ਬੌਧਿਕ ਪੱਧਰ ਦੀ ਨੀਵਾਂਣ ਨੂੰ ਦਰਸਾਉਂਦੀ ਏ ਕਿਸਾਨ ਆਗੂ ਦੀ  ਸਿਖ ਨਾਇਕਾਂ ਪ੍ਰਤੀ ਵਰਤੀ ਗਲਤ ਸਬਦਾਵਲੀ

ਬੌਧਿਕ ਪੱਧਰ ਦੀ ਨੀਵਾਂਣ ਨੂੰ ਦਰਸਾਉਂਦੀ ਏ ਕਿਸਾਨ ਆਗੂ ਦੀ  ਸਿਖ ਨਾਇਕਾਂ ਪ੍ਰਤੀ ਵਰਤੀ ਗਲਤ ਸਬਦਾਵਲੀ

ਵਿਚਾਰ ਆਪੋ ਆਪਣਾ                           

  ਇਹ ਮਨੁੱਖੀ ਫਿਤਰਤ ਦਾ ਹੀ ਕਮਾਲ ਹੈ ਕਿ ਜਿਹੜਾ ਵਿਅਕਤੀ ਕਿਸੇ ਵਿਚਾਰਧਾਰਾ ਨਾਲ ਖੜ੍ਹ ਜਾਂਦਾ ਹੈ,ਉਹਦੇ ਵਾਸਤੇ ਉਹ ਹੀ ਵਿਚਾਰਧਾਰਾ ਮਨੁੱਖੀ ਕਲਿਆਣ ਲਈ ਅੰਤਮ ਹੋ ਜਾਂਦੀ ਹੈ। ਸਮਾਜ ਵਿਚ ਵਖਰੇਵਿਆਂ ਤੋ ਅੱਗੇ ਵਧ ਕੇ ਇਹ ਸਮੱਸਿਆ ਕਈ ਵਾਰ ਲੜਾਈ ਝਗੜਿਆਂ ਅਤੇ ਜਾਨਲੇਵਾ ਧੜੇਬੰਦੀਆਂ ਵਿੱਚ ਬਦਲ ਜਾਂਦੀ ਹੈ,ਜਿਸ ਦੇ ਮਾਰੂ ਨਤੀਜੇ ਹਮੇਸਾਂ ਸਮਾਜ ਚ ਵਾਪਰਦੇ ਰਹਿੰਦੇ ਹਨ। ਜਿਆਦਾਤਰ ਇਹ ਸਾਾਮਾਜਿਕ ਸਮੱਸਿਆਵਾਂ ਰਾਜਨੀਤਕ ਲੋਕਾਂ ਦੀਆਂ ਪੈਦਾ ਕੀਤੀਆਂ ਹੋਈਆਂ ਹਨ।ਸਮਾਜ ਅੰਦਰ ਧੜੇਬੰਦੀਆਂ ਤੋ ਬਗੈਰ ਰਾਜਨੀਤੀ ਦੀ ਖੇਡ ਸਫਲਤਾ ਨਾਲ ਨਹੀ ਖੇਡੀ ਜਾ ਸਕਦੀ,ਕਿਉਂਕਿ ਜਿੱਥੇ ਸਮਾਜ ਅੰਦਰ ਸਿਆਸੀ ਗੁੱਟਾਂ ਦੀਆਂ ਪੈਦਾ ਕੀਤੀਆਂ ਧੜੇਬੰਦੀਆਂ ਨਹੀ ਹੋਣਗੀਆਂ,ਉੱਥੋਂ ਦੇ ਲੋਕ ਸਿਆਸੀ ਆਗੂਆਂ ਨੂੰ ਅਪਣੀਆਂ ਹੋਰ ਸਾਮਾਜਿਕ ਸਮੱਸਿਆਵਾਂ ਸਬੰਧੀ ਸੁਆਲ ਕਰਨਗੇ।ਉਹਨਾਂ ਤੋ ਇਹ ਪੁੱਛਣਗੇ ਕਿ ਜੋ ਉਹਨਾਂ ਨੇ ਵਾਅਦੇ ਕੀਤੇ ਸਨ,ਉਹਨਾਂ ਨੂੰ ਪੂਰਾ ਕਿਉਂ ਨਹੀ ਕੀਤਾ ਗਿਆ, ਜਾਂ ਇਹ ਸੁਆਲ ਉੱਠਣਗੇ ਕਿ ਉਹ ਲੋਕਾਂ ਲਈ ਕੀ ਪਰੋਗਰਾਮ ਲੈ ਕੇ ਆਏ ਹਨ,ਜਿਸ ਕਰਕੇ ਦੂਜੀਆਂ ਧਿਰਾਂ ਦੇ ਮੁਕਾਬਲੇ,ਉਹਨਾਂ ਦੀ ਸਥਾਪਤੀ ਨੂੰ ਯਕੀਨੀ ਬਣਾਇਆ ਜਾਵੇ।ਬਹੁਤ ਸਾਰੇ ਸਵਾਲ ਜਿਹੜੇ ਲੋਕਾਂ ਦੇ ਜਿਹਨ ਵਿੱਚ ਹੁੰਦੇ ਹਨ,ਉਹ ਬਾਹਰ ਆਉਣਗੇ ਤੇ ਸਿਆਸੀ ਆਗੂਆਂ ਲਈ ਮੁਸ਼ਕਲਾਂ ਪੈਦਾ ਕਰਨਗੇ,ਉਹਨਾਂ ਨੂੰ ਲੋਕਾਂ ਦੇ ਜਵਾਬਦੇਹ ਬਨਣਾ ਪਵੇਗਾ। ਸੋ ਇਸ ਸਾਰੇ ਵਰਤਾਰੇ ਤੋ ਬਚਣ ਲਈ ਸਿਆਸੀ ਪਾਰਟੀਆਂ ਪਿੰਡਾਂ ਸਹਿਰਾਂ,ਕਸਬਿਆਂ ਅੰਦਰ ਆਪੋ ਆਪਣੇ ਗੁੱਟ ਖੜੇ ਕਰਦੀਆਂ ਹਨ,ਅਪਣੇ ਧੜੇ ਬਣਾਉਂਦੀਆਂ ਹਨ,ਲੜਾਈਆਂ ਕਰਵਾਉਂਦੀਆਂ ਹਨ,ਤਾਂ ਕਿ ਜਿਹੜੇ ਸਵਾਲ ਲੋਕਾਂ ਵੱਲੋਂ ਸਿਆਸੀ ਨੇਤਾਵਾਂ ਨੂੰ ਪੁੱਛੇ ਜਾਣੇ ਸਨ,ਉਹਨਾਂ ਦੇ ਜਵਾਬ ਲੋਕ ਖੁਦ ਹੀ ਇੱਕ ਦੂਸਰੇ ਨੂੰ ਦਿੰਦੇ ਰਹਿਣ, ਤਾਂ ਕਿ ੳਹਨਾਂ ਦੀ ਆਮਦ ਮੌਕੇ ਕੋਈ ਅਜਿਹੀ ਸਮੱਸਿਆ ਪੈਦਾ ਹੀ ਨਾ ਹੋਵੇ।ਇਹ ਸਾਡੇ ਸਮਾਜ ਦਾ ਦੁਖਾਂਤ ਬਣ ਚੁੱਕਾ ਹੈ, ਕਿ ਜਿਹੜਾ  ਵਿਅਕਤੀ ਕਿਸੇ ਇੱਕ ਸਿਆਸੀ ਪਾਰਟੀ ਨਾਲ ਖੜ ਗਿਆ ਜਾਂ ਜਿਹੜਾ ਵਿਅਕਤੀ ਕਿਸੇ ਇੱਕ ਵਿਚਾਰਧਾਰਾ ਨਾਲ ਜੁੜ ਗਿਆ,ਉਹਦੇ ਲਈ ਉਹ ਹੀ ਸਿਆਸੀ ਪਾਰਟੀ ਅਤੇ ਉਹਦੀ ਵਿਚਾਰਧਾਰਾ ਹੀ ਸਭ ਤੋ ਉੱਤਮ ਤੇ ਕਲਿਆਣਕਾਰੀ ਬਣ ਜਾਂਦੀ ਹੈ।

ਇਹ ਵਰਤਾਰਾ ਸਿਰਫ ਸਿਆਸੀ ਪਾਰਟੀਆਂ ਤੱਕ ਹੀ ਸੀਮਤ ਨਹੀ ਰਿਹਾ,ਬਲਕਿ ਹੁਣ ਇਹ ਹਰ ਖੇਤਰ ਚ ਅਸਰਅੰਦਾਜ ਹੋ ਰਿਹਾ ਹੈ।ਭਾਂਵੇ ਕੋਈ ਧਾਰਮਿਕ ਸੰਸਥਾ ਹੋਵੇ,ਸਮਾਜਿਕ ਹੋਵੇ ਜਾਂ ਸਮਾਜ ਭਲਾਈ ਦੇ ਕੰਮਾਂ ਲਈ ਬਣੀਆਂ ਸੰਸਥਾਵਾਂ ਹੋਣ,ਹਰ ਇੱਕ ਸੰਸਥਾ,ਵਿਅਕਤੀ ਦੇ ਵਿਰੋਧੀ ਪੈਦਾ ਹੋ ਗਏ ਹਨ।ਭਾਂਵੇ ਵਿਰੋਧੀ ਹੋਣੇ ਵੀ ਜਰੂਰੀ ਹਨ,ਕਿਉਂਕਿ ਵਿਰੋਧ ਤੋ ਬਗੈਰ ਵਿਕਾਸ ਦੀਆਂ ਸੰਭਾਵਨਾਵਾਂ ਘੱਟ ਜਾਂਦੀਆਂ ਹਨ,ਪਰ ਨਾਲ ਹੀ ਇਹ ਵੀ ਸੋਚਣ ਵਾਲੀ ਗੱਲ ਹੈ ਕਿ ਕੀ ਬੇਲੋੜੇ ਵਿਰੋਧ ਚੋਂ ਪੈਦਾ ਹੋਈ ਧੜੇਬੰਧੀ ਨੂੰ ਵਿਕਾਸ ਦੇ ਰਾਹ ਵਿੱਚ ਰੋੜਾ ਬਨਣ ਤੋ ਰੋਕਿਆ ਕਿਵੇਂ ਜਾਵੇ।ਇਹ ਓਨੀ ਦੇਰ ਸੰਭਵ ਨਹੀ,ਜਿੰਨੀ ਦੇਰ ਸਮਾਜ ਚੋ ਈਰਖਾਬਾਜੀ ਦੀ ਜੜ ਨੂੰ ਪੁੱਟਿਆ ਨਹੀ ਜਾਂਦਾ।ਜੇਕਰ ਕਿਸਾਨ ਅੰਦੋਲਨ ਦੀ ਗੱਲ ਕੀਤੀ ਜਾਵੇ,ਤਾਂ ਇਸ ਇੱਕੀਵੀਂ ਸਦੀ ਦੇ ਇਤਿਹਾਸਕ ਅੰਦੋਲਨ ਦੀ ਜਿੱਤ ਦਾ ਦੂਰ ਹੋਣਾ ਵੀ ਵੀ ਇਸ ਅੰਦੋਲਨ ਵਿਚ ਵੱਖੋ ਵੱਖਰੀਆਂ ਵਿਚਾਰਧਾਰਾਵਾਂ ਨੂੰ ਨੀਵਾਂ ਦਿਖਾਉਣ ਕਾਰਨ ਹੋਇਆ ਹੈ। ਅੰਦੋਲਨ ਦੇ ਸ਼ੁਰੂਆਤੀ ਦਿਨਾਂ ਵਿੱਚ ਅੰਦੋਲਨ ਅੰਦਰ ਬਿਨਾ ਸ਼ੱਕ ਅਜਿਹਾ ਕੁੱਝ ਵੀ ਨਹੀ ਸੀ,ਜਿਸ ਕਰਕੇ ਇਹ ਕਿਸਾਨੀ ਮਸਲਿਆਂ ਲਈ ਸ਼ੁਰੂ ਕੀਤਾ ਗਿਆ ਅੰਦੋਲਨ ਜਨ ਅੰਦੋਲਨ ਬਣ ਗਿਆ ਸੀ।ਇਸ ਅੰਦੋਲਨ ਦੀ ਖੂਬਸੂਰਤੀ ਹੀ ਇਹ ਸੀ ਕਿ ਦਿੱਲੀ ਦੇ ਬਾਰਡਰਾਂ ਤੇ ਲੜੇ ਜਾ ਰਹੇ ਅੰਦੋਲਨ ਵਿੱਚ ਕਿਧਰੇ ਵੀ  ਫਿਰਕਾਪ੍ਰਸਤੀ ਨੂੰ ਤਿਲ ਮਾਤਰ ਵੀ ਥਾਂ ਨਹੀ ਸੀ।ਲੋਕਾਂ ਦਾ ਆਪਸੀ ਭਾਈਚਾਰਾ ਮਜਬੂਤ ਹੋਣ ਵੱਲ ਵਧ ਰਿਹਾ ਸੀ। ਭਾਰਤੀ ਲੋਕ ਇਸ ਅੰਦੋਲਨ ਚ ਹਾਜਰੀ ਲਗਵਾਉਣ ਨੂੰ ਕਿਸੇ ਤੀਰਥ ਅਸਥਾਨ ਤੋਂਂ ਘੱਟ ਨਹੀ ਸਨ ਸਮਝਦੇ,ਪਰ ਅਫਸੋਸ ! ਕਿ ਇਹ ਉਹਨਾਂ ਤਾਕਤਾਂ ਨੂੰ ਵਾਰਾ ਨਹੀ ਖਾਇਆ,ਜਿਹੜੀਆਂ ਮਨੁੱਖੀ ਭਾਈਚਾਰੇ ਦੀ ਆਪਸੀ ਸਾਂਝ ਨੂੰ ਮੁੱਢੋਂ ਹੀ ਸਿਸਟਮ ਲਈ ਖਤਰੇ ਦੀ ਘੰਟੀ ਸਮਝਦੀਆਂ ਹਨ।ਇਸ ਲਈ ਉਹਨਾਂ ਨੇ ਇਸ ਅੰਦੋਲਨ ਨੂੰ ਫੇਲ੍ਹ ਕਰਨ ਲਈ ਵੀ ਉਹ ਹਰਬਾ ਵਰਤਣ ਤੋ ਗੁਰੇਜ ਨਹੀ ਕੀਤਾ,ਜਿਹੜਾ ਹਮੇਸਾਂ ਹੀ ਸਿਸਟਮ ਖਿਲਾਫ ਵਿੱਢੇ ਲੋਕ  ਮੋਰਚਿਆਂ, ਸੰਘਰਸ਼ਾਂ ਨੂੰ ਚਿੱਤ ਕਰਨ ਲਈ ਵਰਤਿਆ ਜਾਂਦਾ ਹੈ।ਇਸ ਨੁਕਤੇ ਤੋਂਂ ਇਲਾਵਾ ਇੱਥੇ ਇੱਕ ਹੋਰ ਵੀ ਨੁਕਤਾ ਵਿਚਾਰਿਆ ਜਾਣਾ ਜਰੂਰੀ ਹੈ,ਕਿ ਅਜਿਹੇ ਅੰਦੋਲਨ ਵਿੱਚ ਬਹੁਤ ਸਾਰੇ ਅਜਿਹੇ ਲੋਕ ਵੀ ਅੱਗੇ ਆ ਜਾਂਦੇ ਹਨ,ਜਿਹੜੇ ਇਸ ਕਾਬਲ ਨਹੀ ਹੁੰਦੇ। ਜਿਸਤਰਾਂ ਕਿਸਾਨੀ ਅੰਦੋਲਨ ਵਿੱਚ ਵੀ ਅਜਿਹੇ ਚਿਹਰੇ ਉੱਭਰ ਕੇ ਸਾਹਮਣੇ ਆਏ,ਜਿੰਨਾਂ ਦਾ ਦਾਇਰਾ ਸਿਰਫ ਆੜਤੀਆਂ ਨਾਲ ਆਢਾ ਲਾ ਕੇ ਨਿੱਜੀ ਲਾਭ ਲੈਣ ਤੱਕ ਜਾਂ ਕਿਸੇ ਮੈਡੀਕਲ ਸਟੋਰ ਵਾਲੇ ਨੂੰ ਡਰਾਉਣ ਧਮਕਾਉਣ ਤੱਕ ਸੀਮਤ ਰਿਹਾ ਹੈ,ਜਾਂ ਵੱਧ ਤੋ ਵੱਧ ਡੀ ਸੀ ਦਫਤਰ ਸਾਹਮਣੇ ਧਰਨੇ ਲਾਉਣ ਤੱਕ ਦਾ ਰਿਹਾ ਹੈ,ਪਰ ਕਿਸਾਨ ਅੰਦੋਲਨ ਨੇ ਉਹਨਾਂ ਲੋਕਾਂ ਨੂੰ ਤੁਜੱਰਬੇਕਾਰ ਕਿਸਾਨ ਆਗੂ ਬਣਾ ਦਿੱਤਾ। ਸੋ ਇਸ ਤਰਾਂ ਦੇ ਬਹੁਤ ਸਾਰੇ ਕਿਰਦਾਰਾਂ ਦੀ ਗੱਲ ਕੀਤੀ ਜਾ ਸਕਦੀ ਹੈ।ਹੁਣ ਗੱਲ ਕਰਦੇ ਹਾਂ ਉੱਪਰ ਉੱਠਾਏ ਗਏ ਇਸ ਮੁੱਦੇ ਦੀ ਕਿ ਹਰ ਕੋਈ ਆਪਣੀ ਆਪਣੀ ਵਿਚਾਰਧਾਰਾ ਨੂੰ ਅੰਤਮ ਮੰਨਦਾ ਹੈ,ਉਹਦੇ ਬਾਰੇ ਵੀ ਕਿਸਾਨੀ ਅੰਦੋਲਨ ਵਿੱਚ ਬਹੁਤ ਕੁੱਝ ਦੇਖਿਆ ਜਾ ਚੁੱਕਾ ਹੈ।ਕਿਸਾਨੀ ਅੰਦੋਲਨ ਦੇ ਸੁਰੂਆਤੀ ਦੌਰ ਦੌਰਾਨ ਹੀ ਇਹ ਸਟੈਂਡ ਵਾਰ ਵਾਰ ਦੁਹਰਾਇਆ ਜਾਂਦਾ ਰਿਹਾ ਕਿ ਅੰਦੋਲਨ ਦੇ ਮੰਚ ਤੋ ਕਿਸੇ ਵੀ ਸਿਆਸੀ ਧਿਰ ਨੂੰ ਬੋਲਣ ਨਹੀ ਦਿੱਤਾ ਜਾਵੇਗਾ ਅਤੇ ਨਾ ਹੀ ਕੋਈ ਸਿਆਸੀ ਧਿਰ ਇਸ ਅੰਦੋਲਨ ਦਾ ਹਿੱਸਾ ਬਣ ਸਕੇਗੀ,ਪਰ ਇਸ ਦੇ ਬਾਵਜੂਦ ਖੱਬੇ ਪੱਖੀ ਸੋਚ ਅੰਦੋਲਨ ਤੇ ਹਮੇਸਾਂ ਭਾਰੂ ਰਹੀ।ਸੀ ਪੀ ਐਮ ਸੀ ਪੀ ਆਈ ਵਾਲੇ ਇਸ ਬੰਧਸ ਤੋਂਂ ਮੁਕਤ ਰੱਖੇ ਗਏ।ਜੋਗਿੰਦਰ ਯਾਦਵ ਵਰਗੇ ਚਤੁਰ ਚਲਾਕ ਸਿਆਸੀ ਕਿਰਦਾਰ ਅੰਦੋਲਨ ਦੇ ਯੋਜਨਾਕਾਰ ਬਣ ਗਏ,ਜਿੰਨਾਂ ਨੇ ਸਰਬਤ ਦਾ ਭਲਾ ਮੰਗਣ ਵਾਲਿਆਂ ਤੇ ਚਿੱਕੜ ਹੀ ਨਹੀ ਸੁੱਟਿਆ,ਬਲਕਿ ਬਦਨਾਮ ਕਰਨ ਦੀ ਵੀ ਕੋਈ ਕਸਰ ਨਹੀ ਛੱਡੀ।26 ਜਨਵਰੀ ਤੋਂ ਪਹਿਲਾਂ ਲੋਕਾਂ ਨੂੰ ਭੜਕਾਉਣ ਚ ਅਹਿਮ ਭੂਮਿਕਾ ਨਿਭਾਉਣ ਵਾਲੇ ਬਾਅਦ ਵਿੱਚ ਕਿਵੇਂ ਸਾਰਾ ਕੁਝ ਸਿੱਖਾਂ ਸਿਰ ਮੜ੍ਹ ਗਏ,ਕਿਸੇ ਨੇ ਸੋਚਿਆ ਤੱਕ ਵੀ ਨਾ।ਅਜੇ ਕੁੱਝ ਦਿਨਾਂ ਦੀ ਗੱਲ ਹੈ ਜਦੋ ਇੱਕ ਮਾਨਸਾ ਦੇ ਲੋਕਲ ਆਗੂ ਤੋ ਨੈਸਨਲ ਪੱਧਰ ਦੇ ਕਿਸਾਨ ਆਗੂ ਬਣ ਚੁੱਕੇ ਅਨਪੜ ਵਿਅਕਤੀ ਨੇ ਸਿੱਖ ਕੌਂਮ ਲਈ ਸਭ ਤੋ ਵੱਧ ਸਤਿਕਾਰਤ ਹਸਤੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਤੋ ਵੀਹਵੀ ਸਦੀ  ਦੇ ਮਹਾਂਨ ਸਿੱਖ ਦਾ ਰੁਤਬਾ ਪਰਾਪਤ ਅਮਰ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ  ਭਿੰਡਰਾਂ ਵਾਲਿਆਂ ਖਿਲਾਫ ਅਪ-ਸਬਦ ਬੋਲਣ ਦੀ ਗੁਸਤਾਖੀ ਕੀਤੀ,ਜਿਸ ਬਦਲੇ ਉਹਨਾਂ ਨੂੰ ਸ਼ੰਯੁਕਤ ਕਿਸਾਨ ਮੋਰਚੇ ਵੱਲੋਂ 15 ਦਿਨਾਂ ਲਈ ਮੋਰਚੇ ਦੀ ਸਟੇਜ ਸਮੇਤ ਹਰ ਕਾਰਵਾਈ ਤੋ ਪਾਸੇ ਕਰ ਦੇਣ ਲਈ ਮਜਬੂਰ ਹੋਣਾ ਪਿਆ ਹੈ।ਗੱਲ ਸਿਰਫ ਬੋਲੇ ਗਏ ਅਪ ਸਬਦਾਂ ਦੀ ਹੀ ਨਹੀ,ਬਲਕਿ ਦੁਖਾਂਤ ਸਾਡੀ ਇੱਕ ਧਿਰ ਨਾਲ ਬੰਨੀ ਜਾ ਚੁੱਕੀ ਮਾਨਸਿਕਤਾ ਦਾ ਹੈ।ਕਿਸਾਨ ਆਗੂ ਰੁਲਦੂ ਸਿੰਘ ਨੇ ਜੋ ਬੋਲਿਆ,ਉਹਦੇ ਤੋ ਉਹ ਮੁਕਰ ਵੀ ਗਏ ਅਤੇ ਮੁਆਫੀ ਵੀ ਮੰਗ ਲਈ ਹੈ,ਪਰ ਇਸ ਦੇ ਬਾਵਜੂਦ ਉਹਨਾਂ ਦੇ ਸਮੱਰਥਕਾਂ ਵੱਲੋਂ ਉਸ ਪੱਤਰਕਾਰ ਖਿਲਾਫ ਊਟ ਪਟਾਂਗ  ਬੋਲਣਾ ਚਿੰਤਾਜਨਕ ਹੈ,ਜਿਸ ਨੇ ਰੁਲਦੂ ਸਿੰਘ ਦੇ ਮੂੰਹੋਂ ਇਹ ਸਾਰਾ ਕੁੱਝ ਕਢਵਾਇਆ ਹੈ।ਚਿੰਤਾ ਇਸ ਗੱਲ ਦੀ ਵੀ ਨਹੀ ਕਿ ਇੱਕ ਪੱਤਰਕਾਰ ਨੂੰ ਆਵਾ ਤਾਵਾ ਬੋਲਿਆ ਜਾ ਰਿਹਾ ਹੈ ਜਾਂ ਡਰਾਇਆ ਧਮਕਾਇਆ ਜਾ ਰਿਹਾ ਹੈ। ਚਿੰਤਾ ਇਸ ਗੱਲ ਦੀ ਹੈ ਕਿ ਇੱਕੀਵੀਂ ਸਦੀ ਦੇ ਵਿਗਿਆਨਕ ਕਹੇ ਜਾਣ ਵਾਲੇ ਯੁੱਗ ਵਿੱਚ ਵੀ ਸਾਡੀ ਸੋਚ ਵਿਕਸਤ ਨਹੀ ਹੋਈ ਸਗੋਂ ਪਿਛਲੱਗ ਬਣਕੇ ਚੱਲਣ ਦੀ ਹੀ ਰਹੀ ਹੈ।ਅੱਜ ਵੀ ਰਾਜਨੀਤਕਾਂ ਦੀਆਂ ਅਪਣੇ ਸਿਆਸੀ ਮੰਤਵ ਲਈ ਖੜੀਆਂ ਕੀਤੀਆਂ ਧੜੇਬੰਦੀਆਂ ਜਿਉਂ ਦੀਆਂ ਤਿਉਂ ਹੀ ਨਹੀ ਸਗੋ,ਵਧਕੇ ਧਾਰਮਿਕ,ਸਮਾਜਿਕ ਅਤੇ ਸੰਘਰਸ਼ਸੀਲ ਖੇਮਿਆਂ ਤੱਕ ਪੁੱਜ ਚੁੱਕੀਆਂ ਹਨ,ਜਿਸ ਦਾ ਨੁਕਸਾਨ ਹਕੂਮਤਾਂ ਨੂੰ ਨਹੀ,ਬਲਕਿ ਖੁਦ ਲੋਕਾਂ ਨੂੰ ਝੱਲਣਾ ਪਵੇਗਾ।ਕਿਸਾਨੀ ਅੰਦੋਲਨ ਦੇ ਮੰਚ ਤੋ ਉਸ ਸਿੱਖ ਕੌਂਮ ਦੀ ਸਤਿਕਾਰਤ ਹਸਤੀ ਸੰੰਤ ਜਰਨੈੈੈਲ ਸਿੰਘ ਭਿੰਡਰਾਂਵਾਲਿਆਂ ਦੇ ਖਿਲਾਫ ਬੋਲਿਆ ਜਾਣਾ ਬੇਹੱਦ ਦੁਖਦਾਇਕ ਵੀ ਹੈ ਅਤੇ ਚਿੰਤਾਜਨਕ ਵੀ ਹੈ,ਕਿਉਕਿ ਇਸਤਰਾਂ ਦੇ ਭਾਸ਼ਨ ਜਿੱਥੇ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਵਾਲੇ ਹੁੰਦੇ ਹਨ,ਓਥੇ  ਫਿਰਕੂ ਨਫਰਤ ਫੈਲਾਉਣ ਲਈ ਵੀ ਜੁੰਮੇਵਾਰ ਬਣ ਜਾਂਦੇ ਹਨ।  ਭਾਵੇਂਂ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਮੌਕੇ ਦੀ ਨਜਾਕਤ ਨੂੰ ਭਾਂਪਦਿਆਂ ਰੁਲਦੂ ਸਿੰਘ ਨੂੰ ਸੰਯੁਕਤ ਮੋਰਚੇ ਤੋਂ 15 ਦਿਨ ਲਈ ਮੁਅਤਲ ਕਰ ਦਿੱਤਾ ਹੈ,ਪਰ ਇਹ ਵਰਤਾਰੇ ਨੂੰ  ਰੋਕਣ ਲਈ ਸੰਯੁਕਤ ਕਿਸਾਨ ਮੋਰਚੇ  ਦੇ ਆਗੂਆਂ  ਨੂੰ ਭਵਿੱਖ ਵਿੱਚ  ਇਹ ਸ਼ਿਦਤ ਨਾਲ ਯਾਦ ਰੱਖਕੇ ਚੱਲਣਾ ਹੋਵੇਗਾ ਕਿ ਸਿੱਖ ਕੌਮ,ਜਿਸ ਦਾ ਅੰਦੋਲਨ ਵਿੱਚ ਤਨ ਮਨ ਅਤੇ ਧਨ ਦਾ ਸਭ ਤੋ ਵੱਡਾ ਯੋਗਦਾਨ ਰਿਹਾ ਹੈ,ਉਹਨਾਂ ਦੇ ਕੌਂਮੀ ਨਾਇਕਾਂ ਪ੍ਰਤੀ ਕੋਈ ਗਲਤ ਸਬਦਾਵਲੀ ਜਾਂ ਟਿੱਪਣੀ ਕਰਨ ਦੀ ਹਿਕਾਮਤ ਨਾ ਕਰੇ।

 

99142-58142 

ਬਘੇਲ ਸਿੰਘ ਧਾਲੀਵਾਲ