ਅਗੰਮੀ ਵਾਟਾਂ ਦਾ ਪਾਂਧੀ ਦਰਵੇਸ਼ ਚਿੰਤਕ ਤੇ ਅਲਬੇਲਾ ਕਵੀ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ

ਅਗੰਮੀ ਵਾਟਾਂ ਦਾ ਪਾਂਧੀ ਦਰਵੇਸ਼ ਚਿੰਤਕ ਤੇ ਅਲਬੇਲਾ ਕਵੀ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ

ਕੌਮੀ ਦਰਦ ਨਾਲ ਲਬਰੇਜ਼ ਦਾਰਸ਼ਨਿਕ, ਚਿੰਤਕ, ਲੇਖਕ ਅਤੇ ਅਗਵਾਈ ਕਰਤਾ ਕਿਸੇ ਵੀ ਕੌਮ ਦਾ ਅਣਮੁੱਲਾ ਸਰਮਾਇਆ ਹੁੰਦੇ ਹਨ। ਅੱਜ ਸਿੱਖ ਕੌਮ ਲਈ ਅਜਿਹੇ ਹੀ ਇੱਕ ਦਰਵੇਸ਼ ਚਿੰਤਕ, ਸਿਧਾਂਤਕਾਰ ਤੇ ਅਗੰਮੀ ਵਾਟਾਂ ਦੇ ਪਾਂਧੀ ਅਲਬੇਲੇ ਕਵੀ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਨੂੰ ਉਨ੍ਹਾਂ ਦੀ ਬਰਸੀ ਤੇ ਯਾਦ ਕਰਨਾ ਬੇਹੱਦ ਜਰੂਰੀ ਹੈ। ਸੰਪੂਰਨ ਵਿਸ਼ਵ ਸਾਹਿਤ, ਵਿਸ਼ਵ ਦਰਸ਼ਨ, ਸਾਮੀ ਅਤੇ ਵੈਦਿਕ ਧਰਮ ਗ੍ਰੰਥਾਂ ਅਤੇ ਮਾਰਕਸ ਦੇ ਸਮਾਜਵਾਦੀ ਸਿਧਾਂਤਾਂ ਦੇ ਨਿੱਠ ਕੇ ਕੀਤੇ ਸਮਾਧੀ ਰੂਪ ਅਧਿਐਨ ਤੋਂ ਪ੍ਰਾਪਤ ਗਿਆਨ ਅਨੁਭੂਤੀ ਦੀ ਰੌਸ਼ਨੀ ਵਿੱਚ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਨੇ ਸਹਿਜੇ ਰਚਿਓ ਖਾਲਸਾ, ਝਨਾਂ ਦੀ ਰਾਤ, ਇਲਾਹੀ ਨਦਰ ਦੇ ਪੈਂਡੇ, ਰੁੱਤਾਂ ਦੇ ਭੇਦ ਭਰੇ ਖ਼ਤ, ਸਿਦਕ ਦੀ ਪ੍ਰਭਾਤ, ਸਿੱਖ ਸੁਰਤਿ ਦੀ ਪਰਵਾਜ਼ ਵਰਗੀਆਂ ਵਿਸ਼ਵ ਪੱਧਰੀ, ਉੱਚ ਮਿਆਰੀ ਵਾਰਤਕ ਅਤੇ ਕਾਵਿ ਪੁਸਤਕਾਂ ਰਾਹੀਂ ਕੌਮ ਲਈ ਸਿਧਾਂਤਕ, ਦਾਰਸ਼ਨਿਕ ਅਤੇ ਧਾਰਮਿਕ ਅਗਵਾਈ ਲੀਹਾਂ ਸਿਰਜੀਆਂ। ਮਹਿਬੂਬ ਸਾਹਿਤ ਦੀਆਂ ਵੰਨਗੀਆਂ ਜਿੱਥੇ ਪਿਛਲੇ ਲਗਭਗ ਸਾਢੇ ਚਾਰ ਹਜ਼ਾਰ ਸਾਲ ਦੇ ਵਿਸ਼ਵ ਸਾਹਿਤਕ ਇਤਿਹਾਸ ਵਿੱਚ ਵਿਲੱਖਣ ਸਥਾਨ ਪ੍ਰਾਪਤੀ ਦਾ ਤਾਣ ਰੱਖਦੀਆਂ ਹਨ ਉੱਥੇ ਮਹਿਬੂਬ ਸਾਹਿਬ ਵੱਲੋਂ ਆਪਣੀਆਂ ਪੁਸਤਕਾਂ ਦੀਆਂ ਲਿਖੀਆਂ ਗਈਆਂ ਭੂਮਿਕਾਵਾਂ ਵੀ ਆਪਣੇ ਆਪ ਵਿੱਚ ਦੀਰਘ ਅਰਥੀ ਅਤੇ ਵੱਡ ਅਕਾਰੀ ਖੋਜ ਸੰਭਾਵਨਾਵਾਂ ਨਾਲ ਭਰਪੂਰ ਗਿਆਨ ਦਾ ਭੰਡਾਰ ਹਨ।

ਬੇਹੱਦ ਹੀ ਸਾਧਾਰਨ ਕਿਸਾਨੀ ਦੇਖ ਵਾਲੇ ਮਹਾਂ ਚਿੰਤਕ ਪ੍ਰੋਫੈਸਰ ਮਹਿਬੂਬ ਦਾ ਜਨਮ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਅਸਥਾਨ ਨਨਕਾਣਾ ਸਾਹਿਬ ਤੋਂ ਮਹਿਜ 10 ਮੀਲ ਦੂਰ ਚੱਕ 233 ਜ਼ਿਲ੍ਹਾ ਲਾਇਲਪੁਰ ਵਿਖੇ ਹੋਇਆ। ਗੁਰੂ ਨਾਨਕ ਸਾਹਿਬ ਦੀ ਚਰਨ ਛੋਹ ਪ੍ਰਾਪਤ ਧਰਤੀ ਤੇ ਬਚਪਨ ਦੌਰਾਨ ਮੌਲਦਿਆਂ ਉੱਥੇ ਦੀਆਂ ਪੀਲਾਂ, ਫ਼ਰਮਾਹਾਂ ਤੇ ਨਹਿਰਾਂ ਨਾਲ ਖੇਲਦਿਆਂ ਪ੍ਰੋਫੈਸਰ ਮਹਿਬੂਬ ਨੇ ਗੁਰੂ ਮਿਹਰ ਨੂੰ ਆਪਣੇ ਧੁਰ ਅੰਦਰ ਘੁਲਦਿਆਂ ਮਹਿਸੂਸ ਕੀਤਾ। ਪਟਿਆਲੇ ਵਿਖੇ ਆਪਣੇ ਜਵਾਨੀ ਦੇ ਮਿੱਤਰਾਂ ਨਾਲ ਭੂਤਵਾੜੇ ਵਿੱਚ ਰਹਿੰਦਿਆਂ ਪ੍ਰੋਫੈਸਰ ਮਹਿਬੂਬ ਨੇ ਚੜ੍ਹਦੀ ਜਵਾਨੀ ਵਿੱਚ ਮਾਰਕਸਵਾਦ ਦਾ ਗਹਿਨ ਅਧਿਐਨ ਕਰਦਿਆਂ ਐਮ ਏ ਪੰਜਾਬੀ ਅਤੇ ਐਮ ਏ ਅੰਗਰੇਜ਼ੀ ਦੀ ਪੜ੍ਹਾਈ ਸੰਪੂਰਨ ਕੀਤੀ। ਇਸ ਉਪਰੰਤ ਪ੍ਰੋਫੈਸਰ ਸਾਹਿਬ ਨੇ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਪੈਰਾਂ ਵਿੱਚ ਵਸੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਰਮਣੀਕ ਕਸਬੇ ਗੜ੍ਹਦੀਵਾਲਾ ਦੇ ਖ਼ਾਲਸਾ ਕਾਲਜ ਵਿੱਚ 1968 ਤੋਂ ਸਤੰਬਰ 1997 ਤੱਕ ਵਿਦਿਆਰਥੀਆਂ ਨੂੰ ਅੰਗਰੇਜ਼ੀ ਪੜ੍ਹਾਈ ਵਿਲੱਖਣ ਸਾਹਿਤਿਕ ਅੰਦਾਜ਼ ਵਿੱਚ ਕਰਵਾਈ। ਅੰਬਾਂ ਦੀ ਧਰਤ ਦੁਆਬੇ ਦੇ ਕਸਬੇ ਗੜ੍ਹਦੀਵਾਲ ਨੂੰ ਆਪਣਾ ਪੱਕਾ ਟਿਕਾਣਾ ਬਣਾਉਂਦਿਆਂ ਮਹਿਬੂਬ ਸਾਹਿਬ ਨੇ ਇੱਥੇ ਹੀ ਵਿਸ਼ਵ ਪੱਧਰੀ ਸਾਹਿਤ ਦੀ ਰਚਨਾ ਕੀਤੀ। ਮਹਿਬੂਬ ਸਾਹਿਤ ਦੀ ਵਿਲੱਖਣਤਾ ਅਕਾਲ ਫਤਹਿ, ਖਾਲਸ ਕੁਦਰਤ, ਅੰਤਿਮ ਹੈ, ਅੰਤਿਮ ਨਾਂਹ, ਪਹਿਲ ਤਾਜ਼ਗੀ, ਬਾਬਰੀ ਜਲਾਲ, ਬਲੀ ਹਉਮੈਂ, ਦਰਗਾਹ, ਵਿਗਾਸ, ਹੁਕਮ, ਪੈਗੰਬਰੀ ਬਜ਼ੁਰਗੀ, ਸਿੱਖ ਯਾਦ ਵਰਗੇ ਸਵੈ ਸਿਰਜਿਤ ਅਲੰਕਾਰ, ਬਿੰਬ ਅਤੇ ਸ਼ਬਦਾਵਲੀ ਹੈ। ਮਹਿਬੂਬ ਸਾਹਿਤ ਵਿੱਚ ਪਾਠਕ ਸਹਿਜੇ ਹੀ ਦੁਨੀਆਂ ਦੇ ਉੱਤਮ ਸਾਹਿਤ, ਵਿਸ਼ਵ ਧਰਮਾਂ ਅਤੇ ਸਿਧਾਂਤਾਂ ਦੇ ਹਵਾਲੇ ਬਾਲਕਾਂ ਦੀ ਨਿਆਈਂ ਖੇਲਦੇ ਮਹਿਸੂਸ ਕਰ ਸਕਦੇ ਨੇ।

ਨਵੰਬਰ 1972 ਤੋਂ ਮਾਰਚ 1979 ਦੇ ਸਮੇਂ ਦੌਰਾਨ ਸਮਾਧੀ ਰੂਪ ਕੀਤੇ ਗਹਿਨ ਅਧਿਐਨ ਉਪਰੰਤ ਲਿਖੀ ਗਈ ਸੱਤ ਕਿਤਾਬਾਂ ਦੇ ਸੰਗ੍ਰਹਿ “ਸਹਿਜੇ ਰਚਿਓ ਖ਼ਾਲਸਾ” ਵਿੱਚ ਮਹਿਬੂਬ ਸਾਹਿਬ ਸ਼ਿੱਦਤ ਨਾਲ ਮਹਿਸੂਸ ਕਰਦੇ ਨੇ ਕਿ “ਜਦੋਂ ਕੌਮਾਂ ਆਪਣੇ ਜਨਮਦਾਤਾ ਪੈਗੰਬਰਾਂ ਦੇ ਨੇੜੇ ਹੁੰਦੀਆਂ ਹਨ ਤਾਂ ਉਨ੍ਹਾਂ ਦੀ ਫਿਤਰਤ ਵਿੱਚ ਆਪਣੇ ਮਜ਼ਹਬ ਦੀਆਂ ਬਹੁਤ ਤਾਜ਼ਾ ਅਤੇ ਮੌਲਿਕ ਰਮਜ਼ਾਂ ਹੁੰਦੀਆਂ ਹਨ। ਉਨ੍ਹਾਂ ਦੇ ਸੁਪਨਿਆਂ, ਆਸਾਂ ਅਤੇ ਚੜ੍ਹਦੀ ਕਲਾ ਦੀ ਚੇਤਨਾ ਵਿੱਚ ਉਨ੍ਹਾਂ ਦੇ ਜਨਮ ਦਾਤਿਆਂ ਦੇ ਇਸ਼ਾਰੇ ਭਰਪੂਰ ਮਾਤਰਾ ਵਿੱਚ ਹੁੰਦੇ ਹਨ। ਉਨ੍ਹਾਂ ਦੀ ਕਹਿਣੀ ਅਤੇ ਕਰਨੀ ਵਿੱਚ ਗੁਰੂ ਪੈਗੰਬਰ ਦੀ ਅੱਤ ਨੇੜੇ ਦੀ ਛੋਹ ਹੁੰਦੀ ਹੈ। ਅਜਿਹੇ ਹਾਲਾਤ ਵਿੱਚ ਕੌਮਾਂ ਦੀ ਸਮੂਹਿਕ ਚੇਤਨਾ ਜਰਖੇਜ਼, ਚਮਤਕਾਰੀ ਅਤੇ ਬਰੀਕ ਹੁੰਦੀ ਹੈ। ਉਦੋਂ ਇਹ ਚੇਤਨਾ ਕਿਸੇ ਪ੍ਰਕਾਰ ਦੇ ਵਿਰੋਧ ਵਿਕਾਸ ਦੇ ਅਸੂਲ ਦੀ ਸਰਦਾਰੀ ਕਬੂਲ ਨਹੀਂ ਕਰਦੀ ਅਤੇ ਇਹ ਹਰ ਕਿਸਮ ਦੇ ਆਰਥਿਕ ਪ੍ਰਭਾਵ ਤੋਂ ਆਜ਼ਾਦ ਹੁੰਦੀ ਹੈ। ਸਮਾਂ ਬੀਤਣ ਨਾਲ ਬਹੁਤ ਸਾਰੇ ਕਾਰਨਾਂ ਅਧੀਨ ਮਜ਼ਹਬਾਂ ਦੀ ਉਪਰੋਕਤ ਪਹਿਲ ਤਾਜ਼ਗੀ ਕਮਜ਼ੋਰ ਪੈਣੀ ਸ਼ੁਰੂ ਹੋ ਜਾਂਦੀ ਹੈ। ਜਦੋਂ ਇਸ ਦੀ ਤੀਬਰਤਾ ਘਟਦੀ ਹੈ ਤਾਂ ਕੌਮਾਂ ਦੇ ਮਨ ਕਮਜ਼ੋਰ ਹੋ ਜਾਂਦੇ ਹਨ ਅਤੇ ਸਿੱਟੇ ਵਜੋਂ ਇਨ੍ਹਾਂ ਦੀ ਕਹਿਣੀ ਅਤੇ ਕਰਨੀ ਬਾਹਰਲੇ ਹਾਲਾਤ ਦੇ ਅਧੀਨ ਹੋ ਜਾਂਦੀ ਹੈ। ਆਪਣੇ ਪੂਰੇ ਸਾਹਿਤ ਵਿੱਚ ਮਹਿਬੂਬ ਸਾਹਿਬ ਪੁਰਾਤਨ ਸਿੱਖ ਯਾਦ ਦੇ ਰੂਬਰੂ ਰਹਿੰਦਿਆਂ, ਜਿੱਥੇ ਸਿੱਖ ਧਰਮ ਦੀ ਗੁਰੂ ਨਾਨਕ ਸੱਚ ਅਮਲ ਰੱਤੀ ਪਹਿਲ ਤਾਜ਼ਗੀ ਦੇ ਮੁੜ ਆਉਣ ਲਈ ਤੀਬਰਤਾ ਨਾਲ ਬਿਹਬਲ ਨੇ ਉੱਥੇ ਤੱਥ ਪੂਜ ਇਤਿਹਾਸਕਾਰੀ ਦੇ ਕੋਹਜ ਨੂੰ ਨੰਗਿਆਂ ਕਰਦਿਆਂ ਸਹਿਜੇ ਰਚਿਓ ਖਾਲਸਾ ਦੀ ਛੇਵੀਂ ਕਿਤਾਬ “ਬਿਪਰ ਸੰਸਕਾਰ” ਵਿੱਚ ਸਰਬ ਧਰਮਾਂ ਨੂੰ ਅਛੋਪਲੇ ਜਿਹੇ ਆਪਣੇ ਮਾਰੂ ਵਲਾਂ ਵਿੱਚ ਘੁੱਟ ਰਹੀ ਬਿਪਰ ਸੰਸਕਾਰ ਰੂਪੀ ਸਰਾਲ ਅਤੇ ਇਸ ਦੀ ਚਾਲ ਤੋਂ ਵੀ ਜਾਣੂ ਕਰਵਾ ਰਹੇ ਨੇ। ਅੱਜ ਦੇ ਸਮੇਂ ਵਿੱਚ ਜਦ ਅਖੌਤੀ ਪ੍ਰਚਾਰਕਾਂ ਵੱਲੋਂ ਤੱਥ-ਪੂਜ ਇਤਿਹਾਸਕਾਰਾਂ ਵਾਂਗ ਸਿੱਖ ਯਾਦ ਰਾਹੀਂ ਸਿੱਖ ਮਨਾਂ ਅੰਦਰ ਵਿਚਰ ਵਿੱਚ ਰਹੀ ਕੌਮੀ ਪਹਿਲ ਤਾਜ਼ਗੀ ਨੂੰ ਧੁੰਦਲਾ ਕਰਨ ਲਈ ਹਰ ਹੀਲਾ ਵਰਤਿਆ ਜਾ ਰਿਹਾ ਹੈ, ਉਸ ਸਮੇਂ ਮਹਿਬੂਬ ਸਾਹਿਤ ਦੀ ਮਹੱਤਤਾ ਹੋਰ ਵੀ ਵਧੀਕ ਸਿੱਦਤ ਨਾਲ ਪ੍ਰਚੰਡ ਹੁੰਦੀ ਭਾਸਦੀ ਹੈ।

ਮਹਿਬੂਬ ਸਾਹਿਬ ਨੇ ਆਪਣੀਆਂ ਲਿਖਤਾਂ ਵਿੱਚ ਜਿੱਥੇ ਵੀ ਕਿਤੇ ਕਿਸੇ ਹੋਰ ਧਰਮ ਜਾਂ ਸਿਧਾਂਤ ਦਾ ਹਵਾਲਾ ਦਿੱਤਾ ਹੈ ਉਸ ਤੋਂ ਪਹਿਲਾਂ ਉਸ ਧਰਮ ਗ੍ਰੰਥ ਜਾਂ ਸਿਧਾਂਤ ਪੁਸਤਕ ਨੂੰ ਮੂਲ ਰੂਪ ਵਿੱਚ ਪੜ੍ਹਿਆ ਅਤੇ ਸਮਾਧੀ ਰੂਪ ਵਿਚਾਰਿਆ ਹੈ। ਮਹਿਬੂਬ ਰਚਿਤ ਸਾਹਿਤ ਅਕਾਦਮੀ ਇਨਾਮ ਪ੍ਰਾਪਤ ਵੱਡਅਕਾਰੀ ਕਾਵਿ ਪੁਸਤਕ “ਝਨਾਂ ਦੀ ਰਾਤ” ਦਾ ਮੁੱਖ ਬੰਦ ਕਿਸੇ ਵੀ ਸਾਹਿਤ ਦੇ ਵਿਦਿਆਰਥੀ ਲਈ ਦੁਨੀਆਂ ਭਰ ਦੇ ਕਾਵਿ ਸ਼ਾਸਤਰ ਨੂੰ ਸਮਝਣ, ਵਾਚਣ ਅਤੇ ਆਤਮਸਾਤ ਕਰਨ ਲਈ ਪੜ੍ਹਨਾ ਬੇਹੱਦ ਜ਼ਰੂਰੀ ਹੈ। ਇਸ ਨੂੰ ਪੜ੍ਹਨ ਉਪਰੰਤ ਸਾਹਿਤ ਦੇ ਵਿਦਿਆਰਥੀ ਸਹਿਜੇ ਹੀ ਜਾਣ ਸਕਣਗੇ ਕਿ ਕਿਵੇਂ ਇੱਕ ਕਵਿਤਾ ਮਹਾਨ ਕਵਿਤਾ ਦੀ ਪੋਸ਼ਾਕ ਪਹਿਨਕੇ ਅਮਰ ਹੋ ਸਕਦੀ ਹੈ। ਇਸ ਦੇ ਨਾਲ ਹੀ ਇਹ ਵੀ ਆਸਾਨੀ ਨਾਲ ਸਮਝ ਆ ਸਕੇਗਾ ਕਿ ਕਿਵੇਂ ਮਹਿਬੂਬ ਕਾਵਿ ਦੀ ਇੱਕ ਇੱਕ ਪੰਕਤੀ ਅਤੇ ਇੱਕ ਇੱਕ ਸ਼ਬਦ ਦੇ ਪਿੱਛੇ ਦੁਨੀਆਂ ਦੇ ਸਾਹਿਤਕ ਅਤੇ ਧਾਰਮਿਕ ਬਿਰਤਾਂਤ ਅਛਪਲੇ ਹੀ ਛੁਪੇ ਬੈਠੇ ਨੇ। ਇਨ੍ਹਾਂ ਵੱਡ ਅਕਾਰੀ ਅਤੇ ਪਾਰਗਾਮੀ ਅਰਥ ਭਰਪੂਰ ਬਿਰਤਾਂਤਾਂ ਰਾਹੀਂ ਉਨ੍ਹਾਂ ਵੱਲੋਂ ਲਿਖੇ ਗਏ ਲਘੂ ਮਹਾਂਕਾਵਿ “ਸ਼ਹੀਦ ਦੀ ਅਰਦਾਸ” ਵਿੱਚ ਉਨ੍ਹਾਂ ਨੇ ਸ਼ਹਾਦਤ ਦੇ ਗੁੱਝੇ, ਸਰਬ ਕਾਲਾਂ ਅਤੇ ਸਰਬ ਧਰਮਾਂ ਤੋਂ ਪਾਰ ਅੰਤਲੇ ਰਹੱਸਾਂ ਨੂੰ ਉਜਾਗਰ ਕਰਦਿਆਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਸ਼ਹਾਦਤ ਨੂੰ ਅਸਲੋਂ ਨਵੇਂ ਦ੍ਰਿਸ਼ਟੀਕੋਣ ਰਾਹੀਂ ਵੇਖਦਿਆਂ ਉਸ ਦੀ ਮਹਾਨਤਾ ਦਾ ਪ੍ਰਗਟਾਵਾ ਕੀਤਾ ਹੈ। ਭਾਵੇਂ ਕਿ ਮਹਿਬੂਬ ਸਾਹਿਬ ਨੇ ਸ਼ਹੀਦ ਭਗਤ ਸਿੰਘ ਤੇ ਵੀ ਤਿੰਨ ਕਵਿਤਾਵਾਂ ਲਿਖੀਆਂ ਸਨ ਪ੍ਰੰਤੂ ਇਹ ਲਘੂ ਕਾਵਿ ਦੇ ਹਾਣ ਦੀਆਂ ਨਾ ਹੋ ਸਕੀਆਂ ਅਤੇ ‘ਸ਼ਹੀਦੀ ਦੀ ਅਰਦਾਸ’ ਦੇ ਸਫ਼ਰ ਦੌਰਾਨ ਕਵੀ ਅਚੇਤ ਹੀ ਭਗਤ ਸਿੰਘ ਬਾਰੇ ਜ਼ਿਕਰ ਕਰਨਾ ਭੁੱਲ ਗਿਆ।

ਮਹਾਂਕਾਵਿ “ਇਲਾਹੀ ਨਦਰ ਦੇ ਪੈਂਡੇ” ਦੀਆਂ ਚਾਰ ਜਿਲਦਾਂ ਰਾਹੀਂ ਸਿੱਖ ਯਾਦ ਦੇ ਸਨਮੁਖ ਵਿਚਰਦਿਆਂ ਗੁਰੂ ਜੀਵਨ ਨੂੰ ਅਸਲੋਂ ਨਵੇਂ ਕਾਵਿਕ ਆਵੇਸ਼ ਰਾਹੀਂ ਸਿੱਖ ਸੰਗਤਾਂ ਦੇ ਸਨਮੁੱਖ ਰੱਖਣ ਦੇ ਵੱਡ ਅਕਾਰੀ ਕਾਰਜ ਨੂੰ ਅਧੂਰਾ ਛੱਡਦਿਆਂ 14 ਫਰਵਰੀ 2010 ਨੂੰ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨਾਲ ਜੂਝਦਿਆਂ ਮਹਾਂਕਵੀ ਅਤੇ ਦਰਵੇਸ਼ ਚਿੰਤਕ ਸਾਨੂੰ ਸਦੀਵੀ ਵਿਛੋੜਾ ਦੇ ਗਿਆ, ਪ੍ਰੰਤੂ ਵਿਛੋੜੇ ਤੋਂ ਪਹਿਲਾਂ ਮਹਿਬੂਬ ਸਾਹਿਬ “ਇਲਾਹੀ ਨਦਰ ਦੇ ਪੈਂਡੇ” ਦੇ ਗੁਰੂ ਨਾਨਕ ਸਾਹਿਬ, ਗੁਰੂ ਗੋਬਿੰਦ ਸਿੰਘ ਜੀ ਅਤੇ ਗੁਰੂ ਅੰਗਦ ਸਾਹਿਬ ਨਾਲ ਸਬੰਧਤ ਹਿੱਸੇ ਨੂੰ ਪੂਰਾ ਕਰ ਚੁੱਕੇ ਸਨ। ਮਹਿਬੂਬ ਸਾਹਿਤ ਇੱਕ ਪਾਸੇ ਤਾਂ ਪੰਜਾਬੀ ਕਾਵਿ ਅਤੇ ਸਾਹਿਤ ਨੂੰ ਵਿਸ਼ਵ ਸਾਹਿਤ ਦੇ ਸਨਮੁੱਖ ਇੱਕ ਨਿਆਰੀ ਨੁਹਾਰ ਦੇ ਰੂਪ ਵਿੱਚ ਪੇਸ਼ ਕਰਦਾ ਹੈ ਦੂਸਰੇ ਪਾਸੇ ਸਿੱਖ ਸੰਗਤ ਦੇ ਸਨਮੁੱਖ ਸਿੱਖ ਧਰਮ, ਸਿੱਖ ਸਾਹਿਤ, ਸਿੱਖ ਇਤਿਹਾਸ ਅਤੇ ਗੁਰੂ ਨਾਨਕ ਸੱਚ ਅਮਲ ਦੀ ਪਹਿਲ ਤਾਜ਼ਗੀ ਦੀ ਖੁਸ਼ਬੂ ਬਿਖੇਰਦਾ ਹੋਇਆ, ਬਿਪਰ ਸੰਸਕਾਰ ਦੇ ਲੱਛਣ ਅਤੇ ਕੰਮ ਕਰਨ ਦੇ ਢੰਗ ਦੱਸਦਿਆਂ ਇਸ ਤੋਂ ਬਚਣ ਦੀ ਤਾਕੀਦ ਕਰਦਾ ਹੈ। ਮਹਿਬੂਬ ਸਾਹਿਬ ਸਹਿਜੇ ਰਚਿਓ ਖਾਲਸਾ ਵਿੱਚ ਅੱਜ ਸਿੱਖ ਕੌਮ ਦੇ ਸਨਮੁੱਖ ਮੂੰਹ ਅੱਡ ਖੜ੍ਹੀਆਂ ਵਿਕਰਾਲ ਸਮੱਸਿਆਵਾਂ ਨੂੰ ਭਾਸਦਿਆਂ ਸੁਚੇਤ ਕਰਦੇ ਨੇ ਕਿ “ਤੁਸੀਂ ਆਪਣੀ ਰਹਿਤ, ਇਖਲਾਕੀ ਸੁੱਚਤਾ, ਸੂਰਮਗਤੀ ਅਤੇ ਰੂਹਾਨੀਅਤ ਦਾ ਨਿਆਰਾ ਰੂਪ ਦੁਨੀਆਂ ਦੇ ਸਭਨਾਂ ਸੁਆਰਥਾਂ ਤੋਂ ਅਛੋਹ ਅਤੇ ਉਚੇਰਾ ਰੱਖਣਾ। ਖਾਲਸਾ ਜੀਓ ਪੰਥਕ ਅਪਮਾਨ ਨੂੰ ਕਦੇ ਨਾ ਭੁੱਲਣਾ, ਕਿਉਂਕਿ ਅਣਖ ਨੂੰ ਪ੍ਰਚੰਡ ਕੀਤੇ ਬਿਨਾਂ ਅਜਿਹਾ ਨਹੀਂ ਹੋ ਸਕਦਾ। ਅੱਜ ਮਹਿਬੂਬ ਸਾਹਿਬ ਨੂੰ ਉਨ੍ਹਾਂ ਦੀ ਦਸਵੀਂ ਬਰਸੀ ਤੇ ਯਾਦ ਕਰਦਿਆਂ ਇਹੀ ਸੱਚੀ ਸ਼ਰਧਾਂਜਲੀ ਹੋਵੇਗੀ ਕਿ ਅਸੀਂ ਮਹਿਬੂਬ ਸਾਹਿਤ ਨੂੰ ਪੜ੍ਹੀਏ ਵਿਚਾਰੀਏ ਅਤੇ ਵਿਸ਼ਵ ਸਾਹਿਤ ਦੇ ਸਨਮੁੱਖ ਮਹਿਬੂਬ ਸਾਹਿਤ ਨੂੰ ਬਣਦਾ ਸਤਿਕਾਰ ਦਿਵਾਉਣ ਲਈ ਹੰਭਲਾ ਮਾਰੀਏ। 

ਅਜੀਤ ਸਿੰਘ ਰੂਪਤਾਰਾ
91-99148-22311