ਕਿਸਾਨੀ ਅੰਦੋਲਨ ਨੇ ਸ਼ਾਨਾਮੱਤਾ ਇਤਿਹਾਸ ਸਿਰਜਿਆ

ਕਿਸਾਨੀ ਅੰਦੋਲਨ ਨੇ ਸ਼ਾਨਾਮੱਤਾ ਇਤਿਹਾਸ ਸਿਰਜਿਆ

              ਲੰਗਰ ਦੀ ਸੇਵਾ ਤੋਂ ਲੈ ਕੇ ਸਫ਼ਾਈ ਤਕ ਹਰ ਕੰਮ ਵਿੱਚ ਰੁੱਝੇ ਨੌਜਵਾਨ ਸਾਡਾ ਰੌਸ਼ਨ ਭਵਿੱਖ ਹਨ।

26 ਮਈ ਨੂੰ ਕਾਲੇ ਕਾਨੂੰਨ ਰੱਦ ਕਰਵਾਉਣ ਅਤੇ ਐੱਮ ਐੱਸ ਪੀ ਦੀ ਕਾਨੂੰਨੀ ਗਰੰਟੀ ਲਈ ਦਿੱਲੀ ਦੇ ਬਾਰਡਰਾਂ ਉੱਤੇ ਚੱਲ ਰਹੇ ਕਿਸਾਨੀ ਅੰਦੋਲਨ ਨੂੰ ਛੇ ਮਹੀਨੇ ਪੂਰੇ ਹੋ ਗਏ ਹਨ। ਵੈਸੇ ਤਾਂ ਕਿਸਾਨੀ ਸੰਘਰਸ਼ ਨੂੰ ਚੱਲਦਿਆਂ ਜੂਨ ਵਿੱਚ ਪੂਰਾ ਇੱਕ ਸਾਲ ਹੋ ਜਾਵੇਗਾ। ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਵੱਲੋਂ ਰੇਲਵੇ ਸਟੇਸ਼ਨਾਂ ਉੱਤੇ ਚਲਦੇ ਦਿਨ ਰਾਤ ਦੇ ਧਰਨੇ ਤੋਂ ਅੱਗੇ 26, 27 ਨਵੰਬਰ ਨੂੰ ਦਿੱਲੀ ਵੱਲ ਕੂਚ ਕਰਨ ਦਾ ਸੱਦਾ ਦਿੱਤਾ ਗਿਆ ਸੀ। ਇਸ ਸਬੰਧੀ ਕਿਸਾਨਾਂ ਨੇ ਜਦੋਂ ਪਿੰਡਾਂ ਵਿੱਚੋਂ ਤਿਆਰੀ ਆਰੰਭੀ ਤਾਂ ਉਹਨਾਂ ਦਾ ਇਹੀ ਕਹਿਣਾ ਸੀ ਕਿ ਛੇ ਮਹੀਨੇ ਦਾ ਰਾਸ਼ਨ ਨਾਲ ਲੈ ਕੇ ਚੱਲੇ ਹਾਂ, ਕਾਲੇ ਕਾਨੂੰਨਾਂ ਨੂੰ ਰੱਦ ਕਰਵਾਏ ਬਿਨਾਂ ਵਾਪਸ ਨਹੀਂ ਆਉਣਾ। ਉਦੋਂ ਬਹੁਤਿਆਂ ਨੂੰ ਇਸ ਗੱਲ ਦਾ ਯਕੀਨ ਨਹੀਂ ਸੀ ਕਿ ਸੰਘਰਸ਼ ਐਨਾ ਲੰਮਾ ਸਮਾਂ ਚੱਲੇਗਾ। ਪਰ ਕਿਸਾਨ ਟਰਾਲੀਆਂ ਨੂੰ ਘਰ ਬਣਾ ਕੇ ਬਾਰਡਰਾਂ ਉੱਤੇ ਜਾ ਬੈਠੇ।ਪੰਜਾਬ ਤੋਂ ਸ਼ੁਰੂ ਹੋਏ ਇਸ ਅੰਦੋਲਨ ਨੇ ਪੂਰੇ ਦੇਸ਼ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ। ਹਰਿਆਣਾ, ਯੂ ਪੀ ਅਤੇ ਰਾਜਸਥਾਨ ਆਦਿ ਦੇ ਕਿਸਾਨ ਵੀ ਵੱਡੀ ਗਿਣਤੀ ਵਿੱਚ ਬਾਰਡਰਾਂ ਉੱਤੇ ਆਣ ਬੈਠੇ। ਦਿੱਲੀ ਬਾਰਡਰਾਂ ਉੱਤੇ ਵਧਦੀ ਰੌਣਕ ਨੂੰ ਵੇਖਦਿਆਂ ਸਰਕਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ ਤੇ ਉਹ ਗੱਲਬਾਤ ਲਈ ਟੇਬਲ ਉੱਤੇ ਆਉਣ ਲਈ ਮਜਬੂਰ ਹੋ ਗਈ। ਸਰਕਾਰੀ ਨੁਮਾਇੰਦੇ ਗੱਲਬਾਤ ਰਾਹੀਂ ਹੱਲ ਕੱਢਣ ਲਈ ਯਤਨ ਕਰਦੇ ਰਹੇ ਪਰ ਹਰ ਵਾਰ ਕਿਸਾਨਾਂ ਨਾਲ ਹੁੰਦੀ ਮੀਟਿੰਗ ਬੇਸਿੱਟਾ ਹੀ ਰਹਿੰਦੀ ਰਹੀ। ਇਸਦਾ ਮੁੱਖ ਕਾਰਨ ਇਹੀ ਸੀ ਕਿ ਕਿਸਾਨ ਜਥੇਬੰਦੀਆਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਏ ਬਿਨਾਂ ਹੋਰ ਗੱਲ ਸੁਣਨ ਲਈ ਤਿਆਰ ਨਹੀਂ ਸਨ ਪਰ ਸਰਕਾਰ ਕੋਈ ਵਿਚਲਾ ਰਸਤਾ ਕੱਢਣ ਲਈ ਜ਼ੋਰ ਲਗਾ ਰਹੀ ਸੀ।ਇਸ ਦੌਰਾਨ ਬਹੁਤ ਸਾਰੇ ਦੇਸ਼ਾਂ ਵਿੱਚ ਅੰਦੋਲਨ ਦੀ ਹਮਾਇਤ ਵਿੱਚ ਪ੍ਰਦਰਸ਼ਨ ਹੋਣ ਲੱਗੇ। ਕਿਸਾਨ ਅੰਦੋਲਨ ਜਨ ਅੰਦੋਲਨ ਦਾ ਰੂਪ ਧਾਰਨ ਕਰ ਗਿਆ। ਅਸਲ ਵਿੱਚ ਇਹ ਸੰਘਰਸ਼ ਸਿਰਫ ਮੋਦੀ ਸਰਕਾਰ ਦੇ ਵਿਰੁੱਧ ਹੀ ਨਹੀਂ ਸਗੋਂ ਕਾਰਪੋਰੇਟ ਘਰਾਣਿਆਂ ਦੇ ਵਿਰੁੱਧ ਵੀ ਹੈ। ਇਸੇ ਕਰਕੇ ਸਾਰੀ ਦੁਨੀਆਂ ਵਿੱਚੋਂ ਇਸ ਨੂੰ ਵੱਡਾ ਹੁੰਗਾਰਾ ਮਿਲਿਆ ਹੈ। ਦਿਲ ਖੋਲ੍ਹ ਕੇ ਇਸਦੀ ਆਰਥਿਕ ਮਦਦ ਕੀਤੀ ਜਾਣ ਲੱਗੀ। ਵੱਖ-ਵੱਖ ਸੰਸਥਾਵਾਂ ਵੱਲੋਂ ਕਈ ਤਰ੍ਹਾਂ ਦੇ ਲੰਗਰ ਲਗਾਉਣ ਦੇ ਨਾਲ-ਨਾਲ ਹੋਰ ਜ਼ਰੂਰਤ ਦੀਆਂ ਚੀਜ਼ਾਂ ਦੀ ਘਾਟ ਵੀ ਨਹੀਂ ਆਉਣ ਦਿੱਤੀ ਗਈ। ਬਾਰਡਰਾਂ ਉੱਤੇ ਹਾਜ਼ਰੀ ਲਗਵਾਉਣੀ ਹਰ ਕੋਈ ਜ਼ਰੂਰੀ ਸਮਝਣ ਲੱਗਾ। ਇੱਥੋਂ ਤਕ ਕਿ ਵਿਦੇਸ਼ਾਂ ਵਿੱਚੋਂ ਵੀ ਵੱਡੀ ਗਿਣਤੀ ਵਿੱਚ ਲੋਕ ਇਹ ਸਥਾਨ ਵੇਖਣ ਲਈ ਪਹੁੰਚੇ।

ਗਾਇਕਾਂ ਨੇ ਆਪਣੇ ਗੀਤਾਂ ਰਾਹੀਂ ਕਿਸਾਨ ਸੰਘਰਸ਼ ਦੇ ਵੱਖ-ਵੱਖ ਪਹਿਲੂਆਂ ਨੂੰ ਉਜਾਗਰ ਕੀਤਾ। ਇਹ ਗੀਤ ਬਾਰਡਰਾਂ ਉੱਤੇ ਹੀ ਨਹੀਂ ਸਗੋਂ ਹਰ ਪ੍ਰੋਗਰਾਮ ਵਿੱਚ ਵੱਜਦੇ ਸੁਣਾਈ ਦੇਣ ਲੱਗੇ, ਜੋ ਉਤਸ਼ਾਹਜਨਕ ਮਾਹੌਲ ਸਿਰਜਣ ਵਿੱਚ ਬਹੁਤ ਸਹਾਈ ਹੋਏ। ਅੰਦੋਲਨ ਪੂਰੇ ਸਿਖਰ ਉੱਤੇ ਪਹੁੰਚ ਚੁੱਕਾ ਸੀ ਜਦੋਂ 26 ਜਨਵਰੀ ਵਾਲੀ ਘਟਨਾ ਵਾਪਰੀ। ਇਹ ਇੱਕ ਗਿਣੀ ਮਿਥੀ ਸਾਜ਼ਿਸ਼ ਦਾ ਹੀ ਹਿੱਸਾ ਸੀ। ਇਸ ਘਟਨਾ ਨੇ ਇੱਕ ਵਾਰ ਤਾਂ ਸੰਘਰਸ਼ ਨੂੰ ਵੱਡੀ ਸੱਟ ਮਾਰੀ। ਹਰ ਪਾਸੇ ਨਿਰਾਸ਼ਾਜਨਕ ਮਾਹੌਲ ਨਜ਼ਰ ਆਉਣ ਲੱਗਾ। ਗਾਜ਼ੀਪੁਰ ਬਾਰਡਰ ਦਾ ਧਰਨਾ ਤਾਂ ਤਕਰੀਬਨ ਉੱਖੜ ਹੀ ਗਿਆ ਸੀ। ਪਰ ਐੱਨ ਮੌਕੇ ’ਤੇ ਉੱਤਰ ਪ੍ਰਦੇਸ਼ ਦੇ ਕਿਸਾਨ ਆਗੂ ਰਾਕੇਸ਼ ਟਕੈਤ ਵੱਲੋਂ ਭਾਵੁਕ ਹੋ ਕੇ ਕੀਤੀ ਤਕਰੀਰ ਨੇ ਬਾਜ਼ੀ ਪਲਟ ਦਿੱਤੀ। ਰਾਤੋ-ਰਾਤ ਹਜ਼ਾਰਾਂ ਕਿਸਾਨ ਧਰਨੇ ਵੱਲ ਤੁਰ ਪਏ ਅਤੇ ਸਰਕਾਰ ਦੇ ਮਨਸੂਬੇ ਧਰੇ ਧਰਾਏ ਰਹਿ ਗਏ।ਅਸਲ ਵਿੱਚ ਸਰਕਾਰ ਨੇ ਲਾਲ ਕਿਲੇ ਦੀ ਘਟਨਾ, ਕਿਸਾਨੀ ਅੰਦੋਲਨ ਨੂੰ ਕਮਜ਼ੋਰ ਅਤੇ ਬਦਨਾਮ ਕਰਨ ਲਈ ਵਰਤੀ। ਸਰਕਾਰ ਇਸਦੀ ਆੜ ਵਿੱਚ ਅੰਦੋਲਨ ਨੂੰ ਖਤਮ ਕਰਨ ਲਈ ਉਤਾਵਲੀ ਸੀ। ਕਿਸਾਨਾਂ ਉੱਤੇ ਹਮਲੇ ਵੀ ਕਰਵਾਏ ਗਏ ਪਰ ਕਿਸਾਨ ਆਗੂਆਂ ਦੀ ਸਿਆਣਪ ਅਤੇ ਬਹਾਦਰ ਯੋਧਿਆਂ ਦੀ ਇਕਮੁੱਠਤਾ ਨੇ ਅੰਦੋਲਨ ਨੂੰ ਖਿੰਡਣ ਤੋਂ ਬਚਾ ਲਿਆ। ਇਹ ਵੀ ਸਚਾਈ ਹੈ ਕਿ ਜੇ ਸੰਘਰਸ਼ ਢਹਿ ਜਾਂਦਾ ਤਾਂ ਮੁੜ ਲੜਾਈ ਇਸ ਪੱਧਰ ਦੀ ਖੜ੍ਹੀ ਨਹੀਂ ਹੋ ਸਕਣੀ ਸੀ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਲਾਲ ਕਿਲੇ ਦੀ ਘਟਨਾ ਨੇ ਦੋਸਤ ਤੇ ਦੁਸ਼ਮਣ ਦੀ ਪਹਿਚਾਣ ਜ਼ਰੂਰ ਕਰਾ ਦਿੱਤੀ।ਇਹਨਾਂ ਛੇ ਮਹੀਨਿਆਂ ਵਿੱਚ ਕਿਸਾਨੀ ਅੰਦੋਲਨ ਨੇ ਸ਼ਾਨਾਮੱਤਾ ਇਤਿਹਾਸ ਸਿਰਜਿਆ ਹੈ। ਐਨਾ ਲੰਮਾ ਸਮਾਂ ਸ਼ਾਂਤੀਪੂਰਵਕ ਢੰਗ ਨਾਲ ਚੱਲਣ ਵਾਲਾ ਇਹ ਪਹਿਲਾ ਇਤਿਹਾਸਕ ਅੰਦੋਲਨ ਹੈ। ਇਸਦੇ ਸਬਰ, ਸੰਤੋਖ ਉੱਤੇ ਟਿਕੇ ਹੋਣ ਕਰਕੇ, ਇਸਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਪੰਜਾਬੀ ਸੱਭਿਆਚਾਰ ਫਿਰ ਦੁਨੀਆਂ ਪੱਧਰ ਉੱਤੇ ਨਿੱਖਰ ਕੇ ਸਾਹਮਣੇ ਆਇਆ ਹੈ ਅਤੇ ‘ਪਗੜੀ’ ਦੇ ਮਾਣ ਸਨਮਾਨ ਵਿੱਚ ਵਾਧਾ ਹੋਇਆ ਹੈ। ਇਸ ਵਿੱਚ ਵੀ ਦੋ ਰਾਵਾਂ ਨਹੀਂ ਕਿ ਜਵਾਨੀ ਦੇ ਜੋਸ਼ ਸਦਕਾ ਹੀ ਮੌਜੂਦਾ ਕਿਸਾਨ ਅੰਦੋਲਨ ਆਪਣੀਆਂ ਸਿਖਰਾਂ ਛੋਹ ਸਕਿਆ ਹੈ। ਇਸ ਜੋਸ਼ ਨੂੰ ਕਾਬੂ ਅਤੇ ਜ਼ਾਬਤੇ ਵਿੱਚ ਰੱਖਣ ਲਈ ਬਜ਼ੁਰਗਾਂ ਦੇ ਹੋਸ਼ ਦੀ ਬਹੁਤ ਅਹਿਮੀਅਤ ਰਹੀ ਹੈ। ਇਸ ਅੰਦੋਲਨ ਨੇ ਬੇਰੁਜ਼ਗਾਰੀ ਅਤੇ ਨਸ਼ਿਆਂ ਕਾਰਨ ਨਿਰਾਸ਼ ਹੋਈ ਜਵਾਨੀ ਨੂੰ ਇੱਕ ਮਕਸਦ ਦਿੱਤਾ ਹੈ। ਨੌਜਵਾਨ ਆਪਣੇ ਇਤਿਹਾਸਕ ਵਿਰਸੇ ਬਾਰੇ ਜਾਨਣ ਲੱਗੇ ਹਨ। ਲੰਗਰ ਦੀ ਸੇਵਾ ਤੋਂ ਲੈ ਕੇ ਸਫ਼ਾਈ ਤਕ ਹਰ ਕੰਮ ਵਿੱਚ ਰੁੱਝੇ ਨੌਜਵਾਨ ਸਾਡਾ ਰੌਸ਼ਨ ਭਵਿੱਖ ਹਨ।

ਅੰਦੋਲਨ ਦੌਰਾਨ ਪਹਿਲੀ ਵਾਰ ਐਨੀ ਵੱਡੀ ਪੱਧਰ ਉੱਤੇ ਗੱਡੀਆਂ ਅਤੇ ਘਰਾਂ ਉੱਤੇ ਝੂਲਦੇ ਕਿਸਾਨੀ ਝੰਡਿਆਂ ਨੇ ਉਤਸ਼ਾਹ ਜਨਕ ਮਾਹੌਲ ਸਿਰਜਦੇ ਹੋਏ ਹਰ ਪਾਸੇ ਇੱਕ ਵੱਖਰਾ ਹੀ ਨਜ਼ਾਰਾ ਪੇਸ਼ ਕੀਤਾ ਹੈ। ਇੱਥੋਂ ਤਕ ਕਿ ਵਿਆਹ ਸਮਾਗਮਾਂ ਵਿੱਚ ਵੀ ਕਿਸਾਨੀ ਝੰਡਿਆਂ ਨੂੰ ਚੁੱਕ ਕੇ ਤੁਰਨ ਵਿੱਚ ਮਾਣ ਮਹਿਸੂਸ ਕੀਤਾ ਜਾਣ ਲੱਗਾ। ਇਸ ਦੌਰਾਨ ਸਾਰੇ ਇਤਿਹਾਸਕ ਦਿਹਾੜੇ ਵੀ ਉਤਸ਼ਾਹ ਨਾਲ ਮਨਾਏ ਗਏ ਅਤੇ ਇਹ ਪਹਿਲੀ ਵਾਰ ਸੀ ਕਿ ਇਹਨਾਂ ਦਿਹਾੜਿਆਂ ਦਾ ਅਸਲ ਇਤਿਹਾਸ ਤੇ ਮਨਾਉਣ ਦਾ ਮਕਸਦ ਵੱਡੀ ਪੱਧਰ ’ਤੇ ਆਮ ਲੋਕਾਂ ਤਕ ਪਹੁੰਚਿਆ।ਇਸ ਅੰਦੋਲਨ ਦੀ ਇਹ ਵੀ ਵੱਡੀ ਪ੍ਰਾਪਤੀ ਹੈ ਕਿ ਇਸਨੇ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕੀਤਾ ਅਤੇ ਸਰਕਾਰ ਦੀਆਂ ਵੰਡ ਪਾਊ ਸਾਜ਼ਿਸ਼ਾਂ ਨੂੰ ਮਿੱਟੀ ਵਿੱਚ ਰੋਲ ਕੇ ਰੱਖ ਦਿੱਤਾ। ਅੰਦੋਲਨ ਨੇ ਔਰਤਾਂ ਨੂੰ ਵੀ ਪੂਰਾ ਮਾਣ ਸਨਮਾਨ ਦਿੱਤਾ ਹੈ। ਇਸਨੇ ਔਰਤਾਂ ਨੂੰ ਖੁੱਲ੍ਹ ਕੇ ਅੱਗੇ ਆਉਣ ਦਾ ਮੌਕਾ ਦਿੱਤਾ ਤੇ ਔਰਤਾਂ ਨੇ ਵੀ ਇਸ ਮੌਕੇ ਨੂੰ ਬਾਖੂਬੀ ਵਰਤਿਆ ਹੈ। ਔਰਤਾਂ ਸਿਰਫ ਇਕੱਠਾਂ ਦਾ ਹਿੱਸਾ ਹੀ ਨਹੀਂ ਬਣੀਆਂ ਸਗੋਂ ਉਹ ਹਰ ਪ੍ਰਬੰਧ ਕਰਨ ਦੇ ਨਾਲ-ਨਾਲ, ਸਟੇਜ ਤੋਂ ਮੋਦੀ ਸਰਕਾਰ ਨੂੰ ਵੰਗਾਰਦੀਆਂ ਵੀ ਨਜ਼ਰ ਆਈਆਂ।ਬੇਸ਼ਕ ਹੁਣ ਬਾਰਡਰਾਂ ਉੱਤੇ ਮੇਲੇ ਵਰਗਾ ਮਾਹੌਲ ਨਹੀਂ ਰਿਹਾ ਪਰ ਸੰਘਰਸ਼ ਦੀ ਮਜ਼ਬੂਤ ਇਮਾਰਤ ਖੜ੍ਹੀ ਨਜ਼ਰ ਆਉਂਦੀ ਹੈ। ਇੱਥੇ ਵੱਡੀ ਗਿਣਤੀ ਵਿੱਚ ਉਹ ਯੋਧੇ ਹੀ ਬੈਠੇ ਨਜ਼ਰ ਆਉਂਦੇ ਹਨ, ਜਿਨ੍ਹਾਂ ਆਪਣੀਆਂ ਉਮਰਾਂ ਸੰਘਰਸ਼ਾਂ ਵਿੱਚ ਲੰਘਾਈਆਂ ਹਨ। ਉਹਨਾਂ ਦੇ ਸਿਰੜ ਨੇ ਇਹ ਵੀ ਸਾਬਤ ਕਰ ਦਿੱਤਾ ਹੈ ਕਿ ਉਹ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਹਰ ਮੌਸਮ ਦਾ ਮੁਕਾਬਲਾ ਕਰਨਾ ਵੀ ਜਾਣਦੇ ਹਨ। ਪੋਹ-ਮਾਘ ਦੀਆਂ ਠੰਢੀਆਂ ਰਾਤਾਂ ਦੀ ਮਾਰ ਖੁੱਲ੍ਹੇ ਅਸਮਾਨ ਥੱਲੇ ਝੱਲਣ ਤੋਂ ਬਾਅਦ ਹੁਣ ਗਰਮੀ ਅਤੇ ਬਰਸਾਤੀ ਮੌਸਮ ਵਿੱਚ ਵੀ ਉਹਨਾਂ ਦੇ ਹੌਸਲੇ ਬੁਲੰਦ ਹਨ। ਬੇਸ਼ਕ ਸਰਕਾਰ ਸੋਚਦੀ ਸੀ ਕਿ ਬਦਲਦਾ ਮੌਸਮ ਕਿਸਾਨਾਂ ਨੂੰ ਵਾਪਸ ਜਾਣ ਲਈ ਮਜਬੂਰ ਕਰ ਦੇਵੇਗਾ ਕਿਉਂਕਿ ਗਰਮੀ ਵਿੱਚ ਤਪਦੀਆਂ ਸੜਕਾਂ ਉੱਤੇ ਰਹਿਣਾ ਬਹੁਤ ਮੁਸ਼ਕਲ ਹੈ। ਪਰ ਕਿਸਾਨਾਂ ਦਾ ਕਹਿਣਾ ਹੈ ਕਿ ਸਾਡੇ ਗੁਰੂਆਂ ਨੇ ਦੁਸ਼ਮਣ ਦੀ ਈਨ ਮੰਨਣ ਦੀ ਬਜਾਏ ਤੱਤੀਆਂ ਤਵੀਆਂ ’ਤੇ ਬੈਠਣਾ ਮਨਜ਼ੂਰ ਕੀਤਾ ਸੀ, ਫਿਰ ਇਹ ਸੜਕਾਂ ਸਾਡਾ ਕੀ ਵਿਗਾੜ ਲੈਣਗੀਆਂ।

ਕਿਸਾਨਾਂ ਨੇ ਹਰ ਮੌਸਮ ਅਨੁਸਾਰ ਰਹਿਣ ਦੇ ਯੋਗ ਪ੍ਰਬੰਧ ਵੀ ਕੀਤੇ ਹਨ। ਗਰਮੀ ਤੋਂ ਬਚਾਅ ਲਈ ਜਿੱਥੇ ਵੱਡੀ ਗਿਣਤੀ ਵਿੱਚ ਬਾਂਸ ਤੇ ਕਾਨਿਆਂ ਦੇ ਬਣੇ ਰਹਿਣ ਬਸੇਰੇ ਹਨ, ਉੱਥੇ ਮਜ਼ਬੂਤ ਕੈਬਨ ਵੀ ਬਣਾਏ ਗਏ ਹਨ। ਇਹਨਾਂ ਕੈਬਨਾਂ ਵਿੱਚ 10 ਤੋਂ ਲੈ ਕੇ 20 ਲੋਕ ਆਰਾਮ ਨਾਲ ਪੈ ਜਾਂਦੇ ਹਨ। ਪੱਖੇ, ਕੂਲਰ ਆਦਿ ਦਾ ਪ੍ਰਬੰਧ ਵੀ ਕੀਤਾ ਗਿਆ ਹੈ ਅਤੇ ਇਹਨਾਂ ਵਿੱਚ ਸਮਾਨ ਵੀ ਸੁਰੱਖਿਅਤ ਰਹਿੰਦਾ ਹੈ। ਕਈ ਕਿਸਾਨਾਂ ਨੇ ਪਹਿਲੇ ਸਮਿਆਂ ਵਾਂਗ ਸਪੈਸ਼ਲ ‘ਛੰਨਾਂ’ ਵੀ ਤਿਆਰ ਕਰਵਾਈਆਂ ਹਨ ਜੋ ਅੰਦਰੋਂ ਮਿੱਟੀ ਨਾਲ ਲਿੱਪੀਆਂ ਹੋਣ ਕਾਰਨ ਠੰਢੀਆਂ ਹੁੰਦੀਆਂ ਹਨ। ਹਰ ਤਰ੍ਹਾਂ ਦੀ ਖ਼ਬਰਸਾਰ ਲਈ ਹੁਣ ਟੀ ਵੀ ਦਾ ਪ੍ਰਬੰਧ ਵੀ ਹਰ ਥਾਂ ਨਜ਼ਰ ਆਉਂਦਾ ਹੈ। ਪਾਣੀ ਦੀ ਵਧੇਰੇ ਖਪਤ ਨੂੰ ਵੇਖਦਿਆਂ ਵੱਡੀਆਂ ਟੈਂਕੀਆਂ ਨਾਲ ਵਾਟਰ ਕੂਲਰ ਤੇ ਆਰ ਓ ਸਿਸਟਮ ਲਗਾਏ ਗਏ ਹਨ। ਡਿਸਪੋਜ਼ਲ ਦੀ ਬਜਾਏ ਸਟੀਲ ਦੇ ਭਾਂਡੇ ਵਰਤੋਂ ਵਿੱਚ ਲਿਆਂਦੇ ਜਾ ਰਹੇ ਹਨ। ਕੁਲ ਮਿਲਾ ਕੇ ਕਿਹਾ ਜਾ ਸਕਦਾ ਕਿ ਕੂੜਾ ਕਚਰਾ ਘਟਾਇਆ ਗਿਆ ਹੈ ਤਾਂ ਕਿ ਸਫਾਈ ਰਹੇ ਤੇ ਬਿਮਾਰੀਆਂ ਤੋਂ ਬਚਿਆ ਜਾ ਸਕੇ।ਇਸੇ ਤਰ੍ਹਾਂ ਲੰਗਰ ਵਾਲਿਆਂ ਵੀ ਸੁਚੱਜੇ ਪ੍ਰਬੰਧ ਕੀਤੇ ਹਨ। ਮੱਛਰ ਮੱਖੀ ਤੋਂ ਬਚਾ ਲਈ ਹਰ ਪਾਸੇ ਜਾਲੀ ਲਗਾਈ ਗਈ ਹੈ। ਆਰਜ਼ੀ ਬਾਥਰੂਮ ਦੀ ਜਗ੍ਹਾ ਪੱਕੇ ਬਾਥਰੂਮ ਤਿਆਰ ਹੋ ਰਹੇ ਹਨ ਕਿਉਂਕਿ ਸਰਕਾਰ ਦੇ ਅੜੀਅਲ ਵਤੀਰੇ ਨੂੰ ਵੇਖਦਿਆਂ ਇਹ ਪ੍ਰਬੰਧ ਕਰਨੇ ਮਜਬੂਰੀ ਹਨ। ਦੂਜੇ ਪਾਸੇ ਐਨੇ ਪ੍ਰਬੰਧ ਕਰਨ ਦੇ ਬਾਵਜੂਦ ਮੀਂਹ ਅਤੇ ਹਨੇਰੀ ਭਾਰੀ ਨੁਕਸਾਨ ਕਰ ਰਹੇ ਹਨ। ਜਿਸ ਕਾਰਨ ਲੰਗਰ ਦੇ ਪ੍ਰਬੰਧ ਅਤੇ ਕਿਸਾਨਾਂ ਦੇ ਰਹਿਣ-ਸਹਿਣ ਵਿੱਚ ਸਮੱਸਿਆਵਾਂ ਆ ਰਹੀਆਂ ਹਨ ਕਿਉਂਕਿ ਸੜਕਾਂ ’ਤੇ ਪਾਣੀ ਭਰ ਜਾਂਦਾ ਹੈ। ਖੜ੍ਹੇ ਪਾਣੀ ਵਿੱਚ ਮੱਛਰ ਮੱਖੀਆਂ ਦੀ ਭਰਮਾਰ ਹੁੰਦੀ ਹੈ ਜੋ ਬਿਮਾਰੀਆਂ ਨੂੰ ਸੱਦਾ ਦੇਣ ਬਰਾਬਰ ਹੈ। ਤੇਜ਼ ਹਨੇਰੀ ਵੱਲੋਂ ਵਾਰ ਵਾਰ ਟੈਂਟ ਉਖਾੜ ਕੇ ਸੁੱਟ ਦੇਣ ਦੇ ਬਾਵਜੂਦ ਕਿਸਾਨਾਂ ਦੇ ਸਿਦਕ ਅਤੇ ਹੌਸਲੇ ਵਿੱਚ ਕਮੀ ਨਹੀਂ ਆਈ।ਕਰੋਨਾ ਮਹਾਂਮਾਰੀ ਨੇ ਹਾਲਾਤ ਗੰਭੀਰ ਬਣਾ ਦਿੱਤੇ ਹਨ, ਜਿਸ ਕਾਰਨ ਹਰ ਪਾਸੇ ਡਰ ਦਾ ਮਾਹੌਲ ਹੈ। ਸੰਘਰਸ਼ੀ ਯੋਧਿਆਂ ਦੇ ਪਰਿਵਾਰ ਵੀ ਫ਼ਿਕਰਮੰਦ ਹਨ ਕਿਉਂਕਿ ਸਰਕਾਰ ਵੱਲੋਂ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ ਅਤੇ ਨਾ ਹੀ ਕਰੋਨਾ ਤੋਂ ਬਚਾ ਲਈ ਅੰਦੋਲਨ ਵਾਲੀਆਂ ਥਾਂਵਾਂ ਉੱਤੇ ਯੋਗ ਪ੍ਰਬੰਧ ਕੀਤੇ ਜਾ ਰਹੇ ਹਨ। ਪਹਿਲਾਂ ਹੀ ਵੱਖ ਵੱਖ ਹਾਦਸਿਆਂ ਸਮੇਤ ਹੁਣ ਤਕ 450 ਤੋਂ ਵੱਧ ਕਿਸਾਨ ਸ਼ਹੀਦ ਹੋ ਚੁੱਕੇ ਹਨ। ਪਰ ਪਿਛਲੇ ਚਾਰ ਮਹੀਨੇ ਤੋਂ ਸਰਕਾਰ ਵੱਲੋਂ ਇਸ ਸੰਘਰਸ਼ ਨੂੰ ਜਾਣਬੁੱਝ ਕੇ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਕਿਸਾਨ ਆਗੂਆਂ ਨਾਲ ਗੱਲਬਾਤ ਬਿਲਕੁਲ ਬੰਦ ਕੀਤੀ ਹੋਈ ਹੈ। ਸਰਕਾਰ ਦਾ ਅੜੀਅਲ ਰਵਈਆ ਦਰਸਾਉਂਦਾ ਹੈ ਕਿ ਸਰਕਾਰ ਕਿੰਨੀ ਅਣਮਨੁੱਖੀ ਅਤੇ ਲਾਪਰਵਾਹੀ ਵਾਲੀ ਹੈ, ਜੋ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਕਰੋਨਾ ਦੀ ਆੜ ਵਿੱਚ ਸੰਘਰਸ਼ ਖਤਮ ਕਰਨ ਨੂੰ ਤਰਜੀਹ ਦੇ ਰਹੀ ਹੈ। ਪਰ ਕਿਸਾਨਾਂ ਵੱਲੋਂ 26 ਮਈ ਨੂੰ ਸੰਘਰਸ਼ ਦੇ ਛੇ ਮਹੀਨੇ ਪੂਰੇ ਹੋਣ ’ਤੇ ਪੂਰੇ ਦੇਸ਼ ਵਿੱਚ ਕਾਲੇ ਝੰਡੇ ਲਹਿਰਾ ਕੇ ਵਿਰੋਧ ਪ੍ਰਦਰਸ਼ਨ ਕਰਨ ਦਾ ਸੱਦਾ ਦਿੱਤਾ ਗਿਆ ਹੈ, ਜਿਸ ਤਹਿਤ ਘਰਾਂ, ਗੱਡੀਆਂ, ਕੰਮਕਾਜੀ ਥਾਂਵਾਂ ਅਤੇ ਸੰਘਰਸ਼ ਵਾਲੇ ਸਥਾਨਾਂ ਉੱਤੇ ਕਾਲੇ ਝੰਡੇ ਲਹਿਰਾ ਕੇ ਵਿਰੋਧ ਕੀਤਾ ਜਾਵੇਗਾ। ਇਸੇ ਦਿਨ ਮੋਦੀ ਸਰਕਾਰ ਦੇ 7 ਸਾਲ ਪੂਰੇ ਹੋਣ ’ਤੇ ਇਸਦੇ ਪੁਤਲੇ ਫੂਕੇ ਜਾਣ ਦਾ ਸੱਦਾ ਵੀ ਦਿੱਤਾ ਗਿਆ ਹੈ। ਆਓ ਕਿਸਾਨ ਭਰਾਵਾਂ ਨਾਲ ਇਕਮੁੱਠਤਾ ਪ੍ਰਗਟ ਕਰਦਿਆਂ ਇਸ ਇਤਿਹਾਸਕ ਅੰਦੋਲਨ ਦਾ ਹਿੱਸਾ ਬਣ ਕੇ ਆਪਣਾ ਫਰਜ਼ ਨਿਭਾਈਏ

ਨਰਿੰਦਰ ਕੌਰ ਸੋਹਲ