ਤੁਹਾਡੇ ਬੱਚੇ ਕਿਹੜੇ ਕਾਰਟੂਨ ਵੇਖ ਰਹੇ ਨੇ?

ਤੁਹਾਡੇ ਬੱਚੇ ਕਿਹੜੇ ਕਾਰਟੂਨ ਵੇਖ ਰਹੇ ਨੇ?

ਇਹ ਲੇਖ ਲਿਖਣ ਦਾ ਮੇਰਾ ਮਕਸਦ ਪੂਰਾ ਸਿਆਸੀ ਹੈ। ਸਾਡੇ ਕਈ ਸਿਆਸੀ ਮਿੱਤਰ ਹਨ ਜੋ ਖੁਦ ਬਹੁਤ ਚੋਕੰਨੇ ਰਹਿੰਦੇ ਹਨ, ਤੇ ਚਾਹੁੰਦੇ ਹਨ ਕਿ ਬੱਚਿਆਂ ਨੂੰ ਆਜ਼ਾਦ ਵਿਚਾਰ ਚੁਣਨ ਦਾ ਮੌਕਾ ਦਿੱਤਾ ਜਾਵੇ। ਇਹ ਲੇਖ ਅਸਲ ਵਿੱਚ ਉਹਨਾਂ ਸੱਜਣਾਂ ਲਈ ਹੀ ਹੈ। ਸਿਰਫ ਤੁਹਾਡਾ ਆਪਣੇ ਬਾਰੇ ਚੋਕੰਨਾ ਹੋਣਾ ਹੀ ਕਾਫੀ ਨਹੀਂ। ਤੁਹਾਨੂੰ ਦੇਖਣਾ ਪਵੇਗਾ ਕਿ ਤੁਹਾਡੇ ਬੱਚੇ ਕੀ ਸਿੱਖ ਕੇ ਵੱਡੇ ਹੋ ਰਹੇ ਹਨ? ਅਸੀਂ ਜਿਹੜੀਆਂ ਕਿਤਾਬਾਂ, ਰਸਾਲੇ ਜਾਂ ਅਖ਼ਬਾਰ ਪੜਦੇ ਹਾਂ, ਬਹੁ ਗਿਣਤੀ ਉਸ ਤੋਂ ਕੋਹਾਂ ਦੂਰ ਖੜੀ ਹੈ। ਸਮਾਜ ਦੀ ਸੱਚਾਈ ਰੋਜ਼ ਬਦਲ ਰਹੀ ਹੈ। ਅਜਿਹੇ ਵਿੱਚ ਜਾਣੋ ਕਿ ਤੁਹਾਡੇ ਬੱਚੇ ਕਿਹੜੇ ਕਾਰਟੂਨ ਵੇਖ ਰਹੇ ਹਨ। ਕੋਈ ਦਸ ਕੁ ਸਾਲ ਪਹਿਲਾਂ ਤੋਂ ਕਾਰਟੂਨਾਂ ਦਾ ਤਾਣਾ ਬਾਣਾ ਲੱਗਭਗ ਬਦਲ ਹੀ ਗਿਆ, ਪਹਿਲਾਂ ਦੇ ਮੁੱਖ ਧਾਰਾ ਵਿੱਚ ਚੱਲਣ ਵਾਲੇ ਕਾਰਟੂਨਾਂ ਵਿੱਚ ਜਾਨਵਰਾਂ ਨੂੰ ਮੁੱਖ ਪਾਤਰਾਂ ਵਿੱਚ ਮਨੁੱਖਾਂ ਵਾਂਗ ਵਿਹਾਰ ਕਰਦੇ ਵਿਖਾਇਆ ਜਾਂਦਾ ਸੀ, ਉਹਨਾਂ ਕਾਰਟੂਨਾਂ ਵਿੱਚ ਮੁੱਖ ਟਾਮ ਐਂਡ ਜੈਰੀ, ਲੂਨੀ ਟੂਨਸ, ਬੇਬੀ ਲੂਨੀ ਟੂਨਸ, ਸਕੂਬੀ ਡੋਗ, ਰਿਛੀ ਰਿਚ ਵਰਗੇ ਕਾਰਟੂਨ ਸਨ। ਇਹਨਾਂ ਸਾਰਿਆਂ 'ਚੋਂ ਜੋ ਸਿੱਧਾ ਕਿਸੇ ਵਿਚਾਰਧਾਰਾ ਨਾਲ ਜੁੜੇ ਹੋਏ ਸਨ ਉਹ ਰਿਛੀ ਰਿਚ ਤੇ ਸਕੂਬੀ ਡੋਗ ਸਨ ਬਾਕੀਆਂ ਬਾਰੇ ਕੁਝ ਸਿੱਧਾ ਨਹੀਂ ਕਿਹਾ ਜਾ ਸਕਦਾ, ਸਕੂਬੀ ਡੋਗ ਭਾਵੇਂ ਵਿਚਾਰਧਾਰਾ ਫੈਲਾਉਣ ਲਈ ਨਾ ਵੀ ਚਲਾਇਆ ਗਿਆ ਹੋਵੇ ਤਾਂ ਵੀ ਉਹ ਅਮਰੀਕੀ ਨਸਲਵਾਦ ਦਾ ਨੁਮਾਇੰਦਾ ਸੀ ਜੋ ਉਹ ਨਸਲਵਾਦ ਦਰਸਾਉਂਦਾ ਸੀ ਕਿ ਕਿਵੇਂ ਇੱਕ ਗੋਰਿਆਂ ਦਾ ਸਮੂਹ ਕਿਸੇ ਵੀ ਬਾਹਰੀ ਚੀਜ਼ ਤੇ ਹੱਲਾ ਕਰਨਾ ਚਾਹੁੰਦਾ ਹੈ ਜੋ ਸਾਡੇ ਤੋਂ ਵੱਖਰੀ ਹੈ ਸਾਨੂੰ, ਸਮਾਜ ਨੂੰ ਡਰਾ ਰਹੀ ਹੈ। ਤੇ ਰਿਛੀ ਰਿਚ ਦੀ ਵਿਚਾਰਧਾਰਾ ਸੀ ਕਿ ਗਰੀਬ ਅਮੀਰਾਂ ਤੋਂ ਮੱਚਦੇ ਹਨ ਜਦਕਿ ਅਮੀਰਾਂ ਤੋਂ ਜਲਣਾ ਨਹੀਂ ਚਾਹੀਦਾ। ਖੈਰ ਆਪਣੀ ਚਰਚਾ ਦਾ ਵਿਸ਼ਾ ਮੋਜੂਦਾ ਕਾਰਟੂਨ ਨੇ ਤਾਂ ਆਪਾਂ ਉਸੇ ਵਿਸ਼ੇ ਤੇ ਜਿਆਦਾ ਜੋਰ ਦੇਵਾਂਗੇ।

ਹੁਣ ਦੇ ਜਿਹੜੇ ਮੁੱਖ ਕਾਰਟੂਨ ਨੇ ਉਹ ਨੇ ਰੋਲ ਨੰ.21, ਛੋਟਾ ਭੀਮ, ਮਾਈਟੀ ਰਾਜੂ, ਮੋਟੂ ਪਤਲੂ, ਐਡਵੇਂਚਰ ਆਫ ਤੇਨਾਲੀ ਰਮਨ, ਰੁਦਰਾ। ਡੋਰੈਮੋਨ, ਨਿੰਜਾ ਹਥੌੜੀ ਵਰਗੇ ਕਾਰਟੂਨ ਵੀ ਹੁਣ ਮੁੱਖ ਧਾਰਾ ਵਿੱਚ ਨਹੀਂ ਰਹੇ, ਇਹਨਾਂ ਦੇ ਨਵੇਂ ਅਧਿਆਇ ਨਹੀਂ ਆ ਰਹੇ। ਹੁਣ ਬਾਕੀ ਜਿੰਨੇ ਵੀ ਮੁੱਖ ਕਾਰਟੂਨ ਨੇ ਆਪਾਂ ਉਹਨਾਂ ਇਕੱਲੇ ਇਕੱਲੇ ਦੇ ਪਾਤਰਾਂ ਤੇ ਕੇਂਦਰੀ ਭਾਵ ਨਾਲ ਜਾਣ ਪਛਾਣ ਕਰਾਉਂਦੇ ਹਾਂ, ਕਿਵੇਂ ਇਹ ਕਾਰਟੂਨ ਹਿੰਦੂਤਵੀ ਭਾਰਤ ਦੀ ਨੁਮਾਇੰਦਗੀ ਕਰਦੇ ਨੇ, ਜਾਤ-ਪਾਤ ਤੇ ਨਸਲਵਾਦ ਕਿਵੇਂ ਇਹ ਸਾਡੇ ਬੱਚਿਆਂ ਵਿੱਚ ਭਰਦੇ ਹੀ ਜਾ ਰਹੇ ਨੇ। ਉਂਝ ਤਾਂ ਇਹ ਕਾਰਟੂਨਾਂ ਦੇ ਇਕੱਲੇ ਇਕੱਲੇ ਪਾਤਰਾਂ ਤੇ ਗੱਲ ਕਰਨੀ ਹੋਵੇ ਤਾਂ ਕਈ ਲੇਖ ਲਿਖਣੇ ਪੈਣਗੇ ਪਰ ਆਪਾਂ ਇਹਨਾਂ ਸਾਰੇ ਕਾਰਟੂਨਾਂ ਦੇ ਮੂਲ ਵਿਚਾਰ ਤੇ ਗੱਲ ਕਰਾਂਗੇ।

ਇਹਨਾਂ ਸਾਰੇ ਕਾਰਟੂਨਾਂ ਦੀਆਂ ਦੋ ਕਿਸਮਾਂ ਹਨ ਇੱਕ ਕਿਸਮ ਜੋ ਮਿੱਥਾਂ ਦਾ ਪ੍ਰਚਾਰ ਹਨ ਉਹਨਾਂ ਚੋਂ ਮੁੱਖ ਹੈ। ਰੋਲ ਨੰ 21, ਇਸ ਦੇ ਪਾਤਰ ਇਓਂ ਹਨ, ਮੁੱਖ ਪਾਤਰ- ਕ੍ਰਿਸ ਉਸਦੇ ਦੋਸਤ ਪਿੰਕੀ, ਬਬਲੂ, ਅਤੇ ਵਿਰੋਧ ਵਿੱਚ ਕਨਿਸ਼ਕ ਅਤੇ ਡਾਕਟਰ-ਜੇ ਹਨ। ਇਸ ਕਾਰਟੂਨ ਵਿੱਚ ਕਨਿਸ਼ਕ ਜੋ ਕੰਸ ਦਾ ਆਧੁਨਿਕ ਰੋਲ ਹੈ, ਡਾਕਟਰ-ਜੇ ਨਾਲ ਮਿਲ ਕੇ ਕ੍ਰਿਸ ਜੋ ਭਗਵਾਨ ਕ੍ਰਿਸ਼ਨ ਦਾ ਆਧੁਨਿਕ ਰੋਲ ਹੈ ਤੇ ਹਮਲਾ ਕਰਨ ਦੀ ਸਕੀਮ ਲੜਾਉਂਦਾ ਹੈ ਜੋ ਹਰ ਵਾਰ ਫੇਲ ਹੁੰਦੀ ਹੈ ਕ੍ਰਿਸ ਜਿੱਤ ਜਾਂਦਾ ਹੈ। ਸੁੱਖੀ ਜੋ ਨਾਰਦ ਮੁਨੀ ਦਾ ਆਧੁਨਿਕ ਰੂਪ ਹੈ, ਹਰ ਗੱਲ ਸਵਰਗ ਦੇ ਦੇਵਤਿਆਂ ਨੂੰ ਦੱਸਦਾ ਹੈ। ਇੱਕ ਗੱਲ ਜੋ ਸਾਰੇ ਕਾਰਟੂਨਾਂ 'ਚ ਸਾਂਝੀ ਹੈ ਉਹ ਹੈ ਮਰਦਾਵਾਂ ਨਾਇਕਵਾਦ। ਕ੍ਰਿਸ ਤੋਂ ਲੈ ਕੇ ਸ਼ਿਵਾ, ਰੁਦਰਾ ਸਾਰੇ ਕਾਰਟੂਨਾਂ ਵਿੱਚ ਇਹ ਬਹੁਤ ਭਾਰੂ ਹੈ। ਮੁੱਖ ਮਰਦ ਪਾਤਰ ਨਾਲ ਇੱਕ ਕੁੜੀ ਹੁੰਦੀ ਹੈ ਜੋ ਗੱਲ਼ਾਂ ਤੇ ਲਾਲੀ ਲਾ ਕੇ ਲੜਾਈ ਵਿੱਚ ਬੱਸ ਹੌਂਸਲਾ ਦੇ ਸਕਦੀ ਹੈ।

ਦੂਜੀ ਕਿਸਮ ਦੇ ਕਾਰਟੂਨ ਵਿਚਾਰਧਾਰਕ ਪੱਖੋਂ ਜਿਆਦਾ ਮਜ਼ਬੂਤ ਹਨ ਇਸ ਵਿੱਚ ਛੋਟਾ ਭੀਮ ਵਰਗੇ ਹਨ। ਇਸ ਵਿੱਚ ਮੁੱਖ ਪਾਤਰ ਛੋਟਾ ਭੀਮ ਇੱਕ ਗੁਸੈਲ ਤੇ ਗਠੇ ਹੋਏ ਸਰੀਰ ਦਾ ਹੈ, ਹੱਥ ਵਿੱਚ ਸੋਨੇ ਦੇ ਕੰਗਣ ਗਲੇ ਵਿੱਚ ਸੋਨੇ ਦਾ ਤਵੀਤ ਤੇ ਕੇਸਰੀ ਧੋਤੀ ਪਹਿਨਦਾ ਹੈ ਧੜ ਨੰਗਾ ਰੱਖਦਾ ਹੈ। ਤੇ ਉਸ ਦਾ ਮੁੱਖ ਵਿਰੋਧੀ ਕਾਲੀਆ ਹੈ ਜੋ ਭੀਮ ਤੋਂ ਉਲਟ ਭੂਰੇ ਰੰਗ ਦਾ ਹੈ ਕਾਲੀਆ ਦੇ ਦੋ ਮਾੜਚੂ ਜਿਹੇ ਦੋਸਤ ਵੀ ਉਸੇ ਜਿਹੇ ਭੂਰੇ ਨੇ। ਕਾਲੀਆ ਭੀਮ ਖਿਲਾਫ ਸਾਜਿਸ਼ਾਂ ਰਚਦਾ ਹੀ ਰਹਿੰਦਾ ਹੈ ਪਰ ਹਰ ਵਾਰ ਮੂੰਹ ਦੀ ਖਾਂਦਾ ਹੈ। ਭੀਮ ਦੁਸ਼ਮਣਾਂ ਨਾਲ ਲੱਡੂ ਖਾ ਕੇ ਲੜਦਾ ਹੈ। ਇਸ ਵਿੱਚ ਭੀਮ ਦੇ ਦੋ ਤਰ੍ਹਾਂ ਦੇ ਵਿਰੋਧੀ ਹਨ ਇੱਕ ਆਪਣੇ ਇਲਾਕੇ ਤੋਂ ਬਾਹਰੀ ਲੋਕ ਜੋ ਉਸਦੇ ਇਲਾਕੇ ਵਿੱਚ ਘੁਸਪੈਠੀਏ ਨੇ ਜਿਵੇਂ ਡਾਕੂ ਮੰਗਲ ਸਿੰਘ ਵਰਗੇ ਤੇ ਦੂਜੇ ਆਪਣੇ ਇਲਾਕੇ ਦੇ ਕਾਲੀਆ ਹੁਣੀ ਜੋ ਉਸਦੀ ਪ੍ਰਸਿੱਧੀ ਤੋਂ ਜਲਦੇ ਨੇ ਤੇ ਅੜਿੱਕੇ ਪਾਉਂਦੇ ਨੇ। ਭੀਮ ਦੇ ਇਲਾਕੇ ਢੋਲਕਪੁਰ ਤੇ ਜਦ ਕਦੀ ਕੋਈ ਆਂਚ ਆਉਂਦੀ ਹੈ ਤਾਂ ਰਾਜਾ ਇੰਦਰਵਰਮਾ ਭੀਮ ਨੂੰ ਸੱਦਦਾ ਹੈ।

ਮਾਈਟੀ ਰਾਜੂ ਵੀ ਛੋਟਾ ਭੀਮ ਦਾ ਵਧਾਅ ਹੈ, ਰਾਜੂ ਛੋਟਾ ਭੀਮ ਵਿੱਚ ਉਸਦਾ ਮਿੱਤਰ ਸੀ। ਪਰ ਇਹ ਬਾਕੀਆਂ ਤੋਂ ਕੁਝ ਜਿਆਦਾ ਖਤਰਨਾਕ ਹੈ। ਹੁਣ ਉਹੀ ਰਾਜੂ ਕਾਨਵੈਂਟ ਸਕੂਲ ਵਿੱਚ ਪੜਦਾ ਹੈ। ਇਸ ਵਿਚ ਕੋਈ ਰਾਜਾ ਇੰਦਰਵੀਰ ਨਹੀਂ ਹੈ ਜੋ ਰਾਜੂ ਨੂੰ ਮਦਦ ਲਈ ਸੱਦੇ ਸਗੋਂ ਰਾਜੂ ਕਈ ਵਾਰ ਵਾਰਦਾਤ ਕਰਕੇ ਪੁਲਿਸ ਨੂੰ ਦੱਸਦਾ ਹੈ. ਰਾਜੂ ਦੀ ਸਰਕਾਰੇ ਦਰਬਾਰੇ ਸਿੱਧੀ ਹੈ, ਪੁਲਿਸ ਰਾਜੂ ਦੀ ਇੱਜਤ ਕਰਦੀ ਹੈ। ਇੱਕ ਐਪੀਸੋਡ ਹੈ, 'ਨਿਊਟਰੀਨੋ ਵਾਰ' ਉਸ ਤੇ ਗੱਲ ਕਰਦੇ ਹਾਂ, ਕੋਈ ਵਿਦੇਸ਼ੀ ਹੈ ਜੋ ਭਾਰਤ ਦੇ ਝੰਡੇ ਤੇ ਹਮਲੇ ਕਰਦਾ ਹੈ ਪਰ ਰਾਜੂ ਬਚਾਉਂਦਾ ਹੈ, ਉਹ ਵਿਦੇਸ਼ੀ ਆਰਿਆ ਕਾਲੋਨੀ ਦੇ ਗਰੀਬ ਇਲਾਕੇ ਦੇ ਨਿਆਣਿਆਂ ਨੂੰ ਕੁਝ ਤਾਕਤਾਂ ਦੇ ਕੇ ਆਪਣੀ ਫੌਜ ਤਿਆਰ ਕਰਦਾ ਹੈ ਜੋ ਇਲਾਕੇ ਵਿੱਚ ਦੰਗੇ ਕਰਦੀ ਹੈ ਰਾਜੂ ਅਤੇ ਹੋਰ ਦੋਸਤ ਬਚਾਉਂਦੇ ਹਨ। ਇਸ ਕਾਰਟੂਨ ਵਿੱਚ ਵੀ ਰਾਜੂ ਦੇ ਦੋ ਤਰ੍ਹਾਂ ਦੇ ਵਿਰੋਧੀ ਆਉਂਦੇ ਹਨ, ਇੱਕ ਵਿਦੇਸ਼ੀ ਜੋ ਇਲਾਕੇ ਦੀ ਸ਼ਾਂਤੀ ਖਰਾਬ ਕਰਨਾ ਚਾਹੁੰਦੇ ਹਨ ਤੇ ਦੂਜਾ ਇੱਕ ਰਾਜੂ ਦਾ ਸਹਿਪਾਠੀ ਹੈ ਚਾਰਲੀ, ਗੱਲ ਦਿਲਚਸਪ ਹੈ ਕਿ ਚਾਰਲੀ ਪੂਰੀ ਜਮਾਤ ਵਿੱਚ ਇੱਕੋ ਇੱਕ ਭੂਰਾ ਨਿਆਣਾ ਹੈ ਤੇ ਉਹ ਰਾਜੂ ਤੇ ਉਸਦੇ ਦੋਸਤਾਂ ਨੂੰ ਤੰਗ ਕਰਦਾ ਰਹਿੰਦਾ ਹੈ। ਪਰ 'ਸਾਡਾ' ਰਾਜੂ ਨਿੱਕੇ ਮੋਟੇ ਲੋਕਾਂ ਨੂੰ ਗੌਲਦਾ ਨਹੀਂ ਉਹ ਸਿੱਧਾ ਵੱਡੇ ਦੁਸ਼ਮਣਾਂ ਨਾਲ ਲੜਦਾ ਹੈ ਤੇ ਪੁਲਿਸ ਉਸਦਾ ਪਾਣੀ ਭਰਦੀ ਹੈ। ਤੇ ਚਾਰਲੀ ਬਾਕੀ ਬੱਚਿਆਂ ਤੋਂ ਵੱਖਰਾ ਹੀ ਰਹਿੰਦਾ ਹੈ।

ਮੋਟੂ ਪਤਲੂ ਵੀ ਇਸੇ ਹੀ ਕਿਸਮ ਦਾ ਇੱਕ ਕਾਰਟੂਨ ਹੈ ਇਹਨਾਂ ਦੀਆਂ ਦਿੱਕਤਾਂ ਕੋਈ ਬਹੁਤੀਆਂ ਵੱਡੀਆਂ ਨਹੀਂ ਨੇ। ਮੋਟੂ ਇੱਕ ਬੇਡਮਾਕਾ ਤਾਕਤਵਰ ਇਨਸਾਨ ਹੈ ਜੋ ਸਮੋਸੇ ਖਾ ਕੇ ਕੁਝ ਵੀ ਕਰ ਲੈਂਦਾ ਹੈ। ਪਰ ਪਤਲੂ ਬੋਦੀਧਾਰੀ ਬਾਹਮਣ ਹੈ ਜੋ ਕਾਫੀ ਸਿਆਣਾ ਹੈ, ਹਰ ਮੁਸੀਬਤ ਵਿੱਚੋਂ ਨਿੱਕਲਣ ਲਈ ਮੂਲ ਵਿਚਾਰ ਉਸੇ ਦੇ ਹੁੰਦੇ ਨੇ। ਮੁਹੱਲੇ ਵਿੱਚ ਇੱਕ ਪੁਲਿਸ ਵਾਲਾ ਚਿੰਗਮ ਹੈ ਜੋ ਆਪਣੇ ਲਹਿਜੇ ਤੋਂ ਮਦਰਾਸੀ ਲੱਗਦਾ ਹੈ। ਉਹ ਵੀ ਕੁਲ ਮਿਲਾ ਕੇ ਨਿਕੰਮਾ ਹੀ ਹੈ ਤੇ ਇਹਨਾਂ ਨਾਇਕਾਂ ਦਾ ਪਾਣੀ ਹੀ ਭਰਦਾ ਹੈ। ਇਸ ਤੋਂ ਬਿਨ੍ਹਾਂ ਇੱਕ ਚੋਰ ਹੈ ਜੋਨ ਉਹਦੇ ਨਾਲਦੇ ਵੀ ਉਹੋ ਜਿਹੇ ਰੰਗ ਵੰਨ ਦੇ ਨੇ ਤੇ ਤਿੰਨੋ ਲਗਭੱਗ ਬੇਦਮਾਗੇ ਨੇ। ਹੈ ਮੋਟੂ ਵੀ ਬੇਦਮਾਗਾ ਹੀ ਪਰ ਪਤਲੂ ਦੇ ਨਾਲ ਹੁੰਦਿਆਂ ਦੋਵੇਂ ਹਰ ਵਾਰ ਦੁਸ਼ਮਣ ਤੋਂ ਜਿੱਤ ਜਾਂਦੇ ਹਨ।

ਏਦਾਂ ਦਾ ਹੀ ਇੱਕ ਕਾਰਟੂਨ ਹੈ ਉਹਦਾ ਨਾਮ ਹੈ 'ਸ਼ਿਵਾ'। ਸ਼ਿਵਾ ਵੀ ਇੱਕ ਸ਼ਹਿਰੀ ਨਿਆਣਾ ਏ ਜੋ ਦੁਸ਼ਮਣਾਂ ਨੂੰ ਇਕੱਲਾ ਸਬਕ ਸਿਖਾਉਂਦਾ, ਸ਼ਿਵਾ ਦੀ ਤਾਕਤ ਵੀ ਅਦਭੁੱਤ ਹੈ, ਉਸਦਾ ਇੱਕੋ ਡਾਇਲਾਗ ਹਰ ਵਾਰ ਹੁੰਦਾ, 'ਬੱਚਾ ਨਹੀਂ ਕਹਿਣਾ, ਸ਼ਿਵਾ ਨਾਮ ਏ ਮੇਰਾ'। ਇਹ ਸ਼ਿਵਾ ਦੀ ਲੜਾਈ ਵੀ ਕਿਸੇ ਇਲਾਕੇ ਤੋਂ ਬਾਹਰ ਦੇ ਸ਼ਹਿਰੀ ਨਾਲ ਰਹਿੰਦੀ ਹੈ ਜੋ ਉਸਦੇ ਇਲਾਕੇ ਨੂੰ ਕਮਜ਼ੋਰ ਕਰਨਾ ਚਾਹੁੰਦਾ ਹੈ ਤੇ ਇਸ ਵਿੱਚ ਕੁਝ ਇਲਾਕੇ ਦੇ ਬਦਮਾਸ਼ ਲੋਕ ਵੀ ਨਾਲ ਹੁੰਦੇ ਹਨ। ਇਸ ਕਾਰਟੂਨ ਵਿੱਚ ਪੁਲਿਸ ਵਾਲੇ ਦਾ ਨਾਮ ਲੱਡੂ ਸਿੰਘ ਹੈ, ਜੋ ਹੱਦ ਦਰਜੇ ਦਾ ਨਿਕੰਮਾ ਹੈ। ਉਸ ਤੋਂ ਕੁਝ ਨਹੀਂ ਕਰ ਹੋ ਰਿਹਾ ਉਹ ਹਰ ਵਾਰ ਸ਼ਿਵਾ ਨੂੰ ਫੋਨ ਮਿਲਾਉਂਦਾ ਹੈ। ਇਹ ਵਰਤਾਰਾ ਮੋਟੂ ਪਤਲੂ, ਸ਼ਿਵਾ ਤੇ ਇਹੋ ਜਿਹੇ ਹੋਰਾਂ ਦਾ ਵੀ ਹੈ ਇਹਨਾਂ ਅਨੁਸਾਰ ਹੁਣ ਸਟੇਟ ਦੁਸ਼ਮਣਾਂ ਖਿਲਾਫ ਕੁਝ ਨਹੀਂ ਕਰਦੀ ਕਿਉਂਕਿ ਦੁਸ਼ਮਣ ਕਾਫੀ ਤਕਨਾਲੋਜੀ ਨਾਲ ਲੈਸ ਹੈ ਤੇ ਪੁਲਿਸ ਕੋਲ ਕੁਝ ਖਾਸ ਨਹੀਂ ਜੋ ਕਰੇਗਾ ਜਾਂ ਸ਼ਿਵਾ, ਮਾਈਟੀ ਰਾਜੂ ਜਾਂ ਬੋਦੀਧਾਰੀ ਪਤਲੂ ਕਰੇਗਾ। ਇਹ ਅਸਲ 'ਚ ਫਾਸੀਵਾਦ ਦੀ ਵਿਚਾਰਧਾਰਾ ਦੇ ਨਿਪੁੰਨ ਵਾਹਕ ਹਨ।

ਇੱਕ ਹੋਰ ਕਾਰਟੂਨ ਹੈ ਰੁਦਰਾ। ਰੁਦਰਾ ਦਾ ਜ਼ਿਕਰ ਰਿਗਵੇਦ ਵਿੱਚ ਆਉਂਦਾ ਹੈ, ਜਿਹੜਾ ਇੱਕ ਤਰ੍ਹਾਂ ਦਾ ਸ਼ਿਕਾਰੀ ਦੇਵਤਾ ਏ, ਸ਼ਿਵ ਜੀ ਨੂੰ ਵੀ ਕਈ ਥਾਵੇਂ ਰੁਦਰਾ ਆਖਿਆ ਜਾਂਦਾ ਹੈ। ਇਹ ਕਾਰਟੂਨ ਬਿਲਕੁਲ ਹੀ ਤੰਤਰਾ ਮੰਤਰਾਂ ਤੇ ਹੈ, ਇਹਦੇ ਵਿੱਚ ਰੁਦਰਾ ਕਿਸੇ ਰਾਜੇ ਜੈ ਸਿੰਘ ਦਾ ਮੁੰਡਾ ਹੈ ਜੋ 'ਸਨ ਸਿਟੀ' ਵਿੱਚ ਰਹਿੰਦੇ ਨੇ, ਜਿਸ ਤੋਂ ਕਾਲ ਸਿਟੀ ਦਾ ਸ਼ਾਕਾਲ ਖਾਰ ਖਾਂਦਾ ਹੈ। ਇਸ ਕਾਰਟੂਨ ਸਿਰੀਜ਼ ਵਿੱਚ ਬਾਕੀਆਂ ਨਾਲੋਂ ਕੁਝ ਵੱਖਰਾ ਹੈ ਰੁਦਰਾ 'ਸਨ ਸਿਟੀ' ਯਾਨਿ ਆਪਣੇ ਇਲਾਕੇ ਦਾ ਰੱਖਿਅਕ ਸਾਬਿਤ ਹੋ ਰਿਹਾ ਹੈ ਭਾਵੇਂ ਉਹ 9 ਸਾਲਾਂ ਦਾ ਹੈ। ਪਰ ਆਪਣੇ ਵਿਰੋਧੀ ਸ਼ਾਕਾਲ ਤੋਂ ਹਮੇਸ਼ਾਂ ਜਿੱਤਦਾ ਹੈ। ਇਸ ਕਾਰਟੂਨ ਦੇ ਹੀਰੋ ਪਾਤਰਾਂ ਅਤੇ ਦੁਸ਼ਮਣ ਪਾਤਰਾਂ ਦੇ ਨਾਮ ਲਿਖ ਰਿਹਾ ਹਾਂ। ਹੀਰੋ ਪਾਤਰ- ਰੁਦਰਾ, ਜੈ ਸਿੰਘ ਚੌਹਾਨ, ਵਰੁਣ, ਮਾਇਰਾ, ਰੰਗੀਲਾ, ਜ਼ਿਮ-ਜ਼ੁਮ (ਰੁਦਰਾ ਦੇ ਪਾਲਤੂ ਜਾਨਵਰ) ਤੇ ਦੁਸ਼ਮਣ ਪਾਤਰ ਹਨ- ਸ਼ਾਕਾਲ, ਜੋਗਾ, ਸਪੋਲਾ (ਸ਼ਾਕਾਲ ਦਾ ਸੱਪ), ਸ਼ਕਲੀਨਾ, ਜੌਡੀ ਤੇ ਜੈਨੀ। ਇਨਾਂ ਨਾਵਾਂ ਤੋਂ ਸਪਸ਼ਟ ਹੈ ਕਿ ਕਿਸੇ ਹਿੰਦੂ ਹੀਰੋ ਦੇ ਗੈਰ ਹਿੰਦੂ ਵਿਰੋਧੀ. ਕੁੱਲ ਮਿਲਾ ਇਹ ਭਾਰਤ ਦੀ ਇੱਕ ਕੌਮ ਵਾਲੀ ਪੇਸ਼ਕਾਰੀ ਕਰ ਰਹੇ ਹਨ.
ਇੰਨ੍ਹਾਂ ਸਾਰੇ ਕਾਰਟੂਨਾਂ ਨੂੰ ਵੇਖਦੇ ਨਿਆਣੇ ਪਤਾ ਨਹੀਂ ਕਿੰਝ ਦਾ ਸੋਚਦੇ ਹੋਣਗੇ, ਕਿੰਝ ਦੀਆਂ ਰੋਜ਼ਮਰ੍ਹਾ ਹਰਕਤਾਂ ਕਰਦੇ ਹੋਣਗੇ। ਇਹ ਕਾਰਟੂਨ ਨਿਆਣਿਆਂ ਵਾਲੇ ਤਾਂ ਹੈ ਹੀ ਨਹੀਂ ਤੇ ਸਿਆਣਿਆਂ ਵਾਲੇ ਵੀ ਨਹੀਂ, ਇਹ ਬੇਲੋੜੇ ਨੇ। ਬੱਚਿਆਂ ਵਿੱਚ ਮਰਦਵਾਦੀ ਸੋਚ ਤੇ ਨਸਲਵਾਦ ਭਰ ਰਹੇ ਨੇ। ਬੱਚਿਆਂ ਵਿੱਚ ਹੀਰੋ ਪਾਤਰਾਂ ਵਰਗਾ ਲੱਗਣ ਦੀ ਪ੍ਰਵਿਰਤੀ ਬਹੁਤ ਹੁੰਦੀ ਹੈ, ਮੇਰੇ ਯਾਦ ਹੈ ਜਦ ਅਸੀਂ ਨਿੱਕੇ ਸੀ ਤਾਂ ਅਸੀਂ ਸ਼ਕਤੀਮਾਨ ਬਹੁਤ ਬਣਦੇ ਸੀ, ਸਾਡਾ ਨਾਇਕ ਉਹੋ ਸੀ। ਪਰ ਉਸ ਵੇਲੇ ਦਾ ਪ੍ਰਬੰਧ ਇੰਨਾਂ ਤੇਜ਼ ਨਹੀਂ ਸੀ ਤੇ ਨਾ ਹੀ ਟੀ.ਵੀ ਕੋਲ ਇੰਨ੍ਹਾਂ ਕੁਝ ਸੀ ਕਿ ਅਸੀਂ ਸਾਰਾ ਦਿਨ ਉਸ ਨੂੰ ਸੁਣਦੇ ਇਸ ਲਈ ਅਸੀਂ ਮੁਕਾਬਲਤਨ ਆਜ਼ਾਦ ਜਿਹੇ ਮਾਹੌਲ ਵਿੱਚ ਵੱਡੇ ਹੋਏ। ਹੁਣ ਜਦ ਨਿਆਣਿਆਂ ਕੋਲ ਸਾਰਾ ਦਿਨ ਇਹੋ ਖੁਰਾਕ ਪਹੁੰਚ ਰਹੀ ਤਾਂ ਅਗਲੀ ਪੀੜੀ ਕਿਹੋ ਜਿਹੀ ਹੋਵੇਗੀ ਇਹ ਬੜੀ ਫਿਕਰਮੰਦੀ ਦੀ ਗੱਲ ਹੈ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।