ਤਵਾਰੀਖ਼ ਦੇ ਪੰਨਿਆਂ 'ਤੇ ਜਥੇਦਾਰ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਜੀ

ਤਵਾਰੀਖ਼ ਦੇ ਪੰਨਿਆਂ 'ਤੇ ਜਥੇਦਾਰ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਜੀ

ਸਿੱਖ ਇਤਿਹਾਸ ਅਤੇ ਖ਼ਾਲਸਾ ਰਾਜ ਵਿੱਚ ਅਕਾਲੀ ਫੂਲਾ ਸਿੰਘ

ਅਕਾਲੀ ਬਾਬਾ ਫੂਲਾ ਸਿੰਘ ਜੀ ਖਾਲਸਾ ਰਾਜ ਦਾ ਮਹਾਨ ਜਰਨੈਲ ਸੀ।ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਅਕਾਲੀ ਫੂਲਾ ਸਿੰਘ ਜੀ ਸ੍ਰੀ ਅਕਾਲ ਤਖਤ ਸਾਹਿਬ ਦੇ ਛੇਵੇਂ ਜਥੇਦਾਰ ਸੀ ਤੇ ਮਹਾਰਾਜਾ ਰਣਜੀਤ ਸਿੰਘ ਦੇ ਸਮਕਾਲੀ ਸਨ ਅਤੇ ਮਹਾਰਾਜੇ ਦੀ ਫੌਜ ਵਿੱਚ 'ਅਕਾਲੀ ਫ਼ੌਜ' ਦੇ   ਮੁਖੀ ਸਨ।  ਅਕਾਲੀ ਫੂਲਾ ਸਿੰਘ ਜੀ ਦਾ ਜਨਮ 14 ਜਨਵਰੀ 1761 ਈ. ਨੂੰ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਦੇਹਲਾ (ਸੀਹਾਂ) ਵਿਖੇ ਮਾਤਾ ਹਰਿ ਕੌਰ ਦੀ ਕੁੱਖੋਂ ਪਿਤਾ ਸ੍ਰ. ਈਸ਼ਰ ਸਿੰਘ ਦੇ ਘਰ ਵਿੱਚ ਹੋਇਆ। ਪੁਰਾਤਨ ਸਮੇਂ ਇਸ ਸਥਾਨ ਨੂੰ ਬਾਂਗਰ ਇਲਾਕੇ ਦਾ ਪਿੰਡ 'ਸ਼ੀਹਾਂ' ਕਿਹਾ ਜਾਂਦਾ ਸੀ। ਅੱਜ ਵੀ ਪੰਜਾਬ-ਹਰਿਆਣਾ ਦੀ ਸਰਹੱਦ ਇੱਥੋਂ 10 ਕਿ.ਮੀ. ਦੂਰੀ 'ਤੇ ਹੈ। ਇਹ ਪਿੰਡ, ਮੂਨਕ ਕਸਬੇ ਤੋਂ 5 ਕਿ.ਮੀ.ਦੂਰੀ 'ਤੇ ਉੱਤਰ ਵੱਲ ਸਥਿਤ ਹੈ। ਗੁਰੂ ਤੇਗ ਬਹਾਦੁਰ ਜੀ ਦੀ ਮਾਲਵਾ ਪ੍ਰਚਾਰ ਫੇਰੀ ਦੇ ਪਿੰਡ ਗੁਰਨੇ ਕਲਾਂਲਹਿਲ ਕਲਾਂ, ਗਾਗਾ, ਮੂਨਕ , ਮਕੋਰੜ ਸਾਹਿਬ ਇਥੋਂ ਥੋੜ੍ਹੀ ਦੂਰੀ 'ਤੇ ਹੀ ਸਥਿਤ ਹਨ। ਇਸ ਪਿੰਡ ਦੇ ਪੱਛਮ ਵੱਲ ਲਗਭਗ ਅੱਧਾ ਕਿ.ਮੀ. ਦੂਰੀ 'ਤੇ ਅਕਾਲੀ ਫੂਲਾ ਸਿੰਘ ਦਾ ਜਨਮ ਅਸਥਾਨ ਅਤੇ ਗੁਰਦੁਆਰਾ ਸਾਹਿਬ ਸਥਿਤ ਹੈ।

ਅਕਾਲੀ ਫੂਲਾ ਸਿੰਘ ਦੇ ਪਿਤਾ ਸ੍ਰ. ਈਸ਼ਰ ਸਿੰਘ ਵੀ ਸਿੱਖ ਮਿਸਲਾਂ ਦੀਆਂ ਗਤੀਵਿਧੀਆਂ ਵਿੱਚ ਸਰਗਰਮ ਰਹਿੰਦੇ ਸੀ। ਅਹਿਮਦ ਸ਼ਾਹ ਅਬਦਾਲੀ ਦੇ ਪੰਜਾਬ ਉੱਤੇ ਛੇਵੇਂ ਹਮਲੇ (ਵੱਡੇ ਘੱਲੂਘਾਰੇ) ਵਿੱਚ ਈਸ਼ਰ ਸਿੰਘ ਸ਼ਹੀਦੀ ਪ੍ਰਾਪਤ ਕਰ ਗਏ ਸੀ। ਅਕਾਲੀ ਫੂਲਾ ਸਿੰਘ ਦੀ ਇਕ ਸਾਲ ਦੀ ਉਮਰ ਵਿੱਚ ਪਿਤਾ ਅਤੇ ਸੱਤ ਸਾਲ ਦੀ ਉਮਰ ਵਿੱਚ ਮਾਤਾ ਚੜ੍ਹਾਈ ਕਰ ਗਏ ਸੀ। ਉਸ ਤੋਂ ਬਾਅਦ ਸ੍ਰ. ਨੈਣਾ ਸਿੰਘ (ਨਰੈਣ ਸਿੰਘ) ਨੇ ਆਪ ਜੀ ਦੀ ਪਰਵਰਿਸ਼ ਕੀਤੀ ਅਤੇ ਆਪ ਉਨ੍ਹਾਂ ਨਾਲ ਹੀ ਰਹਿਣ ਲੱਗੇ। 10-12 ਸਾਲ ਦੀ ਉਮਰ ਵਿੱਚ ਅਕਾਲੀ ਫੂਲਾ ਸਿੰਘ ਗੁਰਬਾਣੀ ਕੰਠ ਤੋਂ ਇਲਾਵਾ ਸ਼ਸਤਰ ਵਿਦਿਆ, ਘੋੜ ਸਵਾਰੀ ਅਤੇ ਨਿਸ਼ਾਨੇਬਾਜ਼ੀ ਵਿੱਚ ਮਾਹਿਰ ਹੋ ਗਏ। ਨੈਣਾ ਸਿੰਘ ਜੀ ਦੇ ਜਥੇ ਕੋਲੋਂ ਆਪ ਜੀ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਅੰਮ੍ਰਿਤਸਰ ਵਿਖੇ ਰਹਿੰਦੇ ਹੋਏ ਆਪ ਜੀ ਗੁਰਧਾਮਾਂ ਦੇ ਸੁਧਾਰ ਲਈ ਯਤਨ ਕਰਦੇ ਰਹੇ। ਉਸ ਸਮੇਂ ਪੰਥ ਨੇ ਆਪ ਜੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਥਾਪਿਆ। 

  1802 ਈ. ਵਿਚ ਅੰਮ੍ਰਿਤਸਰ ਦੀ ਲੜਾਈ ਸਮੇਂ ਮਹਾਰਾਜਾ ਰਣਜੀਤ ਸਿੰਘ ਅਤੇ ਅਕਾਲੀ ਫੂਲਾ ਸਿੰਘ ਦੀ ਮਿੱਤਰਤਾ ਹੋਈ। ਮਹਾਰਾਜੇ ਨੇ ਫੂਲਾ ਸਿੰਘ ਨੂੰ ਅਕਾਲੀ ਫੌਜ ਦਾ ਮੁਖੀ ਥਾਪ ਦਿੱਤਾ। ਮਹਾਰਾਜਾ ਰਣਜੀਤ ਸਿੰਘ ਹਰ ਮੁਸ਼ਕਿਲ ਮੁਹਿੰਮ ਵਿਚ ਅਕਾਲੀ ਜੀ ਦੀ ਸਲਾਹ ਅਤੇ ਸਹਾਇਤਾ ਲੈਂਦੇ ਸੀ। ਅਕਾਲੀ ਫੂਲਾ ਸਿੰਘ ਦਾ ਲਗਪਗ ਸਾਰਾ ਜੀਵਨ ਹੀ ਜੰਗ-ਯੁੱਧਾਂ ਵਿੱਚ ਗੁਜ਼ਰਿਆ। ਆਪ ਜੀ ਨੇ ਮਹਾਰਾਜਾ ਰਣਜੀਤ ਸਿੰਘ ਦੀਆਂ ਅਨੇਕ ਜੰਗਾਂ ਵਿੱਚ ਸਹਾਇਤਾ ਕਰਕੇ ਜਿੱਤਾਂ ਪ੍ਰਾਪਤ ਕੀਤੀਆਂ। ਅਕਾਲੀ ਜੀ ਨੇ ਮਹਾਰਾਜਾ ਰਣਜੀਤ ਸਿੰਘ ਦੀਆਂ ਕਸ਼ਮੀਰ, ਮੁਲਤਾਨ, ਕਸੂਰ , ਪਿਸ਼ਾਵਰ, ਨੁਸ਼ਹਿਰਾ ਜਿਹੀਆਂ ਔਖੀਆਂ ਮੁਹਿੰਮਾਂ ਵਿੱਚ ਖ਼ਾਲਸਾ ਰਾਜ ਦੀ ਉਸਾਰੀ ਲਈ ਹਮੇਸ਼ਾ ਸਹਾਇਤਾ ਕੀਤੀ। ਅਕਾਲੀ ਜੀ ਐਨੇ ਨਿਧੜਕ, ਸੂਰਬੀਰ, ਦਲੇਰ ਜਰਨੈਲ ਸਨ ਕਿ ਸਿਰਫ਼ ਇੱਕ ਅਕਾਲ ਪੁਰਖ ਤੋਂ ਬਿਨਾਂ ਹੋਰ ਕਿਸੇ ਦਾ ਭੈਅ ਨਹੀਂ ਮੰਨਦੇ ਸੀ। ਗੁਰਮਤਿ ਸਿਧਾਂਤਾਂ ਦੇ ਏਨੇ ਪੱਕੇ ਸੀ ਕਿ ਆਪ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਸਿੱਖ ਮਰਿਆਦਾ ਦੇ ਉਲਟ ਕੰਮ ਕਰਨ 'ਤੇ ਭਰੇ ਦੀਵਾਨ ਵਿੱਚ ਖੜ੍ਹਾ ਕਰਕੇ ਤਨਖਾਹ ਲਗਾਉਣ ਤੋਂ ਸੰਕੋਚ ਨਹੀਂ ਕੀਤਾ ਸੀ। ਮਹਾਰਾਜੇ ਨੇ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਅਕਾਲੀ ਫੂਲਾ ਸਿੰਘ ਦੀ ਕੋੜੇ ਮਾਰਨ ਦੀ ਸਜ਼ਾ ਨੂੰ ਸਿਰ ਮੱਥੇ ਪ੍ਰਵਾਨ ਕੀਤਾ ਸੀ।ਅਕਾਲੀ ਫੂਲਾ ਸਿੰਘ ਨੇ ਆਖ਼ਰੀ ਲੜਾਈ ਨੁਸਹਿਰਾ (ਹੁਣ ਪਾਕਿਸਤਾਨ) ਵਿੱਚ ਲੜੀ ਅਤੇ 14 ਮਾਰਚ 1823 ਈ. ਨੂੰ ਨੁਸਹਿਰਾ ਦੇ ਮੈਦਾਨ ਵਿਚ ਧਰਮ ਲਈ ਲੜਦੇ ਹੋਏ ਸ਼ਹੀਦੀ ਪ੍ਰਾਪਤ ਕਰ ਗਏ। ਇਸ ਲੜਾਈ ਵਿੱਚ ਸਿੱਖਾਂ ਦੀ ਜਿੱਤ ਹੋਈ ਸੀ। ਮਹਾਰਾਜਾ ਰਣਜੀਤ ਸਿੰਘ ਨੂੰ ਉਨ੍ਹਾਂ ਦੀ ਸ਼ਹਾਦਤ ਦਾ ਬਹੁਤ ਦੁੱਖ ਹੋਇਆ ਸੀ। ਸਿੱਖ ਇਤਿਹਾਸ ਅਤੇ ਖ਼ਾਲਸਾ ਰਾਜ ਵਿੱਚ ਅਕਾਲੀ ਫੂਲਾ ਸਿੰਘ ਦਾ ਵਿਸ਼ੇਸ਼ ਸਥਾਨ ਹੈ। ਅਕਾਲੀ ਜੀ ਦੀ ਮਹਾਨ ਸ਼ਖ਼ਸੀਅਤ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਪਾਰਖੂ ਅੱਖ ਨੇ ਪਛਾਣ ਕੇ ਰਾਜ ਉਸਾਰੀ ਹਿਤ ਲਾ ਲਿਆ। ਨੁਸਹਿਰਾ ਤੋਂ 6 ਕਿ.ਮੀ. ਦੀ ਵਿੱਥ 'ਤੇ ਦਰਿਆ ਲੁੰਡਾ ਦੇ ਕਿਨਾਰੇ ਅਕਾਲੀ ਫੂਲਾ ਸਿੰਘ ਦੀ ਸ਼ਹਾਦਤ ਦੀ ਯਾਦ ਵਿਚ ਸਮਾਧ ਭਾਵ 'ਸ਼ਹੀਦ ਗੰਜ ਅਕਾਲੀ ਬਾਬਾ ਫੂਲਾ ਸਿੰਘ' ਬਣਿਆ ਹੋਇਆ ਹੈ। ਇਸ ਥਾਂ ਦੇ ਨਾਮ ਮਹਾਰਾਜਾ ਰਣਜੀਤ ਸਿੰਘ ਨੇ ਜਾਗੀਰ ਲਗਵਾਈ ਸੀ।ਅੰਮ੍ਰਿਤਸਰ ਵਿਖੇ ਜਿੱਥੇ ਆਪ ਜੀ ਰਹਿੰਦੇ ਸੀ, ਉਸ ਥਾਂ 'ਤੇ 'ਬੁਰਜ ਅਕਾਲੀ ਬਾਬਾ ਫੂਲਾ ਸਿੰਘ' ਬਣਿਆ ਹੋਇਆ ਹੈ। ਤਰਨਤਾਰਨ, ਅਜਨੋਹਾ, ਪਟਿਆਲਾ, ਦਿਲੀ ਆਦਿ ਸਥਾਨਾਂ 'ਤੇ ਅਕਾਲੀ ਜੀ ਯਾਦ ਵਿਚ ਗੁਰਦੁਆਰੇ, ਸਕੂਲ ਅਤੇ ਯਾਦਗਾਰ ਅਸਥਾਨ ਬਣੇ ਹੋਏ ਹਨ। ਪਿੰਡ ਦੇਹਲਾ ਸ਼ੀਂਹਾਂ ਵਿਚ ਅਕਾਲੀ ਫੂਲਾ ਸਿੰਘ ਦਾ ਜਨਮ ਅਸਥਾਨ ਸੰਤ ਬਾਬਾ ਗੁਰਬਚਨ ਸਿੰਘ ਕਾਲੀ ਕੰਬਲੀ ਪਟਿਆਲਾ ਵਾਲਿਆਂ ਨੇ 1962 ਈ. ਵਿੱਚ ਪ੍ਰਗਟ ਕੀਤਾ। ਬਾਬਾ ਜਗਤਾਰ ਸਿੰਘ ਤਰਨ-ਤਾਰਨ ਵਾਲੇ, ਸੱਚਖੰਡ ਵਾਸੀ ਬਾਬਾ ਹਰਬੰਸ ਸਿੰਘ ਬੀਰ ਸ਼ਾਹਬਾਦ ਅਤੇ ਬਾਬਾ ਕ੍ਰਿਪਾਲ ਸਿੰਘ ਭਵਾਨੀਗਡ਼੍ਹ ਵਾਲਿਆਂ ਨੇ ਇਸ ਅਸਥਾਨ 'ਤੇ ਸਥਾਨਿਕ ਸੰਗਤ ਦੇ ਸਹਿਯੋਗ ਨਾਲ ਵਰਤਮਾਨ ਗੁਰਦੁਆਰਾ ਸਾਹਿਬ ਦੀ ਸ਼ਾਨਦਾਰ ਇਮਾਰਤ ਬਣਵਾਈ ਹੈ। ਗੁਰਦੁਆਰਾ ਸਾਹਿਬ ਦੀ ਚਾਰ ਦੀਵਾਰੀ ਲਗਪਗ 2 ਏਕੜ ਦੇ ਵਿੱਚ ਹੈ। ਸੁੰਦਰ ਦਰਸਨੀ ਡਿਉਢੀ ਬਣੀ ਹੋਈ ਹੈ। ਕਰੀਬ 5 ਏਕੜ ਜ਼ਮੀਨ ਗੁਰਦੁਆਰੇ ਦੇ ਨਾਮ ਹੈ। ਅਕਾਲੀ ਫੂਲਾ ਸਿੰਘ ਦਾ ਪੁਰਾਤਨ ਜਨਮ-ਅਸਥਾਨ (ਬਾਰਾਂਦਰੀ), ਪੁਰਾਤਨ ਬੋਹੜ, ਪੁਰਾਤਨ ਖੂਹ ਅੱਜ ਵੀ ਮੌਜੂਦ ਹੈ। ਮੌਜੂਦਾ ਸਮੇਂ ਇਨ੍ਹਾਂ ਨੂੰ 'ਪੁਰਾਤਤਵ ਵਿਭਾਗ' ਨੇ ਆਪਣੇ ਅਧੀਨ ਲੈ ਲਿਆ ਹੈ। ਇਸ ਇਲਾਕੇ ਵਿੱਚ ਵਿੱਦਿਆ ਦੇ ਪ੍ਰਚਾਰ-ਪ੍ਰਸਾਰ ਲਈ ਪਿੰਡ ਵਿਚ ਅਕਾਲੀ ਜੀ ਦੇ ਨਾਮ 'ਤੇ 'ਪੰਜਾਬੀ ਯੂਨੀਵਰਸਿਟੀ ਅਕਾਲੀ ਫੂਲਾ ਸਿੰਘ ਨੇਬਰਹੁੱਡ ਕੈਂਪਸ' ਖੋਲ੍ਹਿਆ ਹੋਇਆ ਹੈ। ਗੁਰਦੁਆਰਾ ਸਾਹਿਬ ਦਾ ਸਾਰਾ ਪ੍ਰਬੰਧ ਸਥਾਨਿਕ ਕਮੇਟੀ ਅਧੀਨ ਹੈ। ਇਸ ਅਸਥਾਨ 'ਤੇ ਹਰ ਸਾਲ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ 10 ਤੋਂ 14 ਮਾਰਚ ਤੱਕ ਅਕਾਲੀ ਫੂਲਾ ਸਿੰਘ ਦਾ ਸ਼ਹੀਦੀ ਦਿਹਾਡ਼ਾ ਬੜੀ ਸਰਧਾ ਨਾਲ ਮਨਾਇਆ ਜਾਂਦਾ ਹੈ।

 

ਜਗਰਾਜ ਸਿੰਘ

ਖੋਜਾਰਥੀ, ਪੰਜਾਬੀ ਯੂਨੀਵਰਸਿਟੀ ਪਟਿਆਲਾ

ਮੋਬਾਇਲ ਨੰਬਰ 75894-67204