ਬਾਬਰੀ ਮਸਜਿਦ-ਰਾਮ ਮੰਦਿਰ ਮਾਮਲੇ ਵਿੱਚ ਆਈਆਂ ਸਮਝੌਤੇ ਦੀਆਂ ਗੱਲਾਂ ਨੂੰ ਮੁਸਲਿਮ ਧਿਰਾਂ ਨੇ ਰੱਦ ਕੀਤਾ

ਬਾਬਰੀ ਮਸਜਿਦ-ਰਾਮ ਮੰਦਿਰ ਮਾਮਲੇ ਵਿੱਚ ਆਈਆਂ ਸਮਝੌਤੇ ਦੀਆਂ ਗੱਲਾਂ ਨੂੰ ਮੁਸਲਿਮ ਧਿਰਾਂ ਨੇ ਰੱਦ ਕੀਤਾ
ਬਾਬਰੀ ਮਸਜਿਦ ਨੂੰ ਢਾਹ ਰਹੀ ਹਿੰਦੁਤਵੀ ਭੀੜ ਦੀਆਂ ਤਸਵੀਰਾਂ

ਨਵੀਂ ਦਿੱਲੀ: ਬਾਬਰੀ ਮਸਜਿਦ-ਰਾਮ ਮੰਦਿਰ ਮਾਮਲੇ ਵਿੱਚ ਮੁਸਲਿਮ ਧਿਰਾਂ ਨੇ ਅਖਬਾਰਾਂ ਵਿੱਚ ਛਪੀਆਂ ਸਮਝੌਤੇ ਦੀਆਂ ਉਹਨਾਂ ਖਬਰਾਂ 'ਤੇ ਹੈਰਾਨੀ ਪ੍ਰਗਟ ਕੀਤੀ ਜਿਹਨਾਂ ਮੁਤਾਬਿਕ ਸੁਨੀ ਵਕਫ ਬੋਰਡ ਇਸ ਮਾਮਲੇ ਵਿੱਚ ਸਮਝੌਤਾ ਕਰਕੇ ਬਤੌਰ ਧਿਰ ਪਿੱਛੇ ਹੱਟ ਰਿਹਾ ਹੈ। ਇਹਨਾਂ ਧਿਰਾਂ ਨੇ ਕਿਹਾ ਕਿ ਉਹ ਵਿਚੋਲਗੀ ਦੀ ਕਾਰਵਾਈ ਦੌਰਾਨ ਕੀਤੇ ਕਿਸੇ ਸਮਝੌਤੇ ਨੂੰ ਨਹੀਂ ਮੰਨਦੇ।

ਇਸ ਮਾਮਲੇ ਵਿੱਚ ਮੁਸਲਿਮ ਧਿਰ ਵੱਲੋਂ ਮੁੱਖ ਅਪੀਲ ਕਰਤਾ ਐਮ ਸਿੱਦੀਕ ਦੇ ਵਕੀਲ ਮਕਬੂਲ ਨੇ ਕਿਹਾ ਕਿ ਮਾਮਲੇ ਵਿੱਚ ਸ਼ਾਮਿਲ ਸੁਨੀ ਵਕਫ ਬੋਰਡ ਨੂੰ ਛੱਡ ਕੇ ਬਾਕੀ ਸਾਰੀਆਂ ਮੁਸਲਿਮ ਧਿਰਾਂ ਕਿਸੇ ਵੀ ਕੀਤੇ ਗਏ ਸਮਝੌਤੇ ਨੂੰ ਰੱਦ ਕਰਦੀਆਂ ਹਨ ਕਿਉਂਕਿ ਇਸ ਵਿਚੋਲਗੀ ਦੀ ਕਾਰਵਾਈ ਵਿੱਚ ਮੁੱਖ ਹਿੰਦੂ ਧਿਰਾਂ ਸ਼ਾਮਿਲ ਹੀ ਨਹੀਂ ਹੋਈਆਂ ਸੀ। 

ਦੱਸ ਦਈਏ ਕਿ ਵਿਚੋਲਗੀ ਪੈਨਲ ਨੇ 16 ਅਕਤੂਬਰ ਨੂੰ ਆਪਣੀ ਰਿਪੋਰਟ ਸੁਪਰੀਮ ਕੋਰਟ ਦੇ ਪੰਜ ਜੱਜਾਂ ਵਾਲੇ ਮੇਜ ਨੂੰ ਦੇ ਦਿੱਤੀ ਸੀ, ਜਿਸ ਨੇ ਇਸ ਮਾਮਲੇ ਵਿੱਚ ਸੁਣਵਾਈ ਪੂਰੀ ਕਰ ਲਈ ਹੈ ਅਤੇ ਫੈਂਸਲਾ ਸੁਣਾਉਣਾ ਬਾਕੀ ਹੈ।

ਇਸ ਸਮਝੌਤੇ ਸਬੰਧੀ ਬਾਹਰ ਆਈਆਂ ਖਬਰਾਂ ਮੁਤਾਬਿਕ ਸੁਨੀ ਵਕਫ ਬੋਰਡ ਨੇ ਵਿਵਾਦਿਤ ਜ਼ਮੀਨ ਤੋਂ ਆਪਣਾ ਦਾਅਵਾ ਵਾਪਸ ਲੈਣ ਨੂੰ ਸਹਿਮਤੀ ਦੇ ਦਿੱਤੀ ਸੀ, ਜਿਸ ਨੂੰ ਬਾਕੀ ਦੀਆਂ ਸਾਰੀਆਂ ਮੁਸਲਿਮ ਧਿਰਾਂ ਨੇ ਰੱਦ ਕਰ ਦਿੱਤਾ ਹੈ। 

ਜ਼ਿਕਰਯੋਗ ਹੈ ਕਿ ਇਸ ਅਹਿਮ ਅਤੇ ਵਿਵਾਦਿਤ ਮਾਮਲੇ ਵਿੱਚ ਕੁੱਝ ਦਿਨਾਂ ਤੱਕ ਫੈਂਸਲਾ ਆਉਣ ਵਾਲਾ ਹੈ ਤੇ ਉਤਰ ਪ੍ਰਦੇਸ਼ ਦੀ ਹਿੰਦੁਤਵੀ ਆਗੂ ਯੋਗੀ ਅਦਿੱਤਿਆਨਾਥ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਫੈਂਸਲੇ ਤੋਂ ਬਾਅਦ ਬਣਨ ਵਾਲੇ ਹਾਲਾਤਾਂ ਲਈ ਪੂਰੀ ਤਿਆਰੀ ਕਰ ਰਹੀ ਹੈ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।