥੀ ਮੈਡੀਕਲ ਦੀ ਪੜ੍ਹਾਈ ਕਰਦੇ ਹਨ। ਫਿਰ ਵੀ ਭਾਰਤ ਨੇ ਰੂਸ ਦਾ ਸਾਥ ਦਿੱਤਾ ਹੈ। ਹੁਣ ਤੁਹਾਡਾ ਸਾਡੇ ਨਾਲ ਕੋਈ ਵਾਸਤਾ ਨਹੀਂ। ਤੁਸੀਂ ਸ਼ਰਾਫਤ ਨਾਲ ਪਿੱਛੇ ਚਲੇ ਜਾਓ, ਜੇ ਰੌਲਾ ਪਾਇਆ ਤਾਂ ਗੋਲੀ ਮਾਰ ਦਿਆਂਗੇ।

ਇਹ ਗੱਲ ਯੂਕਰੇਨ ਦੀ ਕੀਵ ਯੂਨੀਵਰਸਿਟੀ ਵਿਚ ਐੱਮਬੀਬੀਐੱਸ ਦੀ ਪੜ੍ਹਾਈ ਕਰਨ ਗਏ ਅੰਮ੍ਰਿਤਸਰ ਦੇ ਜਗਜੀਤ ਸਿੰਘ, ਜਲੰਧਰ ਦੇ ਜੁਗਰਾਜ ਸਿੰਘ, ਬਟਾਲਾ ਦੇ ਹਰਜਿੰਦਰ ਸਿੰਘ, ਜਲੰਧਰ ਦੇ ਲਸਾੜਾ ਪਿੰਡ ਦੇ ਵਾਸੀ ਕਮਲਜੀਤ ਸਿੰਘ ਤੇ ਪਟਿਆਲਾ ਦੇ ਗੁਰਫਤੇਹ ਸਿੰਘ ਨੇ  ਦੱਸੀ। ਉਹ ਉਥੇ ਪੋਲੈਂਡ ਵਿਚ ਸ਼ਰਨ ਲੈਣ ਲਈ ਬੈਠੇ ਹੋਏ ਹਨ।ਯੂਕਰੇਨ ਦਾ ਬਾਰਡਰ ਪਾਰ ਕਰਕੇ ਤਿੰਨ ਸੌ ਦੇ ਲਗਪਗ ਭਾਰਤੀ ਵਿਦਿਆਰਥੀ ਰੋਮਾਨੀਆ ਪਹੁੰਚਣ ਵਿਚ ਕਾਮਯਾਬ ਹੋ ਗਏ ਹਨ।  ਉਹਨਾਂ ਨੂੰ ਰੋਮਾਨੀਆ ਦੇ ਇਕ ਸੁਰੱਖਿਅਤ ਸ਼ੈਲਟਰ ਹਾਊਸ ਵਿਚ ਠਹਿਰਾਇਆ ਗਿਆ ਹੈ। ਇਥੇ ਉਹ ਪੂਰੀ ਤਰ੍ਹਾਂ ਸੁਰੱਖਿਅਤ ਹਨ। ਉਨ੍ਹਾਂ ਦੇ ਖਾਣ-ਪੀਣ ਦਾ ਵੀ ਪ੍ਰਬੰਧ ਹੋ ਚੁੱਕਾ ਹੈ। ਹੁਣ ਬਸ ਭਾਰਤ ਦੀ ਫਲਾਈ ਦੀ ਉਡੀਕ ਹੈ।

ਹੁਣੇ ਜਿਹੇ ਕੇਂਦਰ ਸਰਕਾਰ ਨੇ ਆਪਣੇ ਮੰਤਰੀਆਂ ਨੂੰ ਗੁਆਂਢੀ ਦੇਸ਼ਾਂ ਵਿਚ ਜਾਣ ਲਈ ਕਿਹਾ ਹੈ ਤਾਂ ਕਿ ਵਿਦਿਆਰਥੀਆਂ ਨੂੰ ਗੁਆਂਢੀ ਦੇਸ਼ਾਂ ਰਾਹੀਂ ਭਾਰਤ ਲਿਆਂਦਾ ਜਾ ਸਕੇ। ਸੁਆਲ ਇਹ ਹੈ ਕਿ ਉਸ ਵੇਲੇ ਵਿਦਿਆਰਥੀਆਂ ਨੂੰ ਵਾਪਸ ਕਿਉਂ ਨਹੀਂ ਲਿਆਂਦਾ ਗਿਆ; ਜਦੋਂ ਜੰਗ ਦੀ ਸੰਭਾਵਨਾ ਬਣੀ ਹੋਈ ਸੀ।ਜੋ ਵਿਦਿਆਰਥੀ ਦੇਸ਼ ਵਾਪਸ ਪਹੁੰਚੇ ਹਨ, ਉਨ੍ਹਾਂ ਤੋਂ ਕਈ ਗੁਣਾ ਜ਼ਿਆਦਾ ਕਿਰਾਇਆ ਲਿਆ ਗਿਆ।ਹੁਣ ਤੱਕ ਏਅਰ ਇੰਡੀਆ ਦੀਆਂ ਛੇ ਉਡਾਣਾਂ ਰਾਹੀਂ 1,396 ਭਾਰਤੀਆਂ ਨੂੰ ਮੁਲਕ ਵਾਪਸ ਲਿਆਂਦਾ ਗਿਆ ਸੀ।ਹੁਣੇ ਜਿਹੇ ਏਅਰ ਇੰਡੀਆ ਦੀਆਂ ਬੁਖਾਰੈਸਟ (ਰੋਮਾਨੀਆ) ਅਤੇ ਬੁਡਾਪੈਸਟ (ਹੰਗਰੀ) ਤੋਂ ਆਈਆਂ ਦੋ ਉਡਾਣਾਂ ਰਾਹੀਂ 489 ਹੋਰ ਭਾਰਤੀਆਂ ਨੂੰ ਮੁਲਕ ਲਿਆਂਦਾ ਗਿਆ ਸੀ। ਕੁਝ ਹੋਰ ਪ੍ਰਾਈਵੇਟ ਕੰਪਨੀਆਂ ਸਪਾਈਸਜੈੱਟ, ਇੰਡੀਗੋ ਅਤੇ ਏਅਰ ਇੰਡੀਆ ਐਕਸਪ੍ਰੈੱਸ ਨੇ ਵੀ ਦੋ ਸ਼ਹਿਰਾਂ ਵਿਚ ਆਪਣੇ ਜਹਾਜ਼ ਭੇਜੇ ਹਨ ਤਾਂ ਜੋ ਭਾਰਤੀਆਂ ਨੂੰ ਯੂਕਰੇਨ ਵਿਚੋਂ ਸੁਰੱਖਿਅਤ ਵਾਪਸ ਲਿਆਂਦਾ ਜਾ ਸਕੇ। ਯੂਕਰੇਨ ਦਾ ਹਵਾਈ ਖੇਤਰ ਬੰਦ ਹੋਣ ਕਾਰਨ ਭਾਰਤ ਨੇ ਰੋਮਾਨੀਆ ਤੇ ਹੰਗਰੀ ਲਈ ਉਡਾਣਾਂ ਸ਼ੁਰੂ ਕੀਤੀਆਂ ਹਨ ਜਿਥੇ ਵੱਡੀ ਗਿਣਤੀ ਵਿਚ ਭਾਰਤੀ, ਯੂਕਰੇਨ ਤੋਂ ਪਹੁੰਚ ਰਹੇ ਹਨ।  ਸੂੂੂਚਨਾ ਮੁਤਾਬਕ ਅਜੇ ਵੀ ਕਰੀਬ 14 ਹਜ਼ਾਰ ਭਾਰਤੀ, ਜਿਨ੍ਹਾਂ ਵਿਚ ਜ਼ਿਆਦਾਤਰ ਵਿਦਿਆਰਥੀ ਹਨ, ਯੂਕਰੇਨ ਵਿਚ ਫਸੇ ਹੋਏ ਹਨ। 

ਜ਼ਿਕਰਯੋਗ ਹੈ ਕਿ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ 18 ਤੋਂ 20 ਹਜ਼ਾਰ ਵਿਦਿਆਰਥੀ ਯੂਕਰੇਨ ਵਿਚ ਮੈਡੀਕਲ ਦੀ ਪਡ਼੍ਹਾਈ ਕਰ ਰਹੇ ਹਨ। ਇਨ੍ਹਾਂ ਸਾਰਿਆਂ ਦਾ ਖਾਸ ਤੌਰ ਤੇ ਜੋ ਕੀਵ ਤੇ ਖਾਰਕੀਵ ਵਰਗੇ ਸ਼ਹਿਰਾਂ ਵਿਚ ਪਡ਼੍ਹ ਰਹੇ ਸਨ, ਦਾ ਭਵਿੱਖ ਹਨੇਰੇ ਵਿਚ ਹੈ।ਯਾਦ ਰਹੇ ਕਿ ਯੂਕਰੇਨ ਵਿਚ ਐੱਮਬੀਬੀਐੱਸ ਕਰਨ ਵਾਲੇ ਵਿਦਿਆਰਥੀਆਂ ਨੂੰ ਭਾਰਤ ਵਿਚ ਆ ਕੇ ਮੈਡੀਕਲ ਕੌਂਸਲ ਆਫ਼ ਇੰਡੀਆ  ਦਾ ਇਮਤਿਹਾਨ ਪਾਸ ਕਰਨਾ ਪੈਂਦਾ ਹੈ। ਜਾਣਕਾਰੀ ਅਨੁਸਾਰ ਹਰ ਸਾਲ ਯੂਕਰੇਨ ਤੋਂ ਆਏ 4000 ਵਿਦਿਆਰਥੀ ਇਹ ਇਮਤਿਹਾਨ ਦਿੰਦੇ ਹਨ ਪਰ ਪਾਸ ਬਹੁਤ ਘੱਟ ਹੁੰਦੇ ਹਨ। ਇਸ ਦੇ ਬਾਵਜੂਦ ਭਾਰਤ ਤੋਂ ਹਜ਼ਾਰਾਂ ਵਿਦਿਆਰਥੀ ਯੂਕਰੇਨ ਦੀਆਂ ਯੂਨੀਵਰਸਿਟੀਆਂ ਵਿਚ ਦਾਖ਼ਲਾ ਲੈਂਦੇ ਹਨ। ਇਸ ਦੇ ਦੋ ਮੁੱਖ ਕਾਰਨ ਹਨ: ਪਹਿਲਾ, ਉੱਥੇ ਮੈਡੀਕਲ, ਇੰਜਨੀਅਰਿੰਗ ਅਤੇ ਹੋਰ ਖੇਤਰਾਂ ਵਿਚ ਪੜ੍ਹਾਈ ਤੇ ਖ਼ਰਚਾ ਭਾਰਤ ਦੇ ਨਿੱਜੀ ਖੇਤਰ ਦੇ ਵਿਦਿਅਕ ਅਦਾਰਿਆਂ ਤੋਂ ਕਿਤੇ ਘੱਟ ਹੈ; ਦੂਸਰਾ, ਦਾਖ਼ਲੇ ਲਈ ਵਿਦਿਆਰਥੀਆਂ ਨੂੰ ਵੱਖਰਾ ਇਮਤਿਹਾਨ ਦੇਣ ਦੀ ਜ਼ਰੂਰਤ ਨਹੀਂ ਹੈ। ਮੂਲ ਸਮੱਸਿਆ ਸਰਕਾਰਾਂ ਵੱਲੋਂ ਜਨਤਕ ਖੇਤਰ ਵਿਚ ਮੈਡੀਕਲ ਕਾਲਜ ਨਾ ਬਣਾਉਣ ਤੋਂ ਹੀ ਪੈਦਾ ਹੋਈ ਹੈ। ਬਹੁਤ ਸਾਰੇ ਸੂਬਿਆਂ ਵਿਚ ਨਿੱਜੀ ਖੇਤਰ ਦੇ ਹਸਪਤਾਲਾਂ ਅਤੇ ਮੈਡੀਕਲ ਕਾਲਜਾਂ ਲਈ ਸਸਤੇ ਭਾਅ ਜ਼ਮੀਨ ਦਿੱਤੀ ਗਈ ਪਰ ਇਹ ਹਸਪਤਾਲ ਅਤੇ ਕਾਲਜ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹਨ।   ਭਾਰਤ ਸਰਕਾਰ ਦਾ ਇਹਨਾਂ ਨਿਜੀ ਸੰਸਥਾਵਾਂ ਉਪਰ ਕੰਟਰੋਲ ਨਹੀਂ ਹੈ। ਨਾ ਇਥੇ ਰੁਜਗਾਰ ਹੈ ਨਾ ਸਸਤੀ ਵਿਦਿਆ।  ਸਰਕਾਰਾਂ ਨੂੰ ਮੈਡੀਕਲ ਵਿੱਦਿਆ ਦੇ ਖੇਤਰ ਵਿਚ ਵੱਡੀ ਪੱਧਰ ਤੇ ਨਿਵੇਸ਼ ਕਰਨਾ ਚਾਹੀਦਾ ਹੈ ਤਾਂ ਜੋ ਵਿਦਿਆਰਥੀ ਆਪਣੇ ਦੇਸ ਵਿਚ ਪੜ੍ਹ ਸਕਣ।

             ਯੂਕਰੇਨ ਉਪਰ ਰੂਸੀ ਹਮਲਾ ਤੇ ਮਨੁੱਖੀ ਅਧਿਕਾਰ

ਯੂਕਰੇਨ ਬਾਰੇ ਦੋ ਖਬਰਾਂ ਮਹਤਵਪੂਰਨ ਹਨ।ਇਕ ਰੂਸ ਨੇ ਪ੍ਰਮਾਣੂ ਹਥਿਆਰ ਅਲਰਟ ਉਪਰ ਲਾ ਦਿਤੇ ਹਨ।ਅਮਰੀਕਾ ਯੂਰਪੀ ਦੇਸ ਇਸ ਬਾਰੇ ਸੁਚੇਤ ਹਨ।ਅਮਰੀਕਾ ਨੇ ਕਿਹਾ ਹੈ ਕਿ ਰੂਸ ਵੱਲੋਂ ਪ੍ਰਮਾਣੂ ਹਥਿਆਰਾਂ ਨੂੁੰ ਚੌਕਸੀ ਤੇ ਰੱਖਣਾ ''ਕਤਈ ਨਾ-ਸਵੀਕਾਰਕਰਨ ਯੋਗ'' ਕਦਮ ਹੈ।ਰਾਸ਼ਟਰਪਤੀ ਪੁਤਿਨ ਨੇ ਫ਼ੌਜਾਂ ਨੂੰ ਆਪਣੀਆਂ ਪ੍ਰਮਾਣੂ ਸ਼ਕਤੀਆਂ ''ਵਿਸ਼ੇਸ਼ ਚੌਕਸੀ'' 'ਤੇ ਰੱਖਣ ਦੇ ਹੁਕਮ ਦਿੱਤੇ ਹਨ। ਇਸ ਕਦਮ ਨੂੰ ਪੱਛਮ ਦੀਆਂ ਪਾਬੰਦੀਆਂ ਅਤੇ ਬਿਆਨਾਂ ਪ੍ਰਤੀ ਧਮਕੀ ਵਜੋਂ ਦੇਖਿਆ ਜਾ ਰਿਹਾ ਹੈ।ਇਸਤ ਰਾਂ ਸੰਭਾਵਨਾ ਬਣ ਰਹੀ ਹੈ ਕਿ ਅਸੀਂ ਤੀਸਰੀ ਜੰਗ ਦੀ ਲਪੇਟ ਵਿਚ ਹਾਂ।ਦੂਸਰਾ ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ  ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਬੇਲਾਰੂਸ ਸਰਹੱਦ 'ਤੇ ਰੂਸ ਨਾਲ ਗੱਲਬਾਤ ਕਰਨ ਲਈ ਸਹਿਮਤੀ ਦਿੱਤੀ ਹੈ।ਪਰ ਗਲਬਾਤ ਦੇ ਬਾਵਜੂਦ ਰੂਸੀ ਹਮਲੇ ਜਾਰੀ ਹਨ। ਰੂਸ ਯੂਕਰੇਨ ਦੀ ਆਪਸੀ ਗਲਬਾਤ ਹਾਲੇ ਤਕ ਕਿਸੇ ਸਿਟੇ ਉਪਰ ਨਹੀਂ ਪਹੁੰਚੀ। ਰੂਸੀ ਰਾਸ਼ਟਰਪਤੀ ਪੁਤਿਨ ਯੂਕਰੇਨ ਵਿੱਚ ਜੋ ਕਰ ਰਿਹਾ ਹੈ, ਉਹ ਅਨੈਤਿਕ ਹੈ। ਦੋਹਾਂ ਮਹਾਂ ਯੁੱਧਾਂ ਵਿੱਚ ਇੱਕ ਗੱਲ ਸਾਂਝੀ ਸੀ - ਹਿੰਸਾ ਦੀਆਂ ਮਹਾਂਸ਼ਕਤੀਆਂ ਵਿਚਕਾਰ ਸੰਸਾਰ ਦੀ ਆਪਹੁਦਰੀ ਵੰਡ! ਯੂਰਪ, ਅਫਰੀਕਾ ਅਤੇ ਏਸ਼ੀਆ ਦੇ ਛੋਟੇ ਅਤੇ ਹਾਰੇ ਹੋਏ ਦੇਸ਼ਾਂ ਦੀਆਂ ਸੀਮਾਵਾਂ ਨੂੰ ਆਪਹੁਦਰੇ ਢੰਗ ਨਾਲ ਨਿਰਧਾਰਤ ਕਰਕੇ, ਇੱਕ ਜ਼ਖ਼ਮ ਬਣਾਇਆ ਗਿਆ ਜੋ ਸਦਾ ਰਿਸਦਾ ਰਹਿੰਦਾ ਹੈ।  ਆਜ਼ਾਦੀ, ਜਮਹੂਰੀਅਤ, ਮਨੁੱਖੀ ਅਧਿਕਾਰਾਂ ਅਤੇ ਮਨੁੱਖਤਾ ਦੇ ਨਾਂ 'ਤੇ ਇਹੋ ਜਿਹੀਆਂ ਖੇਡਾਂ ਖੇਡੀਆਂ ਗਈਆਂ। ਉਸਦਾ ਜ਼ਹਿਰ ਪਸਰਦਾ ਰਹਿੰਦਾ ਹੈ।ਯੂਕਰੇਨ 'ਤੇ ਖੁੱਲ੍ਹੇਆਮ ਹਮਲਾ ਕਰਨ ਤੋਂ ਪਹਿਲਾਂ, ਰਾਸ਼ਟਰਪਤੀ ਪੁਤਿਨ ਨੇ ਆਪਣੇ ਦੇਸ਼ ਨੂੰ ਸੰਬੋਧਨ ਕਰਦੇ ਹੋਏ, ਦੁਨੀਆ ਨੂੰ ਜੋ ਕੁਝ ਕਿਹਾ, ਉਸ ਦੀ ਸਪਸ਼ਟ ਗੂੰਜ, ਉਸ ਭਾਸ਼ਾ ਅਤੇ ਸ਼ਬਦਾਂ ਵਿਚ ਸੁਣਾਈ, ਜਿਸ ਵਿਚ ਹਿਟਲਰ ਤੋਂ ਲੈ ਕੇ ਹੁਣ ਤੱਕ ਦੇ ਸਾਰੇ ਨਸਲਵਾਦੀ ਤੇ ਜ਼ਾਲਮ ਨੇਤਾ ਕਰਦੇ  ਰਹੇ ਹਨ। ਐਮਨੈਸਟੀ ਇੰਟਰਨੈਸ਼ਨਲ ਅਤੇ ਹਿਊਮਨ ਰਾਈਟਸ ਵਾਚ ਦੋਵਾਂ ਨੇ ਕਿਹਾ ਕਿ ਰੂਸੀ ਬਲਾਂ ਨੇ ਵਿਆਪਕ ਤੌਰ 'ਤੇ ਪਾਬੰਦੀਸ਼ੁਦਾ ਕਲੱਸਟਰ ਹਥਿਆਰਾਂ ਦੀ ਵਰਤੋਂ ਕੀਤੀ ਜਾਪਦੀ ਹੈ, ਐਮਨੈਸਟੀ ਨੇ ਉਨ੍ਹਾਂ 'ਤੇ ਉੱਤਰ-ਪੂਰਬੀ ਯੂਕਰੇਨ ਵਿੱਚ ਇੱਕ ਪ੍ਰੀਸਕੂਲ 'ਤੇ ਹਮਲਾ ਕਰਨ ਦਾ ਦੋਸ਼ ਲਗਾਇਆ ਹੈ ਜਦੋਂ ਕਿ ਨਾਗਰਿਕਾਂ ਨੇ ਅੰਦਰ ਪਨਾਹ ਲਈ ਸੀ।ਸੰਯੁਕਤ ਰਾਜ ਵਿੱਚ ਯੂਕਰੇਨ ਦੀ ਰਾਜਦੂਤ ਓਕਸਾਨਾ ਮਾਰਕਾਰੋਵਾ ਨੇ ਅਮਰੀਕੀ ਕਾਂਗਰਸ ਦੇ ਮੈਂਬਰਾਂ  ਨੂੰ ਦੱਸਿਆ ਕਿ ਰੂਸ ਨੇ ਆਪਣੇ ਦੇਸ਼ ਉੱਤੇ ਹਮਲੇ ਵਿੱਚ ਇੱਕ ਥਰਮੋਬੈਰਿਕ ਹਥਿਆਰ, ਜਿਸਨੂੰ ਵੈਕਿਊਮ ਬੰਬ ਕਿਹਾ ਜਾਂਦਾ ਹੈ, ਦੀ ਵਰਤੋਂ ਕੀਤੀ ਹੈ।ਇੱਕ ਵੈਕਿਊਮ ਬੰਬ, ਜਾਂ ਥਰਮੋਬੈਰਿਕ ਹਥਿਆਰ, ਉੱਚ-ਤਾਪਮਾਨ ਵਿਸਫੋਟ ਪੈਦਾ ਕਰਨ ਲਈ ਆਲੇ-ਦੁਆਲੇ ਦੀ ਹਵਾ ਤੋਂ ਆਕਸੀਜਨ ਵਿੱਚ ਚੂਸਦਾ ਹੈ, ਆਮ ਤੌਰ 'ਤੇ ਇੱਕ ਰਵਾਇਤੀ ਵਿਸਫੋਟਕ ਦੀ ਤੁਲਨਾ ਵਿੱਚ ਕਾਫ਼ੀ ਲੰਬੇ ਸਮੇਂ ਦੀ ਇੱਕ ਧਮਾਕੇ ਦੀ ਲਹਿਰ ਪੈਦਾ ਕਰਦਾ ਹੈ ਅਤੇ ਮਨੁੱਖੀ ਸਰੀਰਾਂ ਨੂੰ ਭਾਫ਼ ਬਣਾਉਣ ਦੇ ਸਮਰੱਥ ਹੈ। ਜੇਕਰ ਰੂਸ ਨੇ ਅਜਿਹਾ ਕੀਤਾ ਹੈ ਤਾਂ ਇਹ ਮਨੁੱਖੀ ਅਧਿਕਾਰਾਂ ਦਾ ਵੱਡਾ  ਘਾਣ ਹੈ। 

ਇਹ ਇੱਕ ਠੋਸ ਤੱਥ ਹੈ ਕਿ ਯੂਕਰੇਨ ਵਿਸ਼ਵ ਭਾਈਚਾਰੇ ਦਾ ਇੱਕ ਪ੍ਰਭੂਸੱਤਾ ਸੰਪੰਨ ਰਾਸ਼ਟਰ ਹੈ। ਜਿਸ ਨੂੰ ਆਪਣੇ ਦੋਸਤ, ਘੱਟ ਦੋਸਤ ਅਤੇ ਦੁਸ਼ਮਣ ਚੁਣਨ ਦਾ ਓਨਾ ਹੀ ਅਧਿਕਾਰ ਹੈ, ਜਿੰਨਾ ਰੂਸ ਨੂੰ ਹੈ। ਇਹ ਵੀ ਸੰਭਵ ਹੈ ਕਿ ਜੋ ਵੀ ਯੂਕਰੇਨ ਚੁਣਦਾ ਹੈ ਰੂਸੀ ਹਿੱਤਾਂ ਨੂੰ ਠੇਸ ਪਹੁੰਚਾ ਸਕਦਾ ਹੈ। ਤਾਂ ਤੁਸੀਂ ਕੀ ਕਰੋਗੇ? ਕੀ ਤੁਸੀਂ ਯੂਕਰੇਨ 'ਤੇ ਹਮਲਾ ਕਰੋਗੇ? ਜੇਕਰ ਅਜਿਹਾ ਹੀ ਚੱਲਦਾ ਰਿਹਾ ਤਾਂ ਦੁਨੀਆਂ ਵਿੱਚ ਆਮ ਲੋਕਤੰਤਰ ਤੇ ਮਨੁੱਖੀ ਅਧਿਕਾਰ ਵੀ ਨਹੀਂ ਬਚਣਗੇ। ਇਸ ਨਾਲ ਇੱਥੇ ਜੰਗਲ-ਰਾਜ ਬਣ ਜਾਵੇਗਾ।ਕੋਰੋਨਾ ਦੀ ਮਾਰ ਹੇਠ ਆਈ ਦੁਨੀਆ ਇਸ ਸਮੇਂ ਅਜਿਹੀ ਕਿਸੇ ਵੀ ਜੰਗ ਨੂੰ ਝੱਲਣ ਤੋਂ ਅਸਮਰੱਥ ਹੈ। ਅਮਨ ਤੇ ਗਲਬਾਤ ਹੀ ਸਿੱਧੇ ਸੰਚਾਰ ਦਾ ਇੱਕੋ ਇੱਕ ਤਰੀਕਾ ਹੈ ਤਾਂ ਜੋ ਜੰਗ ਰੋਕੀ ਜਾ ਸਕੇ।  ਅਮਰੀਕਾ, ਫਰਾਂਸ ਅਤੇ ਜਰਮਨੀ ਨੂੰ  ਜੰਗ ਰੋਕਣ ਲਈ ਅਗੇ ਆਉਣਾ ਪਵੇਗਾ।  ਪੁਤਿਨ ਨੂੰ ਸੱਚਾ ਭਰੋਸਾ ਦਿਵਾਉਣ ਦੀ ਲੋੜ ਹੈ ਕਿ ਯੂਕਰੇਨ ਦੀਆਂ ਸਰਹੱਦਾਂ ਨੂੰ ਕਦੇ ਵੀ, ਅਤੇ ਕਿਸੇ ਵੀ ਹਾਲਾਤ ਵਿੱਚ, ਰੂਸ ਵਿਰੁਧ ਨਹੀਂ ਵਰਤਿਆ  ਜਾਵੇਗਾ।

 

 ਰਜਿੰਦਰ ਸਿੰਘ ਪੁਰੇਵਾਲ