ਦੀਪ ਸਿੱਧੂ ਦੇ ਵਿਛੋੜੇ ਵਿੱਚ ਵਗੇ ਹੰਝੂਆਂ ਦੇ ਕੀ ਅਰਥ ਹਨ?

ਦੀਪ ਸਿੱਧੂ ਦੇ ਵਿਛੋੜੇ ਵਿੱਚ ਵਗੇ ਹੰਝੂਆਂ ਦੇ ਕੀ ਅਰਥ ਹਨ?

ਸੋਸ਼ਲ ਮੀਡੀਏ 'ਤੇ ਕੁਝ ਯਾਦਗਾਰੀ ਟਿਪਣੀਆਂ ਅਤੇ ਫੋਨ

ਇਕ ਮੋਇਆ ਪੁੱਤ ਪੰਜਾਬ ਦਾ ਕੁੱਲ ਦੁਨੀਆਂ ਰੋਈ।

ਇਕ ਕਰਮਾਂ ਮਾਰੀ ਕੌਮ ਨਾਲ ਅਨਹੋਣੀ ਹੋਈ।

ਸੰਨ 1978 ਦੇ ਵਿਸਾਖੀ ਕਾਂਡ ਪਿੱਛੋਂ ਮੈਂ ਲਗਾਤਾਰ ਖ਼ਾਲਸਾ ਪੰਥ ਦੀਆਂ ਧਾਰਮਿਕ ਤੇ ਰਾਜਨੀਤਕ ਸਰਗਰਮੀਆਂ ਨੂੰ ਅਤੇ ਇਨ੍ਹਾਂ ਸਰਗਰਮੀਆਂ ਨਾਲ ਜੁੜੇ ਆਗੂਆਂ ਦੇ ਉਤਰਾਵਾਂ ਚੜਾਵਾਂ ਨੂੰ ਦੂਰ ਨੇੜੇ ਰਹਿ ਕੇ  ਕਈ ਪੱਖਾਂ ਤੋਂ ਵੇਖਣ ਦੀ ਕੋਸ਼ਿਸ਼ ਕਰਦਾ ਰਿਹਾ ਹਾਂ।ਜਿੱਥੋਂ ਤੱਕ ਮੈਨੂੰ ਯਾਦ ਹੈ ਕਿ ਸੰਤ ਜਰਨੈਲ ਸਿੰਘ ਦੀ ਸ਼ਹਾਦਤ ਅਤੇ ਉਨ੍ਹਾਂ ਦੇ ਵਿਛੋੜੇ ਨੇ ਖ਼ਾਲਸਾ ਪੰਥ ਅੰਦਰ ਹੰਝੂਆਂ ਦੇ ਦਰਿਆ ਵਗਾ ਦਿੱਤੇ ਸਨ ਅਤੇ ਹੈਰਾਨੀ ਤੇ ਖ਼ੁਸ਼ੀ ਵਾਲੀ ਗੱਲ ਇਹ ਹੈ ਕਿ ਇੰਨੇ ਸਾਲ ਬੀਤ ਜਾਣ ਪਿੱਛੋਂ ਵੀ ਕੌਮ ਉਨ੍ਹਾਂ ਨੂੰ ਸਿੱਲ੍ਹੀਆਂ ਅੱਖਾਂ ਨਾਲ ਯਾਦ ਕਰਦੀ ਹੈ।ਸੰਤ ਜੀ ਤੋਂ ਪਿੱਛੋਂ ਜੁਝਾਰੂ ਲਹਿਰ ਕਈ ਪੜਾਵਾਂ ਵਿਚੋਂ ਲੰਘੀ।ਵੱਡੇ ਜਰਨੈਲ ਆਏ, ਵੱਡੇ-ਬਹੁਤ ਵੱਡੇ ਕੰਮ ਹੋਏ,ਫਾਂਸੀਆਂ ਵੀ ਵੇਖਣ ਵਿੱਚ ਆਈਆਂ।ਉਨ੍ਹਾਂ ਦੀ ਯਾਦ ਵਿੱਚ ਇਕੱਠ ਵੀ ਬੜੇ ਵੱਡੇ ਦੇਖੇ ਗਏ।ਉਸ ਦੌਰ ਉਤੇ ਜਿੰਨਾ ਮਾਣ ਕਰੀਏ,ਉਹ ਥੋੜ੍ਹਾ ਹੈ। ਜੇ ਪੰਥ ਵਿਚ ਓੜਕਾਂ ਦਾ ਜੋਸ਼ ਅਤੇ ਖੁਸ਼ੀ ਦੀ ਲਹਿਰ ਵੇਖੀ ਗਈ ਤਾਂ ਉਹ ਉਸ ਸਮੇਂ ਵੇਖੀ ਗਈ, ਜਦੋਂ ਸਰਬੱਤ ਖ਼ਾਲਸਾ ਨੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਅਕਾਲ ਤਖ਼ਤ ਦਾ ਜਥੇਦਾਰ ਥਾਪਣ ਦਾ ਐਲਾਨ ਕੀਤਾ।ਦੋਸਤੋ,ਮੈਂ ਉਨ੍ਹਾਂ ਜੋਸ਼ੀਲੇ ਅਤੇ ਇਤਿਹਾਸਕ ਪਲਾਂ ਦਾ ਚਸ਼ਮਦੀਦ ਗਵਾਹ ਹਾਂ। 

ਪਰ ਕਿਸੇ ਦੇ ਜਾਣ ਉੱਤੇ ਖ਼ਾਲਸਾ ਪੰਥ ਨੇ ਜਿਵੇਂ ਹੰਝੂ ਵਹਾਏ,ਜਿਵੇਂ ਸਾਰੀ ਕੌਮ ਗ਼ਮ ਦੇ ਸਮੁੰਦਰ ਵਿੱਚ ਡੁੱਬ ਗਈ,ਜਿਵੇਂ ਮੁੰਡੇ ਕੁੜੀਆਂ ਧਾਹਾਂ ਮਾਰਦੇ ਰੋਂਦੇ ਵੇਖੇ ਅਤੇ ਸੁਣੇ ਗਏ,ਜਿਵੇਂ ਟੱਬਰਾਂ ਦੇ ਟੱਬਰਾਂ ਵਿੱਚ ਹਰ ਜੀਅ ਸੁੰਨ ਮਸੁੰਨ ਹੋ ਕੇ ਰਹਿ ਗਿਆ ਅਤੇ ਜਿਵੇਂ ਇਕ ਦਿਨ ਲਈ ਚੋਣਾਂ ਦਾ ਰੌਲਾ ਗੌਲਾ ਅਤੇ ਉਤਸ਼ਾਹ ਸਭ ਵਿਅਰਥ ਅਤੇ ਫ਼ਜ਼ੂਲ ਹੋ ਕੇ ਜਾਪਣ ਲੱਗਾ ਅਤੇ ਜਦੋਂ ਸੱਤ ਸਮੁੰਦਰੋਂ ਪਾਰ ਧਰਤੀਆਂ ਤੇ ਵੱਸਦੇ ਸਿੱਖ ਨੌਜਵਾਨ ਆਪਣੇ ਰੋਜ਼ਾਨਾ ਕੰਮਾਂ ਕਾਰਾਂ ਵਿੱਚ  ਗ਼ਮ ਵਿਚ ਡੁੱਬੇ ਹੋਏ ਉਦਾਸ ਸੁਣੇ ਗਏ ਤਾਂ ਮੈਨੂੰ ਇਹ ਕਹਿਣ ਦੀ ਖੁੱਲ੍ਹ ਦਿਓ ਕਿ ਸੰਤ ਜਰਨੈਲ ਸਿੰਘ ਤੋਂ ਪਿੱਛੋਂ ਦੇਸ਼ਾਂ ਵਿਦੇਸ਼ਾਂ ਵਿਚ ਕੌਮ ਦੀਆਂ ਅੱਖਾਂ ਵਿੱਚੋਂ ਜੋ ਹੰਝੂ ਵਗੇ ਉਹ ਦੀਪ ਸਿੱਧੂ ਦੀ ਯਾਦ ਵਿੱਚ ਸਨ।ਇਨ੍ਹਾਂ ਹੰਝੂਆਂ ਦੇ ਡੂੰਘੇ ਅਰਥ ਕੀ ਹੋ ਸਕਦੇ ਹਨ।ਇਨ੍ਹਾਂ ਦੀ ਵਿਆਖਿਆ ਕਿਵੇਂ ਕੀਤੀ ਜਾਵੇ,ਇਹ ਹੰਝੂ ਭਵਿੱਖ ਵਿੱਚ ਕਿਥੇ ਲੈ ਕੇ ਜਾਣਗੇ,ਕੌਣ ਵਾਰਸ ਬਣਨਗੇ ਇਨ੍ਹਾਂ ਪਵਿੱਤਰ ਹੰਝੂਆਂ ਦੇ? ਮੇਰੀ ਕਲਮ ਹਾਲ ਦੀ ਘੜੀ ਸਾਥ ਨਹੀਂ ਦਿੰਦੀ।

ਇਥੇ ਅਸੀਂ ਸੰਤ ਜਰਨੈਲ ਸਿੰਘ ਨਾਲ ਮੁਕਾਬਲਾ ਨਹੀਂ ਕਰ ਰਹੇ।ਕਰਨਾ ਵੀ ਨਹੀਂ ਚਾਹੀਦਾ ਕਿਉਂਕਿ ਸੰਤ ਜਰਨੈਲ ਸਿੰਘ ਅਸਮਾਨ ਜਿੱਡੇ ਵਿਸ਼ਾਲ ਹੋ ਗਏ ਸਨ। ਸਿਖ ਜਜ਼ਬਿਆਂ ਦੀ ਇਕ ਸਦੀ ਉਨ੍ਹਾਂ ਨੇ ਆਪਣੇ ਨਾਂਅ ਨਾਲ ਲਿਖਾ ਲਈ ਸੀ।ਜੁਝਾਰੂ ਲਹਿਰ ਵੀ ਉਨ੍ਹਾਂ ਨੂੰ ਹੀ ਸਮਰਪਿਤ ਸੀ। ਪਰ ਦੋਸਤੋ,ਦੀਪ ਸਿੱਧੂ ਉਨ੍ਹਾਂ ਹੀ ਜਜ਼ਬਿਆਂ ਨੂੰ ਅਗੇ ਤੋਰ ਰਿਹਾ ਸੀ ਜੋ ਕਿਸੇ ਹੋਰ ਦੇ ਹਿੱਸੇ ਨਹੀਂ ਸੀ ਆ ਸਕਿਆ। ਇਹ ਸਚ ਹੈ ਕਿ ਨੌਜਵਾਨਾਂ ਨੂੰ ਉਸ ਦੇ ਅੰਦਰ ਸੰਤ ਜਰਨੈਲ ਸਿੰਘ ਦੇ ਦੀਦਾਰ ਹੁੰਦੇ ਸਨ।ਉਸ ਦੇ ਸ਼ਬਦਾਂ ਵਿੱਚ,ਉਸ ਦੀ ਪੇਸ਼ਕਾਰੀ ਵਿੱਚ,ਉਸ ਦੇ ਬੋਲਾਂ ਵਿੱਚ ਇਤਿਹਾਸ ਸਾਕਾਰ ਅਤੇ ਸੱਜਰੀ ਸਵੇਰ ਵਾਂਗ ਚਮਕ ਉੱਠਦਾ ਸੀ।ਜੇ ਸੰਤ ਜਰਨੈਲ ਸਿੰਘ ਸੂਰਜ ਸਨ ਤਾਂ ਉਸ ਸੂਰਜ ਦੀਆਂ ਕੁਝ ਕਿਰਨਾਂ ਉਸ ਨੂੰ ਵੀ ਨਸੀਬ ਹੋਈਆਂ ਅਤੇ ਉਹ ਚੜਦੀ ਜਵਾਨੀ ਦਾ ਨਾਇਕ ਹੋ ਨਿਬੜਿਆ। 

ਸੋਸ਼ਲ ਮੀਡੀਆ ਤੇ ਕੁਝ ਟਿੱਪਣੀਆਂਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਿਹਾ ਹਾਂ,ਜੋ ਵੱਖ ਵੱਖ ਵੀਰਾਂ ਤੇ ਭੈਣਾਂ ਨੇ ਦੀਪ ਸਿੱਧੂ ਦੀ ਯਾਦ ਵਿੱਚ ਪੇਸ਼ ਕੀਤੀਆਂ,ਕੁਝ ਫੋਨ ਵੀ ਸੁਣੇ ਗਏ। ।ਇਨ੍ਹਾਂ ਟਿੱਪਣੀਆਂ ਤੋਂ ਪਤਾ ਲੱਗਦਾ ਹੈ ਕਿ ਇਕ ਨਵਾਂ ਬਿਰਤਾਂਤ,ਇਕ ਨਵਾਂ ਨੈਰੇਟਿਵ,ਇੱਕ ਨਵਾਂ ਪੈਰਾਡਾਈਮ-ਸ਼ਿਫਟ,ਇਕ ਅਣਦਿਸਦੀ ਕਲਚਰਲ-ਸ਼ਿਫਟ ਧਰਤੀ ਤੇ ਉਤਰ ਰਹੀ ਹੈ ਜਿਸ ਦੀ ਰਵਾਇਤੀ ਸਿਆਸਤਦਾਨਾਂ ਨੂੰ ਉੱਕਾ ਹੀ ਸਮਝ ਨਹੀਂ।ਕੀ ਆਪਾਂ ਵੇਖ ਨਹੀਂ ਰਹੇ ਕਿ ਦੀਪ ਸਿੱਧੂ ਲਈ ਉਨ੍ਹਾਂ ਦਾ ਅੰਦਰ ਇਸ ਹਦ ਤਕ ਸੁਕ ਸੜ ਗਿਆ ਹੈ ਕਿ ਉਹ ਦੋ ਸ਼ਬਦ ਵੀ ਰਸਮੀ ਰੂਪ ਵਿੱਚ ਨਹੀਂ ਬੋਲ ਸਕੇ। ਇਸ ਦੌਰ ਦੀ ਰਾਜਨੀਤਿਕ ਜਮਾਤ ਨੂੰ ਭਵਿੱਖ ਦਾ ਇਤਿਹਾਸ ਲਾਅਨਤਾਂ ਹੀ ਦਵੇਗਾ। ਪਿੱਟ ਏ ਅੰਮ੍ਰਿਤਸਰ ਦੀਪ ਸਿੱਧੂ ਦੇ ਵਿਛੋਡ਼ੇ ਉਤੇ ਇਹ ਟਿੱਪਣੀ ਕਰ ਰਹੇ ਹਨ: ਅੱਜ ਰੋਈ ਧਰਤ ਪੰਜਾਬ ਦੀ ਕਰ ਉੱਚੀਆਂ ਬਾਹਵਾਂ।,ਵਿਦੇਸ਼ ਵਿਚ ਬੈਠੀ ਨਵਦੀਪ ਕੌਰ ਸੇਖੋਂ ਗੁਰਲਾਲ ਸਿੰਘ ਦੀ ਪੋਸਟ 'ਤੇ ਇਹ ਟਿੱਪਣੀ ਕਰ ਰਹੀ ਹੈ:ਅਸੀਂ ਬਾਹਰ ਬੈਠੇ ਯੋਧੇ ਦੀ ਅੰਤਮ ਵਿਦਾਇਗੀ ਵਿੱਚ ਵੀ ਸ਼ਾਮਲ ਨਹੀਂ ਹੋ ਸਕੇ।ਆਪੇ ਰੋ ਕੇ ਆਪੇ ਹੀ ਚੁੱਪ ਹੋ ਜਾਂਦੇ ਹਾਂ।

  ਵਾਰਿਸ ਸਿੰਘ ਖ਼ਾਲਸਾ ਕਹਿ ਰਹੇ ਹਨ ਕਿ ਉਮੀਦ ਸੀ ਕਿ ਦੀਪ ਦੇ ਬੁੱਝਣ ਤੇ ਕਈ ਹੋਰ ਦੀਪ ਜਗਣਗੇ ।

 ਭਾਈ ਅਜਮੇਰ ਸਿੰਘ ਜੋ ਦੀਪ ਸਿੱਧੂ ਦੇ ਬਹੁਤ ਨੇੜੇ ਸਨ,ਉਹ ਵੀ ਸਸਕਾਰ ਦੇ ਮੌਕੇ ਪਹੁੰਚੇ ਹੋਏ ਸਨ।ਕਿਸੇ ਦੋਸਤ ਨੇ ਉਨ੍ਹਾਂ ਦੇ ਉਦਾਸ ਚਿਹਰੇ ਨੂੰ ਵੇਖ ਕੇ  ਇਉਂ ਮਹਿਸੂਸ ਕੀਤਾ ਜਿਵੇਂ ਕੁਝ ਸਾਲ ਉਨ੍ਹਾਂ ਦੀ ਉਮਰ ਘਟ ਗਈ ਸੀ।  ਮਨਜੀਤ ਸਿੰਘ ਭੋਮਾ ਦੱਸ ਰਹੇ ਹਨ ਕਿ ਉਹ ਖੋਜੀ ਬਿਰਤੀ ਵਾਲੀ ਚੁੰਬਕੀ ਰੂਹ ਸੀ। ਮਨਜੀਤ ਕੌਰ ਨੂੰ ਸੁਣੋ:ਤਲਵਾਰਾਂ ਦੀ ਛਾਂ ਸੀ।ਲੋਕ ਸਿਵੇ ਨੂੰ ਮੱਥਾ ਟੇਕ ਕੇ ਪਰਤ ਰਹੇ ਸਨ।ਸੱਤ ਅੱਠ ਸਾਲ ਦੇ ਨਿਆਣੇ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾ ਰਹੇ ਸਨ।ਬੀਬੀਆਂ ਛੱਤਾਂ ਤੇ ਹੱਥ ਜੋੜ ਖੜ੍ਹੀਆਂ ਸਨ।ਮੁੰਡੇ ਭੁੱਬਾਂ ਮਾਰ ਕੇ ਰੋ ਰਹੇ ਸਨ।ਗਰੇਵਾਲ ਸੁਖਚੈਨ ਸਿੰਘ ਨੇ ਇਸ ਤਰ੍ਹਾਂ ਮਹਿਸੂਸ ਕੀਤਾ ਹੈ ਕਿ 37 ਸਾਲ ਪਿੱਛੋਂ ਫਿਰ ਸਟੇਟ ਨੇ ਇਕ ਸੋਢੀ ਕਤਲ ਕੀਤਾ। ਵਿਦੇਸ਼ਾਂ ਦੀ ਧਰਤੀ ਤੇ ਬੈਠੇ ਪਿੱਪਲ ਸਿੰਘ ਇਹ ਕਹਿ ਰਹੇ ਹਨ ਕਿ ਉਹ ਕੌਮੀ ਇਤਿਹਾਸ ਤੇ ਮਾਣ ਕਰਨ ਦੀ ਜਾਚ ਦੱਸਦਾ ਸੀ ਤੇ ਆਪ ਵੀ ਮਾਣ ਕਰਾਉਣ ਜੋਗਾ ਹੋ ਕੇ ਵਿਦਾ ਹੋਇਆ।

 ਦੋ ਹੋਰ ਕਾਵਿ ਸਤਰਾਂ ਭਾਈ ਅਜਮੇਰ ਸਿੰਘ ਦੀ ਪੋਸਟ 'ਤੇ ਦੇਖੀਆਂ ਗਈਆਂ:

 ਇਕ ਮੋਇਆ ਪੁੱਤ ਪੰਜਾਬ ਦਾ ਕੁੱਲ ਦੁਨੀਆਂ ਰੋਈ।ਇਕ ਕਰਮਾਂ ਮਾਰੀ  ਕੌਮ ਨਾਲ ਅਣਹੋਣੀ ਹੋਈ। ਦੂਜੀ ਟਿੱਪਣੀ ਵਿੱਚ ਇਤਿਹਾਸ ਦੀ ਯਾਦ ਕਰਾਈ ਹੈ: ਇਕ ਖੁੱਲ੍ਹਿਆ ਬੂਹਾ ਆਸ ਦਾ ਫਿਰ ਜਿੰਦਰਾ ਵੱਜਾ।ਅੱਜ ਕੰਵਰਨੌਨਿਹਾਲ 'ਤੇ ਫਿਰ ਡਿੱਗਿਆ ਛੱਜਾ।

 ਸੁਖਦੀਪ ਸਿੰਘ  ਬਰਨਾਲਾ ਦੀਪ ਦੇ ਵਿਛੋੜੇ ਤੇ ਇਹ ਟਿੱਪਣੀ ਕਰ ਰਹੇ ਹਨ: ਅੱਜ ਮੋਇਆ ਪੁੱਤ ਪੰਜਾਬ ਦਾ ਇੱਥੇ ਵਿਲਕਣ ਮਾਵਾਂ।ਓ 'ਦੀਪ' ਸੀ ਅਣਖਾਂ ਵਾਲੜਾ ਲੜਿਆ ਨਾਲ ਹਵਾਵਾਂ।   ਸਤਵੰਤ ਸਿੰਘ ਗਰੇਵਾਲ ਦੀ ਟਿੱਪਣੀ ਇਤਿਹਾਸ ਨੂੰ ਕੁਝ ਇਸ ਤਰ੍ਹਾਂ ਯਾਦ ਕਰਾ ਰਹੀ ਹੈ:ਇੰਜ ਲਗਦੈ ਜਿਵੇਂ ਸਭਰਾਵਾਂ ਦੀ ਲੜਾਈ ਵਿੱਚ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਦੁਸ਼ਮਣ ਨੂੰ ਆਪਣੇ ਹੱਥ ਦਿਖਾ ਕੇ ਤੇਗਾਂ ਦੇ ਵਾਰ ਸਹਾਰਦਾ ਹੋਇਆ ਲਹੂ ਨਾਲ ਗਹਿਗੱਚ ਧਰਤੀ ਤੇ ਪਿਆ ਹੋਵੇ ।

ਗੁਰਸ਼ਰਨ ਸਿੰਘ ਗਰੇਵਾਲ ਦੀ ਟਿੱਪਣੀ ਸੁਣਨ ਵਾਲੀ ਹੈ ਜੋ ਸਤਵੰਤ ਗਰੇਵਾਲ ਦੀ ਪੋਸਟ 'ਤੇ ਵੇਖੀ ਗਈ: ਸਤਵੰਤ,ਅੱਜ ਰੂਹ ਤੇ ਦਿਮਾਗ ਬਿਲਕੁਲ ਸੁੰਨ। ਚਰਨਜੀਤ ਸਿੰਘ ਲਿਖ ਰਹੇ ਹਨ ਕਿ ਉਹਦੀਆਂ ਸਤਿਗੁਰ ਨੇ ਭੁੱਖਾਂ ਮਿਟਾ ਦਿੱਤੀਆਂ ਸਨ।ਉਸ ਨੂੰ ਦੁਨਿਆਵੀ ਵਾਹ ਵਾਹ,ਬੱਲੇ ਬੱਲੇ,ਅਹੁਦੇ,ਰੁਤਬੇ,ਪੈਸੇ ਧੇਲੇ ਦੀ ਉੱਕੀ ਹੀ ਤਾਂਘ ਨਹੀਂ ਸੀ। ਚਰਨਜੀਤ ਸਿੰਘ, ਪ੍ਰਭਸ਼ਰਨਦੀਪ ਸਿੰਘ, ਪ੍ਰਭਸ਼ਰਨਬੀਰ ਸਿੰਘ,ਹਰਪਾਲ ਸਿੰਘ ਅਤੇ ਮਨਜੀਤ ਸਿੰਘ ਟਿਵਾਣਾ ਨੇ ਦੀਪ ਦੇ ਧੁਰ ਅੰਦਰ ਜਾ ਕੇ ਉਸ ਦੀ ਰੂਹ ਨੂੰ ਰੌਸ਼ਨ ਕੀਤਾ ਹੈ। ਸਤਵੰਤ ਸਿੰਘ ਗਰੇਵਾਲ ਨੇ ਸਿਮਰਨਜੀਤ ਸਿੰਘ ਦੇ ਹਵਾਲੇ ਨਾਲ ਟਿੱਪਣੀ ਪਾਈ ਕਿ ਜੇ ਸਾਡੇ ਕੋਲ ਦੀਪ ਸਿੱਧੂ ਉੱਨੀ ਸੌ ਸੰਤਾਲੀ ਸਮੇਂ ਹੁੰਦਾ ਤਾਂ ਉਹ ਸਾਨੂੰ ਸਿੱਖਾਂ ਨੂੰ ਵੱਖਰਾ ਦੇਸ਼ ਦਵਾ ਦਿੰਦਾ। 

ਜਸਮੀਤ ਸਿੰਘ ਬਸਰਾ ਆਸਟ੍ਰੇਲੀਆ ਤੋ ਫੋਨ ਕਰਕੇ ਦਸ ਰਹੇ ਹਨ ਕਿ ਖਬਰ ਸੁਣ ਕੇ ਸਾਰੀ ਰਾਤ ਨੀਂਦ ਨਹੀਂ ਆਈ।ਮਨ ਅਜੇ ਵੀ ਭਰਿਆ ਪਿਆ ਹੈ। ਦਿੱਲੀ ਯੂਨੀਵਰਸਿਟੀ ਦੇ ਇਕ ਵਿਦਿਆਰਥੀ ਦਾ ਫੋਨ ਆਇਆ ਹੈ ਕਿ ਭਾਅ ਜੀ,ਹੁਣ ਸਭ ਤੋਂ ਵੱਡਾ ਸਵਾਲ ਅਤੇ ਚੁਨੌਤੀ ਇਹ ਹੈ ਕਿ ਦੀਪ ਨੂੰ ਬਚਾ ਕੇ ਕਿਵੇਂ ਰੱਖਣਾ ਹੈ।ਉਸ ਦੀ ਕਿਹੋ ਜਿਹੀ ਯਾਦਗਾਰ ਬਣੇ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਮਿਸਾਲ ਬਣੇ,ਉਹ ਪੰਜਾਬੀ ਫੋਕ ਲੋਰ ਦਾ ਵੀ ਹਿੱਸਾ ਹੈ,ਅਕਾਦਮਿਕ ਜਗਤ ਦਾ ਵੀ ਅਤੇ ਸਿਖ ਜਜ਼ਬਿਆਂ ਦਾ ਵੀ। ਉਸ ਦੀ ਯਾਦ ਵਿੱਚ ਵਗੇ ਹੰਝੂ ਅੰਤਿਮ ਅਰਦਾਸ ਤਕ ਹੀ ਕਿਤੇ ਖਤਮ ਨਾ ਹੋ ਜਾਣ।ਇਹ ਹੰਝੂ ਸੋਚ,ਸਮਝ ਅਤੇ ਸਿਧਾਂਤ ਵਿੱਚ ਪਲਟਣੇ ਚਾਹੀਦੇ ਹਨ।

ਕਰਮਜੀਤ ਸਿੰਘ ਚੰਡੀਗੜ੍ਹ 

99150-91063