ਖ਼ਾਲਸਾ ਪੰਥ ਦਾ ਹੋਲਾ ਮਹੱਲਾ- ਵਿਸ਼ੇਸ਼ ਦਿਹਾੜਾ। 

 ਖ਼ਾਲਸਾ ਪੰਥ ਦਾ ਹੋਲਾ ਮਹੱਲਾ- ਵਿਸ਼ੇਸ਼ ਦਿਹਾੜਾ। 

 ਡਾਕਟਰ ਜਸਪਾਲ ਸਿੰਘ ਦਿਲੀ

ਇਤਿਹਾਸਕ ਲਿਖਤਾਂ ਦੱਸਦੀਆਂ ਹਨ ਕਿ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਿਰਜਣਾ ਤੋਂ ਬਾਅਦ 'ਹੋਲਾ ਮਹੱਲਾ' ਮਨਾਉਣ ਦੀ ਰਵਾਇਤ ਕਾਇਮ ਕੀਤੀ ਸੀ। ਇਹ ਨਿਵੇਕਲੀ ਰੀਤ ਚਲਾਉਣ ਪਿੱਛੇ ਇਕ ਖ਼ਾਸ ਮੰਤਵ ਸੀ। ਬਹੁਤ ਸਪੱਸ਼ਟ ਹੈ ਕਿ ਗੁਰੂ ਸਾਹਿਬ ਖ਼ਾਲਸੇ ਵਿਚ ਬੀਰ ਰਸ ਭਰਨਾ ਚਾਹੁੰਦੇ ਸਨ। ਉਸ ਨੂੰ ਯੁੱਧ ਕਲਾ ਵਿਚ ਨਿਪੁੰਨ ਬਣਾਉਣਾ ਚਾਹੁੰਦੇ ਸਨ। ਅਧੀਨਗੀ ਦੀ ਜ਼ਿੰਦਗੀ ਜਿਊਣ ਵਾਲੇ ਲੋਕਾਂ ਨੂੰ ਹਥਿਆਰਬੰਦ ਸੰਘਰਸ਼ ਲਈ ਤਿਆਰ ਕਰਨਾ ਚਾਹੁੰਦੇ ਸਨ। ਹਕੀਕਤ ਹੈ ਕਿ ਦੇਸ਼ ਤੇ ਸਮਾਜ ਦੇ ਸਵੈ-ਮਾਣ ਨੂੰ ਮੁੜ-ਸਥਾਪਿਤ ਕਰਨ ਲਈ ਸ਼ਸਤਰਾਂ ਨਾਲ ਪੱਕੀ ਸਾਂਝ ਪਾਉਣੀ ਅਤੇ ਯੁੱਧ ਦੇ ਮੈਦਾਨ ਵਿਚ ਨਿਤਰਨਾ ਲਾਜ਼ਮੀ ਹੈ। ਇਹੋ ਇਨਕਲਾਬੀ ਸੁਨੇਹਾ ਦੇਣਾ ਚਾਹੁੰਦੇ ਸਨ-ਗੁਰੂ ਸਾਹਿਬ, ਹੋਲਾ ਮਹੱਲਾ ਦੀ ਨਵੀਂ ਪਿਰਤ ਰਾਹੀਂ।

ਭਾਈ ਕਾਨ੍ਹ ਸਿੰਘ ਨਾਭਾ ਦੇ ਮਹਾਨ ਕੋਸ਼ ਮੁਤਾਬਕ 'ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖ਼ਾਲਸੇ ਨੂੰ ਸ਼ਸਤਰ ਅਤੇ ਯੁੱਧ ਵਿੱਦਿਆ ਵਿਚ ਨਿਪੁੰਨ ਕਰਨ ਲਈ ਇਹ ਰੀਤੀ ਚਲਾਈ ਸੀ ਕਿ ਦੋ ਦਲ ਬਣਾ ਕੇ ਪ੍ਰਧਾਨ ਸਿੰਘਾਂ ਦੀ ਕਮਾਨ ਹੇਠ ਖ਼ਾਸ ਥਾਂ 'ਤੇ ਕਬਜ਼ਾ ਕਰਨ ਲਈ ਹਮਲਾ ਕਰਨ। ਕਲਗੀਧਰ ਆਪ ਇਸ ਮਸਨੂਈ ਜੰਗ ਦਾ ਕਰਤੱਬ ਦੇਖਦੇ ਅਤੇ ਦੋਹਾਂ ਦਲਾਂ ਨੂੰ ਸ਼ੁੱਭ ਸਿੱਖਿਆ ਦਿੰਦੇ ਸਨ।' ਜੋ ਦਲ ਕਾਮਯਾਬ ਹੁੰਦਾ, ਉਸ ਨੂੰ ਦੀਵਾਨ ਵਿਚ ਸਿਰੋਪਾਓ ਬਖ਼ਸ਼ਦੇ ਸਨ।' 'ਗੁਰਮਤਿ ਮਾਰਤੰਡ, ਵਿਚ 'ਹੋਲਾ ਮਹੱਲਾ' ਦੀ ਪਰੰਪਰਾ ਬਾਰੇ ਹੋਰ ਤਫ਼ਸੀਲ ਕਰਦਿਆਂ ਭਾਈ ਸਾਹਿਬ ਲਿਖਦੇ ਹਨ-'ਯੁੱਧ ਵਿੱਦਿਆ ਦੇ ਅਭਿਆਸ ਨੂੰ ਨਿੱਤ ਨਵਾਂ ਰੱਖਣ ਵਾਸਤੇ ਕਲਗੀਧਰ ਸਵਾਮੀ ਦੀ ਚਲਾਈ ਹੋਈ ਰੀਤੀ ਅਨੁਸਾਰ ਚੇਤ ਵਦੀ 1 ਨੂੰ ਸਿੱਖਾਂ ਵਿਚ 'ਹੋਲਾ ਮਹੱਲਾ' ਹੁੰਦਾ ਹੈ, ਜਿਸ ਦਾ ਹੋਲੀ ਦੀ ਰਸਮ ਨਾਲ ਕੋਈ ਸਬੰਧ ਨਹੀਂ। ਮਹੱਲਾ ਇਕ ਪ੍ਰਕਾਰ ਦੀ ਮਨਸੂਈ ਲੜਾਈ ਹੈ। ਪੈਦਲ ਅਤੇ ਘੋੜ ਸਵਾਰ ਸ਼ਸਤਰਧਾਰੀ ਸਿੰਘ ਦੋ ਪਾਰਟੀਆਂ ਬਣਾ ਕੇ ਇਕ ਖ਼ਾਸ ਹਮਲੇ ਦੀ ਥਾਂ ਉੱਤੇ ਹਮਲਾ ਕਰਦੇ ਹਨ ਅਤੇ ਅਨੇਕ ਪ੍ਰਕਾਰ ਦੇ ਕਰਤੱਬ ਦਿਖਾਉਂਦੇ ਹਨ, ਪਰ ਅਸੀਂ ਸਾਲ ਪਿੱਛੋਂ ਕੇਵਲ ਇਹ ਰਸਮ ਨਾਮਾਤਰ ਕਰ ਛੱਡਦੇ ਹਾਂ, ਲਾਭ ਕੁਝ ਨਹੀਂ ਉਠਾਉਂਦੇ। ਸ਼ਸਤਰ ਵਿੱਦਿਆ ਤੋਂ ਅਨਜਾਣ ਸਿੱਖ, ਖ਼ਾਲਸਾ ਧਰਮ ਦੇ ਨਿਯਮਾਂ ਅਨੁਸਾਰ ਅਧੂਰਾ ਸਿੱਖ ਹੈ।' ਪ੍ਰੋ: ਸਾਹਿਬ ਸਿੰਘ ਦਾ ਕਥਨ ਹੈ-'ਹੋਲੇ ਦੇ ਮੌਕੇ 'ਤੇ ਸ੍ਰੀ ਅਨੰਦਪੁਰ ਸਾਹਿਬ ਵਿਚ ਉਚੇਚੇ ਸਮਾਗਮ ਹੋਣ ਲੱਗ ਪਏ, ਜਿਥੇ ਤੀਰ ਤਲਵਾਰ ਦੇ ਕਰਤੱਬਾਂ ਤੇ ਹੋਰ ਮਰਦਾਵੀਆਂ ਖੇਡਾਂ ਦੇ ਵਧੀਆ ਖਿਡਾਰੀਆਂ ਨੂੰ ਇਨਾਮ ਵੰਡੇ ਜਾਂਦੇ ਸਨ। ਇਸ ਤਰ੍ਹਾਂ ਸਹਿਜ ਸੁਭਾਇ ਸਿੱਖ ਗੱਭਰੂ ਸ਼ਸਤਰ ਵਿੱਦਿਆ ਦੇ ਆਸ਼ਕ ਅਤੇ ਤਲਵਾਰ ਦੇ ਧਨੀ ਬਣਨ ਲੱਗ ਪਏ।'

ਅਸਲ ਵਿਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਸੁਰਤੀ ਭਾਵ ਚੇਤਨਾ ਵਿਚ ਇਕ ਸੰਕਲਪ ਬੜਾ ਡੂੰਗਾ ਉਤਰਿਆ ਹੋਇਆ ਸੀ। ਇਹ ਸੰਕਲਪ ਸੀ-ਸਦੀਆਂ ਤੋਂ ਸ਼ੋਸ਼ਣ ਤੇ ਵਿਤਕਰਿਆਂ ਦੀ ਸ਼ਿਕਾਰ ਆਮ ਜਨਤਾ, ਜਿਸ ਨੂੰ ਭਾਰਤੀ ਸਮਾਜੀ ਵਿਵਸਥਾ ਨੇ ਪੈਰਾਂ ਥੱਲ੍ਹੇ ਰੌਂਦਿਆ ਸੀ, ਨੂੰ ਸੱਤਾ ਦੇ ਸਿੰਘਾਸਨ 'ਤੇ ਪਹੁੰਚਾਉਣ ਦਾ। ਉਨ੍ਹਾਂ ਦੀ ਪਾਤਸ਼ਾਹੀ ਸਥਾਪਿਤ ਕਰਨ ਦਾ, ਜਿਨ੍ਹਾਂ ਨੇ ਰਾਜਨੀਤਕ ਸੱਤਾ ਵਿਚ ਭਾਗੀਦਾਰੀ ਦਾ ਸੁੱਖ ਤਾਂ ਕੀ ਭੋਗਣਾ ਸੀ, ਕਦੇ ਸਮਾਜ ਵਿਚ ਸਮਾਨਤਾ ਦੇ ਅਹਿਸਾਸ ਦਾ ਸੁੱਖ ਵੀ ਨਹੀਂ ਸੀ ਭੋਗਿਆ। ਤਿਰਸਕਾਰ ਤੇ ਬੇਪਤੀ ਜਿਨ੍ਹਾਂ ਦੇ ਜੀਵਨ ਦਾ ਜ਼ਰੂਰੀ ਹਿੱਸਾ ਬਣ ਗਿਆ ਸੀ। ਆਪਣੇ ਨਾਲ ਹੋ ਰਹੇ ਅਨਿਆਂ ਨੂੰ ਜਿਨ੍ਹਾਂ ਨੇ ਰੱਬੀ ਇੱਛਾ ਕਰਕੇ ਮੰਨ ਲਿਆ ਸੀ। ਕੁਇਰ ਸਿੰਘ ਦੇ 'ਗੁਰ ਬਿਲਾਸ' ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਇਸ ਦ੍ਰਿੜ੍ਹ ਇਰਾਦੇ ਦਾ ਜ਼ਿਕਰ ਮਿਲਦਾ ਹੈ। ਜੇ ਬਾਜ ਚਿੜੀ ਨੂੰ ਮਾਰੇ ਤਾਂ ਇਹ ਕੋਈ ਪ੍ਰਭੁਤਾ ਵਾਲੀ ਗੱਲ ਨਹੀਂ, ਮੇਰਾ ਇਰਾਦਾ ਤਾਂ ਚਿੜੀਆਂ ਪਾਸੋਂ ਬਾਜ ਤੁੜਾਉਣ ਦਾ ਹੈ-

ਮੈਂ ਅਸਪਾਨਿਜ ਤਬ ਲਖੋ ਕਰੋ ਐਸ ਯੋ ਕਾਮ।

ਚਿੜੀਅਨ ਬਾਜ ਤੁਰਾਯ ਹੋ ਸਸੇਂ ਕਰੋਂ ਸਿੰਘ ਸਾਮ॥

ਬਾਜ ਚਿੜੀ ਕਹੁ ਮਾਰ ਹੈ ਏ ਪ੍ਰਭੂਤਾ ਕਛੁ ਨਾਹ।

ਤਾਤੇ ਕਾਜ ਕੀਉ ਇਹੈ ਬਾਜ ਹਨੈ ਚਿੜੀਆਹ॥

ਪਰ ਭਾਰਤੀ ਸਮਾਜ ਦੀ ਬਦਕਿਸਮਤੀ ਇਹ ਸੀ ਕਿ ਉਹ ਜ਼ਿਹਨੀ ਤੌਰ 'ਤੇ ਗ਼ੁਲਾਮ ਹੋ ਚੁੱਕਾ ਸੀ ਅਤੇ ਉਸ ਨੂੰ ਗ਼ੁਲਾਮੀ ਓਪਰੀ ਨਹੀਂ ਸੀ ਜਾਪਦੀ। ਦਰਅਸਲ ਜਿਹੜਾ ਸਮਾਜ ਗ਼ੁਲਾਮੀ ਵਿਚ ਖ਼ੁਸ਼ੀ ਮਨਾ ਰਿਹਾ ਹੋਵੇ, ਇਕ ਦੂਜੇ ਉੱਪਰ ਰੰਗ ਸੁੱਟ ਰਿਹਾ ਹੋਵੇ, ਉਸ ਤੋਂ ਕੀ ਤਵੱਕੋਂ ਕੀਤੀ ਜਾ ਸਕਦੀ ਹੈ, ਜਿਸ ਸਮਾਜ ਵਿਚ ਗ਼ੁਲਾਮ ਹੋਣ ਦਾ ਅਹਿਸਾਸ ਖ਼ਤਮ ਹੋ ਗਿਆ ਹੋਵੇ, ਉਸ ਨੂੰ ਆਜ਼ਾਦੀ ਦੇ ਸੰਘਰਸ਼ ਦੇ ਰਾਹ 'ਤੇ ਕਿੱਦਾਂ ਤੋਰਿਆ ਜਾ ਸਕਦਾ ਹੈ। ਸਚਮੁੱਚ ਕੰਮ ਬਹੁਤ ਔਖਾ ਸੀ। ਇਹ ਤਾਹੀਓਂ ਹੋ ਸਕਦਾ ਸੀ ਜੇ ਨਵੇਂ ਸਿਰਿਓਂ ਇਕ ਲਹਿਰ ਪੈਦਾ ਹੋਵੇ। ਲੋਕੀਂ ਉੱਠ ਖੜ੍ਹੇ ਹੋਣ। ਆਪਣੇ ਫ਼ਰਜ਼ਾਂ ਦੀ ਪਛਾਣ ਕਰਨ। ਸੰਘਰਸ਼ ਲਈ ਤਿਆਰ ਹੋ ਜਾਣ। ਮੌਤ ਦਾ ਭੈਅ ਦਿਲੋਂ ਕੱਢ ਦੇਣ। ਕੁਰਬਾਨੀ ਦੇਣ ਦਾ ਅਹਿਦ ਕਰ ਲੈਣ। ਦਸਮ ਪਿਤਾ ਇਹੋ ਸੰਦੇਸ਼ ਦੇ ਰਹੇ ਸਨ। ਸੁਰਤ ਗੁਆ ਚੁੱਕੇ ਲੋਕਾਂ ਵਿਚ ਨਵੀਂ ਰੂਹ ਫ਼ੂਕ ਰਹੇ ਸਨ। ਉਨ੍ਹਾਂ ਵਿਚ ਸੰਘਰਸ਼ ਦੀ ਰਾਹ 'ਤੇ ਤੁਰਨ ਦਾ ਜਜ਼ਬਾ ਪੈਦਾ ਕਰ ਰਹੇ ਸਨ। 'ਹੋਲਾ ਮਹੱਲਾ' ਦੀ ਰੀਤ ਕਾਇਮ ਕਰ ਕੇ, ਭਾਰਤ ਦੇ ਲੋਕਾਂ ਨੂੰ 'ਸ਼ਸਤ੍ਰਨ ਸੋਂ ਅਤਿ ਹੀ ਰਣ ਭੀਤਰ, ਜੂਝ ਮਰੋਂ ਤੋ ਸਾਚ ਪਤੀਜੈ' ਦੇ ਮਾਰਗ ਦੇ ਪਾਂਧੀ ਬਣਾ ਰਹੇ ਸਨ।

ਇਤਿਹਾਸਕ ਦ੍ਰਿਸ਼ਟੀ ਤੋਂ ਵੇਖੀਏ ਤਾਂ ਅਨੰਦਪੁਰ ਸਾਹਿਬ ਵਿਚ ਹੋਲਗੜ੍ਹ ਕਿਲ੍ਹੇ ਵਾਲੀ ਥਾਂ 'ਤੇ ਸੰਨ 1700 ਈਸਵੀ ਵਿਚ ਪਹਿਲੀ ਵਾਰ ਹੋਲਾ ਮਹੱਲਾ ਮਨਾਇਆ ਗਿਆ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਆਪਣੇ ਸਿੱਖਾਂ ਨੂੰ ਜੰਗੀ ਕਰਤਬ ਦਿਖਾਉਣ ਦਾ ਹੁਕਮ ਦਿੱਤਾ ਸੀ। ਹੋਲਾ ਮਹੱਲਾ ਮਨਾਉਣ ਲਈ ਸਿੱਖ ਸਿਪਾਹੀ ਆਪਣੇ-ਆਪ ਨੂੰ ਦੋ ਹਿੱਸਿਆਂ ਵਿਚ ਵੰਡ ਲੈਂਦੇ ਸਨ ਅਤੇ ਇਕ ਕਿਸਮ ਦਾ ਬਨਾਵਟੀ ਯੁੱਧ ਰੱਚ ਕੇ ਜੰਗੀ ਕਰਤਬਾਂ ਦਾ ਪ੍ਰਦਰਸ਼ਨ ਕਰਦੇ ਸਨ। ਇਕ ਤਰ੍ਹਾਂ ਨਾਲ ਪੂਰੇ ਜੰਗੀ ਅਭਿਆਸ ਦਾ ਨਜ਼ਾਰਾ ਉੱਭਰ ਆਉਂਦਾ ਸੀ। ਜਿੱਤ ਹਾਸਲ ਕਰਨ ਵਾਲਿਆਂ ਨੂੰ ਇਨਾਮ ਦਿੱਤੇ ਜਾਂਦੇ ਸਨ ਅਤੇ ਇਹ ਨਿਵੇਕਲੇ ਕਿਸਮ ਦਾ ਸਮਾਰੋਹ ਲੋਕਾਂ ਵਿਚ ਇਕ ਨਵੀਂ ਰੂਹ ਫੂਕ ਦਿੰਦਾ ਸੀ। ਨਾਲ ਹੀ ਹੋਲਾ ਮਹੱਲਾ ਦੇ ਮੌਕੇ 'ਤੇ ਸ਼ਸਤਰਾਂ-ਬਸਤਰਾਂ ਅਤੇ ਜੰਗੀ ਸਾਜ਼-ਸਜਾ ਨਾਲ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਜਲੂਸ ਦੀ ਸ਼ਕਲ ਵਿਚ ਇਕ ਗੁਰਦੁਆਰਾ ਸਾਹਿਬ ਤੋਂ ਦੂਜੇ ਗੁਰਦੁਆਰਾ ਸਾਹਿਬ ਤੱਕ ਫ਼ੌਜੀ ਮਾਰਚ ਵੀ ਕੱਢਿਆ ਜਾਂਦਾ ਸੀ ਅਤੇ ਬੜੇ ਉਤਸ਼ਾਹ ਨਾਲ ਲੋਕੀਂ ਇਸ ਕਵਾਇਦ ਵਿਚ ਹਿੱਸਾ ਲੈਂਦੇ ਸਨ। ਇਤਿਹਾਸ ਵਿਚੋਂ ਇਹੋ ਜਿਹੇ ਪ੍ਰਮਾਣ ਮਿਲਦੇ ਹਨ ਕਿ ਗੁਰੂ ਸਾਹਿਬ ਖ਼ੁਦ ਇਨ੍ਹਾਂ ਸਰਗਰਮੀਆਂ ਦੀ ਸਰਪ੍ਰਸਤੀ ਕਰਦੇ ਸਨ ਅਤੇ ਹਿੱਸਾ ਲੈਣ ਵਾਲੇ ਦਲਾਂ ਨੂੰ ਸਨਮਾਨ ਤੇ ਸਿਰੋਪਾਓ ਬਖ਼ਸ਼ਦੇ ਸਨ। 'ਹੋਲਾ ਮਹੱਲਾ' ਦੀ ਰਿਵਾਇਤ ਕਾਇਮ ਕਰਨ ਬਾਰੇ ਕਵੀ ਸੁਮੇਰ ਸਿੰਘ ਨੇ ਗੁਰੂ ਸਾਹਿਬ ਦੇ ਹੁਕਮਾਂ ਨੂੰ ਇਸ ਤਰ੍ਹਾਂ ਕਲਮਬੰਦ ਕੀਤਾ ਹੈ :

ਔਰਨ ਕੀ ਹੋਲੀ, ਮਮ ਹੋਲਾ।

ਕਹਿਯੋ ਕ੍ਰਿਪਾਨਿਧ ਬਚਨ ਅਮੋਲਾ।

ਹੋਲਾ ਮਹੱਲਾ ਦੀ ਇਹ ਸਾਰੀ ਰਿਵਾਇਤ ਹਾਲਾਂ ਵੀ ਉਸੇ ਤਰ੍ਹਾਂ ਕਾਇਮ ਹੈ। ਲੱਖਾਂ ਦੀ ਗਿਣਤੀ ਵਿਚ ਦੇਸ਼-ਵਿਦੇਸ਼ ਤੋਂ ਸੰਗਤ ਅਨੰਦਪੁਰ ਦੀ ਧਰਤੀ 'ਤੇ ਪਹੁੰਚਦੀ ਹੈ। ਬੜੇ ਉਤਸ਼ਾਹ ਤੇ ਉਮਾਹ ਨਾਲ ਦੀਵਾਨ ਸਜਾਏ ਜਾਂਦੇ ਹਨ। ਕਥਾ ਕੀਰਤਨ ਦੇ ਪਰਵਾਹ ਚਲਦੇ ਹਨ। ਬੀਰ ਰਸੀ ਵਾਰਾਂ ਦਾ ਗਾਇਨ ਲੋਕਾਂ ਵਿਚ ਜੋਸ਼ ਭਰ ਦਿੰਦਾ ਹੈ। ਨਿਹੰਗ ਸਿੰਘਾਂ ਦੇ ਦਲਾਂ ਦੇ ਕਰਤਬ ਲੋਕਾਂ ਦਾ ਮਨ ਮੋਹ ਲੈਂਦੇ ਹਨ। ਕਵੀ ਨਿਹਾਲ ਸਿੰਘ ਨੇ ਹੋਲਾ ਮਹੱਲਾ ਦੇ ਦ੍ਰਿਸ਼ ਨੂੰ ਬਾਖ਼ੂਬੀ ਚਿਤਰਤ ਕੀਤਾ ਹੈ। ਉਨ੍ਹਾਂ ਦੀ ਰਚਨਾ ਦੀਆਂ ਕੁਝ ਪੰਕਤੀਆਂ ਇਸ ਤਰ੍ਹਾਂ ਹਨ :

ਬਰਛਾ ਢਾਲ ਕਟਾਰਾ ਤੇਗਾ, ਕੜਛਾ ਦੇਗਾ ਗੋਲਾ ਹੈ।

ਛਕਾ ਪ੍ਰਸਾਦ ਸਜਾ ਦਸਤਾਰਾ, ਅਰ ਕਰਦੋਨਾ ਟੋਲਾ ਹੈ।

ਸੁਭਟ ਸੁਚਾਲਾ ਅਰ ਲਖ ਬਾਹਾ, ਕਲਗਾ ਸਿੰਘ ਸੁਚੋਲਾ ਹੈ।

ਅਪਰ ਮੁਛਹਿਰਾ ਦਾੜਾ ਜੈਸੇ, ਤੈਸੇ ਬੋਲਾ ਹੋਲਾ ਹੈ।

ਆਖ਼ਰ ਵਿਚ, ਸਮੁੱਚੇ ਇਤਿਹਾਸਕ ਪਰਿਪੇਖ ਵਿਚ ਇਹ ਕਿਹਾ ਜਾ ਸਕਦਾ ਹੈ ਕਿ 'ਹੋਲਾ ਮਹੱਲਾ' ਦੀ ਇਸ ਇਨਕਲਾਬੀ ਰਿਵਾਇਤ ਦਾ ਇਕ ਆਪਣਾ ਨਿਵੇਕਲਾ ਮੁਕਾਮ ਹੈ। ਕੋਈ ਅਤਿਕਥਨੀ ਨਹੀਂ ਹੋਵੇਗੀ ਜੇ ਕਿਹਾ ਜਾਵੇ ਕਿ ਖ਼ਲਾਸਾ ਪੰਥ ਦੀ ਸਿਰਜਣਾ ਤੋਂ ਬਾਅਦ ਉਜਾਗਰ ਹੋਈ ਇਸ ਵੱਡੀ ਪਿਰਤ ਨੇ ਲੋਕਾਂ ਵਿਚ ਨਵਾਂ ਜਜ਼ਬਾ ਭਰ ਦਿੱਤਾ ਸੀ ਅਤੇ ਇਤਿਹਾਸ ਨੂੰ ਇਕ ਨਵੀਂ ਨੁਹਾਰ ਦੇਣ ਵਿਚ ਉਚੇਚੀ ਭੂਮਿਕਾ ਨਿਭਾਈ ਸੀ।