ਅਸੰਬਲੀ ਚੋਣਾਂ ਤੋਂ ਪਹਿਲਾਂ ਪਾਰਟੀਆਂ ਵਿੱਚ ਟੁੱਟ ਭੱਜ

ਅਸੰਬਲੀ ਚੋਣਾਂ ਤੋਂ ਪਹਿਲਾਂ ਪਾਰਟੀਆਂ ਵਿੱਚ ਟੁੱਟ ਭੱਜ

  ਸਿਆਸੀ ਚਰਚਾ                                          

ਪ੍ਰਿਅੰਕਾ ਗਾਂਧੀ ਕਿਸੇ ਵੀ ਕੀਮਤ ’ਤੇ ਨਵਜੋਤ ਸਿੱਧੂ ਨੂੰ ਨਰਾਜ਼ ਕਰਨਾ ਨਹੀਂ ਚਾਹੁੰਦੀ

ਦੇਸ਼ ਵਿੱਚ ਮਹਿੰਗਾਈ ਜਿਸ ਮੁਕਾਮ ਨੂੰ ਪਹੁੰਚ ਗਈ ਹੈ, ਉਸ ਦੀ ਕਦੇ ਕਲਪਨਾ ਵੀ ਨਹੀਂ ਕੀਤੀ ਗਈ ਸੀ। ਅੱਜਕੱਲ੍ਹ ਦੀ ਮਹਿੰਗਾਈ ਜਿੱਥੇ ਕਈ ਚੀਜ਼ਾਂ ਦੀ ਵਾਕਿਆ ਹੀ ਥੁੜ ਕਾਰਨ ਕਰਕੇ ਹੈ, ਉੱਥੇ ਮੌਜੂਦਾ ਮਹਿੰਗਾਈ ਤੇਲ ਦੀਆਂ ਕੀਮਤਾਂ ਨਾਲ ਬੱਝ ਗਈ ਲਗਦੀ ਹੈ। ਜਦ ਤੇਲ ਦੀਆਂ ਕੀਮਤਾਂ ਵਧਦੀਆਂ ਹਨ ਤਾਂ ਟਰਾਂਸਪੋਰਟਰ ਭਾੜੇ ਆਦਿ ਵੀ ਵਧਾ ਦਿੰਦੇ ਹਨ, ਜਿਸ ਕਰਕੇ ਉੱਚ ਕੀਮਤਾਂ ਨੂੰ ਬਰੇਕਾਂ ਨਹੀਂ ਲੱਗਦੀਆਂ। ਜਨਤਾ ਦਾ ਮੂਡ ਦੇਖੋ, ਸਭ ਕੁਝ ਸਹਿੰਦੀ ਹੋਈ ਵੀ ਇਸ ਖ਼ਿਲਾਫ਼ ਲੜਾਈ ਦੇਣ ਦੇ ਮੂਡ ਵਿੱਚ ਨਹੀਂ ਹੈ। ਕਾਰਨ ਕੁਝ ਵੀ ਅਤੇ ਵੱਖ-ਵੱਖ ਹੋ ਸਕਦੇ ਹਨ। ਇਹ ਵੀ ਹੋ ਸਕਦਾ ਹੈ ਕਿ ਜਨਤਾ ਦਾ ਸਬਰ 2022 ਦੀਆਂ ਵੋਟਾਂ ਉਡੀਕ ਰਿਹਾ ਹੋਵੇ।

ਆਮ ਜਨਤਾ ਲਈ ਜੋ ਚੋਣਾਂ ਲਗਭਗ 2022 ਫਰਵਰੀ ਵਿੱਚ ਹੋਣ ਜਾ ਰਹੀਆਂ ਹਨ, ਕਾਫ਼ੀ ਸਮਾਂ ਪਿਆ ਹੈ, ਪਰ ਸਿਆਸੀ ਪਾਰਟੀਆਂ ਲਈ ਇਹ ਸਮਾਂ ਬਹੁਤ ਹੀ ਘੱਟ ਸਮਾਂ ਹੈ। ਚੋਣਾਂ ਤੋਂ ਪਹਿਲਾਂ ਤਕਰੀਬਨ ਸਭ ਪਾਰਟੀਆਂ ਵਿੱਚ ਟੁੱਟ-ਭੱਜ ਸ਼ੁਰੂ ਹੋ ਚੁੱਕੀ ਹੈ। ਜਿੰਨੀ ਕੋਈ ਪਾਰਟੀ ਵੱਡੀ ਹੈ, ਉੰਨੇ ਪੁਆੜੇ ਵੱਧ ਹਨ। ਜਿਹੜੀ ਪਾਰਟੀ ਸਮੇਂ ਸਿਰ ਅਜਿਹੀ ਟੁੱਟ-ਭੱਜ ਤੋਂ ਮੁਕਤੀ ਪ੍ਰਾਪਤ ਕਰ ਲਵੇਗੀ, ਉੰਨਾ ਹੀ ਉਸ ਦੀ ਸਿਹਤ ਲਈ ਠੀਕ ਰਹੇਗਾ। ਅੱਜ ਅਸੀਂ ਸਿਰਫ਼ ਪੰਜਾਬ ਬਾਰੇ ਵਿਚਾਰ-ਵਟਾਂਦਰਾ ਕਰਾਂਗੇ।ਜਿਵੇਂ ਅਸੀਂ ਉੱਪਰ ਇਸ਼ਾਰਾ ਕੀਤਾ ਹੈ ਕਿ ਕਿਸੇ ਵੀ ਪਾਰਟੀ ਵਿੱਚ ਸਭ-ਅੱਛਾ ਨਹੀਂ ਹੈ। ਵੱਡੀ, ਪੁਰਾਣੀ ਅਤੇ ਰਾਜ ਕਰਦੀ ਪਾਰਟੀ ਕਾਂਗਰਸ ਨੂੰ ਹੀ ਲੈ ਲਵੋ, ਜਿਸ ਵਿੱਚ ਕਲੇਸ਼ ਨਹੀਂ, ਮਹਾਂ ਕਲੇਸ਼ ਪਿਆ ਹੋਇਆ ਹੈ। ਮੁੱਖ ਝਗੜਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਮਨਿਸਟਰੀ ਤੋਂ ਅਸਤੀਫਾ ਦੇ ਚੁੱਕੇ ਨਵਜੋਤ ਸਿੰਘ ਸਿੱਧੂ ਵਿਚਕਾਰ ਹੈ, ਜਿਸ ਨੂੰ ਸੁਲਝਾਉਣ ਲਈ ਪਿਛਲੇ ਕਾਫ਼ੀ ਸਮੇਂ ਤੋਂ ਦਿੱਲੀ ਹਾਈ ਕਮਾਂਡ ਸਰਗਰਮ ਹੈ। ਮੀਟਿੰਗਾਂ ਦੇ ਕਾਫ਼ੀ ਦੌਰ ਹੋ ਚੁੱਕੇ ਹਨ, ਪਰ ਗੱਲਬਾਤ ਨੂੰ ਬੂਰ ਪੈਂਦਾ ਦਿਸ ਨਹੀਂ ਰਿਹਾ। ਹਾਈ ਕਮਾਂਡ ਵਿੱਚ ਕਾਫ਼ੀ ਸੀਨੀਅਰ ਲੀਡਰਸ਼ਿੱਪ ਸ਼ਾਮਲ ਹੈ। ਪਰ ਮੁੱਖ ਹਾਈ ਕਮਾਂਡ ਵਿੱਚ ਸਿਰਫ਼ ਤੇ ਸਿਰਫ਼ ਗਾਂਧੀ ਪਰਿਵਾਰ ਹੀ ਆਉਂਦਾ ਹੈ, ਕਿਉਂਕਿ ਮੌਜੂਦਾ ਕਾਂਗਰਸ ਇਨ੍ਹਾਂ ਤਿੰਨਾਂ ਮੈਂਬਰਾਂ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਦੁਆਲੇ ਹੀ ਘੁੰਮਦੀ ਹੈ। ਸਾਡੀ ਜਾਣਕਾਰੀ ਮੁਤਾਬਕ ਇਹ ਤਿੰਨੋਂ ਵੀ ਪੰਜਾਬ ਮਸਲੇ ਬਾਰੇ ਇਕਮੱਤ ਨਹੀਂ ਹਨ, ਜਿਸ ਕਰਕੇ ਦੇਰੀ ਹੋ ਰਹੀ ਹੈ।

ਇਸ ਉਲਝੇ ਹੋਏ ਮਸਲੇ ਨੂੰ ਸੁਲਝਾਉਣ ਲਈ ਸੋਨੀਆ ਗਾਂਧੀ ਮੌਜੂਦਾ ਮੁੱਖ ਮੰਤਰੀ ਦੀ ਰਹਿਨੁਮਾਈ ਥੱਲੇ ਹੀ ਚੋਣਾਂ ਲੜਨਾ ਚਾਹੁੰਦੀ ਹੈ। ਨਵਜੋਤ ਸਿੱਧੂ ਨੂੰ ਬਾਕੀ ਢਾਂਚੇ ਵਿੱਚ ਅਡਜਸਟ ਕਰਨਾ ਚਾਹੁੰਦੀ ਹੈ, ਜਦ ਕਿ ਪ੍ਰਿਅੰਕਾ ਗਾਂਧੀ ਕਿਸੇ ਵੀ ਕੀਮਤ ’ਤੇ ਨਵਜੋਤ ਸਿੱਧੂ ਨੂੰ ਨਰਾਜ਼ ਕਰਨਾ ਨਹੀਂ ਚਾਹੁੰਦੀ। ਉਹ ਆਪ ਨੌਜਵਾਨ ਹੋਣ ਕਰਕੇ ਇੱਕ ਨੌਜਵਾਨ ਚਿਹਰਾ ਅੱਗੇ ਲਿਆਉਣ ਲਈ ਤਤਪਰ ਹੈ। ਪਰ ਰਾਹੁਲ ਗਾਂਧੀ ਨੇ ਅਜੇ ਤਕ ਆਪਣਾ ਪੈਂਤੜਾ ਸਾਫ਼ ਨਹੀਂ ਕੀਤਾ। ਕੈਪਟਨ ਨੂੰ ਤਾਂ ਨਵਜੋਤ ਸਿੱਧੂ ਦੀ ਪ੍ਰਧਾਨਗੀ ਵੀ ਸੰਘੋਂ ਨਹੀਂ ਲੰਘਦੀ। ਪਰ ਜਨਤਾ ਦਾ ਇੱਕ ਵੱਡਾ ਹਿੱਸਾ ਨਵਜੋਤ ਦੀ ਰਹਿਨੁਮਾਈ ਲਈ ਵੀ ਤਤਪਰ ਹੋਇਆ ਪਿਆ ਹੈ। ਜਦ ਕਿ ਇੱਕ ਹਿੱਸਾ ਨਵਜੋਤ ਨੂੰ ਨਵਾਂ ਚਿਹਰਾ ਆਖ ਕੇ ਵੱਡੀ ਜ਼ਿੰਮੇਵਾਰੀ ਦੇਣ ਦਾ ਵਿਰੋਧ ਕਰ ਰਿਹਾ ਹੈ, ਜਿਸ ਦੀ ਅਗਵਾਈ ਬੇਅੰਤ ਸਿੰਘ ਦਾ ਪੋਤਾ ਰਵਨੀਤ ਬਿੱਟੂ ਮੈਂਬਰ ਪਾਰਲੀਮੈਂਟ ਕਰ ਰਿਹਾ ਹੈ। ਹਾਈ ਕਮਾਂਡ ਨੇ 19-20 ਜੂਨ ਨੂੰ ਸੰਬੰਧਤ ਸਭ ਧਿਰਾਂ ਨੂੰ ਦਿੱਲੀ ਬੁਲਾਇਆ ਹੈ, ਦੇਖੋ ਊਠ ਕਿਸ ਕਰਵਟ ਬੈਠਦਾ ਹੈ। ਉਂਝ ਹਾਈ ਕਮਾਂਡ ਦੀ ਹੋਰ ਦੇਰੀ, ਪੰਜਾਬ ਕਾਂਗਰਸ ਦਾ ਹੋਰ ਨੁਕਸਾਨ ਕਰੇਗੀ।ਦੋ ਤਿੰਨ ਵਾਰ ਫਾੜ ਹੋਇਆ ਅਕਾਲੀ ਦਲ ਬਾਦਲ ਜਿਸ ਅਗਵਾਈ ਇਸ ਵਕਤ ਸੁਖਬੀਰ ਬਾਦਲ ਕਰ ਰਿਹਾ ਹੈ, ਵਿੱਚ ਵੀ ਸਭ ਕੁਝ ਅੱਛਾ ਨਹੀਂ ਹੈ। ਪਰ ਜੋ ਕੁਝ ਸੁਖਬੀਰ ਸਿੰਘ ਬਾਦਲ ਪਾਸ ਗੀਟੇ ਸਨ, ਉਨ੍ਹਾਂ ਸਦਕਾ ਉਸ ਨੇ ਬੀ ਐੱਸ ਪੀ ਨਾਲ ਅਗੇਤਾ ਸਮਝੌਤਾ ਕਰਕੇ ਇੱਕ ਸਿਆਸੀ ਦਾਅ ਖੇਡਿਆ ਹੈ। ਉਹ ਸਮਝਦਾ ਹੈ ਪੰਜਾਬ ਬਹੁਤਾ ਪਿੰਡਾਂ ਵਿੱਚ ਵਸਦਾ ਹੈ, ਇਸ ਕਰਕੇ ਕਿਸਾਨੀ ਅਤੇ ਸਿੱਖ ਵੋਟਾਂ ਸਦਕਾ ਜਦ ਉਹ ਪਿੰਡ ਵਿੱਚ ਪਹੁੰਚ ਕਰੇਗਾ ਤਾਂ ਗਠਜੋੜ ਵਾਲੀ ਬੀ ਐੱਸ ਪੀ ਜੋ ਐੱਸ ਸੀ ਕੈਟਾਗਿਰੀ ਨਾਲ ਸੰਬੰਧ ਰੱਖਦੀ ਹੈ, ਦੇ ਰੋਲ ਸਦਕਾ। ਮੈਂ ਪਿੰਡਾਂ ਵਿੱਚ ਸਭ ਫਿਰਕਿਆਂ ਦਾ ਏਕਾ ਉਸਾਰ ਕੇ ਵੋਟਾਂ ਬਟੋਰ ਲਵਾਂਗਾ, ਇਸ ਹੌਸਲੇ ਵਿੱਚ ਹੀ ਉਸ ਨੇ ਬੀ ਐੱਸ ਪੀ ਨਾਲ ਹਲਕਾ ਵੰਡ ਵੀ ਕਰ ਲਈ ਹੈ ਅਤੇ ਅਕਾਲੀ ਪਾਰਟੀ ਦੇ ਉਮੀਦਵਾਰਾਂ ਨੂੰ ਟਿਕਟ-ਵੰਡ ਸ਼ੁਰੂ ਕਰਕੇ ਪੰਜਾਬ ਵਿੱਚ ਪਹਿਲ ਕੀਤੀ ਹੈ। ਪੰਜਾਬ ਵਿੱਚ ਬੀ ਐੱਸ ਪੀ ਘਟਦੀ ਘਟਦੀ ਡੇਢ ਪ੍ਰਤੀਸ਼ਤ ਵੋਟ ’ਤੇ ਆ ਗਈ ਸੀ। ਹੁਣ ਰਲ ਕੇ ਕਿਸ ਤਰ੍ਹਾਂ ਦਾ ਮਾਹੌਲ ਸਿਰਜਣਗੇ, ਇਹ ਆਉਣ ਵਾਲਾ ਸਮਾਂ ਦੱਸੇਗਾ। ਹਲਕਿਆਂ ਦੀ ਵੰਡ ਕਰਕੇ ਬੀ ਐੱਸ ਪੀ ਵਿੱਚ ਵੀ ਸਭ ਅੱਛਾ ਨਹੀਂ ਚੱਲ ਰਿਹਾ। ਉਂਝ ਵੀ ਬੀ ਐੱਸ ਪੀ, ਮਾਲਵਾ, ਦੁਆਬਾ ਅਤੇ ਮਾਝਾ ਖੇਤਰਾਂ ਵਿੱਚ ਪਹਿਲਾਂ ਹੀ ਵੰਡੀ ਹੋਈ ਹੈ।

ਰਹੀ ਗੱਲ ਆਮ ਆਦਮੀ ਪਾਰਟੀ ਦੀ, ਉਸ ਨੇ ਪਿਛਲੇ ਸਮੇਂ ਵਿੱਚ ਆਪੋਜ਼ੀਸ਼ਨ ਦਾ ਰੋਲ ਬਾਹਰ ਅਤੇ ਅਸੰਬਲੀ ਅੰਦਰ ਵੀ ਆਪਣੀ ਯੋਗਤਾ ਅਨੁਸਾਰ ਨਿਭਾਇਆ ਹੈ। ਇਨ੍ਹਾਂ ਕਰਕੇ ਹੀ ਅਕਾਲੀ ਵੀ ਕੁਝ ਸਰਗਰਮ ਰਹੇ, ਨਹੀਂ ਤਾਂ ਉਹ ਕਾਂਗਰਸ ਤੋਂ ਬਾਅਦ ਆਪਣੀ ਵਾਰੀ ਪੱਕੀ ਸਮਝਿਆ ਕਰਦੇ ਸਨ। ਪਿਛਲੀ ਵਾਰ ਇਸ ਪਾਰਟੀ ਦੇ ਹਾਰ ਦੇ ਕਾਰਨ ਜਿੱਥੇ ਕਈ ਸਨ, ਉੱਥੇ ਇੱਕ ਕਾਰਨ ਮੁੱਖ ਮੰਤਰੀ ਦਾ ਚਿਹਰਾ ਅੱਗੇ ਨਾ ਕਰਨਾ ਸੀ। ਲਗਦਾ ਹੈ, ਇਸ ਵਾਰ ਵੀ ਇਨ੍ਹਾਂ ਦੀ ਸਮੱਸਿਆ ਇਹੀ ਰਹਿਣ ਵਾਲੀ ਹੈ। ਉਂਝ ਤਾਂ ਮੁੱਖ ਮੰਤਰੀ ਚੁਨਣਾ ਹਰ ਪਾਰਟੀ ਦਾ ਆਪਣਾ ਅੰਦਰੂਨੀ ਮਾਮਲਾ ਹੁੰਦਾ ਹੈ, ਪਰ ਚਿਹਰਾ, ਉਹ ਵੀ ਅਗਰ ਸਾਫ਼-ਸੁਥਰਾ ਚਿਹਰਾ ਹੋਵੇ, ਪਾਰਟੀ ਨੂੰ ਜਿੱਤ ਵੱਲ ਵਧਾਉਂਦਾ ਹੈ। ਤਾਜ਼ਾ ਉਦਾਹਰਣ ਪੱਛਮੀ ਬੰਗਾਲ ਦੀ ਹੈ। ਭਾਜਪਾ ਨੇ ਸਾਰੀ ਲੜਾਈ ਮੁੱਖ ਮੰਤਰੀ ਚਿਹਰੇ ਤੋਂ ਬਗੈਰ ਲੜੀ, ਜਿਸ ਕਰਕੇ ਉਹ ਲੱਖ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਮਮਤਾ ਨੂੰ ਜਿੱਤਣੋਂ ਨਹੀਂ ਰੋਕ ਸਕੇ। ਅੱਜ ਤਕ ਪੰਜਾਬ ਵਿੱਚ ਜੋ ਵੋਟਾਂ ਆਮ ਆਦਮੀ ਪਾਰਟੀ ਨੂੰ ਪੈਂਦੀਆਂ ਹਨ, ਉਨ੍ਹਾਂ ਵਿੱਚੋਂ ਬਹੁਤੀਆਂ ਦਿੱਲੀ ਵਿੱਚ ਕੀਤੇ ਕੇਜਰੀਵਾਲ ਦੇ ਕੰਮਾਂ ਕਰਕੇ ਵੀ ਪੈਂਦੀਆਂ ਹਨ। ਜੇਕਰ ਇਸ ਪਾਰਟੀ ਨੇ ਕੋਈ ਲਗਭਗ ਪ੍ਰਮਾਣਤ ਚਿਹਰਾ ਮੁੱਖ ਮੰਤਰੀ ਦੇ ਪਦ ਲਈ ਅੱਗੇ ਕੀਤਾ ਤਾਂ ਪਾਰਟੀ ਅੱਗੇ ਹੋਰ ਵਧ ਸਕਦੀ ਹੈ। ਉਂਝ ਅੱਜ ਕੱਲ੍ਹ ਇਸ ਪਾਰਟੀ ਵਿੱਚ ਟੁੱਟ-ਭੱਜ ਹੋਣ ਦੀ ਬਜਾਏ ਦੂਜੀਆਂ ਪਾਰਟੀਆਂ ਦੇ ਕਾਰਕੁਨ ਇਸ ਵਿੱਚ ਸ਼ਾਮਲ ਹੋ ਰਹੇ ਹਨ। ਜਲਾਲਾਬਾਦ ਤੋਂ ਰੀਕਾਰਡ ਵੋਟਾਂ ਨਾਲ ਜਿੱਤਣ ਵਾਲਾ ਮਹਿਤਾਬ ਸਿੰਘ ਇਸਦੀ ਤਾਜ਼ਾ ਉਦਾਹਰਣ ਹੈ।ਹੁਣ ਕੁਝ ਭਾਜਪਾ ਪਾਰਟੀ ਬਾਰੇ। ਇਸ ਪਾਰਟੀ ਨੇ ਪਹਿਲਾਂ ਅਕਾਲੀ ਦਲ ਨਾਲ ਗੱਠਜੋੜ ਟੁੱਟਣ ਕਰਕੇ, ਫਿਰ ਕਿਸਾਨੀ ਵਿਰੁੱਧ ਪੈਂਤੜਾ ਮੱਲ ਕੇ ਆਪਣਾ ਕਾਫ਼ੀ ਨੁਕਸਾਨ ਕਰਵਾ ਲਿਆ ਹੈ। ਹੁਣ ਕਾਫ਼ੀ ਹੱਥ ਪੈਰ ਮਾਰ ਕੇ ਸ਼ਕਲੋਂ ਸਿੱਖ ਦਿਸਣ ਵਾਲੇ, ਪਰ ਕਿਸੇ ਵੇਲੇ ਸਿੱਖ ਹੋਮ ਲੈਂਡ ਦੇ ਹਮਾਇਤੀ ਰਹੇ ਵਿਅਕਤੀਆਂ ਨੂੰ ਪਾਰਟੀ ਵਿੱਚ ਸ਼ਾਮਲ ਕਰਕੇ ਖ਼ਬਰਾਂ ਛਪਵਾ ਰਹੇ ਹਨ। ਪਰ ਘੱਟੋ-ਘੱਟ ਪੰਜਾਬੀ ਅਜਿਹੇ ਸਿੱਖਾਂ ਨੂੰ ਵੱਧ ਜਾਣਦੇ ਹਨ। ਅਫ਼ਵਾਹਾਂ ਤਾਂ ਸਿੱਧੂ ਉੱਤੇ ਡੋਰੇ ਪਾਉਣ ਦੀਆਂ ਵੀ ਚੱਲ ਰਹੀਆਂ ਹਨ ਪਰ ਸਿੱਧੂ ਅਜਿਹੀ ਖ਼ੁਦਕਸ਼ੀ ਨਹੀਂ ਕਰੇਗਾ। ਪਾਰਟੀ ਆਪਣੀਆਂ ਪਿਛਲੀਆਂ ਸੀਟਾਂ ਵੀ ਬਚਾ ਸਕੇਗੀ, ਕਹਿਣਾ ਮੁਸ਼ਕਲ ਹੈ। ਇਹ ਪਾਰਟੀ ਪੰਜਾਬ ਜਿੱਤਣ ਦਾ ਖ਼ਾਬ ਵੀ ਦੇਖ ਰਹੀ ਹੈ। ਉਂਝ ਭਾਜਪਾ ਲਈ ਪੰਜਾਬ ਵਿੱਚ ਹਾਲਾਤ ਉਸ ਖਰਗੋਸ਼ ਵਰਗੇ ਹਨ ਜਿਸ ਨੇ ਮਾਂ ਨੂੰ ਮੀਟ ਖਾਣ ਲਈ ਕਿਹਾ ਸੀ ਤਾਂ ਮਾਂ ਨੇ ਝੱਟ ਕਿਹਾ ਸੀ, “ਪੁੱਤ ਤੂੰ ਆਪਣਾ ਮੀਟ ਹੀ ਬਚਾ ਲੈ, ਇਹੀ ਬਹੁਤ ਹੈ।”

ਰਹੀ ਗੱਲ ਖੱਬੀਆਂ ਪਾਰਟੀਆਂ ਦੀ, ਜੋ ਲਗਾਤਾਰ ਆਪਣੇ ਵਿੱਤ ਮੁਤਾਬਕ ਸਰਗਰਮ ਰਹਿੰਦੀਆਂ ਹਨ। ਉਹ ਪਿਛਲੇ ਸਮੇਂ ਵਿੱਚ ਅੱਠ ਗਰੁੱਪ ਇਕੱਠੇ ਹੋ ਕੇ ਪੰਜਾਬ ਅੰਦਰ ਇੱਕ ਸੰਘਰਸ਼ ਦੇ ਰਾਹ ਪਏ ਹੋਏ ਹਨ। ਇੱਕ-ਦੋ ਗਰੁੱਪ ਆਪਣੀ ਅਲੱਗ ਡਫਲੀ ਵਜਾ ਰਹੇ ਹਨ। ਅਗਰ ਉਹਨਾਂ ਗਰੁੱਪਾਂ ਨੂੰ ਵੀ ਨਾਲ ਲੈ ਕੇ ਅੱਜ ਦੇ ਹਾਲਾਤ ਮੁਤਾਬਕ ਲੋਕ ਮੰਗਾਂ ਅਤੇ ਸਮੁੱਚੇ ਕਿਸਾਨੀ ਸੰਘਰਸ਼ ਨੂੰ ਮੁੱਖ ਰੱਖਦੇ ਹੋਏ ਆਉਣ ਵਾਲੀਆਂ ਚੋਣਾਂ ਵਿੱਚ ਘੱਟੋ-ਘੱਟ ਪ੍ਰੋਗਰਾਮ ਬਣਾ ਕੇ ਘੱਟੋ-ਘੱਟ ਖੱਬੀਆਂ ਪਾਰਟੀਆਂ ਹੀ ਇਕੱਠੀਆਂ ਹੋ ਕੇ ਚੋਣਾਂ ਵਿੱਚ ਉੱਤਰਨ ਤਾਂ ਇਹ ਆਪਣਾ ਵੋਟ ਸ਼ੇਅਰ ਵੀ ਵਧਾਉਣਗੀਆਂ ਅਤੇ ਆਪਣਾ ਏਕਾ ਵੀ ਮਜ਼ਬੂਤ ਕਰਨਗੀਆਂ। ਅਜਿਹੇ ਏਕੇ ਸਦਕਾ ਇਹ ਆਪਣੀ ਆਵਾਜ਼ ਅਸੰਬਲੀ ਅੰਦਰ ਭੇਜਣ ਵਿੱਚ ਵੀ ਸਫਲ ਹੋ ਸਕਦੀਆਂ ਹਨ। ਇਸ ਵਕਤ ਇਸ ਸਵਾਲ ਦਾ ਜਵਾਬ ਵੀ ਭਵਿੱਖ ਦੀ ਬੁੱਕਲ ਵਿੱਚ ਹੈ।ਜਿੰਨਾ ਲੋਕ ਰੋਹ ਜਾਂ ਗੁੱਸਾ ਅੱਜ ਲੋਕਾਂ ਵਿੱਚ ਸਰਕਾਰ ਖ਼ਿਲਾਫ਼ ਹੈ, ਅਗਰ ਸਭ ਤਰ੍ਹਾਂ ਦੇ ਮੁਲਾਜ਼ਮ, ਮਜ਼ਦੂਰ-ਯੂਨੀਅਨਾਂ, ਲੋਕ ਹਿਤ ਵਿੱਚ ਖੜ੍ਹਨ ਵਾਲੀਆਂ ਪਾਰਟੀਆਂ, ਘੱਟੋ-ਘੱਟ ਪ੍ਰੋਗਰਾਮ ਬਣਾ ਕੇ ਆਉਣ ਵਾਲੀਆਂ ਚੋਣਾਂ ਵਿੱਚ ਖਾਸ ਕਰਕੇ ਪੰਜਾਬ ਵਿੱਚ ਕਿਸਾਨਾਂ-ਮਜ਼ਦੂਰਾਂ, ਨੌਜਵਾਨਾਂ, ਵਿਦਿਆਰਥੀਆਂ ਨੂੰ ਨਾਲ ਲੈ ਕੇ, ਸਾਂਝੀਆਂ ਸਟੇਜਾਂ ਤੋਂ, ਲੋਕ ਮਸਲੇ ਲੈ ਕੇ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਨੰਗਾ ਕਰਕੇ, ਜਨਤਾ ਨੂੰ ਜਾਗਰੂਕ ਕਰਕੇ, ਚੰਗੇ ਅਤੇ ਅਜ਼ਮਾਏ ਹੋਏ ਉਮੀਦਵਾਰਾਂ ਨੂੰ ਜਿਤਾ ਕੇ, ਆਪਣੀ ਅਵਾਜ਼ ਅਸੰਬਲੀ ਵਿੱਚ ਭੇਜ ਕੇ, ਸੂਬੇ ਨੂੰ ਸਹੀ ਦਿਸ਼ਾ ਵਿੱਚ ਰੱਖਣ ਲਈ ਆਪਣਾ ਫ਼ਰਜ਼ ਪੂਰਾ ਕਰ ਸਕਦੇ ਹਨ।ਪੰਜਾਬ ਦੇ ਲੋਕੋ, ਪਿਛਲੇ ਸਮਿਆਂ ਵਿੱਚ ਤੁਸੀਂ ਆਪਣੇ ਹੱਕਾਂ ਲਈ ਜੱਦੋਜਹਿਦ ਕਰਦਿਆਂ ਜਲਸੇ-ਜਲੂਸ ਕੱਢੇ, ਭੁੱਖ ਹੜਤਾਲਾਂ ਕੀਤੀਆਂ, ਪਾਣੀ ਦੀਆਂ ਬੁਛਾੜਾਂ ਦਾ ਮੁਕਾਬਲਾ ਕੀਤਾ ਹੈ। ਤੁਸੀਂ ਆਪਣੇ ਹੱਕ ਲਈ ਭੁੱਖੇ ਪਿਆਸੇ ਟੈਂਕੀਆਂ ’ਤੇ ਚੜ੍ਹੇ, ਪੁਲਿਸ ਤੋਂ ਡਾਂਗਾਂ ਖਾਧੀਆਂ। ਹੁਣ ਤੁਸੀਂ ਆਪਣੀ ਵੋਟ ਦੀ ਸਹੀ ਵਰਤੋਂ ਕਰਨ ਲਈ ਇਕੱਠੇ ਹੋ ਕੇ, ਵੋਟਾਂ ਪਾ ਕੇ, ਆਪਣੇ ’ਤੇ ਹੋਏ ਅੱਤਿਆਚਾਰ ਦਾ ਬਦਲਾ ਲੈ ਸਕਦੇ ਹੋ। ਉੱਠੋ, ਤਾਂ ਕਿ ਹੋਰ ਦੇਰ ਨਾ ਹੋ ਜਾਵੇ।

 ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ