ਕੀ ਅਕਾਲੀ ਲੀਡਰਸ਼ਿਪ ਦਾ ਬਦਲ ਅੰਮ੍ਰਿਤ ਪਾਲ ਸਿੰਘ ਤੇ ਸਰਬਜੀਤ ਸਿੰਘ ਹੋ ਸਕਣਗੇ

ਕੀ ਅਕਾਲੀ ਲੀਡਰਸ਼ਿਪ ਦਾ ਬਦਲ ਅੰਮ੍ਰਿਤ ਪਾਲ ਸਿੰਘ ਤੇ ਸਰਬਜੀਤ ਸਿੰਘ ਹੋ ਸਕਣਗੇ

 * ਕੇਂਦਰ ਸਰਕਾਰ ਤੇ ਪੰਥਕ ਲੀਡਰਸ਼ਿਪ ਦੀ ਬੇਰੁਖੀ ਕਾਰਣ ਸਿਖ ਪੰਥ ਦੀ ਬੇਚੈਨੀ ਨਿਰੰਤਰ ਬਰਕਰਾਰ

*ਸਿਖ ਕਲਿਆਣਕਾਰੀ ਹਲੇਮੀ ਰਾਜ ਚਾਹੁੰਦੇ ਹਨ ,ਪਰ ਪੰਥ ਕੋਲ

ਜਾਪਦਾ ਹੈ ਕਿ 35 ਸਾਲਾਂ ਬਾਅਦ ਵੀ ਪੰਜਾਬ ਵਿੱਚ ਪੁਰਾਣੇ ਜ਼ਖ਼ਮ ਬਰਕਰਾਰ ਹਨ। ਕੁਝ ਵੀ ਨਹੀਂ ਬਦਲਿਆ ਹੈ। ਪੰਜਾਬ ਇੱਕ ਵਾਰ ਫਿਰ ਸਿੱਖ ਸਭਿਆਚਾਰ ,ਸਿੱਖ ਪਛਾਣ ਤੇ ਖੁਦਮੁਖਤਿਆਰੀ ਨੂੰ ਕਾਇਮ ਰੱਖਣ ਦੀ ਜਦੋਜਹਿਦ ਕਾਰਣ ਰੋਸ ਤੇ ਬੇਚੈਨੀ ਦੀ ਲਹਿਰ ਵਿੱਚ ਡੁੱਬ ਰਿਹਾ ਹੈ।

ਲੋਕ ਸਭਾ ਚੋਣ 2024 ਦੇ ਨਤੀਜਿਆਂ ਵਿੱਚ ਅਜ਼ਾਦ ਤੌਰ ਉਪਰ ਲੜੇ ਪੰਥਕ ਉਮੀਦਵਾਰ ਅੰਮ੍ਰਿਤਪਾਲ ਸਿੰਘ ਅਤੇ ਸਰਬਜੀਤ ਸਿੰਘ ਖਾਲਸਾ ਦੀ ਜਿੱਤ ਇਸ ਗਲ ਦਾ ਸਬੂਤ ਹੈ  ਕਿ ਸਿਖ ਪੰਥ ਦਾ ਆਪਣੀ ਰਵਾਇਤੀ ਲੀਡਰਸ਼ਿਪ ਵਿਚ ਵੀ ਵਿਸ਼ਵਾਸ ਖਤਮ ਹੋ ਗਿਆ ਹੈ ਤੇ ਸਿਖ ਪੰਥ ਨਵੀਂ ਲੀਡਰਸ਼ਿਪ ਦੀ ਭਾਲ ਵਿੱਚ ਹਨ।ਇੱਕ ਸਮਾਂ ਸੀ ਜਦੋਂ ਸ਼੍ਰੋਮਣੀ ਅਕਾਲੀ ਦਲ ਪੰਥਕ ਰਾਜਨੀਤੀ ਦੇ ਕੇਂਦਰ ਵਿੱਚ ਸੀ। ਹੁਣ ਸਥਿਤੀ ਬਦਲ ਗਈ ਹੈ ਅਤੇ ਹੁਣ ਪੰਥਕ ਰਾਜਨੀਤੀ ਦੇ ਨਵੇਂ ਚਿਹਰੇ ਅੰਮ੍ਰਿਤਪਾਲ ਸਿੰਘ, ਸਰਬਜੀਤ  ਸਿੰਘ  ਹਨ, ਜਿਨ੍ਹਾਂ ਨੂੰ ਪ੍ਰਕਾਸ਼ ਸਿੰਘ ਬਾਦਲ ਅਤੇ ਅਮਰਿੰਦਰ ਸਿੰਘ ਤੋਂ ਬਾਅਦ ਪੈਦਾ ਹੋਏ ਹੁਨਰਮੰਦ ਅਤੇ ਕਾਬਲ ਸਿੱਖ ਆਗੂਆਂ ਦੀ ਘਾਟ  ਨੇ ਨੇਤਾ ਬਣਾ ਦਿੱਤਾ ਹੈ। ਇਹ ਗੱਲ ਆਉਣ ਵਾਲਾ ਸਮਾਂ ਦਸੇਗਾ ਕਿ ਇਹ ਸਿਖ ਪੰਥ ਤੇ ਪੰਜਾਬ ਦੀ ਰਾਜਨੀਤਕ ਅਗਵਾਈ ਕਰਨ ਦੇ ਸਮਰਥ ਹਨ ਜਾਂ ਨਹੀਂ।

ਕਿਸਾਨ ਅੰਦੋਲਨ ਤੋਂ ਪੈਦਾ ਹੋਈ ਸਰਕਾਰ ਵਿਰੋਧੀ ਭਾਵਨਾਵਾਂ ਅਤੇ ਬੇਚੈਨੀ ਨੇ ਫਿਰ ਜ਼ੋਰ ਫੜ ਲਿਆ। ਇਸ ਪਿਛੇ ਕਾਰਣ ਸਤਲੁਜ-ਬਿਆਸ ਨਹਿਰ ਦਾ ਵਿਵਾਦ, ਚੰਡੀਗੜ੍ਹ ਪੰਜਾਬ ਨੂੰ ਸੌਂਪਣ ਦਾ ਮੁੱਦਾ, ਬੇਅਦਬੀ ਕਾਂਡ,ਪੰਜਾਬ ਸੰਤਾਪ ਦੇ ਦੌਰ ਵਿੱਚ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰੇ ਗਏ ਨੌਜਵਾਨਾਂ ਨੂੰ ਇਨਸਾਫ਼ ਨਾ ਮਿਲਣਾ ਅਤੇ ਯੂ.ਏ.ਪੀ.ਏ. ਤਹਿਤ ਸਿਖਾਂ ਉਪਰ ਕੇਸ ਦਰਜ ਕਰਨ ਦੀਆਂ ਅਨਿਆਂ ਭਰਪੂਰ ਸਰਕਾਰੀ ਕਾਰਵਾਈਆ, ਪੁਰਾਣੇ ਪੰਥਕ ਮੁਦੇ ਤੇ ਸਿਖ ਨੌਜਵਾਨਾਂ ਉਪਰ ਐਨ.ਐਸ.ਏ. ਨਸ਼ਿਆਂ ਕਾਰਨ ਪੈਦਾ ਹੋਏ ਹਾਲਾਤਾਂ ਨੇ ਸਿਖ ਪੰਥ ਦਾ ਮੁੱਖ ਧਾਰਾ ਤੋਂ ਮੋਹ ਭੰਗ ਕਰਨ ਅਤੇ ਰਵਾਇਤੀ ਰਾਜਨੀਤੀ ਤੋਂ ਦੂਰ ਹੋਣ ਵਿੱਚ ਭੂਮਿਕਾ ਨਿਭਾਈ ਹੈ। ਕੁਝ ਸਮੇਂ ਤੋਂ 'ਆਪ' ਨੂੰ ਬਦਲ ਵਜੋਂ ਦੇਖਿਆ ਜਾ ਰਿਹਾ ਸੀ, ਪਰ ਅੰਮ੍ਰਿਤਪਾਲ ਸਿੰਘ, ਸਰਬਜੀਤ ਸਿੰਘ ਅਤੇ ਹੈਰਾਨੀਜਨਕ ਤੌਰ 'ਤੇ ਕਾਂਗਰਸ (ਜਿਸ ਨੇ 7 ਸੀਟਾਂ ਜਿੱਤੀਆਂ ਸਨ) ਦੀ ਜਿੱਤ ਨਾਲ ਪੰਜਾਬ ਦਾ ਮਾਹੌਲ ਬਦਲ ਗਿਆ ਹੈ ਅਤੇ ਪੰਜਾਬੀ ਸਮਾਜ ਵੰਡਿਆ ਹੋਇਆ ਹੈ।

ਸਿਆਸੀ ਨਜ਼ਰੀਏ ਤੋਂ 2024 ਦੀਆਂ ਚੋਣਾਂ 1984 ਵਰਗੀਆਂ ਨਹੀਂ ਸਨ। ਸਿੱਖ ਪੰਥ ਦਾ ਵੱਡਾ ਹਿੱਸਾ ਸੱਤਾ ਵਿੱਚ ਰਹਿਣ ਵਾਲਿਆਂ ਨੂੰ ਪੰਜਾਬ ਅਤੇ ਸਿੱਖ ਪੰਥ ਦਾ ਹਿੱਤੂ ਨਹੀਂ ਸਮਝਦਾ । ਸਰਬਜੀਤ ਅਤੇ ਅੰਮ੍ਰਿਤਪਾਲ ਦੀ ਜਿੱਤ ਭਾਵਨਾਤਮਕ ਮੁੱਦਿਆਂ ਦੇ ਆਧਾਰ 'ਤੇ ਹੀ ਹੋਈ ਸੀ। ਰਿਪੋਰਟਾਂ ਮੁਤਾਬਕ ਨਤੀਜੇ ਆਉਣ ਤੋਂ ਪਹਿਲਾਂ ਹੀ ਮੰਨਿਆ ਜਾ ਰਿਹਾ ਸੀ ਕਿ ਅੰਮ੍ਰਿਤਪਾਲ ਜਿੱਤ ਜਾਵੇਗਾ। ਉਸ ਬਾਰੇ ਕਿਹਾ ਜਾ ਰਿਹਾ ਸੀ ਕਿ ਸਥਾਪਤ ਸਿਆਸੀ ਪਾਰਟੀਆਂ ਨੇ ਉਸ ਨੂੰ ਝੂਠੇ ਕੇਸਾਂ ਵਿੱਚ ਫਸਾਇਆ ਅਤੇ ਜੇਲ੍ਹ ਭੇਜ ਦਿੱਤਾ ਕਿਉਂਕਿ ਉਹ ਨਸ਼ਿਆਂ ਦੇ ਫੈਲਾਅ ਵਿਰੁੱਧ ਕੰਮ ਕਰ ਰਿਹਾ ਸੀ, ਯਕੀਨਨ ਅੰਮ੍ਰਿਤਪਾਲ ਦੀ ਜਿੱਤ ਹਮਦਰਦੀ ਅਤੇ ਜਜ਼ਬਾਤ ਕਾਰਨ ਹੋਈ ਹੈ।  ਜਿੱਥੋਂ ਤੱਕ ਸਰਬਜੀਤ ਦਾ ਸਬੰਧ ਹੈ, ਕਿ ਵੋਟਿੰਗ ਤੋਂ ਕੁਝ ਦਿਨ ਪਹਿਲਾਂ ਤੱਕ ਉਸਦੇ ਹੱਕ ਵਿੱਚ ਕੋਈ ਲਹਿਰ ਨਹੀਂ ਸੀ"। ਇਸ ਲਈ ਉਸ ਦੀ ਜਿੱਤ ਨੂੰ ਵੀ ਜਜ਼ਬਾਤਾਂ ਦੀ ਲਹਿਰ ਦਾ ਨਤੀਜਾ ਮੰਨਿਆ ਜਾ ਰਿਹਾ ਹੈ। 

ਸਮਾਜ ਵਿੱਚ ਫੈਲਿਆ ਗੁੱਸਾ ਲੋਕਾਂ ਨੂੰ ਜੇਲ੍ਹਾਂ ਵਿੱਚ ਡੱਕਣ ਅਤੇ ਦਬਾਉਣ ਨਾਲ ਖਤਮ ਨਹੀਂ ਹੁੰਦਾ। ਸਾਰੀਆਂ ਸਿਆਸੀ ਪਾਰਟੀਆਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ। ਇੰਦਰਾ ਗਾਂਧੀ ਨੇ ਸਿੱਖਾਂ ਨਾਲ ਜੁੜੇ ਮਸਲਿਆਂ ਵਲ ਬੇਰੁਖੀ ਅਪਨਾਈ ਸੀ।  ਨਰਿੰਦਰ ਮੋਦੀ ਅਤੇ ਉਸਦੇ ਸਾਥੀਆਂ ਨੇ ਕਿਸਾਨ ਅੰਦੋਲਨ ਦੇ ਸੰਦਰਭ ਵਿੱਚ ਇਹੀ ਗਲਤੀ ਕੀਤੀ ਸੀ।

ਭਾਈ ਅੰਮ੍ਰਿਤ ਪਾਲ ਸਿੰਘ ਤੇ ਸਰਬਜੀਤ ਸਿੰਘ ਖਾਲਸਾ  ਦੀ ਜਿੱਤ ਪੰਜਾਬ ਵਿੱਚ ਉਨ੍ਹਾਂ ਸਿੱਖ ਭਾਵਨਾਵਾਂ  ਦਾ ਸਬੂਤ ਹੈ ਜੋ ਕਦੇ ਅੱਸੀਵਿਆਂ ਵਿੱਚ ਵੀ ਉਬਾਲਾ ਖਾ ਗਈ ਸੀ ਅਤੇ ਫਿਰ ਇਤਿਹਾਸਕਾਰ ਖੁਸ਼ਵੰਤ ਸਿੰਘ ਨੇ ਲਿਖਿਆ ਸੀ ਕਿ ਇਹ ਸਪੱਸ਼ਟ ਹੈ ਕਿ ਧਰਮ ਨਿਰਪੱਖ ਭਾਰਤ ਵਿੱਚ ਹਿੰਦੂ ਬਹੁਗਿਣਤੀ ਲਈ ਇੱਕ ਕਾਨੂੰਨ ਹੈ ਅਤੇ ਮੁਸਲਮਾਨਾਂ ਲਈ, ਇਸਾਈ ਅਤੇ ਸਿੱਖ ਘੱਟ ਗਿਣਤੀਆਂ ਲਈ ਦੂਜਾ।

ਪੰਜਾਬ ਅਤੇ ਸਿੱਖਾਂ ਦੇ ਅਜੋਕੇ ਦੇ ਬਿਰਤਾਂਤ ਨੂੰ ਸਮਝਣ ਲਈ ਸਾਨੂੰ ਅਤੀਤ ਨੂੰ ਸਮਝਣਾ ਪਵੇਗਾ।

1984 ਦੀਆਂ ਆਮ ਚੋਣਾਂ ਦੌਰਾਨ ਇੰਦਰਾ ਗਾਂਧੀ ਦੇ ਕਤਲ ਤੇ ਨਵੰਬਰ 84 ਦੇ ਕਤਲੇਆਮ ਮਗਰੋਂ ਦੇਸ਼ ਦੇ ਬਹੁਗਿਣਤੀ ਵੋਟਰ 400 ਪਾਰ ਦੇ ਨਸ਼ੇ ਵਿਚ ਡੁਬੇ ਹੋਏ ਸਨ। ਰਾਜੀਵ ਗਾਂਧੀ ਦੇ ਫਿਰਕੂ ਬਿਰਤਾਂਤ ਕਾਰਣ ਕਾਂਗਰਸ ਨੇ 414 ਸੀਟਾਂ ਜਿੱਤੀਆਂ ਸਨ।   ਇਸ ਘਲੂਘਾਰੇ ਨਵੰਬਰ 84 ਬਾਅਦ ਭਾਵੇਂ ਰਾਜੀਵ ,ਲੌਂਗੋਵਾਲ ਸਮਝੌਤਾ ਹੋਇਆ ਸੀ ਪਰ  ਪੰਜਾਬ ਵਿਚ ਖਾੜਕੂ ਲਹਿਰ ਮੁੜ ਸਰਗਰਮ ਹੋ ਗਈ ਸੀ।  ਸਰਕਾਰੀ ਤਸ਼ਤਦ , ਝੂਠੇ ਪੁਲਿਸ ਮੁਕਾਬਲੇ ,ਲਾਵਾਰਸ ਲਾਸ਼ਾਂ ਪੰਜਾਬ ਦੀ ਕਿਸਮਤ ਵਿਚ ਲਿਖ ਦਿਤੀਆਂ ਸਨ।

 1989 ਦੌਰਾਨ ਆਈਪੀਐਸ ਅਫਸਰ ਤੋਂ ਸਿਆਸਤਦਾਨ ਬਣੇ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਿੱਚ ਅਕਾਲੀ ਦਲ ਯੂਨਾਈਟਿਡ ਨੇ ਬਸਪਾ ਨਾਲ ਰਲਕੇ ਚੋਣਾਂ ਲੜੀਆਂ ਅਤੇ 13 ਲੋਕ ਸਭਾ ਸੀਟਾਂ ਵਿੱਚੋਂ 10 ਜਿੱਤ ਕੇ ਪੰਜਾਬ ਦੀ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ। ਰੋਪੜ ਤੋਂ ਬਿਮਲ ਕੌਰ ਖਾਲਸਾ ਅਤੇ ਬਠਿੰਡਾ ਤੋਂ ਬਾਬਾ ਸੁੱਚਾ ਸਿੰਘ ਮਲੋਆ ਵੀ ਜੇਤੂ ਉਮੀਦਵਾਰਾਂ ਵਿੱਚ ਸ਼ਾਮਲ ਸਨ। ਬਿਮਲ ਕੌਰ ਖਾਲਸਾ ਇੰਦਰਾ ਗਾਂਧੀ ਦਾ ਸੋਧਾ ਲਾਉਣ ਵਾਲੇ ਬੇਅੰਤ ਸਿੰਘ ਦੀ ਵਿਧਵਾ ਸੀ ਅਤੇ ਬਾਬਾ ਸੁੱਚਾ ਸਿੰਘ ਸ਼ਹੀਦ ਬੇਅੰਤ ਸਿੰਘ ਦਾ ਪਿਤਾ ਸੀ। 

ਸਿਮਰਨਜੀਤ ਸਿੰਘ ਮਾਨ ਵੀ ਤਤਕਾਲੀ ਤਰਨਤਾਰਨ ਸੀਟ ਤੋਂ ਜੇਲ ਵਿਚ ਬੈਠੇ ਜਿੱਤੇ ਸਨ । 

ਇਸ ਤੋਂ ਤੁਹਾਨੂੰ ਸਿੱਖਾਂ ਦੀ ਮਾਨਸਿਕਤਾ ਦਾ ਅੰਦਾਜ਼ਾ ਲਗ ਜਾਂਦਾ ਹੈ ਕਿ ਸਿਖ ਪੰਥ ਆਪਣੇ ਭਵਿੱਖ ਤੇ ਲੀਡਰਸ਼ਿਪ ਦੀ ਭਾਲ ਵਿਚ ਕਿੰਨਾ ਬੇਚੈਨ ਸੀ ਜਦੋਂ ਕਿ ਰਾਜੀਵ-ਲੌਂਗੋਵਾਲ ਸਮਝੌਤੇ ਤਹਿਤ  ਅਕਾਲੀ ਲੀਡਰਸ਼ਿਪ ਦੀ ਸੱਤਾ ਦੀ ਭੁੱਖ ਤੇ ਕੇਂਦਰ ਸਰਕਾਰ ਦੀ ਸ਼ੋਸ਼ਣਕਾਰੀ ਨੀਤੀ ਤਹਿਤ ਸਿਖ ਪੰਥ ਤੇ ਪੰਜਾਬ ਨਾਲ ਧੋਖਾ ਹੋ ਚੁਕਾ ਸੀ।

ਸੱਚ ਇਹ ਵੀ ਹੈ ਕਿ ਅਜੋਕੇ ਸਮੇਂ ਭਾਰਤ ਵਿੱਚ ਦੇਸ਼ ਨੂੰ ਹਿੰਦੂ-ਮੁਸਲਿਮ, ਹਿੰਦੂ-ਸਿੱਖ ਆਦਿ ਦੇ ਆਧਾਰ 'ਤੇ ਵੰਡਣ ਅਤੇ ਰਾਜ ਕਰਨ ਦੀ ਫਿਰਕੂ ਸਿਆਸਤ ਲਗਾਤਾਰ ਸਰਗਰਮ ਹੈ। ਪੰਜਾਬ ਵਿੱਚ ਦਲਿਤਾਂ ਤੇ ਜੱਟਾਂ ਵਿਚ ਫੁਟ ਪਾਉਣ ਦਾ ਬਿਰਤਾਂਤ ਭਾਜਪਾ ਦੇ ਉਮੀਦਵਾਰਾਂ ਖਾਸ ਕਰਕੇ ਫਰੀਦਕੋਟ ਤੋਂ ਗਾਇਕ ਹੰਸ ਰਾਜ ਹੰਸ ਵਲੋਂ ਰਚਿਆ  ਸੀ।ਇਨ੍ਹਾਂ ਸਿਆਸਤਦਾਨਾਂ ਨੇ ਬੀਤੇ ਤੋਂ ਕੋਈ ਸਬਕ ਨਹੀਂ ਸਿਖਿਆ ਕਿ ਪੰਜਾਬ ਨੇ ਕਿੰਨਾ ਸੰਤਾਪ ਭੋਗਿਆ ਹੈ।।ਭਾਜਪਾ ਦੋ ਰਾਜ ਕਾਲ ਵਿਚ-ਅਤੀਤ ਵਿੱਚ ਗੰਭੀਰ ਉਥਲ-ਪੁਥਲ ਦਾ ਸਾਹਮਣਾ ਕਰ ਚੁੱਕੇ,ਜੰਮੂ-ਕਸ਼ਮੀਰ ਅਤੇ ਪੰਜਾਬ  ਬੇਚੈਨ ਹਨ।

ਪੰਜਾਬ ਸ਼ਾਂਤ ਜਰੂਰ ਹੈ ,ਪਰ ਬੇਚੈਨ ਹੈ। ਸੰਤ ਭਿੰਡਰਾਂਵਾਲੇ, ਅਜ਼ਾਦੀ,  ਸੰਘਰਸ਼ ਸਿਖ ਮਾਨਸਿਕਤਾ ਦਾ ਹਿਸਾ ਬਣ ਗਏ  ਹਨ। ਬੇਚੈਨ ਸਿਖ ਯੂਥ  ਕੈਨੇਡਾ, ਅਸਟਰੇਲੀਆ ,ਅਮਰੀਕਾ  ਆਦਿ ਦੇਸਾਂ ਵਿਚ ਵਸਣ ਵਿਚ ਆਪਣਾ ਉੱਜਵਲ ਭਵਿੱਖ ਦੇਖ ਰਿਹਾ ਹੈ,ਪਰ ਅਜੇ ਵੀ 35 ਸਾਲ ਬਾਅਦ ਵੀ ਪੰਜਾਬ ਵਿੱਚ ਪੁਰਾਣੇ ਜ਼ਖ਼ਮ ਤਾਜ਼ਾ ਹਨ।ਕਿਉਂ ਕਿ ਇਨ੍ਹਾਂ ਉਪਰ ਹਾਕਮਾਂ ਨੇ ਮਲਮ ਲਗਾਉਣ ਦੀ ਕੋਸ਼ਿਸ਼ ਨਹੀਂ ਕੀਤੀ। 

 ਇਕ ਵਾਰ ਫਿਰ ਸਿੱਖ ਪੰਥ ਆਪਣੀ ਸਭਿਆਚਾਰਕ ਤੇ ਸਿਆਸੀ  ਪਛਾਣ ਨੂੰ ਕਾਇਮ ਰੱਖਣ ਲਈ  ਸਰਗਰਮ  ਹੈ। ਕਿਸਾਨੀ ਸੰਘਰਸ਼ ਇਸ ਗਲ ਦੇ ਸਬੂਤ ਹਨ।ਨਸ਼ਿਆਂ ਅਤੇ ਬੇਰੁਜ਼ਗਾਰੀ ਤੋਂ ਦੁਖੀ ਪੰਜਾਬ ਅਤੇ ਨੌਜਵਾਨ ਪੀੜ੍ਹੀ ਨੂੰ ਸਿੱਧੂ ਮੂਸੇਵਾਲਾ ਦੇ ਸੰਗੀਤ ਤੋਂ ਜੋਸ਼  ਅਤੇ ਦੀਪ ਸੰਧੂ ਦੇ ਬੋਲਾਂ ਤੋਂ ਊਰਜਾ ਮਿਲਦੀ ਹੈ। ਪੰਜਾਬ ਨੂੰ ਇਨਸਾਫ ਨਾ ਮਿਲਣ ਕਾਰਣਸਿਖ ਪੰਥ ਦੀ ਸਰਕਾਰ ਨਾਲ ਨਾਰਾਜ਼ਗੀ ਅਤੇ ਕੁੜੱਤਣ ਹੋਰ ਵਧ ਗਈ।   

ਸੋ ਅੰਮ੍ਰਿਤਪਾਲ ਸਿੰਘ ਦਾ ਉਭਾਰ ਪੰਜਾਬ ਦੀ ਬੇਗਾਨਗੀ ਤੇ ਬੇਚੈਨੀ ਦਾ ਸਬੂਤ ਹੈ। ਫਰੀਦਕੋਟ ਤੋਂ ਸਰਬਜੀਤ ਸਿੰਘ ਖਾਲਸਾ ਤੇ ਅੰਮ੍ਰਿਤਪਾਲ ਸਿੰਘ ਦੀ  ਖਡੂਰ ਸਾਹਿਬ ਸੀਟ ਤੋਂ ਜਿੱਤ ਸਿੱਖ ਪੰਥ ਦੀਆਂ ਭਾਵਨਾਵਾਂ ਦਾ ਸਬੂਤ ਹੈ ਜੋ ਯੋਗ ਲੀਡਰਸ਼ਿਪ ਦੀ ਭਾਲ ਵਿਚ ਹੈ।ਕੀ ਇਹ ਸਫਰ ਮਾਛੀਵਾੜੇ ਦੇ ਜੰਗਲਾਂ ਵਿਚੋਂ ਲੰਘਕੇ ਖਿਦਰਾਣੇ ਦੀ ਢਾਬ ਉਪਰ ਮੁਕੇਗਾ ,ਜਿਥੇ ਪਾਣੀ ਵੀ ਨਸੀਬ ਨਹੀਂ ਹੁੰਦਾ।

ਮਨੁੱਖਤਾ, ਪੰਥ ਤੇ ਪੰਜਾਬ ਦੇ ਕਲਿਆਣ ਲਈ ਸ੍ਰੋਮਣੀ ਅਕਾਲੀ ਦਲ ਦੇ ਪੁਨਰ ਨਿਰਮਾਣ ਈ ਲੋੜ -ਗੁਰਤੇਜ ਸਿੰਘ

 

ਸਰਦਾਰ ਗੁਰਤੇਜ ਸਿੰਘ ਆਈਏਐਸ ਦਾ ਇਸ ਬਾਰੇ ਕਹਿਣਾ ਹੈ ਕਿ ਪਰੰਪਰਾਗਤ ਤੌਰ 'ਤੇ ਸਿੱਖ ਅਣਖੀ ਅਤੇ ਜੁਝਾਰੂ ਹਨ ਅਤੇ ਅਨਿਆਂ ਵਿਰੁੱਧ ਵਿਦਰੋਹੀ ਹਨ। ਉਹ ਸਮੁਚੇ ਸੰਸਾਰ ਦਾ ਕਲਿਆਣ ਤੇ ਨਿਆਂਕਾਰੀ ਹਲੇਮੀ ਰਾਜ ਚਾਹੁੰਦੇ ਹਨ।ਇਹ ਸਬਕ ਉਹ ਗੁਰੂ ਇਤਿਹਾਸ ਤੇ ਗੁਰੂ ਗਰੰਥ ਸਾਹਿਬ ਦੇ ਫਲਸਫੇ ਤੋਂ ਗ੍ਰਹਿਣ ਕਰਦੇ ਹਨ। ਉਹ ਹਮੇਸ਼ਾ ਉਹੀ ਕਰਨਾ ਚਾਹੁੰਦੇ ਹਨ ਜੋ ਉਨ੍ਹਾਂ ਨੂੰ ਸੱਚ ਲੱਗਦਾ ਹੈ ਅਤੇ ਉਹ ਉਸ ਲਈ ਖੜ੍ਹੇ ਹੁੰਦੇ ਹਨ ਜੋ ਉਨ੍ਹਾਂ ਨੂੰ ਸਹੀ ਲੱਗਦਾ ਹੈ। ਉਹ ਵਿਤਕਰੇ, ਅਸਮਾਨਤਾ ਅਤੇ ਅਸਹਿਣਸ਼ੀਲਤਾ ਨੂੰ ਬਰਦਾਸ਼ਤ ਨਹੀਂ ਕਰ ਸਕਦੇ।ਪਰ ਅਕਾਲੀ ਲੀਡਰਸ਼ਿਪ ਨੇ ਸਿਖ ਭਾਵਨਾਵਾਂ ਨਾਲ ਖਿਲਵਾੜ ਕਰਦਿਆਂ ਸੱਤਾ ਨੂੰ ਮਾਨਵਤਾ ਦਾ ਭਲਾ ਕਰਨ ਦੀ ਥਾਂ ਪੰਜਾਬ ਨੂੰ ਲੁਟਿਆ ਤੇ ਕੁਟਿਆ।ਸਿਆਸਤ ਨੂੰ ਪਰਿਵਾਰਵਾਦੀ ਬਿਜਨਸ ਬਣਾਇਆ।ਬੇਅਦਬੀਆਂ ,ਨਸ਼ਿਆਂ, ਪੰਜਾਬ ਦੀ ਲੁੱਟ,ਕੋਟਕਪੂਰਾ ਗੋਲੀ ਕਾਂਡ ਦਾ ਕਾਰਣ ਬਾਦਲਕੇ ਹੀ ਹਨ। ਇਸੇ ਕਰਕੇ ਸਿਖ ਪੰਥ ਨੇ ਰਵਾਇਤੀ ਲੀਡਰਸ਼ਿਪ ਨੂੰ ਨਕਾਰਿਆ ਤੇ ਫਰੀਦਕੋਟ ਤੋਂ ਪੰਥਕ ਉਮੀਦਵਾਰ ਜਿਤਾਕੇ ਸੁਨੇਹਾ ਦਿਤਾ ਕਿ ਉਹ ਮਨੁੱਖਤਾ ਤੇ ਪੰਜਾਬ ਦਾ ਕਲਿਆਣ ਚਾਹੁੰਦੇ ਹਨ।ਉਨ੍ਹਾਂ ਕਿਹਾ ਕਿ ਸਿੱਖ ਪੰਥ ਮੰਨਦਾ ਹੈ ਕਿ ਰਵਾਇਤੀ ਸਿਆਸੀ ਪਾਰਟੀਆਂ - ਖਾਸ ਕਰਕੇ ਕਾਂਗਰਸ, ਭਾਜਪਾ - ਸਿੱਖ ਕੌਮ ਪ੍ਰਤੀ ਸੁਹਿਰਦ ਨਹੀਂ ਹਨ।ਇਸ ਲਈ ਸਿਖ ਪੰਥ ਅੰਮ੍ਰਿਤਪਾਲ ਸਿੰਘ ਤੇ ਸਰਬਜੀਤ ਸਿੰਘ ਤੋਂ ਆਸ ਕਰਦਾ ਹੈ ਕਿ  ਉਹ ਅਕਾਲੀ ਦਲ ਦਾ ਪੁਨਰ ਨਿਰਮਾਣ ਕਰਨ।

 

 

ਪ੍ਰੋਫੈਸਰ ਬਲਵਿੰਦਰ ਪਾਲ ਸਿੰਘ