ਬਾਤ ਪੰਜਾਬੀ ਸਾਹਿਤ ਦੇ ਇੱਕ ਪਿਆਰੇ ਦੀ: "ਦੋ ਨਹੀਂ ਤਾਂ ਇੱਕ ‘ਮਹਿਬੂਬ’ ਤਾਂ ਹੋਰ ਭੇਜ!"

ਬਾਤ ਪੰਜਾਬੀ ਸਾਹਿਤ ਦੇ ਇੱਕ ਪਿਆਰੇ ਦੀ:
ਹਰੀ ਦਸਤਾਰ ਸਜਾਈ ਸਰਦਾਰ ਹਰਿੰਦਰ ਸਿੰਘ ਮਹਿਬੂਬ ਅਤੇ ਗੁਲਾਬੀ ਦਸਤਾਰ ਵਿੱਚ ਲੇਖਕ ਸ. ਗੁਰਤੇਜ ਸਿੰਘ

[ਅੱਜ ਫੇਰ ਯਾਦ ਆਇਆ ਉਹ ਰੰਗਲਾ ਫ਼ਕੀਰ ਜਿਸ ਦੇ ਬੇਵਕਤ ਅਕਾਲ ਚਲਾਣੇ ਨੇ, ਚਿਰੋਕਣੇ ਸਮੇਂ ਲਈ, ਮਿਆਰੀ ਪੰਜਾਬੀ ਅਦਬੀ ਮਹਲ ਦੀ ਉਸਰ ਰਹੀ ਨਵੀਂ ਮੰਜ਼ਲ ਨੂੰ ਤਕਰੀਬਨ ਬੇਚਿਰਾਗ ਹੀ ਕਰ ਦਿੱਤਾ। ਦਹਸਦੀਆਂ ਵਰਗਾ ਇੱਕ ਦਹਾਕਾ ਬੀਤ ਗਿਆ ਹੈ ਪਰ ਓਹਦੇ ਵਰਗੇ ਕਿਸੇ ਦੂਸਰੇ ਦੀ ਕੰਨਸੋਅ ਨਹੀਂ ਪਈ।

ਇਹ ਓਸ ਗੁਰੂ ਨਾਨਕ ਦੇ ਆਗਮਨ ਦਾ 550ਵਾਂ ਵਰ੍ਹਾ ਹੈ ਜਿਸ ਨੇ ਮਾਰੂਥਲਾਂ ਵਿੱਚ ਚਸ਼ਮੇ ਵਗਾਏ, ਜਿਸ ਨੇ ਅਨੇਕਾਂ ਚਿਰਾਂ ਦੇ ਦਫ਼ਨ ਹੋਏ ਫ਼ਲਸਫ਼ਿਆਂ ਨੂੰ ਅੰਮ੍ਰਿਤ ਦਾ ਛਿੱਟਾ ਮਾਰ ਕੇ ਸੁਰਜੀਤ ਕੀਤਾ। ਯਕੀਨਨ ਉਹ ਪੰਜਾਬ ਦੀਆਂ ਸੁੰਨੀਆਂ ਗਲੀਆਂ ਵਿੱਚ ਕਿਸੇ ਰਬਾਬ ਦੀ ਟੁਣਕਾਰ ਸੁਣਨ ਨੂੰ ਉਤਾਵਲਾ ਹੋਵੇਗਾ।

ਆਓ ਸਾਰੇ ਰਲਮਿਲ ਕੇ ਅਕਾਲੀ ਰਹਿਮਤਾਂ ਦੇ ਮੋਦੀਖਾਨੇ ਦੇ ਮਾਲਕ ਦੇ ਦਰ ਉੱਤੇ ਅਰਜ਼ ਕਰੀਏ: “ਸੱਚੇ ਪਾਤਸ਼ਾਹ, ਦੀਨ ਦੁਨੀ ਦੇ ਮਾਲਕ, ਤੇਰੀ ਧਰਤੀ ਸੁਹਜ, ਅਦਬ, ਅਣਖ ਤੋਂ ਸੱਖਣੀ ਹੋ ਚੱਲੀ ਹੈ। ਹੋ ਸਕੇ ਤਾਂ ਦੋ ਨਹੀਂ ਤਾਂ ਇੱਕ ‘ਮਹਿਬੂਬ’ ਤਾਂ ਹੋਰ ਭੇਜ! ਸਭ ਤੋਂ ਉੱਚੇ ਦਰ ਦੇ ਮਾਲਕ, ਆਪਣੇ ਪੰਜਾਬ ਉੱਤੇ ਰਹਿਮ ਬਰਸਾ।"]

ਦੋ ਸ਼ਬਦ
ਪ੍ਰੋਫ਼ੈਸਰ ਹਰਿੰਦਰ ਸਿੰਘ ਮਹਿਬੂਬ ਨੂੰ ਮੈਂ ਸਰਵੋਤਮ ਸਾਹਿਤ ਦੇ ਪੰਜ ਪਿਆਰਿਆਂ ਵਿੱਚੋਂ ਗਿਣਦਾ ਹਾਂ। ਪ੍ਰੋਫ਼ੈਸਰ ਪੂਰਨ ਸਿੰਘ, ਸਿਰਦਾਰ ਕਪੂਰ ਸਿੰਘ ਵਾਂਗ ਮਹਿਬੂਬ ਦੀ ਰਚਨਾ ਨੂੰ ਉੱਤਮਤਾਈ ਸਭ ਤੋਂ ਪਹਿਲਾਂ ਉਹਨਾਂ ਦੇ ਪਵਿੱਤਰ ਉਦੇਸ਼ ਨੇ ਬਖ਼ਸ਼ੀ। ਨਿਰੋਲ ਸੱਚ ਦਾ ਪ੍ਰਚਾਰ ਕਰਨ ਵਾਲੀ ਸਿੱਖੀ ਲਹਿਰ ਨਾਲ ਉਹ ਸੁਭਾਗ ਨਾਲ ਮੁੱਢੋਂ ਹੀ ਜੁੜਿਆ ਹੋਇਆ ਸੀ। ਗੁਰੋਪਦੇਸ਼, ਜਿਸ ਵਿੱਚ ਹਰ ਫ਼ਲਸਫ਼ੇ ਦੇ ਅੰਤਿਮ ਸੱਚ, ਹਰ ਧਰਮ ਦੀ ਡੂੰਘੀ ਰਮਜ਼ ਅਤੇ ਹਰ ਮਨੁੱਖੀ ਤਾਂਘ ਦੀ ਖਿੱਚ ਸੁਤੇ-ਸਿਧ ਹੀ ਸ਼ਾਮਿਲ ਹੈ, ਦਾ ਅਨੁਭਵੀ-ਅਹਿਸਾਸ ਮਹਿਬੂਬ ਨੂੰ ਭਾਈ ਗੁਰਦਾਸ ਅਤੇ ਮਹਾਂਕਵੀ ਸੰਤੋਖ ਸਿੰਘ ਵਾਂਗ ਆਪਣੇ ਜੀਵਨ ਦੇ ਪਹਿਲੇ ਸਾਲਾਂ ਵਿੱਚ ਹੀ ਹੋ ਗਿਆ ਜਾਪਦਾ ਹੈ। ਕਿਸੇ ਸਮੇਂ ਏਸ ਨੇ, ਤਤਕਾਲੀ ਪ੍ਰਭਾਵ ਕਬੂਲਦੇ ਹੋਏ, ਏਸ ਸਦ-ਰਹਿਣੇ ਨਿਰੋਲ ਮਾਨਵ-ਕਲਿਆਣਕਾਰੀ ਵੇਗ ਨੂੰ ਕਿਸੇ ਹੋਰ ਧਰਤੀ ਤੋਂ ਉੱਠੇ ਛਿਣ-ਭੰਗਰੀ ਤੂਫ਼ਾਨ ਨਾਲ ਚੜ੍ਹ ਕੇ ਆਈ ਓਸ ਵਿਚਾਰਧਾਰਾ ਨਾਲ ਠੱਲ੍ਹ ਪਾਉਣ ਦੀ ਕੋਸ਼ਿਸ ਕੀਤੀ, ਜਿਸ ਵਿੱਚ ਪ੍ਰੋਫ਼ੈਸਰ ਮੋਹਨ ਸਿੰਘ ਅਤੇ ਸੰਤ ਸਿੰਘ ਸੇਖੋਂ ਵਰਗੇ ਵੱਡੇ ਮਲਾਹ ਰੁੜ੍ਹ ਗਏ ਸਨ। ਸੇਖੋਂ ਗਿਆ ਬੜੇ ਚਾਅ ਨਾਲ ਸੀ ਪਰ ਅੰਤ ਨੂੰ ਝਕਦਾ-ਝਕਦਾ, ਮਿਹਣਿਆਂ ਤੋਂ ਡਰਦਾ, ਹੌਲੀ-ਹੌਲੀ ਪਰਤਿਆ। ਮਹਿਬੂਬ ਦੀਆਂ ਉਡਾਰੀਆਂ ਸਮੁੰਦਰੀ ਜਹਾਜ਼ ਦੇ ਪੰਛੀ ਵਾਂਗ ‘ਜਹਾਜ਼’ ਦੇ ਆਲੇ-ਦੁਆਲੇ ਹੀ ਲੱਗਦੀਆਂ ਰਹੀਆਂ। ਗੁਰੂ ਗ੍ਰੰਥ ਸਾਹਿਬ ਦੀਆਂ ਰਮਜ਼ਾਂ ਦੀ ਮਿਕਨਾਤੀਸੀ ਖਿੱਚ ਨੂੰ ਓਹ ਕਦੇ ਵੀ ਮੁੱਢੋਂ ਵਿਸਾਰ ਨਾ ਸਕਿਆ ਅਤੇ ਅੰਤ ਅਧਿਆਤਮਕ ਤੌਰ ਉੱਤੇ ਏਸੇ ਮਹਾਨ ਤਸੱਵਰ ਵਿੱਚ ਸਦਾ ਲਈ ਲੀਨ ਹੋ ਗਿਆ। 
ਦੂਜੇ ਮਹਾਨ ਫ਼ਲਸਫ਼ੇ ਓਸ ਦੀਆਂ ਰਚਨਾਵਾਂ ਵਿੱਚ ਯੋਗਦਾਨ ਪਾਉਂਦੇ ਰਹੇ ਪਰ ਅਖ਼ੀਰ ਵਿੱਚ ਉਹ ਓਸ ਨੂੰ ਕੇਵਲ ਗੁਰੂ ਦੀ ਵਿਚਾਰਧਾਰਾ ਦੀਆਂ ਸਹਿਯੋਗੀ ਕਿਰਣਾਂ ਦੀ ਹੈਸੀਅਤ ਰੱਖਦੇ ਹੀ ਜਾਪੇ। ਏਸ ਘਰ ਤੋਂ ਓਸ ਨੇ ਝੋਲੀਆਂ ਭਰੀਆਂ ਜਿਸ ਬਾਰੇ ਜੱਗ ਜਾਣਦਾ ਹੈ :

ਹਭੇ ਟੋਲ ਸੁਹਾਵਣੇ ਸਹੁ ਬੈਠਾ ਅੰਙਣੁ ਮਲਿ॥ 
ਪਹੀ ਨ ਵੰਞੈ ਬਿਰਥੜਾ ਜੋ ਘਰਿ ਆਵੈ ਚਲਿ॥ (ਵਾਰ ਮਾਰੂ ਮ: 5, ਪੰਨਾ 1095)

ਓਸ ਨੂੰ ਕ੍ਰਿਪਾਲੂ ਸਾਹਿਬ ਨੇ ਬੇਝਿਜਕ ਦਾਤਾਂ ਲੁਟਾਈਆਂ। ਓਸ ਨੇ ਵੀ ਵਾਰਤਕ, ਕਵਿਤਾ, ਗ਼ਜ਼ਲ, ਗੀਤਾਂ ਦੇ ਜਾਮੇ ਪੁਆ-ਪੁਆ ਕੇ ਇਹਨਾਂ ਦਾਤਾਂ ਨੂੰ ਮਸਤ ਫ਼ਕੀਰ ਵਾਂਗ ਝੋਲੀਆਂ ਭਰ-ਭਰ ਵੰਡਿਆ। ਓਸ ਨੇ ਕਈ ਵਾਰ ਆਮ ਗੱਲਬਾਤ ਵਿੱਚ ਮੈਨੂੰ ਦੱਸਿਆ ਕਿ ਕਵਿਤਾ ਅਥਾਹ ਵੇਗ ਨਾਲ ਓਸ ਉੱਤੇ ਹੜ੍ਹ ਦੇ ਰੂਪ ਵਿੱਚ ਉੱਤਰਦੀ ਹੈ। ਅਵਸਥਾ ਹਲੂਲ ਵਾਲੀ ਹੀ ਹੋ ਜਾਂਦੀ ਹੋਵੇਗੀ। ਕਹਾਣੀ ਹੈ ਕਿ ਕਦੇ ਗੰਗਾ ਵੀ ਪੂਰੇ ਵੇਗ ਨਾਲ ਸੰਸਾਰ ਉੱਤੇ ਉੱਤਰੀ ਸੀ। ਓਦੋਂ ਏਸ ਨੂੰ ਸੰਭਾਲਣ ਲਈ ਸ਼ਿਵ ਨੂੰ ਜਟਾਵਾਂ ਦਾ ਜੂੜਾ ਬਣਾਉਣਾ ਪਿਆ: ਮਹਿਬੂਬ ਨੂੰ ਜੂੜੇ ਦੀ ਬਖ਼ਸ਼ਿਸ਼ ਪਹਿਲੋਂ ਹੀ ਹੋ ਚੁੱਕੀ ਸੀ। 

ਪੰਜਾਬੀ ਸਾਹਿਤ ਦੇ ਪੰਜ ਪਿਆਰਿਆਂ ਦੀ ਇੱਕ ਸਾਂਝ ਇਹ ਵੀ ਹੈ ਕਿ ਸਾਰਿਆਂ ਨੇ ਬਰਾਬਰ ਸ਼ਿੱਦਤ ਨਾਲ “ਨਾਗਾਂ ਵਾਂਗ ਘੁੰਮਦੀਆਂ, “ਬੀਆਬਾਨ’’ ਵਿੱਚ ਸੁੱਟ ਕੇ “ਖੋਰ ਦੇਣ” ਲਈ “ਵਿਸਾਲੀ ਖ਼ਾਕ’’ ਛਿੜਕਦੀਆਂ ਸਾਜ਼ਿਸ਼ਾਂ ਨੂੰ ਮਹਿਸੂਸ ਕੀਤਾ। ਪੰਜਾਂ ਨੇ ਹੀ ਇਹਨਾਂ ਦੀ ਉਤਪਤੀ “ਨਾ-ਸ਼ੁਕਰ ਬੁੱਤ-ਪੂਜ ਨਗਰ” ਵਿੱਚ ਹੁੰਦੀ ਵੇਖੀ। ਜੋਗੀਸਰਾਂ ਦੀ ਖੁਣਸ ਦਾ ਜ਼ਿਕਰ ਭਾਈ ਗੁਰਦਾਸ ਨੇ ਕੀਤਾ, ਮਹਿਖਾ ਬਿਰਤੀ ਵਾਲੀਆਂ ਢੁੱਡ-ਮਾਰ ਸਾਜ਼ਿਸ਼ਾਂ ਭਾਈ ਸੰਤੋਖ ਸਿੰਘ ਨੇ ਨਿਰਮਲ ਗੁਰ-ਇਤਿਹਾਸ ਵਿੱਚ ਖੌਰੂ ਪੁੱਟਦੀਆਂ ਤੱਕੀਆਂ। ਪ੍ਰੋਫ਼ੈਸਰ ਪੂਰਨ ਸਿੰਘ ਨੇ ਜੌਨ ਸਾਈਮਨ ਨੂੰ ਲਿਖੇ ਆਪਣੇ ਖ਼ਤ ਵਿੱਚ ਇਹਨਾਂ ਦੇ ਘੁੰਡ ਲਾਹੇ ਅਤੇ ਸਿਰਦਾਰ ਕਪੂਰ ਸਿੰਘ ਨੇ ਤਾਂ ਸਾਚੀਆਂ ਸਾਖੀਆਂ ਸਵਾਰ ਕੇ ਇਹਨਾਂ ਨੂੰ ਅਲਫ਼ ਨੰਗਾ ਹੀ ਕਰ ਦਿੱਤਾ। ਆਮ ਮਨੁੱਖੀ ਸਮਝ ਨੂੰ ਸਿਰਫ਼ ਇਹਨਾਂ ਦਾ ਕਿਸੇ ਹੱਦ ਤੱਕ ਹੀ ਝਉਲਾ ਪੈਂਦਾ ਹੈ ਪਰ ਪ੍ਰਤੱਖ ਦੇ ਉਹਲੇ, ਸੰਵਿਧਾਨ ਦੇ ਅੱਖਰਾਂ ਦੀ ਛਾਂਵੇਂ ਬੈਠੀਆਂ ਨਾਗਣੀਆਂ ਨੂੰ ਪਛਾਣਨ ਲਈ ਦਿਬ-ਦ੍ਰਿਸ਼ਟੀ ਦੀ ਲੋੜ ਹੁੰਦੀ ਹੈ। ਸਮੇਂ ਦੇ “ਪੁਰਸਲਾਤ” ਹੇਠ ਮੇਲ੍ਹਦੀਆਂ ਮਹੀਨ ਪਰ ਹਲਾਹਲ ਭਰੀਆਂ ਨਾਗਣੀਆਂ ਆਮ ਅੱਖਾਂ ਨੂੰ ਨਹੀਂ ਦਿੱਸਦੀਆਂ। 

ਇਤਫ਼ਾਕ ਨਾਲ ਇਹਨਾਂ ਪੰਜਾਂ ਹੀ ਪਿਆਰਿਆਂ ਨੇ “ਡੂੰਘੀ ਨੀਂਦ ਵਿੱਚ” ਭਰੋਸਾ ਕਰ ਕੇ ਸੁੱਤੇ ਕੌਮ ਦੇ “ਬੱਚੜੇ ਭੋਲਿਆਂ” ਦੇ ਸਾਹ ਪੀਣ ਲਈ ਸਰਕਦੀਆਂ ਸਰਾਲਾਂ ਨੂੰ ਪ੍ਰਤੱਖ ਵੇਖਿਆ ਸੀ; ਇਹਨਾਂ ਦੇ ਡੰਗ ਵੀ ਪਿੰਡੇ ਉੱਤੇ ਹੰਢਾਏ ਸਨ। ਮਹਾਂਪਰੋਪਕਾਰੀ, ਜਗਤ ਦੀ ਟੇਕ, ਦਸਮੇਸ਼ ਦੀ ਪਰਮ-ਪਾਵਨ ਛਬੀ ਨੂੰ ਖੋਰਾ ਲਾ ਕੇ ਅਰਥਹੀਣ ਆਡੰਬਰੀ ਅਵਤਾਰਾਂ ਦੀਆਂ ਕਤਾਰਾਂ ਵਿੱਚ ਲਿਆ ਖੜ੍ਹਾ ਕਰਨ ਦੇ ਨਾਪਾਕ ਇਰਾਦੇ ਮਹਿਬੂਬ ਬਹੁਤ ਸਪਸ਼ਟਤਾ ਨਾਲ ਵੇਖ ਰਿਹਾ ਸੀ। “ਇਲਾਹੀ ਨਦਰ ਦੇ ਪੈਂਡੇ” ਉਲੀਕਦਿਆਂ ਓਸ ਨੇ ਸਭ ਤੋਂ ਪਹਿਲਾਂ, ਵਾਜਬ ਹੀ, ਗੁਰੂ ਨਾਨਕ ਪਾਤਸ਼ਾਹ ਦੀ ਵਿਚਾਰਧਾਰਾ ਦੀ ਪੈੜ ਕੱਢੀ; ਫੇਰ ਉਹ ਸਿੱਧਾ ਹੀ ਨੀਲੇ ਦੇ ਸ਼ਾਹ ਅਸਵਾਰ ਕਲਗੀਧਰ ਦੇ ਸੁਚਾਲੇ ਜਾਨਭਾਈ ਦੀਆਂ ਖੁਰੀਆਂ ਨੱਪਣ ਉੱਤੇ ਆ ਗਿਆ। ਪੁੱਛਣ ਉੱਤੇ ਓਸ ਨੇ ਇੱਕ-ਦਮੀ ਮਨੁੱਖ ਦੇ ਸਾਹਾਂ ਦੇ ਤੌਖਲੇ ਨੂੰ ਵੱਡਾ ਕਾਰਣ ਦੱਸਿਆ। ਉਹ ਸਾਹਾਂ ਦੀ ਪੂੰਜੀ ਖੁੱਟਣ ਤੋਂ ਪਹਿਲਾਂ ਸਰਬੰਸ ਦਾਨੀ ਦੀ ਪਾਵਨ ਛਬਿ ਨੂੰ ਮਹਾਂਕਾਵਿ ਵਿੱਚ ਪਰੋ ਕੇ ਸਾਹਿਬਾਂ ਦੇ ਮਾਨਵਤਾ ਪ੍ਰਤੀ ਪਾਏ ਅਦੁੱਤੀ ਪੂਰਨਿਆਂ ਨੂੰ ਜੱਗ ਜ਼ਾਹਰ ਕਰਨਾ ਚਾਹੁੰਦਾ ਸੀ। ਦੋਸਤਾਂ-ਮਿੱਤਰਾਂ ਦੀਆਂ ਅਰਦਾਸਾਂ ਅਤੇ ਓਸ ਦਾ ਆਪਣਾ ਹੱਠ ਤੇ ਅਥਾਹ ਸ਼ਰਧਾ ਓਸ ਦੇ ਕੰਮ ਆਈ। ਅੰਤ ਉਹ ਅਜਿਹਾ ਕਰਨ ਵਿੱਚ ਕਾਮਯਾਬ ਹੋਇਆ। ਸਾਰਿਆਂ ਵੱਡੀ ਰਾਹਤ ਮਹਿਸੂਸ ਕੀਤੀ। ਹੁਣ ਏਸ ਰਮਜ਼ ਨੂੰ ਕੇਵਲ ਦੁਨੀਆਂ ਦੇ ਹਾਣ ਦੀ ਸਿਆਸਤ ਵਿੱਚ ਢਾਲ ਕੇ ਸੰਸਾਰ ਸਾਹਮਣੇ ਪਰੋਸਣਾ ਅਤੇ ਏਸ ਅਖੁੱਟ ਧਨ ਨੂੰ ਖਾਣ-ਖ਼ਰਚਣ ਦਾ ਸੱਦਾ ਦੇਣਾ ਹੀ ਬਾਕੀ ਰਹਿ ਗਿਆ ਹੈ। 

ਗੁਰੂ ਨਾਨਕ ਸਾਹਿਬ ਦੇ ਦੂਸਰੇ ਸਰੂਪ ਦੀ ਸੱਚੀ ਉਸਤਤ ਵਿੱਚ ਲਿਖੀ ਓਸ ਦੀ ਪੁਸਤਕ ਓਸ ਦੇ ਅਕਾਲ-ਚਲਾਣੇ ਤੋਂ ਬਾਅਦ ਪ੍ਰਾਪਤ ਹੋਈ ਹੈ ਅਤੇ ਹੁਣ ਤੱਕ ਛਪ ਵੀ ਚੁੱਕੀ ਹੈ। ਖਰੜਿਆਂ ਤੋਂ ਸੰਕੇਤ ਹਨ ਕਿ ਉਹ ਬਾਕੀ ਨਾਨਕ ਸਰੂਪਾਂ ਸਬੰਧੀ ਲਿਖਣ ਵਿੱਚ ਮਸਰੂਫ਼ ਸੀ ਜਦੋਂ ਚੰਦਰੀ ਬਿਮਾਰੀ ਨੇ ਓਸ ਨੂੰ ਆ ਘੇਰਿਆ। ਉਹ ਆਖ਼ਰੀ ਦਮ ਤੱਕ ਆਪਣੇ ਸੁਪਨੇ ਨੂੰ ਸਾਕਾਰ ਕਰਨ ਲਈ ਜੂਝਦਾ ਰਿਹਾ ਪਰ ਨਾ ਓਸ ਦੀ ਕੋਈ ਪੇਸ਼ ਗਈ, ਨਾ ਕੋਈ ਅਰਦਾਸ ਹੋਣੀ ਨੂੰ ਟਾਲ ਸਕੀ। ਸ਼ਾਇਦ ਓਸ ਦੀ ਅਦੁੱਤੀ ਰਚਨਾ ਨੂੰ ਸੰਪੂਰਣਤਾ ਬਖ਼ਸ਼ਣ ਲਈ ਬਾਲਾ ਪ੍ਰੀਤਮ ਨੇ ਆਪਣੀ ਮੌਜ ਵਿੱਚ ਆਪਣੀ ਛੜੀ ਕਿਸੇ ਛੱਜੂ ਦੇ ਸਿਰ ਉੱਤੇ ਰੱਖਣੀ ਹੈ। ਕਾਸ਼! ਅਜਿਹਾ ਹੁੰਦਾ ਸਾਡੀ ਪੀੜੀ ਵੇਖ ਸਕੇ!

ਹਰਿੰਦਰ ਸਿੰਘ ਮਹਿਬੂਬ ਦੀ ਕਵਿਤਾ ਦੇ ਗਗਨਾਂ ਵਿੱਚ ਉਕਾਬੀ ਉਡਾਣ ਬਾਰੇ, ਓਸ ਦੀ ਸਤਾਣੀ ਵਾਰਤਕ ਬਾਰੇ, ਓਸ ਦੇ ਸਮੁੰਦਰੋਂ ਡੂੰਘੇ ਧਰਮਾਂ ਦੇ ਅਨੁਭਵ ਬਾਰੇ ਅਤੇ ਓਸ ਦੇ ਕਈ ਫ਼ਲਸਫ਼ਿਆਂ ਦੇ ਅਥਾਹ ਅਧਿਐਨ ਬਾਰੇ ਅਨੇਕਾਂ ਨਿਬੰਧ ਲਿਖੇ ਜਾ ਚੁੱਕੇ ਹਨ; ਅਨੇਕਾਂ ਲਿਖੇ ਜਾਣਗੇ। ਕਈ ਵਿਦਿਆਰਥੀ ਓਸ ਦੀ ਦ੍ਰਿਸ਼ਟੀ ਦੀ ਥਾਹ ਪਾਉਣ ਲਈ ਪੀ-ਐਚ.ਡੀ. ਦੇ ਖੋਜ-ਪ੍ਰਬੰਧ ਲਿਖਣਗੇ। ਪਰ ਕੀ ਕਦੇ ਕੋਈ ਓਸ ਦੀ ਚੀਸ ਦੀ ਥਾਹ ਪਾਏਗਾ ਜੋ “ਬੁੱਤ-ਪੁਜਾਂ ਦੇ ਸੀਨੇ ਦੇ ਵਿੱਚ” “ਸੁੱਤੀ” “ਫੱਫੇਕੁੱਟਣੀ” ਦੀ ਦਿੱਖ ਨਾਲ ਓਸ ਨੂੰ ਵਿਆਕੁਲ ਕਰ ਦਿੰਦੀ ਸੀ? ਪਾਣੀ ਖੁਣੋਂ ਬੰਜਰ ਕੀਤੀ ਜਾ ਰਹੀ ਪੰਜ ਦਰਿਆਵਾਂ ਦੀ ਧਰਤੀ ਦੀ ਹੂਕ ਵੀ ਮਹਿਬੂਬ ਦੇ ਦਿਲ ਵਿੱਚ, ਕੁਰਲਾਹਟ ਮਚਾਉਂਦੀ ਹੋਈ, ਇੱਕ ਡੂੰਘੀ ਪੀੜ ਦਾ ਵੈਣ ਬਣ ਕੇ ਪ੍ਰਗਟ ਹੁੰਦੀ ਹੈ। ਜਿਹੜੇ ਕਿਸੇ ਜੂਹ ਵਿੱਚ ਵੀ ਵੱਸਣ ਨਹੀਂ ਦੇਣਾ ਚਾਹੁੰਦੇ, ਜਿਹੜੇ “ਇੱਕ ਦੀਵੇ ਖ਼ਾਤਰ’’ ਵੀ ਗਗਨ ਨਾ ਦੇਣ ਦੇ, ਜਿਹੜੇ ਪਰਾਈ ਜੂਹ ਵਿੱਚੋਂ ਵੀ ਉਜਾੜਨ ਦੇ ਫ਼ਤਵੇ ਜਾਰੀ ਕਰਦੇ ਹਨ, ਓਹਨਾਂ ਦਾ ਹੀ ਇੱਕ, ਫ਼ਤਵਾ ਹੈ :

ਤੂੰ ਪੁੱਤ ਦਰਿਆਵਾਂ ਦਾ, 
ਅਸਾਂ ਵਗਣ ਨ ਦੇਣਾ। 

ਇਹ ਰਾਜ਼ ਵੀ ਸਾਨੂੰ ਬੁੱਝਣੇ ਪੈਣਗੇ ਕਿ ਕੀ “ਰੂਹ ਯਾਰ ਪਿਆਰੇ ਦੀ,” ਤਖ਼ਤ ਹਜ਼ਾਰੇ ਦੀਆਂ ਬਾਤਾਂ ਪਾਉਂਦੀ, ਆਪਣਿਆਂ ਦੇ ਗਲੇ ਲੱਗਣ ਨੂੰ ਤਾਂਘਦੀ “ਸੋਹਣੀ ਦੇਸ ਪੰਜਾਬੇ ਦੀ” ਰੁਮਕੇ-ਰੁਮਕੇ ਵਗਦੀ ’ਵਾ ਕਦੇ ਆਪਣੀ ਮੰਜ਼ਲ ਹਾਸਲ ਵੀ ਕਰੇਗੀ। 

ਮਹਿਬੂਬ ਇੱਕ ਜਿਊਂਦਾ-ਜਾਗਦਾ, ਪੰਜਾਬ ਦੀ ਹਰ ਰੁੱਤ ਨੂੰ ਹੱਡੀਂ ਹੰਢਾਉਂਦਾ, ਏਸ ਦੇ ਸਾਹਾਂ ਵਿੱਚ ਸਾਹ ਲੈਂਦਾ ਲੇਖਕ ਅਤੇ ਕਵੀ ਸੀ। ਓਹ ਬਹਾਦਰੀ ਦਾ ਪ੍ਰਸੰਸਕ ਸੀ ਜਿਵੇਂ ਕਿ ਹਰ ਗ਼ੈਰਤਮੰਦ ਮਨੁੱਖ ਨੂੰ ਹੋਣਾ ਚਾਹੀਦਾ ਹੈ। ਉਹ ਭਗਤ ਸਿੰਘ ਨੂੰ ਏਸੇ ਰੌਂਅ ਵਿੱਚ ਸ਼ਹੀਦ ਤਸਲੀਮ ਕਰ ਗਿਆ। ਜਦੋਂ ਉਸ ਨੇ ਵੇਖਿਆ ਕਿ ਮਾਸੂਮੀ ਵਿੱਚ ਪ੍ਰਵਾਨ ਕੀਤੇ ਓਸ ਦੇ ਸੰਕਲਪ ਦੀ ਵਰਤੋਂ ਸ਼ਾਤਰਾਂ ਵੱਲੋਂ ਸਿਰੋਂ ਪੱਗਾਂ ਲਾਹੁਣ ਲਈ, ਅਸਲ ਸ਼ਹੀਦਾਂ ਦੀ ਛਬਿ ਨੂੰ ਧੁੰਦਲਾ ਕਰਨ ਲਈ ਵਰਤੀ ਜਾ ਰਹੀ ਹੈ ਤਾਂ ਉਹ ਝੱਟ ਆਪਣੇ ਔਤ ਵਿਚਾਰ ਨੂੰ ਜੜ੍ਹ ਤੱਕ ਘੋਖਣ ਲਈ ਤਿਆਰ ਹੋ ਗਿਆ। ਏਸ ਸੰਗ੍ਰਹਿ ਵਿੱਚ ਛਪੇ ਵਿਸਤ੍ਰਿਤ ਲੇਖ ਓਸ ਦੀ ਨਿਰੋਲ ਸੱਚ ਨੂੰ ਪ੍ਰਣਾਈ ਸੋਚ ਦਾ ਪ੍ਰਤੱਖ ਪ੍ਰਮਾਣ ਹੋ ਉੱਭਰਦੇ ਹਨ।

ਏਸ ਤੋਂ ਵੀ ਅਹਿਮ ਸਵਾਲ ਇਹ ਹੈ ਕਿ ਕੀ ਕਦੇ ਕੋਈ ਓਸ ਦੇ ਪੰਜਾਬ ਨੂੰ ਆਪਣੀ ਪਿਆਰੀ ਧੀ ਜਾਣ ਕੇ ਗੁਰਾਂ ਦੇ ਨਾਂਅ ਉੱਤੇ ਜਿਊਣ ਦੀ ਸਮਰੱਥਾ ਬਖ਼ਸ਼ੇਗਾ? ਸਵਾਲ ਹੀ ਸਵਾਲ ਹਨ ! ਸਵਾਲ ਹੀ ਸਵਾਲ ਹਨ !! ਅਜੇ, “ਫ਼ਜਰ ਅਜ਼ਾਨ ਵਿੱਚ ਲਹੂ ਦੀ ਲਾਟ ਹੋ ਬਿਜਲੀਆਂ” ਨੇ “ਕੁਫ਼ਰ ਵਿੱਚ ਧਮਾਲ ਪਾਉਣੀ” ਹੈ। 

ਸਾਹਿਤ-ਜਗਤ ਸਰਦਾਰ ਚੇਤਨ ਸਿੰਘ ਦਾ ਸਦਾ ਰਿਣੀ ਰਹੇਗਾ ਕਿ ਓਸ ਨੇ ਮਹਿਬੂਬ ਦੀਆਂ ਸਮੇਂ-ਸਮੇਂ ਪਾਈਆਂ ਬਾਤਾਂ ਨੂੰ ਸੰਭਾਲ ਕੇ ਇੱਕ ਵੱਡਾ ਪਰੋਪਕਾਰ ਕੀਤਾ ਹੈ। ਇਹ ਆਮ ਗੱਲਾਂ ਨਹੀਂ ਹਨ; ਪੀਰਾਂ-ਫ਼ਕੀਰਾਂ ਦੀ ਸੱਥ ਵਿੱਚ ਖੜ੍ਹ ਕੇ, ਅੰਤਿਮ-ਸੱਚ ਵੱਲ ਮੂੰਹ ਕਰ ਕੇ ਆਖੀਆਂ ਪਰਚੀਆਂ ਹਨ; ਕੌਮੀ ਜੀਵਨ ਲਈ ਅੰਮ੍ਰਿਤ ਦੀਆਂ ਬੂੰਦਾਂ ਹਨ। ਉਮੀਦ ਹੈ ਕਿ ਇਸ ਕਿਤਾਬ ਨੂੰ ਓਨੀਂ ਹੀ ਗੰਭੀਰਤਾ ਨਾਲ ਪੜ੍ਹਿਆ ਜਾਵੇਗਾ, ਜਿੰਨੀਂ ਗੰਭੀਰਤਾ ਨਾਲ ਇਸ ਨੂੰ ਲਿਖਿਆ ਗਿਆ ਹੈ ਅਤੇ ਜਿੰਨੀ ਲਗਨ ਨਾਲ ਚੇਤਨ ਸਿੰਘ ਨੇ ਇਸ ਨੂੰ ਕਿਤਾਬੀ ਜਾਮਾ ਪੁਆਉਣ ਲਈ ਘਾਲਣਾ ਘਾਲੀ ਹੈ। 

ਗੁਰਤੇਜ ਸਿੰਘ
15 ਨਵੰਬਰ 2011
।ਚੇਤਨ ਸਿੰਘ ਸੰਪਾਦਤ "ਸਿੱਖ ਸੁਰਤਿ ਦੀ ਪਰਵਾਜ਼" ਵਿੱਚੋਂ॥
(ਅਸੀਂ ਲਿਆ, ਸ. ਗੁਰਤੇਜ ਸਿੰਘ ਦੇ ਫੇਸਬੁੱਕ ਖਾਤੇ ਤੋਂ)

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।