ਪੰਜ-ਆਬ ਦੇ ਪਾਣੀ ਨੂੰ ਗੰਧਲਾ ਕਰਨ ਦਾ ਕੌਣ ਦੋਸ਼ੀ? ਮੁਕਤਸਰ ਜ਼ਿਲ੍ਹੇ ਦੇ 46 ਫੀਸਦੀ ਸੈਂਪਲ ਨਾ-ਪੀਣਯੋਗ

ਪੰਜ-ਆਬ ਦੇ ਪਾਣੀ ਨੂੰ ਗੰਧਲਾ ਕਰਨ ਦਾ ਕੌਣ ਦੋਸ਼ੀ? ਮੁਕਤਸਰ ਜ਼ਿਲ੍ਹੇ ਦੇ 46 ਫੀਸਦੀ ਸੈਂਪਲ ਨਾ-ਪੀਣਯੋਗ

ਮੁਕਤਸਰ ਸਾਹਿਬ: ਪੰਜਾਬ ਦੀ ਸਿਆਸਤ ਦੇ ਕਾਬਜ਼ ਮਹਾਰਥੀਆਂ ਦੇ ਇਲਾਕੇ ਵਜੋਂ ਜਾਣੇ ਜਾਂਦੇ ਮੁਕਤਸਰ ਸਾਹਿਬ ਜ਼ਿਲ੍ਹੇ ਦੀ ਹਾਲਤ ਇਹ ਹੈ ਕਿ ਇੱਥੇ ਲੋਕਾਂ ਨੂੰ ਪੀਣ ਯੋਗ ਸਹੀ ਪਾਣੀ ਵੀ ਨਹੀਂ ਨਸੀਬ ਹੋ ਰਿਹਾ। ਪੰਜਾਬ ਵਿੱਚ ਕੈਂਸਰ ਦੀ ਸਭ ਤੋਂ ਵੱਧ ਮਾਰ ਨਾਲ ਪ੍ਰਭਾਵਿਤ ਇਸ ਜ਼ਿਲ੍ਹੇ ਵਿੱਚ ਪਾਣੀ ਸਬੰਧੀ ਆਈ ਨਵੀਂ ਰਿਪੋਰਟ ਦੇ ਤੱਥ ਹੋਰ ਫਿਕਰਮੰਦ ਕਰਨ ਵਾਲੇ ਹਨ। ਸਿਹਤ ਮਹਿਕਮੇ ਵੱਲੋਂ ਇਸ ਸਾਲ ਜਾਂਚ ਲਈ ਭਰੇ ਗਏ ਪਾਣੀ ਦੇ ਸੈਂਪਲਾਂ ਵਿੱਚੋਂ 46 ਫੀਸਦੀ ਸੈਂਪਲ ਨਾ-ਪੀਣਯੋਗ ਪਾਏ ਗਏ ਹਨ।

1 ਜਨਵਰੀ ਤੋਂ 30 ਨਵੰਬਰ ਦਰਮਿਆਨ ਮਹਿਕਮੇ ਨੇ 343 ਸੈਂਪਲ ਭਰੇ ਸਨ ਜਿਹਨਾਂ ਵਿੱਚੋਂ 157 ਸੈਂਪਲ ਫੇਲ ਰਹੇ ਹਨ। ਬਾਕੀ ਸੈਂਪਲਾਂ ਵਿੱਚ ਵੀ ਸਿਹਤ ਲਈ ਹਾਨੀਕਾਰਕ ਜੀਵਾਣੂ ਪਾਏ ਗਏ ਹਨ। ਦਸੰਬਰ ਮਹੀਨੇ ਵਿੱਚ ਭਰੇ ਗਏ 20 ਸੈਂਪਲਾਂ ਦੀ ਰਿਪੋਰਟ ਫਿਲਹਾਲ ਆਉਣੀ ਹੈ।

ਸਿਹਤ ਮਹਿਕਮੇ ਦੇ ਅਫਸਰਾਂ ਤੋਂ ਮਿਲੇ ਇਹਨਾਂ ਤੱਥਾਂ ਤੋਂ ਸਾਹਮਣੇ ਆਇਆ ਹੈ ਕਿ ਲੰਬੀ ਬਲਾਕ ਵਿੱਚ ਹਾਲਤ ਬਹੁਤ ਮਾੜੀ ਹੈ ਜਿੱਥੇ 50 ਸੈਂਪਲਾਂ ਵਿੱਚੋਂ 29 ਸੈਂਪਲ ਫੇਲ੍ਹ ਹੋਏ ਹਨ। ਇਸੇ ਤਰ੍ਹਾਂ ਮਲੌਟ ਬਲਾਕ ਵਿੱਚ 48 ਸੈਂਪਲਾਂ ਵਿੱਚੋਂ 26 ਸੈਂਪਲ ਫੇਲ੍ਹ ਹੋਏ ਹਨ। ਗਿੱਦੜਬਾਹਾ ਬਲਾਕ ਵਿੱਚ 10 ਵਿੱਚੋਂ 6, ਦੋਦਾ ਬਲਾਕ ਵਿੱਚ 61 ਵਿੱਚੋਂ 30, ਮੁਕਤਸਰ ਸਾਹਿਬ ਬਲਾਕ ਵਿੱਚ 41 ਵਿੱਚੋਂ 20, ਆਲਮਵਾਲਾ ਬਲਾਕ ਵਿੱਚ 70 ਵਿੱਚੋਂ 21, ਚੱਲ ਸ਼ੀਰੀਵਾਲਾ ਬਲਾਕ ਵਿੱਚ 63 ਵਿੱਚੋਂ 25 ਸੈਂਪਲ ਫੇਲ੍ਹ ਹੋਏ ਹਨ ਜਿਹਨਾਂ ਨੂੰ ਨਾ-ਪੀਣਯੋਗ ਮੰਨਿਆ ਗਿਆ ਹੈ।

ਸਿਹਤ ਮਹਿਕਮੇ ਦੇ ਅਫਸਰਾਂ ਨੇ ਦੱਸਿਆ ਕਿ ਇਹ ਸੈਂਪਲ ਸਕੂਲਾਂ, ਸਾਂਝੀਆਂ ਥਾਵਾਂ ਅਤੇ ਆਰ ਓ ਪਲਾਂਟਾਂ ਤੋਂ ਭਰੇ ਗਏ ਸਨ। 

ਜ਼ਿਕਰਯੋਗ ਹੈ ਕਿ ਮੁਕਤਸਰ ਸਾਹਿਬ ਜ਼ਿਲ੍ਹਾ ਪੰਜਾਬ ਦੇ ਉਹਨਾਂ ਜ਼ਿਲ੍ਹਿਆਂ ਵਿੱਚ ਆਉਂਦਾ ਹੈ ਜੋ ਕੈਂਸਰ ਦੀ ਬਿਮਾਰੀ ਨਾਲ ਸਭ ਤੋਂ ਵੱਧ ਪ੍ਰਭਾਵਿਤ ਹਨ। ਪਰ ਅੱਜ ਤੱਕ ਇੱਥੇ ਕਿਸੇ ਵੀ ਸਰਕਾਰ ਵੱਲੋਂ ਇਸ ਬਿਮਾਰੀ ਦੇ ਫੈਲਣ ਦੀਆਂ ਜੜ੍ਹਾਂ ਲੱਭਣ ਲਈ ਅਤੇ ਹੱਲ ਕਰਨ ਲਈ ਕੋਈ ਠੋਸ ਨੀਤੀ ਨਹੀਂ ਉਲੀਕੀ ਗਈ। 

ਆਰਟੀਆਈ ਕਾਨੂੰਨ ਰਾਹੀਂ ਭਾਬਾ ਐਟੋਮਿਕ ਖੋਜ ਕੇਂਦਰ ਤੋਂ ਲਈ ਗਈ ਜਾਣਕਾਰੀ ਤੋਂ ਪਤਾ ਲੱਗਿਆ ਹੈ ਕਿ ਮੁਕਤਸਰ ਜ਼ਿਲ੍ਹੇ ਵਿੱਚੋਂ 2009 ਅਤੇ 2013 ਦਰਮਿਆਨ ਪਾਣੀ ਦੇ 16 ਸੈਂਪਲ ਭਰੇ ਗਏ ਸਨ ਅਤੇ ਇਹਨਾਂ ਸੈਂਪਲਾਂ ਦੀ ਜਾਂਚ ਕੀਤਿਆਂ ਇਹਨਾਂ ਵਿੱਚ ਯੂਰੇਨੀਅਤ ਤੱਤ ਦੀ ਮਾਤਰਾ 0.2 ਅਤੇ 149.7 ਪੀਪੀਬੀ ਦਰਮਿਆਨ ਪਾਈ ਗਈ ਸੀ, ਜਦਕਿ ਪੀਣ ਵਾਲੇ ਪਾਣੀ 'ਚ ਇਸਦੀ ਵੱਧੋ-ਵੱਧ ਮਾਤਰਾ 60 ਪੀਪੀਬੀ ਤੱਕ ਹੀ ਰਹਿਣੀ ਚਾਹੀਦੀ ਹੈ। 

ਕੈਂਸਰ ਅਤੇ ਕਾਲਾ ਪੀਲੀਆ ਵਰਗੀਆਂ ਜਾਨਲੇਵਾ ਬਿਮਾਰੀਆਂ ਲਈ ਪਾਣੀ ਦੇ ਦੂਸ਼ਿਤ ਹੋਣ ਨੂੰ ਇੱਕ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ ਅਤੇ ਇਹ ਬਿਮਾਰੀਆਂ ਬਹੁੱਤ ਵੱਡੇ ਪੱਧਰ 'ਤੇ ਪੰਜਾਬ ਵਿੱਚ ਆਪਣਾ ਅਸਰ ਵਧਾ ਰਹੀਆਂ ਹਨ। ਪਰ ਪੰਜਾਬ ਦੇ ਸਿਆਸਤਦਾਨ ਸਿਰਫ ਚੌਣਾਂ ਦੇ ਦਿਨਾਂ 'ਚ ਇਹਨਾਂ ਮਸਲਿਆਂ 'ਤੇ ਇੱਕ ਅੱਧਾ ਬਿਆਨ ਜਾਰੀ ਕਰਦੇ ਹਨ ਉਸ ਤੋਂ ਇਲਾਵਾ ਇਹ ਉਹਨਾਂ ਦੇ ਚਿੱਤ ਚੇਤੇ ਵੀ ਨਹੀਂ ਕਿ ਪੰਜਾਬ ਇਹਨਾਂ ਮਾਰੂ ਬਿਮਾਰੀਆਂ ਦੀ ਮਾਰ ਕਾਰਨ ਮਰ ਰਿਹਾ ਹੈ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।